ਕਹਾਣੀ :  ਬੁਢਾਪੇ ਦਾ ਸਹਾਰਾ - ਗੁਰਸ਼ਰਨ ਸਿੰਘ ਕੁਮਾਰ

ਗੁਰਦਿਆਲ 35 ਸਾਲ ਦੀ ਨੌਕਰੀ ਕਰ ਕੇ ਪੰਜਾਬ ਸਰਕਾਰ ਤੋਂ ਸੇਵਾ ਮੁਕਤ ਹੋਇਆ ਤਾਂ ਉਸ ਦੇ ਘਰ ਵਿਆਹ ਵਰਗਾ ਮਾਹੌਲ ਸੀ। ਸਾਰੇ ਦੋਸਤ ਮਿੱਤਰ ਅਤੇ ਕਰੀਬੀ ਰਿਸ਼ਤੇਦਾਰ ਬੁਲਾਏ ਗਏ ਸਨ। ਉਸ ਦੀ ਭੈਣ ਪ੍ਰੀਤਮਾ ਅਤੇ ਜੀਜਾ ਪਰਮਿੰਦਰ ਖਾਸ ਤੋਰ ਤੇ ਬੰਗਲੋਰ ਤੋਂ ਆਏ ਸਨ। ਉਸ ਦੀ ਪਤਨੀ ਗੁਰਪਾਲ ਕੌਰ ਅਤੇ ਦੋਵੇਂ ਬੱਚੇ ਨਰਿੰਦਰ ਅਤੇ ਬਲਵਿੰਦਰ ਵੀ ਕੋਲ ਹੀ ਸਨ। ਸ਼ੁਕਰਾਨੇ ਵਜੋਂ ਆਖੰਡ ਪਾਠ ਦੇ ਭੋਗ ਪੁਵਾਏ ਗਏ ਅਤੇ ਰਾਤ ਨੂੰ ਇਕ ਸ਼ਾਨਦਾਰ ਪਾਰਟੀ ਦਿੱਤੀ ਗਈ। ਸਭ ਪਾਸੇ ਖ਼ੁਸ਼ੀ ਦਾ ਮਾਹੌਲ ਸੀ।
ਸਭ ਕਾਸੇ ਤੋਂ ਵਿਹਲੇ ਹੋ ਕੇ ਅਗਲੇ ਦਿਨ ਮੌਕਾ ਦੇਖ ਕੇ ਗੁਰਦਿਆਲ ਅਤੇ ਭੈਣ ਪ੍ਰੀਤਮਾ ਇਕੱਠੇ ਬੈਠੇ ਤਾਂ ਪ੍ਰੀਤਮਾ ਕਹਿਣ ਲੱਗੀ-''ਵੀਰੇ ਤੈਨੂੰ ਰਿਟਾਇਰਮੈਂਟ ਦੇ ਕਿੰਨੇ ਕੁ ਪੈਸੇ ਮਿਲੇ ਹਨ?''
''ਇਹੋ ਹੀ ਕੋਈ 25 ਕੁ ਲੱਖ ਰੁਪਏ''
''ਵੀਰੇ ਮੈਂ ਤੇਰੇ 'ਤੋਂ ਵੱਡੀ ਹਾਂ। ਮੈਂ ਤੇਰੇ ਭਲੇ ਲਈ ਤੈਨੂੰ ਇਕ ਗੱਲ ਕਹਾਂਗੀ''
''ਉਹ ਕੀ?''
