ਚਾਰ ਧਿਰਾਂ ਦਿੱਸਦੀਆਂ ਅੱਗੇ ਅਣਦਿੱਸਦੀ ਧਿਰ ਪੰਜਵੀਂ ਹੋਵੇਗੀ ਪੰਜਾਬ ਦੀਆਂ ਅਗਲੀ ਚੋਣਾਂ ਵਿੱਚ - ਜਤਿੰਦਰ ਪਨੂੰ

ਪੰਜਾਬ ਇਸ ਵਕਤ ਵਿਧਾਨ ਸਭਾ ਚੋਣਾਂ ਦੇ ਰਾਹ ਉੱਤੇ ਪੈ ਚੁੱਕਾ ਹੈ। ਅਗਸਤ ਲੰਘਣ ਪਿੱਛੋਂ ਮਸਾਂ ਛੇ ਮਹੀਨੇ ਇਸ ਸਰਕਾਰ ਦੇ ਬਾਕੀ ਰਹਿ ਜਾਣਗੇ। ਪਿਛਲੀ ਵਾਰੀ ਚਾਰ ਫਰਵਰੀ ਨੂੰ ਵੋਟਾਂ ਪਈਆਂ ਅਤੇ ਗਿਆਰਾਂ ਮਾਰਚ ਨੂੰ ਨਤੀਜੇ ਆਏ ਸਨ ਅਤੇ ਸੋਲਾਂ ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਵਾਲੀ ਮੌਜੂਦਾ ਸਰਕਾਰ ਬਣੀ ਸੀ। ਨਤੀਜੇ ਵਾਲੀ ਉਸ ਤਾਰੀਖ ਦਾ ਹਿਸਾਬ ਰੱਖਿਆ ਜਾਵੇ ਤਾਂ ਇੱਕ ਮਹੀਨਾ ਹੋਰ ਗਿਣ ਸਕਦੇ ਹਾਂ, ਪਰ ਚੋਣ ਜ਼ਾਬਤਾ ਸ਼ਾਇਦ ਇਸ ਵਾਰ ਨਵਾਂ ਸਾਲ ਚੜ੍ਹਦੇ ਸਾਰ ਲਾ ਦਿੱਤਾ ਜਾਵੇ, ਕਿਉਂਕਿ ਪੰਜਾਬ ਦੇ ਨਾਲ ਹੀ ਉੱਤਰ ਪ੍ਰਦੇਸ਼ ਵਰਗੇ ਭਾਰਤ ਦੇ ਸਭ ਤੋਂ ਵੱਡੇ ਰਾਜ ਅਤੇ ਤਿੰਨ ਹੋਰ ਰਾਜਾਂ ਵਿੱਚ ਵੀ ਚੋਣਾਂ ਹੋਣੀਆਂ ਹਨ। ਭਾਰਤ ਦਾ ਚੋਣ ਕਮਿਸ਼ਨ ਕਹਿਣ ਨੂੰ ਨਿਰਪੱਖ ਹੈ, ਪਰ ਅਸਲ ਵਿੱਚ ਕੇਂਦਰ ਦਾ ਰਾਜ ਚਲਾ ਰਹੀ ਧਿਰ ਜੇ ਤਾਕਤਵਰ ਹੋਵੇ ਤਾਂ ਉਸ ਦੇ ਕਹੇ ਬਿਨਾਂ ਖੰਘਦਾ ਨਹੀਂ ਹੁੰਦਾ ਤੇ ਉਸ ਪਾਰਟੀ ਦੀ ਲੋੜ ਦੇ ਹਿਸਾਬ ਹੀ ਅਗਲੀਆਂ ਚੋਣਾਂ ਦੀਆਂ ਤਰੀਕਾਂ ਮਿਥਦਾ ਹੁੰਦਾ ਹੈ। ਇਸ ਵਾਰੀ ਕੇਂਦਰ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਆਪਣੇ ਉੱਤਰ ਪ੍ਰਦੇਸ਼ ਵਿਚਲੇ ਹਿੱਤਾਂ ਦਾ ਖਿਆਲ ਕਰ ਕੇ ਉਸ ਨੂੰ ਕੁਝ ਅਗੇਤਾ ਇਹ ਕਦਮ ਚੁੱਕਣ ਨੂੰ ਆਖ ਸਕਦੀ ਹੈ, ਪਰ ਜੇ ਮਿਥੇ ਟਾਈਮ ਮੁਤਾਬਕ ਵੀ ਸਾਰਾ ਕੁਝ ਹੁੰਦਾ ਗਿਆ ਤਾਂ ਛੇ ਮਹੀਨੇ ਤੋਂ ਵੱਧ ਚੋਣਾਂ ਵਿੱਚ ਬਾਕੀ ਨਹੀਂ।
ਅੱਜ ਦੀ ਘੜੀ ਵਿੱਚ ਜਿੰਨਾ ਮੰਦਾ ਹਾਲ ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਦਾ ਜਾਪਦਾ ਹੈ, ਓਦੋਂ ਵੱਧ ਪੰਜਾਬ ਵਿੱਚ ਭਾਜਪਾ ਨੂੰ ਛੱਡ ਕੇ ਕਿਸੇ ਵੀ ਹੋਰ ਪਾਰਟੀ ਦਾ ਸ਼ਾਇਦ ਨਹੀਂ ਹੋਣਾ। ਬੀਤੇ ਪੰਜ ਸਾਲਾਂ ਵਿੱਚ ਇਸ ਪਾਰਟੀ ਨੇ ਹਰ ਹੋਰ ਪਾਰਟੀ ਵਾਂਗ ਕੁਝ ਕੰਮ ਚੰਗੇ ਵੀ ਕੀਤੇ, ਜਾਂ ਕਹਿ ਲਓ ਕਿ ਇਸ ਤੋਂ ਹੋ ਗਏ ਹੋਣਗੇ, ਪਰ ਪਾਪਾਂ ਦੀ ਪੰਡ ਭਾਰੀ ਕਰਨ ਵਿੱਚ ਵੀ ਇਸ ਨੇ ਕੋਈ ਕਸਰ ਨਹੀਂ ਰੱਖੀ। ਚੋਣਾਂ ਵਿੱਚ ਕੁੱਦਣ ਵੇਲੇ ਕਿਸੇ ਜੰਗ ਵਿੱਚ ਚੱਲੀ ਫੌਜ ਵਿੱਚ ਤਾਲਮੇਲ ਦੀ ਲੋੜ ਵਾਂਗ ਰਾਜਸੀ ਮੈਦਾਨ ਦੀ ਹਰ ਧਿਰ ਨੂੰ ਵੀ ਪੂਰੇ ਤਾਲਮੇਲ ਦੀ ਲੋੜ ਹੁੰਦੀ ਹੈ ਅਤੇ ਜਿਸ ਪਾਰਟੀ ਦੇ ਤਾਲਮੇਲ ਦੀ ਘਾਟ ਹੋਵੇ, ਉਹ ਚੋਣਾਂ ਦੌਰਾਨ ਚੰਗੇ ਸਿੱਟੇ ਨਹੀਂ ਕੱਢ ਸਕਦੀ। ਇੱਕ ਵਕਤ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਦੋ ਵੱਡੇ ਮਹਾਂਰਥੀ ਜਗਦੇਵ ਸਿੰਘ ਤਲਵੰਡੀ ਤੇ ਗੁਰਚਰਨ ਸਿੰਘ ਟੌਹੜਾ ਚੋਣਾਂ ਮੌਕੇ ਏਨਾ ਦੁਖੀ ਕਰਦੇ ਹੁੰਦੇ ਸਨ ਕਿ ਆਖਰ ਨੂੰ ਲੜਾਈ ਕਾਂਗਰਸ ਨਾਲ ਘੱਟ ਤੇ ਆਪੋ ਵਿੱਚ ਇੱਕ-ਦੂਸਰੇ ਦੇ ਬੰਦੇ ਹਰਾਉਣ ਵਾਲੀ ਵੱਧ ਬਣ ਜਾਂਦੀ ਹੁੰਦੀ ਸੀ। ਫਿਰ ਕਾਂਗਰਸ ਵਿੱਚ ਇੱਕ ਮੌਕੇ ਇਹੋ ਕੁਝ ਹਰਚਰਨ ਸਿੰਘ ਬਰਾੜ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਧੜਿਆਂ ਵੱਲੋਂ ਕੀਤਾ ਸੁਣਿਆ ਸੀ ਤੇ ਨਤੀਜਾ ਉਸ ਪਾਰਟੀ ਦੀ ਹੱਦੋਂ ਵੱਧ ਸ਼ਰਮਨਾਕ ਹਾਰ ਵਿੱਚ ਨਿਕਲਿਆ ਸੀ। ਉਸ ਦੇ ਬਾਅਦ ਦੋ ਵਾਰੀ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਧੜਿਆਂ ਦੀ ਖਹਿਬਾਜ਼ੀ ਨੇ ਇਸ ਪਾਰਟੀ ਦੀ ਬੇੜੀ ਡੋਬੀ ਸੀ। ਇਸ ਵਕਤ ਇਸ ਪਾਰਟੀ ਮੂਹਰੇ ਫਿਰ ਇਹੋ ਔਕੜ ਸਿਰ ਚੁੱਕੀ ਖੜੋਤੀ ਦਿੱਸਦੀ ਹੈ। ਕਈ ਲੋਕ ਕਾਂਗਰਸ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇਸ ਸਥਿਤੀ ਦਾ ਦੋਸ਼ ਦੇ ਰਹੇ ਹਨ ਅਤੇ ਕਈ ਹੋਰ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਅੰਦਰ-ਖਾਤੇ ਵਾਲੇ ਸਮਝੌਤੇ ਦੀ ਨੰਗੀ-ਮੁੰਗੀ ਚਰਚਾ ਵੀ ਚਸਕੇ ਲੈ-ਲੈ ਕਰਦੇ ਹਨ। ਪਾਰਟੀ ਡੁੱਬਣ ਦੀ ਚਿੰਤਾ ਦੋਵਾਂ ਧੜਿਆਂ ਨੂੰ ਕੋਈ ਨਹੀਂ ਜਾਪਦੀ।
ਦੂਸਰੇ ਪਾਸੇ ਅਕਾਲੀ ਦਲ ਦਾ ਪ੍ਰਧਾਨ ਆਪਣੇ ਨਾਲੋਂ ਟੁੱਟੇ ਧਿਰਾਂ ਅਤੇ ਧੜਿਆਂ ਨੂੰ ਅੱਖੋਂ ਪਰੋਖੇ ਕਰਨ ਦੇ ਬਾਅਦ ਹਰ ਮੰਦੇ-ਚੰਗੇ ਬੰਦੇ ਨੂੰ ਆਪਣੇ ਨਾਲ ਜੋੜ ਕੇ ਆਪਣਾ ਲਸ਼ਕਰ ਭਾਰਾ ਕਰਨ ਰੁੱਝਾ ਪਿਆ ਹੈ। ਜਿਨ੍ਹਾਂ ਨੇ ਕੱਲ੍ਹ ਤੱਕ ਬਾਦਲ ਬਾਪ-ਬੇਟੇ ਖਿਲਾਫ ਕਈ ਊਟ-ਪਟਾਂਟ ਕਿੱਸੇ ਸਟੇਜਾਂ ਲਾ-ਲਾ ਕੇ ਲੋਕਾਂ ਨੂੰ ਸੁਣਾਏ ਸਨ, ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਨਾਲ ਵੀ ਨੇੜਤਾ ਬਣਾ ਰਿਹਾ ਹੈ। ਦੂਸਰੀਆਂ ਪਾਰਟੀਆਂ ਵਿੱਚੋਂ ਲੋਕਾਂ ਵਿੱਚ ਮਾੜਾ-ਮੋਟਾ ਅਸਰ ਰੱਖਦੇ ਹਰ ਬੰਦੇ ਨੂੰ ਤੋੜਨ ਲਈ ਉਹ ਰਾਤ-ਦਿਨ ਇੱਕ ਕਰੀ ਜਾਂਦਾ ਹੈ। ਭਾਜਪਾ ਨਾਲੋਂ ਗੱਠਜੋੜ ਟੁੱਟਣ ਦੇ ਬਾਅਦ ਸਮਝਿਆ ਜਾਂਦਾ ਸੀ ਕਿ ਉਸ ਦੀ ਪਾਰਟੀ ਤੋਂ ਕੇਰਾ ਸ਼ੁਰੂ ਹੋ ਸਕਦਾ ਹੈ, ਪਰ ਹੋਇਆ ਇਸ ਤੋਂ ਉਲਟ ਕਿ ਉਹ ਭਾਜਪਾ ਦੇ ਕਈ ਵੱਡੇ ਲੀਡਰਾਂ ਅਤੇ ਸਾਬਕਾ ਮੰਤਰੀਆਂ ਜਾਂ ਵਿਧਾਇਕਾਂ ਨੂੰ ਖਿੱਚ ਕੇ ਆਪਣੇ ਨਾਲ ਲੈ ਆਇਆ ਹੈ। ਉਸ ਨੂੰ ਇਸ ਗੱਲ ਦੀ ਖੁੱਲ੍ਹ ਹੈ ਕਿ ਕਿਸੇ ਨੂੰ ਕਿਸੇ ਹਲਕੇ ਵਿੱਚ ਉਮੀਦਵਾਰ ਐਲਾਨਣਾ ਹੈ ਤਾਂ ਨਾ ਕਾਂਗਰਸ ਵਾਂਗ ਸੋਨੀਆ ਗਾਂਧੀ ਦੇ ਦਰਬਾਰੀਆਂ ਤੋਂ ਲਿਸਟ ਪਾਸ ਕਰਾਉਣੀ ਪੈਂਦੀ ਹੈ ਤੇ ਨਾ ਅਰਵਿੰਦ ਕੇਜਰੀਵਾਲ ਦੇ ਕਿਸੇ ਹਵਾਈ ਕਮਾਂਡਰ ਨੂੰ ਪੁੱਛਣਾ ਪੈਂਦਾ ਹੈ। ਅੱਜ ਕਿਸੇ ਨੂੰ ਉਹ ਪਾਰਟੀ ਵਿੱਚ ਸ਼ਾਮਲ ਕਰੇ ਅਤੇ ਖੜੇ ਪੈਰ ਕਿਸੇ ਹਲਕੇ ਦਾ ਉਮੀਦਵਾਰ ਐਲਾਨ ਵੀ ਕਰ ਦੇਵੇ ਤਾਂ ਕੋਈ ਉਸ ਨੂੰ ਪੁੱਛਣ ਵਾਲਾ ਨਹੀਂ, ਆਪਣੇ-ਆਪ ਵਿੱਚ ਸਮੁੱਚੀ ਹਾਈ-ਕਮਾਂਡ ਉਹ ਖੁਦ ਹੀ ਹੈ, ਬਾਕੀ ਅਹੁਦੇਦਾਰ ਸਿਰਫ ਹਾਂ ਵਿੱਚ ਹਾਂ ਮਿਲਾਉਣ ਨੂੰ ਰੱਖੇ ਹਨ। ਜਿਹੜਾ ਜ਼ਰਾ ਕੁ ਹਾਮੀ ਨਾ ਭਰਦਾ ਜਾਪੇ, ਉਸ ਦਾ ਆਪਣਾ ਪੱਤਾ ਕੱਟਿਆ ਜਾ ਸਕਦਾ ਹੈ। ਪੰਜਾਬ ਕਾਂਗਰਸ ਦੇ ਕਈ ਲੀਡਰ ਪਿਛਲੇ ਦਿਨਾਂ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਤਾਂ ਇਹ ਚਰਚਾ ਆਮ ਹੈ ਕਿ ਉਨ੍ਹਾਂ ਨੂੰ ਇੱਕ ਖਾਸ ਧੜਾ ਇੱਕ ਨੀਤੀ ਅਧੀਨ ਖੁਦ ਉਸ ਪਾਸੇ ਭੇਜ ਰਿਹਾ ਹੈ, ਪਰ ਕਾਂਗਰਸ ਇਸ ਚਰਚਾ ਦਾ ਖੰਡਨ ਵੀ ਨਹੀਂ ਕਰਦੀ।
ਭਾਰਤੀ ਜਨਤਾ ਪਾਰਟੀ ਆਪਣੀ ਹਾਈ ਕਮਾਂਡ ਉੱਤੇ ਟੇਕ ਰੱਖੀ ਬੈਠੀ ਹੈ। ਉਨ੍ਹਾਂ ਨੂੰ ਅੱਜ ਦੀ ਘੜੀ ਪਿੰਡਾਂ-ਸ਼ਹਿਰਾਂ ਵਿੱਚ ਜਾਣ ਲੱਗਿਆਂ ਇਹ ਡਰ ਰਹਿੰਦਾ ਹੈ ਕਿ ਕੋਈ ਕਿਸਾਨ ਜਥਾ ਰਾਹ ਘੇਰਨ ਨਾ ਆ ਜਾਵੇ, ਪਰ ਇਹ ਆਸ ਉਨ੍ਹਾਂ ਦੇ ਹਰ ਛੋਟੇ-ਵੱਡੇ ਆਗੂ ਨੂੰ ਹੈ ਕਿ ਅਗਲੇ ਦਿਨਾਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਮੁੱਦਾ ਇਸ ਤਰ੍ਹਾਂ ਸਿਰੇ ਲਾ ਦੇਣਾ ਹੈ ਕਿ ਪੱਕੇ ਹੋਏ ਬੇਰ ਵਾਂਗ ਪੰਜਾਬ ਉਨ੍ਹਾਂ ਦੀ ਝੋਲੀ ਵਿੱਚ ਆ ਪਵੇਗਾ। ਸਾਨੂੰ ਇਸ ਵਿੱਚ ਕੋਈ ਦਮ ਨਹੀਂ ਜਾਪਦਾ, ਪਰ ਭਾਜਪਾ ਲੀਡਰ ਇਸ ਬਾਰੇ ਮੁਕੰਮਲ ਭਰੋਸੇ ਵਿੱਚ ਹਨ। ਸ਼ਾਇਦ ਉਨ੍ਹਾਂ ਨੂੰ ਕੇਂਦਰੀ ਲੀਡਰਾਂ ਨੇ ਕੰਨਾਂ ਵਿੱਚ ਇਹ ਫੂਕ ਮਾਰੀ ਹੋਵੇ, ਇਸ ਲਈ ਉਨ੍ਹਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਹਾਲ ਦੀ ਘੜੀ ਪੰਜਾਬ ਦੀ ਕੋਈ ਸਿਆਸੀ ਧਿਰ ਉਨ੍ਹਾਂ ਨਾਲ ਕੋਈ ਸੰਬੰਧ ਰੱਖਣ ਬਾਰੇ ਸੋਚ ਤੱਕ ਨਹੀਂ ਸਕਦੀ ਅਤੇ ਇਕੱਲੀ ਭਾਜਪਾ ਇਸ ਰਾਜ ਵਿੱਚ ਚੋਣਾਂ ਜਿੱਤਣ ਦਾ ਸੁਫਨਾ ਜਿੰਨਾ ਮਰਜ਼ੀ ਲਵੇ, ਅੰਗੂਰ ਉਸ ਲਈ ਅਜੇ ਖੱਟੇ ਜਾਪਦੇ ਹਨ।
ਪੰਜਾਬ ਦੇ ਲੋਕਾਂ ਵਿੱਚ ਇਸ ਵੇਲੇ ਇੱਕ ਧਿਰ ਆਮ ਆਦਮੀ ਪਾਰਟੀ ਦੀ ਆਪਣੀ ਥਾਂ ਬਣਾਈ ਜਾ ਰਹੀ ਹੈ। ਸੋਚਣ ਦੇ ਪੱਖ ਤੋਂ ਲੋਕ ਉਸ ਦੇ ਹੱਕ ਵਿੱਚ ਬੋਲਦੇ ਜਾਪਦੇ ਹਨ ਅਤੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸਭ ਨੂੰ ਵੇਖ ਚੁੱਕੇ ਹਾਂ, ਇਸ ਵਾਰੀ ਇਹ ਨਵੀਂ ਧਿਰ ਵੇਖਣੀ ਹੈ, ਪਰ ਇਹ ਗੱਲ ਉਹੀ ਲੋਕ ਕਹਿੰਦੇ ਹਨ, ਜਿਹੜੇ ਚੁੱਪ ਨਹੀਂ ਰਹਿਣ ਵਾਲੇ। ਹਰ ਚੋਣ ਵਿੱਚ ਇੱਕ ਚੁੱਪ ਬਹੁ-ਗਿਣਤੀ ਹੁੰਦੀ ਹੈ, ਜਿਹੜੀ ਕੁਝ ਬੋਲਦੀ ਨਹੀਂ ਹੁੰਦੀ, ਅੰਤਲੇ ਨਿਰਣੇ ਵਿੱਚ ਕਿਸ ਦੇ ਵੱਲ ਨੂੰ ਭੁਗਤ ਜਾਵੇ, ਕਦੇ ਵੀ ਪਤਾ ਨਹੀਂ ਲੱਗਦਾ ਹੁੰਦਾ। ਇਸ ਵਾਰੀ ਲੋਕਾਂ ਵਿੱਚ ਚਰਚਾ ਦਾ ਰੰਗ ਵੇਖਣਾ ਹੈ ਤਾਂ ਇਸ ਪਾਰਟੀ ਦੇ ਪੱਖ ਵਿੱਚ ਦਿੱਸਦਾ ਹੈ, ਪਰ ਇਹੋ ਜਿਹਾ ਰੰਗ ਪਿਛਲੀ ਵਾਰੀ ਵੀ ਦਿੱਸਦਾ ਸੀ, ਬਾਅਦ ਵਿੱਚ ਜਦੋਂ ਅਸਲੀ ਪ੍ਰਭਾਵ ਚੋਣਾਂ ਦੀ ਨਬਜ਼ ਪਰਖਣ ਵਾਲੇ ਪੱਤਰਕਾਰਾਂ ਨੂੰ ਦਿੱਸ ਚੁੱਕਾ ਸੀ, ਇਸ ਦੀ ਲੀਡਰਸ਼ਿਪ ਓਦੋਂ ਵੀ ਸੱਚ ਵੇਖਣ ਨੂੰ ਤਿਆਰ ਨਹੀਂ ਸੀ ਹੋ ਰਹੀ। ਅੱਜਕੱਲ੍ਹ ਉਸ ਦੇ ਆਗੂ ਮੰਨਦੇ ਹਨ ਕਿ ਪਿਛਲੀ ਵਾਰੀ ਉਨ੍ਹਾਂ ਨੇ ਜਿੱਤੀ ਹੋਈ ਚੋਣ ਹਾਰੀ ਸੀ ਤੇ ਇਸ ਵਾਰੀ ਪਿਛਲੀਆਂ ਭੁੱਲਾਂ ਤੋਂ ਸਿੱਖ ਕੇ ਚੱਲਣਗੇ, ਪਰ ਗਲਤੀਆਂ ਕਰਨ ਤੋਂ ਉਹ ਅਜੇ ਵੀ ਨਹੀਂ ਹਟਦੇ। ਅਸੀਂ ਇਸ ਵਕਤ ਉਨ੍ਹਾਂ ਦੀਆਂ ਗਲਤੀਆਂ ਗਿਣਾ ਕੇ ਉਨ੍ਹਾਂ ਦਾ ਮਨ ਖੱਟ ਕਰਨ ਦੀ ਲੋੜ ਨਹੀਂ ਸਮਝਦੇ, ਪਰ ਇਹ ਗੱਲ ਹਰ ਕੋਈ ਕਹਿੰਦਾ ਹੈ ਕਿ ਇਹ ਪਾਰਟੀ ਜਦੋਂ ਤੱਕ ਇਸ ਰਾਜ ਦੇ ਲੋਕਾਂ ਸਾਹਮਣੇ ਮੁੱਖ ਮੰਤਰੀ ਦਾ ਕੋਈ ਸਾਊ ਚਿਹਰਾ, ਅਤੇ ਉਹ ਵੀ ਪੰਜਾਬੀ ਲੋਕਾਂ ਦਾ ਜਾਣਿਆ-ਪਛਾਣਿਆ ਪੇਸ਼ ਨਹੀਂ ਕਰ ਦੇਂਦੀ, ਇਸ ਬਾਰੇ ਆਪਣੇ ਰਾਏ ਬਣਾਉਣੀ ਔਖੀ ਹੈ। ਆਮ ਆਦਮੀ ਪਾਰਟੀ ਦੇ ਕੇਂਦਰੀ ਦਫਤਰ ਨੂੰ ਵਾਰ-ਰੂਮ ਸਮਝ ਕੇ ਨੀਤੀਆਂ ਚਲਾਉਣ ਵਾਲਿਆਂ ਨੂੰ ਇਸ ਉਲਝਣ ਦਾ ਕੋਈ ਹੱਲ ਅਜੇ ਤੱਕ ਨਹੀਂ ਲੱਭਾ, ਜਾਂ ਉਹ ਢੁਕਵੇਂ ਵਕਤ ਦੀ ਉਡੀਕ ਵਿੱਚ ਹਨ, ਇਹ ਗੱਲ ਸਿਰਫ ਉਹੀ ਜਾਣਦੇ ਹੋ ਸਕਦੇ ਹਨ।
