ਰੱਖੜੀ ਤੇ ਵਿਸ਼ੇੇਸ਼ - ਹਾਕਮ ਸਿੰਘ ਮੀਤ ਬੌਂਦਲੀ

ਸਾਡੇ ਦੇਸ਼ ਵਿੱਚ ਜਿਵੇਂ ਬਹੁਤ ਸਾਰੇ ਤਿਉਹਾਰ ਮਨਾਏ ਹਨ ਉਹਨਾਂ ਵਿੱਚ ਇੱਕ ਰੱਖੜੀ ਦਾ ਤਿਉਹਾਰ ਵੀ ਹੈ ਜਿਸ ਨੂੰ ਹਿੰਦੂ ਧਰਮ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ , ਭਾਵੇਂ ਰੱਖੜੀ ਤਿਉਹਾਰ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ ਪਰ ਫਿਰ ਵੀ ਅਨਜਾਣ ਪੁਣੇ ਵਿੱਚ ਸਿੱਖ ਵੀ ਬਹੁਤ ਸ਼ਰਧਾ ਨਾਲ ਮਨਾਉਂਦੇ ਨਜ਼ਰ ਆਉਂਦੇ ਹਨ ਰੱਖੜੀ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪੑਤੀਕ ਸਮਝਿਆ ਜਾਂਦਾ ਹੈ । ਰੱਖੜੀ , ਸਗੋਂ ਭਰਾ ਭੈਣ ਦੇ ਵਿਚਕਾਰ ਉਸ ਮਜ਼ਬੂਤ ਰਿਸ਼ਤੇ ਦਾ ਨਾਮ ਹੈ, ਜਿਸਨੂੰ ਭਰਾ ਆਪਣੀ ਭੈਣ ਨੂੰ ਇਸ ਪਵਿੱਤਰ ਤਿਉਹਾਰ ਮੌਕੇ ਉਸ ਨਾਲ ਵਾਅਦਾ ਕਰਦਾ ਹੈ ਕਿ ਉਹ ਉਸਦੀ ਹਮੇਸ਼ਾਂ ਸੁਰੱਖਿਆ ਕਰਦਾ ਰਹੇਗਾ, ਕਿਉਂਕਿ ਭੈਣ ਜਦੋਂ ਭਰਾ ਦੇ ਗੁੱਟ 'ਤੇ ਰੱਖੜੀ ਬੰਨਦੀ ਹੈ ਤਾਂ ਭਰਾ ਉਸਨੂੰ ਉਸਦੇ ਦੁੱਖ ਸੁੱਖ ਵਿੱਚ ਸਾਥ ਦੇਣ ਦਾ ਵਾਅਦਾ ਦਿੰਦਾ ਹੈ, ਅਗਰ ਦੇਖਿਆ ਜਾਵੇ ਤਾਂ ਰੱਖੜੀ ਕੋਈ ਮਾਮੂਲੀ ਤਿਉਹਾਰ ਨਹੀਂ ਹੈ, ਕਿਉਂਕਿ ਰੱਖੜੀ ਉਨਾਂ ਤਿਉਹਾਰਾਂ 'ਚ ਹੈ, ਜਿਸ 'ਚ ਭਰਾ ਭੈਣ ਦੇ ਰਿਸ਼ਤੇ ਨੂੰ ਬੜੀ ਬਾਖੂਬੀ ਨਾਲ ਨਿਭਾਇਆ ਜਾਂਦਾ ਹੈ।
ਰੱਖੜੀ ਵਾਲੇ ਦਿਨ ਦਾ ਭੈਣ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀ ਹੈ, ਕਿਉਂਕਿ ਉਹ ਆਪਣੇ ਭਰਾ ਦੇ ਗੁੱਟ'ਤੇ ਰੱਖੜੀ ਬੰਨਣ ਉਪਰੰਤ ਉਸ ਤੋਂ ਆਪਣੀ ਮਰਜ਼ੀ ਦੀ ਚੀਜ਼ ਮੰਗ ਸਕਦੀ ਹੈ, ਪਰ ਜੇਕਰ ਦੇਖਿਆ ਜਾਵੇ ਤਾਂ ਅੱਜਕਲ੍ਹ ਦੇ ਜ਼ਮਾਨੇ 'ਚ ਭੈਣ ਭਰਾ ਦਾ ਪਿਆਰ ਉਸ ਤਰ੍ਹਾਂ ਦਾ ਨਹੀਂ ਰਿਹਾ, ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ, ਕਿਉਂਕਿ ਅੱਜਕਲ੍ਹ ਦੇ ਭੈਣ ਭਰਾ ਹੀ ਆਪਸ 'ਚ ਵਿਆਹ ਕਰਵਾ ਰਹੇ ਹਨ, ਉਹ ਇਸ ਤਰ੍ਹਾਂ ਕਰਕੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਾਗ ਲਾ ਰਹੇ ਹਨ, ਪਰ ਇਸ ਫੈਸ਼ਨ ਦੇ ਜ਼ਮਾਨੇ ਵਿਚ ਭੈਣ ਭਰਾ ਦੇ ਰਿਸ਼ਤੇ ਨੂੰ ਇਸ ਤਰ੍ਹਾਂ ਕਲੰਕਿਤ ਕੀਤਾ ਜਾ ਰਿਹਾ ਹੈ ਕਿ ਜਿਸਦੀ ਚਰਚਾ ਕਰਨਾ ਬਹੁਤ ਜ਼ਰੂਰੀ ਹੈ। ਪਹਿਲਾ ਸਮਾਂ ਹੁੰਦਾ ਸੀ ਕਿ ਪਹਿਲਾਂ ਰੱਖੜੀ ਬਹੁਤ ਹੀ ਸਾਦਗੀ ਭਰੇ ਢੰਗ ਨਾਲ ਮਨਾਈ ਜਾਂਦੀ ਸੀ, ਪਰ ਅੱਜਕਲ੍ਹ ਰੱਖੜੀਆਂ ਵੀ ਵੱਖ ਵੱਖ ਤਰ੍ਹਾਂ ਦੀਆਂ ਚਿਤਰਕਾਰੀਆਂ ਨਾਲ ਸ਼ਿੰਗਾਰੀਆਂ ਹੁੰਦੀਆਂ ਹਨ। ਭੈਣ ਭਰਾ ਦੇ ਰਿਸ਼ਤੇ ਨੂੰ ਸਭ ਰਿਸ਼ਤਿਆਂ ਤੋਂ ਵੱਡਾ ਦੱਸਿਆ ਗਿਆ ਹੈ। ਕਹਿੰਦੇ ਹਨ ਕਿ ਉਹ ਭਰਾ ਕਿਸਮਤ ਵਾਲੇ ਹੁੰਦੇ ਹਨ ਜਿਨ੍ਹਾਂ ਦੀ ਭੈਣੀ ਹੁੰਦੀ ਹੈ, ਕਿਉਂਕਿ ਉਨ੍ਹਾਂ ਦੀ ਕਲਾਈ 'ਤੇ ਰੱਖੜੀ ਬੰਨਣ ਵਾਲੀ ਉਨ੍ਹਾਂ ਦੀ ਭੈਣ ਹੁੰਦੀ ਹੈ, ਪਰ ਕੁਝ ਬਦਕਿਸਮਤ ਹੁੰਦੇ ਹਨ ਜਿਨ੍ਹਾਂ ਦੀ ਕੋਈ ਭੈਣ ਨਹੀਂ ਹੁੰਦੀ ਤੇ ਉਨ੍ਹਾਂ ਦੀ ਕਲਾਈ ਰੱਖੜੀ ਤੋਂ ਵਾਂਝੀ ਰਹਿ ਜਾਂਦੀ ਹੈ।
ਇਸ ਤਰ੍ਹਾਂ ਹੀ ਰੱਖੜੀ ਦਾ ਪਵਿੱਤਰ ਤਿਉਹਾਰ ਨੂੰ ਸਭ ਆਪਣੇ ਵੱਖੋ ਵੱਖਰੇ ਢੰਗ ਨਾਲ ਮਨਾਉਂਦੇ ਹਨ, ਅਮੀਰ ਇਸ ਤਿਉਹਾਰ ਨੂੰ ਆਪਣੇ ਅਨੁਸਾਰ ਮਨਾ ਕੇ ਇਸ ਦਾ ਮਜ਼ਾ ਲੈਂਦੇ ਹਨ, ਉਹ ਪੂਰਾ ਜਸ਼ਨ ਕਰਦੇ ਹਨ, ਭਰਾ ਆਪਣੀ ਭੈਣ ਨੂੰ ਵਧੀਆ ਤੋਹਫੇ ਦਿੰਦਾ ਹੈ, ਉਸਨੂੰ ਹਰ ਖੁਸ਼ੀ ਦਿੰਦਾ ਹੈ। ਦੂਜੇ ਪਾਸੇ ਇਸ ਤਿਉਹਾਰ ਨੂੰ ਗਰੀਬ ਆਪਣੇ ਅਨੁਸਾਰ ਮਨਾਉਂਦਾ ਹੈ, ਕਿਉਂਕਿ ਗਰੀਬ ਵਰਗ ਦੀ ਕੁੜੀ ਕੋਲ ਆਪਣੇ ਭਰਾ ਦੀ ਰੱਖੜੀ ਖ੍ਰੀਦਣ ਲਈ ਪੈਸੇ ਨਹੀਂ ਹੁੰਦੇ, ਉਹ ਆਪਣੀ ਚੁੰਨੀ ਦਾ ਥੋੜਾ ਜਿਹਾ ਪੱਲਾ ਫਾੜ ਕੇ ਆਪਣੇ ਭਰਾ ਦੀ ਕਲਾਈ 'ਤੇ ਬੰਨ੍ਹ ਕੇ ਇਸ ਤਿਉਹਾਰ ਨੂੰ ਮਨਾਉਂਦੀ ਹੈ, ਇਸ ਬਦਲੇ ਉਸਦਾ ਭਰਾ ਉਸਨੂੰ ਕੋਈ ਵਧੀਆ ਤੋਹਫਾ ਨਹੀਂ ਦੇ ਸਕਦਾ, ਸਿਰਫ ਉਹ ਦੁਆ ਹੀ ਦਿੰਦਾ ਹੈ। ਰੱਖੜੀ ਸਿੱਖ ਤਿਉਹਾਰ ਨਹੀਂ ਹੈ ਹਿੰਦੂ ਮਤ ਅਨੁਸਾਰ ਰੱਖਿਆ ਕਰਨ ਵਾਲਾ ਰਖਸ਼ਾਬੰਧਨ ਹੈ ਜੋ ਸਾਵਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਹ ਖਾਸ ਕਰਕੇ ਹਿੰਦੂ ਅਤੇ ਧਰਮਬੁੱਧ ਅਸਲੀ ਰਾਜਪੂਤਾਂ ਦੀ ਇਹ ਰਸਮ ਪੁਰਾਣੀ ਚੱਲੀ ਆ ਰਹੀ ਹੈ ਇਸ ਦਿਨ ਔਰਤਾਂ ਮਰਦ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਆਪਣੀ ਰੱਖਿਆ ਵਾਸਤੇ ਉਹਨਾਂ ਤੋਂ ਪੑਣ ਲੈਂਦੀਆਂ ਸਨ ।
ਹਰੇਕ ਤਿਉਹਾਰ ਦੇ ਪਿੱਛੇ ਕੋਈ ਨਾ ਕੋਈ ਇਤਿਹਾਸਕ ਘਟਨਾ ਜ਼ਰੂਰ ਹੁੰਦੀ ਹੈ। ਮਹਾਂਭਾਰਤ 'ਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ। ਸ੍ਰੀ ਕ੍ਰਿਸ਼ਨ ਜੀ ਦੁਆਰਾ ਸ਼ਿਸ਼ੂਪਾਲ ਦੇ ਵਧ ਦੌਰਾਨ ਜਦੋਂ ਸੁਦਰਸ਼ਨ ਚੱਕਰ ਦੁਆਰਾ ਸ੍ਰੀ ਕ੍ਰਿਸ਼ਨ ਜੀ ਦੀ ਉਂਗਲੀ ਕੱਟ ਗਈ ਸੀ ਤਾਂ ਦਰੋਪਦੀ ਨੇ ਆਪਣੀ ਸਾੜੀ ਨਾਲੋਂ ਕੱਪੜਾ ਪਾੜ ਕੇ ਉਸ ਉਂਗਲੀ 'ਤੇ ਲਪੇਟਿਆ ਸੀ। ਇਸ ਬਦਲੇ ਸ੍ਰੀ ਕ੍ਰਿਸ਼ਨ ਜੀ ਨੇ ਚੀਰਹਰਨ ਸਮੇਂ ਦਰੋਪਦੀ ਦੀ ਸਾੜੀ ਵਧਾ ਕੇ ਉਸ ਦੀ ਰੱਖਿਆ ਕੀਤੀ ਸੀ। ਇਸ ਪ੍ਰਕਾਰ ਰੱਖੜੀ ਦਾ ਸਬੰਧ ਇਕ ਔਰਤ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਜਿਸ 'ਚ ਉਹ ਆਪਣੇ ਹਰ ਔਖੇ ਸਮੇਂ 'ਚ ਆਪਣੇ ਭਰਾ ਤੋਂ ਆਪਣੀ ਸੁਰੱਖਿਆ ਦੀ ਉਮੀਦ ਰੱਖਦੀ ਹੈ।
ਇਹਨਾਂ ਪੰਨਿਆਂ ਵਿਚ ਕਰਮਵਤੀ ਦੀ ਰੱਖੜੀ ਦੀ ਆਪਣੀ ਵਿਸ਼ੇਸ਼ ਕਹਾਣੀ ਹੈ , ਜਿਸਨੇ ਇਕ ਮੁਗਲ ਸ਼ਾਸਕ ਨੂੰ ਬੰਧਨਾਂ ਵਿਚ ਬੰਨ੍ਹ ਕੇ ਆਪਣੀ ਰਖਿਆ ਕਰਵਾਈ। ਮੁਗਲ ਬਾਦਸ਼ਾਹ ਹਮਾਯੂੰ ਭਾਰਤੀ ਇਸਤ੍ਰੀਆਂ ਦੇ ਇਹਨਾਂ ਬੰਧਨਾਂ ਦਾ ਮੁੱਲ ਅਤੇ ਉਹਨਾਂ ਦੀ ਇੱਜ਼ਤ ਕਰਨਾ ਜਾਣਦਾ ਸੀ। ਉਸਨੇ ਆਪਣੇ ਪਿਤਾ ਦੇ ਦੁਸ਼ਮਣ ਰਾਣਾ ਸਾਂਗਾ ਦੀ ਪਤਨੀ ਕਰਮਵਤੀ ਕੋਲੋਂ ਰੱਖੜੀ ਬੰਧਵਾ ਕੇ ਉਸਨੂੰ ਆਪਣੀ ਭੈਣ ਬਣਾਇਆ। ਇਸ ਸਮੇਂ ਉਹ ਆਪਣੀਆਂ ਮੁਸੀਬਤਾਂ ਵਿਚ ਘਿਰਿਆ ਹੋਇਆ ਸੀ। ਲੇਕਿਨ ਇਹਨਾਂ ਮੁਸੀਬਤਾਂ ਨੂੰ ਵਿਚਕਾਰ ਹੀ ਛੱਡ ਕੇ ਉਹ ਆਪਣੀ ਭੈਣ ਦੀ ਲਾਜ ਬਚਾਉਣ ਲਈ ਚਲ ਪਿਆ। ਭੈਣ ਦੀ ਰੱਖੜੀ ਦਾ ਮੁੱਲ ਉਸਨੇ ਪੂਰਾ-ਪੂਰਾ ਚੁਕਾਇਆ। ਇਸ ਕਰੱਤਵ ਪਾਲਣ ਵਿਚ ਉਹ ਆਪਣਾ ਰਾਜ ਗੁਆ ਬੈਠਾ। ਅਜਿਹੇ ਹੋਰ ਵੀ ਅਨੇਕਾਂ ਸਬੂਤ ਹਨ ਜੋ ਇਸ ਤਿਉਹਾਰ ਦੇ ਮਹੱਤਵ ਨੂੰ ਵਧਾਉਂਦੇ ਹਨ। ਯਾਦ ਰਹੇ ਸੰਨ 1733 ਈ: ਦੇ ਸਿੱਖ ਇਤਿਹਾਸ ਮਹਾਨ ਯੋਧਾ ਸਮੇ ਦੀ ਗੱਲ ਹੈ ਜਦੋ ਮਗਲ ਆਉਂਦੇ ਸਨ ਤਾਂ ਉਹ ਭਾਰਤ ਦੀਆਂ ਬਹੂ ਬੇਟੀਆ ਨੂੰ ਚੱਕ ਕੇ ਲੈ ਜਾਂਦੇ ਸੀ ਫਿਰ ਗਜਨੀ ਅਤੇ ਬਸਰੇ ਦੇ ਬਜ਼ਾਰ ਵਿੱਚ ਟੱਕੇ ਟੱਕੇ ਦੇ ਭਾਅ ਵਿੱਚ ਵੇਚ ਦਿੰਦੇ ਸੀ ਫਿਰ ਉਹਨਾਂ ਦੇ ਅੰਮਾਂ ਜਾਏ ਵੀਰ ਗੁੱਟਾਂ ਉੱਪਰ ਰੱਖੜੀਆਂ ਬੰਨਾ ਕੇ ਪਿੱਛੇ ਹੱਟ ਜਾਂਦੇ ਭੈਣਾਂ ਆਪਣੀ ਸੁਰੱਖਿਆ ਵਾਸਤੇ ਵੀਰਾਂ ਦੇ ਗੁੱਟਾ ਉੱਪਰ ਰੱਖੜੀਆਂ ਬੰਨ ਦੀਆਂ ਸਨ ਉਹਨਾਂ ਵੀਰਾਂ ਨੂੰ ਭੈਣਾਂ ਵਲੋਂ ਬੰਨੀਆਂ ਰੱਖੜੀਆਂ ਦਾ ਅਹਿਸਾਸ ਨਹੀਂ ਕਰਵਾਇਆ ।
ਭਾਵੇਂ ਸਾਡਾ ਉਹਨਾਂ ਭੈਣਾਂ ਨਾਲ ਕੋਈ ਖੂਨੀ ਰਿਸ਼ਤਾ ਨਹੀਂ ਸੀ ਫਿਰ ਵੀ ਸਿੱਖਾਂ ਨੂੰ ਮੁਗਲਾਂ ਦਾ ਸਾਹਮਣਾ ਕਰਨਾ ਪਿਆ ਮੁਗਲਾਂ ਦੀ ਫੌਜ 12 ਵਜੇ ਆਉਂਦੀ ਬਹੂ ਬੇਟੀਆਂ ਨੂੰ ਚੱਕ ਕੇ ਲੈ ਜਾਂਦੀ । ਫਿਰ ਸਿੱਖਾਂ ਨੇ ਆਪਣੇ ਪੂਰੇ ਸੰਸਤਰਾਂ ਸਮੇਤ ਤਿਆਰ ਹੋ ਕੇ 12 ਵਜੇ ਮੁਗਲਾਂ ਦੀ ਫੌਜ ਨੂੰ ਘੇਰ ਲਿਆ ਉਹਨਾਂ ਤੋ ਧੀਆਂ ਭੈਣਾਂ ਨੂੰ ਛੱਡਵਾ ਕੇ ਸਹੀ ਸਲਾਮਿਤ ਉਹਨਾਂ ਦੇ ਘਰ ਪਹੁੰਚਾਇਆ ਚੱਕੀਆਂ ਗਈਆਂ ਧੀਆਂ ਭੈਣਾਂ ਸਿੱਖਾਂ ਅੱਗੇ ਬਚਾਓ ਲਈ ਪੁਕਾਰ ਰਹੀਆਂ ਸਨ । ਜੋ ਮੇਰੇ ਵੀਰ ਆਖਦੇ ਹਨ ਸਿੱਖਾਂ ਦੇ 12ਵੱਜਗੇ ਇਹ ਲੇਖ ਉਨ੍ਹਾਂ ਨੂੰ ਜਰੂਰ ਪੜਾ ਦਿਓ । ਫਿਰ ਉਹਨਾਂ ਨੂੰ ਪਤਾ ਲੱਗ ਜਾਵੇਗਾ ਸਿੱਖਾਂ ਦਾ 12 ਵਜੇ ਨਾਲ ਕੀ ਸਬੰਧ ਹੈ ।
ਰੱਖੜੀ ਉੁਸ ਸਮੇਂ ਤੋਂ ਪੑਚੱਲਿਤ ਇੱਕ ਰੀਤ ਹੈਂ ਜ਼ਦੋ ਪੰਜਾਬ ਦੇ ਗੱਬਰੂ ਜੰਗ ਦੇ ਮੈਦਾਨ ਵਿੱਚ ਜਾਂਦੇ ਸਨ ਤਾ ਭੈਣ ਆਪਣੇ ਵੀਰ ਦੇ ਗੁੱਟ ਤੇ ਰੰਗ ਬਿਰੰਗੇ ਰੇਸ਼ਮੀ ਧਾਗੇ ਰਕਸਾ ਦੇ ਤੌਰ ਤੇ ਬੰਨਦੀਆਂ ਸਨ ਰੱਖੜੀ ਬੰਨੀ ਭੈਣ ਵਲੋਂ ਵੀਰ ਲਈ ਦੁਆਵਾਂ ਹੁੰਦੀਆਂ ਸਨ ਇਹੀ ਰੀਤਾਂ ਰੱਖੜੀ ਦੇ ਤਿਉਹਾਰ ਵਜੋਂ ਨਿਭਾਈ ਜਾਣ ਲੱਗੀ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637