''ਗੱਲ ਇਹ ਹੈ ਕਿ ਅੱਜ ਕੱਲ੍ਹ ਜ਼ਮਾਨਾ ਬਹੁਤ ਖ਼ਰਾਬ ਹੈ। ਸਭ ਪੈਸੇ ਦੇ ਹੀ ਮਿੱਤਰ ਹਨ। ਤੂੰ ਆਪਣੇ ਪੈਸੇ ਸੰਭਾਲ ਕੇ ਰੱਖੀਂ। ਕਿਸੇ ਨੂੰ ਦੇਵੀਂ ਨਾ। ਤੇਰੇ ਇਹ ਪੈਸੇ ਹੀ ਬੁਢਾਪੇ ਵਿਚ ਤੇਰੇ ਕੰਮ ਆਉਣੇ ਹਨ। ਜੇ ਤੇਰੇ ਹੱਥ ਪੱਲੇ ਕੁਝ ਨਾ ਰਿਹਾ ਤਾਂ ਤੇਰੇ ਨੇੜੇ ਕਿਸੇ ਨੇ ਨਹੀਂ ਲੱਗਣਾ।''
''ਠੀਕ ਹੈ, ਭੈਣੇ ਤੂੰ ਜਿਵੇਂ ਕਹਿੰਦੀ ਹੈਂ ਮੈਂ ਉਵੇਂ ਹੀ ਕਰਾਂਗਾ। ਇਨ੍ਹਾਂ ਪੈਸਿਆਂ ਦੀ ਮੈਂ ਬੈਂਕ ਵਿਚ ਪੱਕੀ ਹੀ ਐਫ. ਡੀ. ਕਰਾ ਦਿਆਂਗਾ।''
ਦੂਜੇ ਕਮਰੇ ਵਿਚ ਪ੍ਰੀਤਮਾ ਦਾ ਪਤੀ ਇਹ ਸਾਰੀ ਸੁਣ ਰਿਹਾ ਸਕਦਾ ਸੀ। ਰਾਤ ਨੂੰ ਮੌਕਾ ਦੇਖ ਕੇ ਪ੍ਰੀਤਮਾ ਨੂੰ ਕਿਹਾ-''ਤੂੰ ਗੁਰਦਿਆਲ ਨੂੰ ਇਹ ਕਿਉਂ ਕਿਹਾ ਕਿ ਆਪਣੇ ਪੈਸੇ ਸੰਭਾਲ ਕੇ ਰੱਖੀਂ, ਕਿਸੇ ਨੂੰ ਦਵੀਂ ਨਾਂ? ਇਹ ਹੀ ਬੁਢਾਪੇ ਵਿਚ ਤੇਰੇ ਕੰਮ ਆਉਣਗੇ।''
''ਤੇ ਹੋਰ ਕੀ ਕਹਿੰਦੀ ਕਿ ਸਾਰੇ ਪੈਸੇ ਵੰਡ ਕੇ ਕੱਖੋਂ ਹੌਲਾ ਹੋ ਕੇ ਬੈਠ ਜਾਵੇ?''
''ਨਹੀਂ ਤੂੰ ਇਹ ਤਾਂ ਕਹਿ ਹੀ ਸਕਦੀ ਸੀ ਇਨ੍ਹਾਂ ਵਿਚੋਂ ਅੱਧੇ ਪੈਸੇ ਲਾ ਕੇ ਦੋਵੇਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਵਿਚ ਮਦਦ ਕਰੇ। ਇਹ ਹੀ ਉਸ ਦੀ ਅਸਲ ਦੌਲਤ ਹੈ। ਬਾਕੀ ਅੱਧੇ ਪੈਸੇ ਬੇਸ਼ੱਕ ਉਹ ਆਪਣੀਆਂ ਆਉਣ ਵਾਲੀਆਂ ਜ਼ਰੂਰਤਾਂ ਲਈ ਰੱਖ ਲੈਂਦਾ।''