ਅੱਜ ਦੀ ਘੜੀ ਜਿੱਦਾਂ ਦੇ ਹਾਲਾਤ ਹਨ, ਉਨ੍ਹਾਂ ਦੇ ਹੁੰਦਿਆਂ ਸਭ ਤੋਂ ਮਾੜੀ ਹਾਲਤ ਭਾਜਪਾ ਦੀ, ਉਸ ਪਿੱਛੋਂ ਪਾਟਕ ਦਾ ਸ਼ਿਕਾਰ ਹੋਈ ਕਾਂਗਰਸ ਦੀ ਹੈ ਤੇ ਟੱਕਰ ਦੀਆਂ ਧਿਰਾਂ ਦੂਸਰੀਆਂ ਦੋ ਜਾਪਦੀਆਂ ਹਨ, ਪਰ ਅਗਲੇ ਦਿਨਾਂ ਵਿੱਚ ਇਹੋ ਜਿਹਾ ਪ੍ਰਭਾਵ ਕਾਇਮ ਰਹੇਗਾ, ਇਸ ਦੀ ਰਾਜਨੀਤੀ ਵਿੱਚ ਕਦੇ ਗਾਰੰਟੀ ਨਹੀਂ ਹੁੰਦੀ। ਕਾਂਗਰਸ ਦੀ ਇੱਕ ਵੱਡੀ ਧਿਰ ਅੱਜ ਵੀ ਇਸ ਵਹਿਮ ਵਿੱਚ ਹੈ ਕਿ ਸਾਡੇ ਮੁਕਾਬਲੇ ਦੀ ਕੋਈ ਟੀਮ ਹੀ ਮੌਜੂਦ ਨਹੀਂ ਤਾਂ ਲੋਕਾਂ ਨੂੰ ਅਗਲੀਆਂ ਚੋਣਾਂ ਵਿੱਚ ਫਿਰ ਸਾਡੇ ਪੱਖ ਵਿੱਚ ਹੀ ਭੁਗਤਣਾ ਪੈਣਾ ਹੈ। ਜਦੋਂ ਪਾਰਟੀ ਦੀ ਗੱਡ ਚਿੱਕੜ ਵਿੱਚ ਫਸੀ ਸਾਰੇ ਲੋਕਾਂ ਨੂੰ ਦਿੱਸਦੀ ਹੈ, ਓਦੋਂ ਵੀ ਇਸ ਦੇ ਸਵਾਰ ਜੂਲੇ ਉੱਤੇ ਬਹਿਣ ਲਈ ਲੜੀ ਜਾਂਦੇ ਹਨ। ਜਿਹੜਾ ਇੱਕ ਹੋਰ ਪੱਖ ਇਸ ਵਾਰੀ ਇਸ ਰਾਜ ਦੀ ਚੋਣ ਵਿੱਚ ਅਸਰ ਪਾਉਣ ਵਾਲਾ ਹੈ, ਉਹ ਪੰਜਾਬ ਦੀ ਅਫਸਰਸ਼ਾਹੀ ਹੈ, ਜਿਸ ਨੇ ਪਹਿਲੀ ਵਾਰ ਪੂਰੇ ਪੰਜ ਸਾਲ ਖੁਦ ਸਰਕਾਰ ਚਲਾ ਕੇ ਵੇਖੀ ਹੈ ਤੇ ਅਗਲੀ ਵਾਰੀ ਲਈ ਫਿਰ ਇਸ ਕੋਸ਼ਿਸ਼ ਵਿੱਚ ਹੈ ਕਿ ਉਸ ਪਾਰਟੀ ਨੂੰ ਜਿਤਾਉਣ ਦਾ ਜ਼ੋਰ ਲਾਇਆ ਜਾਵੇ, ਜਿਹੜੀ ਉਨ੍ਹਾਂ ਦੇ ਖਾਣ-ਪੀਣ ਵਿੱਚ ਕੋਈ ਵਿਘਨ ਨਾ ਪਾਵੇ। ਜਿਹੜੇ ਨਜ਼ਾਰੇ ਇਸ ਸ਼੍ਰੇਣੀ ਨੇ ਪਿਛਲੇ ਪੰਜ ਸਾਲ ਬਿਨਾਂ ਰੋਕ ਤੋਂ ਮਾਣੇ ਹਨ, ਉਨ੍ਹਾਂ ਕਾਰਨ ਇਸ ਚੋਣ ਵਿੱਚ ਇਹ ਵੀ ਇੱਕ ਅਣਦਿੱਸਦੀ ਧਿਰ ਜ਼ਰੂਰ ਬਣੇਗੀ।