''ਰਹਿਣ ਦਿਉ ਤੁਸੀਂ, ਆਏ ਵੱਡੇ ਸਿਆਣੇ। ਮੈਂ ਜਾਣਦੀ ਹਾਂ ਤੁਸੀਂ ਕਿੰਨੇ ਕੁ ਪਾਣੀ ਵਿਚ ਹੋ। ਤੁਹਾਡੇ ਜਿਹਾ ਘਰ ਗੁਵਾਉ ਬੰਦਾ ਤਾਂ ਮੈਂ ਅੱਜ ਤੱਕ ਕੋਈ ਨਹੀਂ ਦੇਖਿਆ।'' ਪ੍ਰੀਤਮਾ ਨੇ ਆਪਣੇ ਪਤੀ ਨੂੰ ਝਾੜ ਕੇ ਚੁੱਪ ਕਰਾ ਦਿੱਤਾ।
ਗੁਰਪਾਲ ਕੌਰ ਗੁਰਦਿਆਲ ਦੀ ਦੂਜੀ ਪਤਨੀ ਸੀ। ਵੈਸੇ ਉਸ ਤੋਂ ਪਹਿਲਾਂ ਗੁਰਦਿਆਲ ਦੀ ਗ੍ਰਹਿਸਥੀ ਦੀ ਗੱਡੀ ਪਹਿਲੀ ਪਤਨੀ ਅਣੂ ਨਾਲ ਤਾਂ ਠੀਕ ਹੀ ਚੱਲ ਰਹੀ ਸੀ। ਉਸ ਤੋਂ ਗੁਰਦਿਆਲ ਨੂੰ ਦੋ ਪਿਆਰੇ ਪਿਆਰੇ ਬੱਚੇ ਨਰਿੰਦਰ ਅਤੇ ਬਲਵਿੰਦਰ ਵੀ ਮਿਲੇ ਸਨ ਪਰ ਰੱਬ ਨੂੰ ਕੁਝ ਹੋਰ ਹੀ ਮੰਜ਼ੂਰ ਸੀ।ਬੱਚੇ ਹਾਲੀ ਤਿੰਨ ਅਤੇ ਪੰਜ ਸਾਲ ਦੇ ਹੀ ਸਨ ਕਿ ਅਣੂ ਬਲਡ ਕੈਂਸਰ ਨਾਲ ਰੱਬ ਨੂੰ ਪਿਆਰੀ ਹੋ ਗਈ। ਬੱਚਿਆਂ ਦੇ ਪਾਲਣ ਪੋਸਣ ਖਾਤਿਰ ਗੁਰਦਿਆਲ ਨੂੰ ਗੁਰਪਾਲ ਨਾਲ ਦੂਜਾ ਵਿਆਹ ਕਰਵਾਉਣਾ ਪਿਆ। ਸ਼ਾਦੀ ਤੋਂ ਬਾਅਦ ਗੁਰਪਾਲ ਦਾ ਆਪਣਾ ਕੋਈ ਬੱਚਾ ਨਾ ਹੋਇਆ ਅਤੇ ਨਾ ਹੀ ਉਸ ਨੂੰ ਨਰਿੰਦਰ ਅਤੇ ਬਲਵਿੰਦਰ ਨਾਲ ਕੋਈ ਮੋਹ ਪਿਆ।
ਸਮਾਂ ਆਪਣੀ ਤੋਰ ਚਲਦਾ ਰਿਹਾ। ਬੱਚੇ ਵੱਡੇ ਹੋ ਗਏ। ਉਨ੍ਹਾਂ ਨੂੰ ਆਪਣੇ ਪਿਓ ਅਤੇ ਮਤਰੇਈ ਮਾਂ ਦਾ ਖ਼ਰਵਾ ਸੁਭਾਅ ਅਖ਼ਰਣ ਲੱਗਾ ਨਰਿੰਦਰ ਨੇ ਇਕ ਗੈਸਟ ਹਾਉਸ ਵਿਚ ਕੇਅਰ ਟੇਕਰ ਦੀ ਨੌਕਰੀ ਕਰ ਲਈ ਅਤੇ ਉਹ ਉੱਥੇ ਹੀ ਰਹਿਣ ਲੱਗਾ। ਬਲਵਿੰਦਰ ਨੇ ਕਾਰ ਚਲਾਣੀ ਸਿੱਖ ਲਈ ਅਤੇ ਕਿਰਾਏ ਤੇ ਲੈ ਕੇ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ ਪਰ ਉਹ ਜਿੰਨੀ ਮਿਹਨਤ ਕਰਦਾ ਸੀ, ਕਮਾਈ ਵਿਚ ਓਨੀ ਬਰਕਤ ਨਹੀਂ ਸੀ ਪੈਂਦੀ। ਕਦੀ ਸਵਾਰੀ ਮਿਲਦੀ ਅਤੇ ਕਦੀ ਨਾ ਮਿਲਦੀ ਪਰ ਟੈਕਸੀ ਦਾ ਕਿਰਾਇਆ ਵੀ ਪੱਲਿਉਂ ਦੀ ਦੇਣਾ ਪੈਂਦਾ। ਪਿਤਾ ਦੇ ਰਿਟਾਇਰ ਹੋਣ ਤੇ ਬਲਵਿੰਦਰ ਨੇ ਕਿਹਾ-''ਡੈਡੀ, ਮੇਰੀ ਅੱਧੀ ਕਮਾਈ ਟੈਕਸੀ ਦੇ ਕਿਰਾਏ ਵਿਚ ਹੀ ਚਲੀ ਜਾਂਦੀ ਹੈ। ਜੇ ਤੁਸੀਂ ਮੈਨੂੰ ਨਵੀਂ ਗੱਡੀ ਲੈ ਦਿਉ ਤਾਂ ਮੇਰੀ ਕਮਾਈ ਦੂਣੀ ਹੋ ਜਾਵੇਗੀ। ਮੈਂ ਜਲਦੀ ਹੀ ਤੁਹਡੇ ਸਾਰੇ ਪੈਸੇ ਵਪਸ ਮੋੜ ਦੇਵਾਂਗਾ।''
ਗੁਰਦਿਆਲ ਦਾ ਦਿਮਾਗ ਤਾਂ ਉਸ ਦੀ ਭੈਣ ਪ੍ਰੀਤਮਾ ਖਰਾਬ ਕਰ ਗਈ ਸੀ। ਉਸ ਨੇ ਬਲਵਿੰਦਰ ਨੂੰ ਪੈਸੇ ਦੇਣ ਤੋਂ ਸਾਫ ਮਨਾ ਕਰ ਦਿੱਤਾ। ਇਸ ਦਾ ਬੱਚੇ ਨੂੰ ਬਹੁਤ ਦੁੱਖ ਲੱਗਾ। ਉਹ ਭੈੜੀ ਸੰਗਤ ਵਿਚ ਪੈ ਗਿਆ। ਉਸ ਨੇ ਕੇਸ ਕਟਾ ਲਏ ਅਤੇ ਨਸ਼ੇ ਕਰਨ ਲੱਗਾ। ਪਿਓ ਪੁੱਤਰ ਵਿਚ ਕਈ ਵਾਰੀ ਕਲੇਸ਼ ਹੁੰਦਾ। ਇਸ ਲਈ ਬਲਵਿੰਦਰ ਕਈ ਕਈ ਦਿਨ ਘਰੋਂ ਵੀ ਗਾਇਬ ਰਹਿਣ ਲੱਗਾ। ਇਕ ਦਿਨ ਘਰੋਂ ਐਸਾ ਗਿਆ ਕਿ ਵਾਪਸ ਨਹੀਂ ਆਇਆ। ਅਠਵੇਂ ਦਿਨ ਸਰਹਿੰਦ ਨਹਿਰ ਵਿਚੋਂ ਉਸ ਦੀ ਲਾਸ਼ ਮਿਲੀ।
ਦੂਜੇ ਪਾਸੇ ਨਰਿੰਦਰ ਦਾ ਮਾਲਕ ਇਕ ਭਲਾ ਆਦਮੀ ਸੀ। ਉਸ ਨੇ ਨਰਿੰਦਰ ਨੂੰ ਆਪਣਾ ਭਾਈਵਾਲ ਬਣਾ ਲਿਆ। ਉਹ ਪੈਸੇ ਵਲੋਂ ਸੌਖਾ ਹੋ ਗਿਆ ਅਤੇ ਆਪਣੀ ਅਰਾਮ ਦੀ ਜ਼ਿੰਦਗੀ ਬਸਰ ਕਰਨ ਲੱਗਾ ਪਰ ਉਸ ਨੇ ਘਰ ਵਿਚ ਕਦੀ ਦੁਬਾਰਾ ਕਦਮ ਨਾ ਰੱਖਿਆ।
ਗੁਰਦਿਆਲ ਬਹੁਤ ਉਦਾਸ ਰਹਿਣ ਲੱਗਾ। ਉਸ ਦਾ ਕਿਸੇ ਕੰਮ ਵਿਚ ਵੀ ਮਨ ਨਾ ਲੱਗਦਾ ਉਤੋਂ ਰੱਬ ਦਾ ਭਾਣਾ ਐਸਾ ਵਰਤਿਆ ਕਿ ਉਸ ਦੀ ਪਤਨੀ ਗੁਰਪਾਲ ਦੇ ਪੇਟ ਵਿਚ ਇਕ ਦਿਨ ਐਸਾ ਸੂਲ ਉੱਠਿਆ ਜੋ ਉਸ ਦੀ ਜਾਨ ਲੈ ਬੈਠਾ। ਹੁਣ ਗੁਰਦਿਆਲ ਦੀ ਦੁਨੀਆਂ ਬਿਲਕੁਲ ਹਨੇਰੀ ਹੋ ਗਈ। ਐਡੀ ਵੱਡੀ ਦੁਨੀਆਂ ਵਿਚ ਉਹ ਬਿਲਕੁਲ ਇਕੱਲ੍ਹਾ ਰਹਿ ਗਿਆ। ਇਸ ਕਾਰਨ ਉਹ ਬਿਮਾਰ ਰਹਿਣ ਲੱਗਾ ਪਰ ਡਾਕਟਰ ਕੋਲ ਲੈ ਕੇ ਜਾਣ ਵਾਲਾ ਜਾਂ ਦੁਵਾਈ ਲਿਆ ਕੇ ਦੇਣ ਵਾਲਾ ਉਸ ਕੋਲ ਕੋਈ ਵੀ ਨਹੀਂ ਸੀ। ਇਕ ਦਿਨ ਉਸ ਨੇ ਆਪਣੀ ਭੈਣ ਪ੍ਰੀਤਮਾ ਨੂੰ ਫੋਨ 'ਤੇ ਆਪਣੀ ਸਾਰੀ ਕਹਾਣੀ ਦੱਸੀ। ਭੈਣ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਕਿਹਾ-''ਵੀਰ ਮੈਂ ਤੇਰਾ ਦੁੱਖ ਸਮਝਦੀ ਹਾਂ। ਕੀ ਕਰਾਂ ਹੁਣ ਤਾਂ ਮੈਂ ਆਪ ਵੀ ਬੁੱਢੀ ਹੋ ਗਈ ਹਾਂ। ਸਰੀਰ ਜਵਾਬ ਦਿੰਦਾ ਜਾਂਦਾ ਹੈ। ਤੂੰ ਇਕ ਪੂਰੇ ਸਮੇਂ ਦਾ ਨੌਕਰ ਰੱਖ ਲੈ। ਜਦ ਵੀ ਮੌਕਾ ਮਿਲਿਆ, ਮੈਂ ਜਲਦੀ ਤੇਰੇ ਜੀਜਾ ਜੀ ਨਾਲ ਤੇਰੇ ਕੋਲ ਆਵਾਂਗੀ।''
ਗੁਰਦਿਆਲ ਨੇ 15000/- ਰੁਪਏ ਮਹੀਨੇ ਤੇ ਪੂਰੇ ਸਮੇਂ ਲਈ ਇਕ ਨੌਕਰ ਰੱਖ ਲਿਆ ਜੋ ਉੱਥੇ ਹੀ ਰਹਿੰਦਾ ਸੀ ਅਤੇ ਉੱਥੇ ਹੀ ਖਾਂਦਾ ਸੀ। ਗੁਰਦਿਆਲ ਦੇ ਦਵਾ ਦਾਰੂ ਅਤੇ ਸੁੱਖ ਅਰਾਮ ਦਾ ਵੀ ਪੂਰਾ ਖਿਆਲ ਰੱਖਦਾ ਸੀ ਪਰ ਤਿੰਨ ਮਹੀਨੇ ਬਾਅਦ ਹੀ ਉਹ ਘਰ ਵਿਚੋਂ ਦੋ ਲੱਖ ਰੁਪਇਆ ਅਤੇ ਹੋਰ ਵੀ ਕੀਮਤੀ ਸਮਾਨ ਲੈ ਕੇ ਭੱਜ ਗਿਆ। ਇਸ ਦਾ ਗੁਰਦਿਆਲ ਨੂੰ ਬਹੁਤ ਸਦਮਾ ਲੱਗਿਆ ਪਰ ਉਹ ਕਰ ਕੁਝ ਨਹੀਂ ਸੀ ਸਕਦਾ। ਹੁਣ ਉਹ ਪੂਰੀ ਤਰ੍ਹਾਂ ਹਿੰਮਤ ਹਾਰ ਚੁੱਕਾ ਸੀ। ਉਸ ਨੂੰ ਪਾਣੀ ਦਾ ਗਿਲਾਸ ਦੇਣ ਵਾਲਾ ਵੀ ਕੋਈ ਬੰਦਾ ਨਹੀਂ ਸੀ। ਅੰਤ ਉਹ ਬੈਡ 'ਤੇ ਪੈ ਕੇ ਆਖਰੀ ਸਾਹ ਗਿਣਨ ਲੱਗਾ। ਉਸ ਦੇ ਕੰਨਾਂ ਵਿਚ ਭੈਣ ਦੇ ਕਹੇ ਹੋਏ ਗਲਤ ਸ਼ਬਦ ਇਸ ਸਮੇਂ ਗੂੰਜ ਰਹੇ ਸਨ-'' ਤੂੰ ਆਪਣੇ ਪੈਸੇ ਸੰਭਾਲ ਕੇ ਰੱਖੀਂ। ਕਿਸੇ ਨੂੰ ਦੇਵੀਂ ਨਾ। ਤੇਰੇ ਇਹ ਪੈਸੇ ਹੀ ਬੁਢਾਪੇ ਵਿਚ ਤੇਰੇ ਕੰਮ ਆਉਣੇ ਹਨ। ਜੇ ਤੇਰੇ ਹੱਥ ਪੱਲੇ ਕੁਝ ਨਾ ਰਿਹਾ ਤਾਂ ਤੇਰੇ ਨੇੜੇ ਕਿਸੇ ਨੇ ਨਹੀਂ ਲੱਗਣਾ।''
ਬੈਂਕ ਦੀ ਪਾਸ ਬੁੱਕ ਜਿਸ ਵਿਚ 24 ਲੱਖ ਰੁਪਇਆ ਜਮ੍ਹਾ ਸੀ ਅਤੇ ਨਕਦ ਪੰਜ ਲੱਖ ਰੁਪਏ ਉਸ ਦੇ ਸਿਰਹਾਣੇ ਥੱਲੇ ਪਏ ਸਨ। ਇਹ ਸਾਰਾ ਪੈਸਾ ਉਸ ਦਾ ਕੋਈ ਸਹਾਰਾ ਨਹੀਂ ਸੀ ਬਣ ਰਿਹਾ।
*****

ਗੁਰਸ਼ਰਨ ਸਿੰਘ ਕੁਮਾਰ
 # 1183, ਫੇਜ਼-10, ਮੁਹਾਲੀ
ਮੋਬਾਇਲ:-8360842861
  9463189432
email:gursharan1183@yahoo.in