ਨਚਣੁ ਕੁਦਣੁ ਮਨ ਕਾ ਚਾਉ।। - ਗੁਰਬਚਨ ਜਗਤ


ਅਸੀਂ ਆਪਣੇ ਤਾਇਆ ਜੀ ਦੇ ਕੰਧਾੜੇ ਚੜ੍ਹ ਕੇ ਪਿੰਡ ਦੇ ਬਾਹਰਵਾਰ ਆਪਣੇ ਖੇਤਾਂ ਵਿਚ ਜਾਇਆ ਕਰਦੇ ਸਾਂ। ਜਦੋਂ ਅਸੀਂ ਆਪਣੀ ਮੰਜ਼ਿਲ ਦੇ ਨੇੜੇ ਪਹੁੰਚਦੇ ਸਾਂ ਤਾਂ ਉੱਥੇ ਸ਼ੋਰ ਗੁੱਲ ਮੱਚਿਆ ਹੁੰਦਾ ਸੀ ਤੇ ਚਾਰੇ ਪਾਸੇ ਲਹਿਰਾਂ ਬਹਿਰਾਂ ਲੱਗੀਆਂ ਹੁੰਦੀਆਂ ਸਨ। ਉਦੋਂ ਮੇਰੀ ਕੱਚੀ ਉਮਰ ਸੀ ਤੇ ਆਪਣੇ ਤਾਏ ਹੋਰਾਂ ਤੋਂ ਇਸ ਮੁਕਾਮ ਬਾਰੇ ਪੁੱਛਦਾ ਰਹਿੰਦਾ ਸਾਂ। ਉਹ ਦੱਸਦੇ ਹੁੰਦੇ ਸਨ ਕਿ ਅਸੀਂ ‘ਛਿੰਝ’ ਦੇਖਣ ਚੱਲੇ ਹਾਂ- ਮੈਂ ਇਹ ਸ਼ਬਦ ਪਹਿਲਾਂ ਕਦੇ ਨਹੀਂ ਸੁਣਿਆ ਸੀ ਤੇ ਉਹ ਮੈਨੂੰ ਦੱਸਦੇ ਸਨ ਕਿ ਛਿੰਝ ਵਿਚ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚ ਇਲਾਕੇ ਦੇ ਨੌਜਵਾਨ ਮੁੰਡੇ ਹਿੱਸਾ ਲੈਂਦੇ ਹਨ। ਉੱਥੇ ਲੋਕਾਂ ਦੀ ਬਹੁਤ ਭੀੜ ਜੁੜੀ ਹੁੰਦੀ ਸੀ ਤੇ ਉਨ੍ਹਾਂ ਦੇ ਵਿਚਕਾਰ ਇਕ ਵੱਡਾ ਘੇਰਾ ਵਾਹਿਆ ਹੁੰਦਾ ਜਿਸ ਨੂੰ ਅਖਾੜਾ ਕਿਹਾ ਜਾਂਦਾ ਹੈ। ਇਸ ਚੱਕਰ ਵਾਲੀ ਜਗ੍ਹਾ ਵਾਹ ਕੇ ਨਰਮ ਕਰ ਲਈ ਜਾਂਦੀ ਹੈ ਤਾਂ ਕਿ ਘੁਲਣ ਵੇਲੇ ਕਿਸੇ ਦੇ ਸੱਟ ਨਾ ਲੱਗੇ। ਬਹੁਤੇ ਮੁਕਾਬਲਿਆਂ ਦਾ ਪਹਿਲਾਂ ਹੀ ਐਲਾਨ ਕੀਤਾ ਜਾਂਦਾ ਸੀ ਤੇ ਕੋਈ ਵਿਰਲਾ ਟਾਵਾਂ ਮੁਕਾਬਲਾ ਉਦੋਂ ਹੁੰਦਾ ਹੈ ਜਦੋਂ ਕੋਈ ਪਹਿਲਵਾਨ ਅਖਾੜੇ ਵਿਚ ਦਾਖ਼ਲ ਹੋ ਕੇ ਵੰਗਾਰਦਾ ਹੈ। ਘੋਲ ਸ਼ੁਰੂ ਹੋ ਜਾਂਦੇ ਤਾਂ ਲੰਗੋਟਧਾਰੀ ਪਹਿਲਵਾਨ ਤੇ ਜੁੜੀ ਭੀੜ ਪੂਰੇ ਜੋਸ਼ ਵਿਚ ਆ ਜਾਂਦੇ। ਘੋਲ ਉਦੋਂ ਹੀ ਖ਼ਤਮ ਹੁੰਦਾ, ਜਦੋਂ ਕੋਈ ਪਹਿਲਵਾਨ ਦੂਜੇ ਦੀ ਪਿੱਠ ਲਾ ਦਿੰਦਾ। ਇਸ ਦੌਰਾਨ ਰੰਗਦਾਰ ਕੁੜਤੇ ਤੇ ਤਹਿਮਤਾਂ ਪਹਿਨੀਂ ਬੰਦਿਆਂ ਦੀ ਇਕ ਟੋਲੀ ਆਪਣੇ ਪਹਿਲਵਾਨ ਦੀ ਜਿੱਤ ਦੀ ਖ਼ੁਸ਼ੀ ਮਨਾਉਂਦੀ ਨਿਕਲ ਆਉਂਦੀ। ਉਦੋਂ ਕੋਈ ਜੂਆ ਸੱਟਾ ਨਹੀਂ ਚਲਦਾ ਸੀ ਪਰ ਲੋਕ ਆਪਣੇ ਚਹੇਤੇ ਪਹਿਲਵਾਨਾਂ ਨੂੰ ਪੈਸੇ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਸਨ। ਫ਼ਿਕਰ ਫਾਕੇ ਤੋਂ ਮੁਕਤ ਉੱਥੇ ਪੂਰੀ ਤਰ੍ਹਾਂ ਮੇਲੇ ਵਰਗਾ ਮਾਹੌਲ ਹੁੰਦਾ ਸੀ ਪਰ ਉਨ੍ਹਾਂ ਦਿਨਾਂ ’ਚ ਸ਼ਾਇਦ ਹੀ ਕੋਈ ਜਣਾ ਸ਼ਰਾਬ ਦੇ ਨਸ਼ੇ ਵਿਚ ਮਿਲਦਾ ਹੋਵੇ। ਲੋਕਾਂ ਦਾ ਇਕੱਠ, ਸ਼ੋਰ, ਲੰਗੋਟਧਾਰੀ ਪਹਿਲਵਾਨਾਂ ਦਾ ਅਜਬ ਨਜ਼ਾਰਾ ਦੇਖ ਕੇ ਰੂਹ ਖਿੜ ਜਾਂਦੀ ਸੀ ਤੇ ਇਸ ਦੀ ਖੁਸ਼ਨੁਮਾ ਯਾਦ ਅਜੇ ਵੀ ਮੇਰੇ ਚੇਤਿਆਂ ਵਿਚ ਵਸੀ ਹੋਈ ਹੈ।
       ਉਨ੍ਹਾਂ ਦਿਨਾਂ ਵਿਚ ਖੇਡਾਂ ਤੇ ਮਨੋਰੰਜਨ ਦਾ ਅਜਿਹਾ ਮਾਹੌਲ ਹੋਇਆ ਕਰਦਾ ਸੀ ਜਿਸ ਵਿਚ ਹਰ ਕੋਈ ਸ਼ਾਮਲ ਹੁੰਦਾ ਸੀ। ਗਰਮੀਆਂ ਦੇ ਮੌਸਮ ਵਿਚ ਜਦੋਂ ਪਰਛਾਵੇਂ ਢਲਣ ਲੱਗਦੇ ਤਾਂ ਪਿੰਡਾਂ ਦੇ ਮੁੰਡੇ ਤੇ ਕੁਝ ਵੱਡੀ ਉਮਰ ਦੇ ਬੰਦੇ ਵੀ ਕਬੱਡੀ ਖੇਡਦੇ। ਉਹ ਪਿੰਡ ਦੇ ਨੇੜੇ ਕਿਸੇ ਖੇਤ ਵਿਚ ਆ ਜੁੜਦੇ ਤੇ ਉਸ ਨੂੰ ਵਾਹ ਸੰਵਾਰ ਕੇ ਪੋਲ਼ਾ ਕਰ ਲੈਂਦੇ। ਫਿਰ ਲਿਸ਼-ਲਿਸ਼ ਕਰਦੇ ਪਿੰਡਿਆਂ ਵਾਲੇ ਮੁੰਡੇ ਕੱਛੇ-ਕਛਹਿਰੇ ਪਾ ਕੇ ਮੈਦਾਨ ਵਿਚ ਆ ਨਿੱਤਰਦੇ। ਉਹ ਦੋ ਟੀਮਾਂ ਬਣਾ ਕੇ ਖੇਡਦੇ। ਫਸਵੇਂ ਮੁਕਾਬਲੇ ਹੁੰਦੇ -ਕਿਸੇ ਕਿਸਮ ਦੀ ਸੱਟੇਬਾਜ਼ੀ ਦਾ ਸਵਾਲ ਹੀ ਪੈਦਾ ਨਾ ਹੁੰਦਾ। ਕੁਝ ਦਿਨਾਂ ਬਾਅਦ ਇਲਾਕੇ ਦੇ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਛਾਂਟਵੇਂ ਖਿਡਾਰੀਆਂ ਦੀ ਇਕ ਟੀਮ ਚੁਣ ਲਈ ਜਾਂਦੀ। ਇਸ ਦੌਰਾਨ ਟੂਰਨਾਮੈਂਟ ਦੀ ਤਿਆਰੀ ਵਾਸਤੇ ਟੀਮ ਨੂੰ ਰੱਜਵਾਂ ਦੁੱਧ, ਮੱਖਣ ਤੇ ਘਿਓ ਛਕਾਇਆ ਜਾਂਦਾ। ਟੂਰਨਾਮੈਂਟ ਵਿਚ ਦੋ ਜਾਂ ਤਿੰਨ ਦਿਨ ਲਗਾਤਾਰ ਕਬੱਡੀ ਮੁਕਾਬਲੇ ਚਲਦੇ ਰਹਿੰਦੇ ਸਨ।
        ਵਾਪਸ ਘਰ ਆ ਕੇ ਕਬੱਡੀ ਦੇ ਮੈਚਾਂ ਦੀ ਹਾਸੇ ਠੱਠੇ ਦੇ ਰੌਂਅ ’ਚ ਚੀਰ-ਫਾੜ ਚਲਦੀ ਰਹਿੰਦੀ। ਗਰਮੀਆਂ ਦੀ ਰੁੱਤ ਵਿਚ ਹਰ ਕੋਈ ਕਬੱਡੀ ਨਾਲ ਜੁੜਿਆ ਹੁੰਦਾ ਸੀ ਤੇ ਫਿਰ ਵਾਲੀਬਾਲ ਵੀ ਇਸ ਨਾਲ ਜੁੜ ਗਈ। ਇਹ ਵੀ ਇਕ ਸਸਤੀ ਖੇਡ ਹੁੰਦੀ ਸੀ ਜੀਹਦੇ ਲਈ ਇਕ ਬਾਲ ਤੇ ਨੈੱਟ ਦੀ ਲੋੜ ਪੈਂਦੀ ਸੀ ਜੋ ਆਮ ਤੌਰ ’ਤੇ ਛੁੱਟੀ ਕੱਟਣ ਆਏ ਕਿਸੇ ਫ਼ੌਜੀ ਵੱਲੋਂ ਦਾਨ ਦੇ ਰੂਪ ਵਿਚ ਮਿਲ ਜਾਂਦੇ ਸਨ। ਸਾਡੇ ਪਿੰਡ ਦੀ ਬਹੁਤ ਹੀ ਕਮਾਲ ਦੀ ਟੀਮ ਹੁੰਦੀ ਸੀ ਖ਼ਾਸਕਰ ਗਰਮੀਆਂ ਦੇ ਦਿਨਾਂ ਵਿਚ ਜਦੋਂ ਕਾਲਜੀਏਟ ਮੁੰਡੇ ਘਰ ਆ ਜਾਂਦੇ ਸਨ। ਸਾਡਾ ਇਕ ਖਿਡਾਰੀ ਪੀਟੀ ਚੰਨਣ ਸਿੰਘ ਭਾਰਤੀ ਟੀਮ ਲਈ ਚੁਣਿਆ ਗਿਆ ਸੀ ਪਰ ਉਹ ਖੇਡਣ ਨਾ ਜਾ ਸਕਿਆ। ਵਾਲੀਬਾਲ ਹੀ ਇਕ ਅਜਿਹੀ ਖੇਡ ਸੀ ਜਿਸ ਦੇ ਮੈਚਾਂ ’ਤੇ ਸ਼ਰਤ ਲੱਗਦੀ ਹੁੰਦੀ ਤੇ ਹਾਰਨ ਵਾਲੀ ਟੀਮ ਨੂੰ ਸਾਰਿਆਂ ਨੂੰ ‘ਦੁੱਧ ਸੋਡਾ’ - ਦੁੱਧ ਵਿਚ ਗੋਲੀ ਵਾਲੇ ਬੱਤੇ ਤੇ ਬਰਫ਼ ਮਿਲਾ ਕੇ ਪਿਲਾਉਣਾ ਪੈਂਦਾ ਸੀ। ਮੈਂ ਉਦੋਂ ਸਕੂਲੋਂ ਛੁੱਟੀ ’ਤੇ ਹੁੰਦਾ ਸੀ ਜਿਸ ਕਰਕੇ ਮੈਨੂੰ ਵੀ ਸਾਡੇ ਇਸ ਖ਼ਾਸ ‘ਮਿਲਕਸ਼ੇਕ’ ਦਾ ਗਿਲਾਸ ਪੀਣ ਲਈ ਮਿਲਦਾ ਹੁੰਦਾ ਸੀ।
        ਉਦੋਂ ਕੁਸ਼ਤੀ ਤੋਂ ਬਗ਼ੈਰ ਪਿੰਡਾਂ ਦੀਆਂ ਖੇਡਾਂ ਮੁਕੰਮਲ ਨਹੀਂ ਸਮਝੀਆਂ ਜਾਂਦੀਆਂ ਸਨ ਤੇ ਪਿੰਡਾਂ ਦੇ ਹਰ ਇਕੱਠ ਵਿਚ ‘ਗਾਮੇ ਪਹਿਲਵਾਨ’ ਦੀਆਂ ਗੱਲਾਂ ਛਿੜਦੀਆਂ ਸਨ ਜਿਸ ਨੂੰ ਮਹਾਰਾਜਾ ਪਟਿਆਲਾ (ਜੋ ਕ੍ਰਿਕਟ ਦੇ ਵੀ ਸਰਪ੍ਰਸਤ ਸਨ ਤੇ ਚੰਗੇ ਖਿਡਾਰੀ ਵੀ ਸਨ) ਵੱਲੋਂ ਸਪਾਂਸਰ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿਚ ਸਮੇਂ ਸਮੇਂ ’ਤੇ ਲੱਗਦੇ ਮੇਲਿਆਂ ’ਤੇ ਵੀ ਘੋਲ ਕਰਵਾਏ ਜਾਂਦੇ ਸਨ। ਇਨ੍ਹਾਂ ਦਾ ਇਕ ਕਿਸਮ ਦਾ ਚੱਕਰ ਚਲਦਾ ਸੀ ਤੇ ਹਰ ਕੋਈ ਇਸ ਦੀ ਖ਼ਬਰ ਰੱਖਦਾ ਸੀ। ਇਨ੍ਹਾਂ ਮੇਲਿਆਂ ’ਤੇ ਮਠਿਆਈ ਦੀਆਂ ਦੁਕਾਨਾਂ ਤੇ ਫੜੀਆਂ ਲੱਗਦੀਆਂ ਸਨ, ਬੱਚਿਆਂ ਦੇ ਮਨੋਰੰਜਨ ਲਈ ਚੰਡੋਲ ਵਗੈਰਾ ਲੱਗੇ ਹੁੰਦੇ ਸਨ, ਔਰਤਾਂ ਲਈ ਚੂੜੀਆਂ ਤੇ ਹੋਰ ਸਜ-ਧਜ ਦਾ ਸਾਮਾਨ, ਬਜ਼ੁਰਗਾਂ ਲਈ ਦਿਲਕਸ਼ ਖੂੰਡੀਆਂ ਰੱਖੀਆਂ ਹੁੰਦੀਆਂ ਸਨ। ਦੂਜੇ ਪਾਸੇ, ਕਬੱਡੀ ਤੇ ਕੁਸ਼ਤੀ ਦੇ ਮੁਕਾਬਲੇ ਚਲਦੇ ਰਹਿੰਦੇ ਜਿਨ੍ਹਾਂ ਨੂੰ ਦੇਖਣ ਮਾਣਨ ਲਈ ਵੱਡੀ ਤਾਦਾਦ ਵਿਚ ਲੋਕ ਜੁੜੇ ਹੁੰਦੇ ਸਨ। ਇਸ ਦੌਰਾਨ ਮਰਦ, ਔਰਤਾਂ ਤੇ ਬੱਚੇ ਬਰਫ਼ੀ, ਜਲੇਬੀਆਂ ਆਦਿ ਦਾ ਸੁਆਦ ਮਾਣਦੇ ਤੇ ਲਿਫ਼ਾਫਿਆਂ ਵਿਚ ਪੁਆ ਕੇ ਆਪਣੇ ਘਰਾਂ ਨੂੰ ਲੈ ਜਾਂਦੇ ਸਨ। ਇਨ੍ਹਾਂ ਮੇਲਿਆਂ ਦੀਆਂ ਤਰੀਕਾਂ ਦਾ ਸਭ ਨੂੰ ਪਤਾ ਹੁੰਦਾ ਸੀ ਤੇ ਮੇਲੇ ਮੌਕੇ ਪਿੰਡ ਵਿਚ ਰਿਸ਼ਤੇਦਾਰਾਂ ਤੇ ਦੋਸਤ ਮਿੱਤਰਾਂ ਦਾ ਹੜ੍ਹ ਆ ਜਾਂਦਾ ਸੀ ਜੋ ਕਈ-ਕਈ ਦਿਨ ਪਿੰਡ ਵਿਚ ਹੀ ਰਹਿੰਦੇ ਸਨ। ਪਿੰਡ ਤੇ ਇਲਾਕਾ ਵਾਸੀਆਂ, ਰਿਸ਼ਤੇਦਾਰਾਂ ਤੇ ਹੋਰ ਯਾਰ ਬੇਲੀਆਂ ਸਭ ਨੂੰ ਇਨ੍ਹਾਂ ਮੇਲਿਆਂ ਦਾ ਬਹੁਤ ਚਾਅ ਹੁੰਦਾ ਸੀ ਤੇ ਪੂਰਾ ਇਲਾਕਾ ਮੇਲੇ ਦੇ ਰੰਗ ਵਿਚ ਰੰਗਿਆ ਜਾਂਦਾ ਸੀ। ਕਿਤੇ ਕੋਈ ਅਮਨ ਕਾਨੂੰਨ ਦੀ ਸਮੱਸਿਆ ਨਹੀਂ ਆਉਂਦੀ ਸੀ, ਹਾਲਾਂਕਿ ਇਕ ਅੱਧ ਪੁਲੀਸ ਅਫ਼ਸਰ ਤੇ ਕੁਝ ਮੁਲਾਜ਼ਮ ਉੱਥੇ ਤਾਇਨਾਤ ਕਰ ਦਿੱਤੇ ਜਾਂਦੇ ਸਨ।
        ਇਸ ਤੋਂ ਇਲਾਵਾ ਨਕਲਾਂ (ਛੋਟੀਆਂ ਵਿਅੰਗਮਈ ਨਾਟ-ਝਾਕੀਆਂ) ਦਾ ਪ੍ਰੋਗਰਾਮ ਚਲਦਾ ਸੀ ਜਿਨ੍ਹਾਂ ਦਾ ਹੁਣ ਪੰਜਾਬ ’ਚੋਂ ਨਾਂ ਨਿਸ਼ਾਨ ਹੀ ਮਿਟ ਗਿਆ ਜਾਪਦਾ ਹੈ, ਪਰ ਮੇਰਾ ਖ਼ਿਆਲ ਹੈ ਕਿ ਪਾਕਿਸਤਾਨੀ ਪੰਜਾਬ ਵਿਚ ਹਾਲੇ ਵੀ ਇਹ ਕਲਾ ਜਿਊਂਦੀ ਹੈ। ਸਾਡੇ ਪੰਜਾਬ ਵਿਚ ਨਕਲਾਂ ਕਰਨ ਵਾਲੇ ਕੁਝ ਗਰੁੱਪ ਬੜੇ ਮਸ਼ਹੂਰ ਸਨ ਤੇ ਉਹ ਥਾਂ-ਥਾਂ ਜਾ ਕੇ ਨਕਲਾਂ ਦੇ ਪ੍ਰੋਗਰਾਮ ਕਰਦੇ ਹੁੰਦੇ ਸਨ। ਨਕਲਚੀ ਸਾਦ-ਮੁਰਾਦੀ ਕਾਮੇਡੀ ਤੇ ਵਿਅੰਗ ਪੇਸ਼ ਕਰਿਆ ਕਰਦੇ ਸਨ ਜੋ ਵਿਚ-ਵਿਚ ਵੱਡੇ ਬੰਦਿਆਂ ਤੇ ਹੇਠਲੇ ਸਰਕਾਰੀ ਕਰਮਚਾਰੀਆਂ ਨੂੰ ਚੋਭਾਂ ਲਾਉਂਦੇ ਹੁੰਦੇ ਸਨ। ਕੋਈ ਗੁੱਸਾ ਗਿਲਾ ਨਹੀਂ ਕਰਦਾ ਸੀ ਤੇ ਨਾ ਹੀ ਕਦੇ ਕਿਸੇ ਨੇ ਨਕਲੀਆਂ ’ਤੇ ਹੱਤਕ ਇੱਜ਼ਤ ਜਾਂ ਦੇਸ਼ ਧਰੋਹ ਦਾ ਕੇਸ ਕੀਤਾ ਸੀ। ਅਸਲ ਵਿਚ ਇਹ ਦੋ ਜਣਿਆਂ ਦੀ ਸਿੱਧੀ ਵਾਰਤਾਲਾਪ ਹੁੰਦੀ ਸੀ ਜੋ ਬਿਨਾਂ ਮਾਈਕ ਤੋਂ ਹੀ ਬੋਲਦੇ ਸਨ ਤੇ ਉਨ੍ਹਾਂ ਦੇ ਹਰ ਵਾਕ ਵਿਚ ਕੋਈ ਨਾ ਕੋਈ ਤਿੱਖਾ ਵਿਅੰਗ ਹੁੰਦਾ ਸੀ ਜੋ ਸੁਣਨ ਵਾਲਿਆਂ ਦੇ ਢਿੱਡੀਂ ਪੀੜਾਂ ਪੁਆ ਦਿੰਦਾ ਸੀ। ਛੋਟੀ ਉਮਰੇ ਮੈਂ ਬਹੁਤ ਜ਼ਿਆਦਾ ਨਕਲਾਂ ਤਾਂ ਨਹੀਂ ਦੇਖ ਸਕਿਆ, ਪਰ ਹੁਣ ਵੀ ਜਦੋਂ ਮੈਂ ਯੂਟਿਊਬ ’ਤੇ ਕੋਈ ਨਕਲ ਦੇਖਦਾ ਹਾਂ ਤਾਂ ਆਪਣਾ ਹਾਸਾ ਨਹੀਂ ਰੋਕ ਪਾਉਂਦਾ। ਮੈਨੂੰ ਆਸ ਹੈ ਕਿ ਸਾਡਾ ਸਭਿਆਚਾਰਕ ਮਹਿਕਮਾ ਦੋਵਾਂ ਦੇਸ਼ਾਂ ਵਿਚਾਲੇ ਸਭਿਆਚਾਰਕ ਆਦਾਨ ਪ੍ਰਦਾਨ ਦਾ ਕੋਈ ਸਾਂਝਾ ਪ੍ਰੋਗਰਾਮ ਰਚਾਵੇ ਤਾਂ ਕਿ ਅਸੀਂ ਆਪਣੀ ਸਾਂਝੀ ਵਿਰਾਸਤ ਦੀਆਂ ਜੜ੍ਹਾਂ ਸਿੰਜ ਸਕੀਏ।
         ਮੇਲੇ ਵਰਗਾ ਇਕ ਹੋਰ ਮੌਕੇ ਦਾ ਚੇਤਾ ਆਉਂਦਾ ਹੈ ਜੋ ਮੁੱਖ ਤੌਰ ’ਤੇ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਮਸ਼ਹੂਰ ਸੀ, ਉਹ ਸੀ ਅੰਬਾਂ ਦੀ ਰੁੱਤ। ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਹਜ਼ਾਰਾਂ ਦੀ ਤਾਦਾਦ ਵਿਚ ਦੇਸੀ ਅੰਬਾਂ ਦੇ ਦਰੱਖ਼ਤ ਹੁੰਦੇ ਸਨ। ਉਦੋਂ ਮਹਿੰਗੇ ਭਾਅ ਦੀਆਂ ਦੂਜੀਆਂ ਕਿਸਮਾਂ ਪੰਜਾਬ ਦੀਆਂ ਮੰਡੀਆਂ ਵਿਚ ਨਹੀਂ ਆਉਂਦੀਆਂ ਸਨ ਜਾਂ ਉਨ੍ਹਾਂ ਬਾਰੇ ਬਹੁਤਾ ਸੁਣਨ ’ਚ ਨਹੀਂ ਆਉਂਦਾ ਸੀ। ਕਿਸਾਨ ਆਪਣੀ ਘਰੇਲੂ ਖਪਤ ਲਈ ਕੁਝ ਰੁੱਖ ਟਿੱਕ ਲੈਂਦੇ ਸਨ ਤੇ ਬਾਕੀ ਦੇ ਅੰਬਾਂ ਦਾ ਠੇਕਾ ਦੇ ਦਿੰਦੇ ਸਨ। ਠੇਕੇਦਾਰ ਕਈ-ਕਈ ਦਿਨ ਪਹਿਲਾਂ ਹੀ ਆ ਜਾਂਦੇ ਸਨ ਤੇ ਝੁੱਗੀਆਂ ਬਣਾ ਕੇ ਰਹਿੰਦੇ ਸਨ। ਆਮ ਲੋਕ ਉਨ੍ਹਾਂ ਤੋਂ ਅੰਬ ਖਰੀਦਦੇ ਜਾਂ ਉਹ ਮੰਡੀ ਲੈ ਜਾਂਦੇ। ਸਭ ਜਾਣਦੇ ਸਨ ਕਿ ਅੰਬਾਂ ਦੀ ਰੁੱਤ ਆ ਗਈ ਹੈ ਤਾਂ ਰਿਸ਼ਤੇਦਾਰਾਂ ਤੇ ਸਨੇਹੀਆਂ ਦੇ ਜਥਿਆਂ ਦੇ ਜਥੇ ਆ ਕੇ ਹਫ਼ਤਾ ਦੋ ਹਫ਼ਤਾ ਠਹਿਰਦੇ ਸਨ। ਅੰਬ ਚੂਪਣਾ ਵੀ ਬੜਾ ਯੱਭ ਵਾਲਾ ਕੰਮ ਹੁੰਦਾ ਸੀ ਤੇ ਲੋਕ ਖ਼ਾਸ ਤਰ੍ਹਾਂ ਦੇ ਕੱਪੜੇ ਵਲੇਟ ਕੇ ਅੰਬ ਚੂਪਿਆ ਕਰਦੇ ਸਨ। ਪਾਣੀ ਵਾਲੀ ਬਾਲਟੀ ਵਿਚ ਅੰਬ ਰੱਖ ਦਿੱਤੇ ਜਾਂਦੇ ਸਨ ਤੇ ਫਿਰ ਚੂਪਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ। ਅੰਬ ਚੂਪਣ ਦੇ ਨਾਲੋ-ਨਾਲ ਫ਼ਲ ਦੇ ਰਸ, ਮਿਠਾਸ ਤੇ ਖਟਾਸ ਬਾਰੇ ਟੀਕਾ-ਟਿੱਪਣੀਆਂ ਚਲਦੀਆਂ ਰਹਿੰਦੀਆਂ ਸਨ। ਜਦੋਂ ਅੰਬ ਚੂਪ-ਚੂਪ ਕੇ ਬੱਸ ਹੋ ਜਾਂਦੀ ਤਾਂ ‘ਕੱਚੀ ਲੱਸੀ’ ਆ ਜਾਂਦੀ ਜਿਸ ਬਾਰੇ ਮਿੱਥ ਬਣਿਆ ਹੋਇਆ ਸੀ ਕਿ ਇਸ ਨਾਲ ਚੂਪੇ ਅੰਬ ਚੰਗੀ ਤਰ੍ਹਾਂ ਹਜ਼ਮ ਹੋ ਜਾਂਦੇ ਹਨ। ਫਿਰ ਦਿਨ ਭਰ ਕੁਝ ਨਹੀਂ ਖਾਧਾ ਜਾਂਦਾ ਸੀ। ਮਹਿਮਾਨਾਂ ਦਾ ਇਕ ਪੂਰ ਨਿੱਬੜ ਜਾਂਦਾ ਸੀ ਤਾਂ ਦੂਜਾ ਆ ਜਾਂਦਾ ਸੀ ਤੇ ਇੰਜ ਹੀ ਅੰਬਾਂ ਦਾ ਲੰਗਰ ਚਲਦਾ ਰਹਿੰਦਾ। ਹੁਣ ਇਹ ਮੇਲਾ ਵੀ ਸਾਥੋਂ ਵਿੱਛੜ ਗਿਆ ਹੈ, ਕੁਝ ਕੁ ਯਾਦਾਂ ਹੀ ਬਚੀਆਂ ਹਨ, ਉਹ ਵੀ ਮੇਰੇ ਜਿਹੇ ਉਮਰਦਰਾਜ਼ ਲੋਕਾਂ ਦੇ ਡੂੰਘੇ ਚੇਤਿਆਂ ਵਿਚ।
        ਪੇਂਡੂ ਖੇਡਾਂ ਦੀ ਇਹ ਬਾਤ ਮੈਂ ਇਕ ਖੁਸ਼ਨੁਮਾ ਮੋੜ ਨਾਲ ਪੂਰੀ ਕਰਨਾ ਚਾਹੁੰਦਾ ਹਾਂ। ਮੇਰਾ ਖ਼ਿਆਲ ਹੈ ਕਿ ਕਿਲ੍ਹਾ ਰਾਏਪੁਰ ਵਿਚ ਹਾਲੇ ਵੀ ਬੈਲਗੱਡੀਆਂ ਦੀਆਂ ਦੌੜਾਂ ਹੁੰਦੀਆਂ ਹਨ। ਇਹ ਬੈਲਗੱਡੀਆਂ ਸਾਮਾਨ ਜਾਂ ਚਾਰਾ ਆਦਿ ਢੋਣ ਵਾਲੀਆਂ ਗੱਡੀਆਂ ਵਾਂਗ ਭਾਰੀ ਭਰਕਮ ਨਹੀਂ ਹੁੰਦੀਆਂ ਸਗੋਂ ਬਹੁਤ ਹੀ ਹਲਕੀਆਂ ਹੁੰਦੀਆਂ ਹਨ ਜਿਨ੍ਹਾਂ ’ਤੇ ਚਾਲਕ ਦੇ ਬੈਠਣ ਜੋਗੀ ਹੀ ਥਾਂ ਹੁੰਦੀ ਹੈ। ਬੈਲਗੱਡੀ ਨਾਲ ਦੋ ਬਲਦ ਜੋੜੇ ਜਾਂਦੇ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਬਹੁਤ ਮਹਿੰਗਾ ਕੰਮ ਹੁੰਦਾ ਹੈ। ਇਹ ਬਲਦ ਹੋਰ ਕਿਸੇ ਕੰਮ ਲਈ ਨਹੀਂ ਵਰਤੇ ਜਾਂਦੇ। ਇਨ੍ਹਾਂ ਨੂੰ ਦੇਸੀ ਘਿਓ, ਮੱਖਣ, ਬਦਾਮ ਤੇ ਪਿਸਤੇ ਚਾਰੇ ਜਾਂਦੇ ਹਨ। ਰੋਜ਼ ਉਨ੍ਹਾਂ ਦੀ ਕਸਰਤ ਕਰਵਾਈ ਜਾਂਦੀ ਹੈ ਤੇ ਇੰਜ ਹੌਲੀ ਹੌਲੀ ਬਲਦਾਂ ਤੇ ਉਨ੍ਹਾਂ ਦੇ ਚਾਲਕ ਦੀ ਟੀਮ ਬਣ ਜਾਂਦੀ ਹੈ। ਬਲਦ ਆਪਣੇ ਚਾਲਕ ਦੀ ਹਲਕੀ ਜਿਹੀ ਛੋਹ ਤੇ ਆਵਾਜ਼ ਪਛਾਣ ਜਾਂਦੇ ਹਨ। ਉਨ੍ਹਾਂ ਦੀ ਤੇਜ਼ੀ-ਫੁਰਤੀ ਤੇ ਦਮਖ਼ਮ ਦੇਖ ਕੇ ਲੋਕ ਅਸ਼-ਅਸ਼ ਕਰ ਉੱਠਦੇ ਹਨ। ਮੇਰੇ ਪਿੰਡ ਦੇ ਇਕ ਬੰਦੇ ਨੇ ਇਕ ਵਾਰ ਮੈਨੂੰ ਬੈਲਗੱਡੀ ’ਤੇ ਬਿਠਾ ਦਿੱਤਾ ਸੀ। ਮੂਹਰੇ ਚਾਲਕ ਬੈਠਾ ਸੀ ਤੇ ਪਿੱਛੇ ਮੈਂ ਜਿਸ ਕੋਲ ਹੱਥ ਪਾਉਣ ਲਈ ਵੀ ਕੁਝ ਨਹੀਂ ਸੀ। ਤੁਸੀਂ ਭਾਵੇਂ ਮੈਨੂੰ ਗ੍ਰਾਂ-ਪ੍ਰੀ ਮੁਕਾਬਲੇ (ਕਾਰ ਰੇਸਾਂ) ਵੀ ਦੇਖਣ ਲੈ ਜਾਓ, ਪਰ ਉਸ ਦੌੜ ਦੇ ਜੋਸ਼ ਤੇ ਆਵੇਗ ਦੀ ਉਹ ਘੜੀ ਮੈਨੂੰ ਅੱਜ ਤੱਕ ਨਹੀਂ ਭੁੱਲਦੀ। ਇਹ ਗੱਲ ਵੱਖਰੀ ਹੈ ਕਿ ਉਸ ਤੋਂ ਬਾਅਦ ਲੰਮੇ ਅਰਸੇ ਤੱਕ ਜਦੋਂ ਮੈਂ ਕਦੇ ਪਿੰਡ ਜਾਂਦਾ ਸੀ ਤਾਂ ਮੇਰੇ ਜਾਣੂੰ ਮੈਨੂੰ ਉਸ ਦੌੜ ਦੀਆਂ ਗੱਲਾਂ ਕਰ ਕੇ ਚਿੜਾਉਂਦੇ ਰਹਿੰਦੇ ਸਨ।
       ਇਸ ਕਿਸਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਤੇ ਯਾਦਾਂ ਹਨ - ਕੁਝ ਖੁਸ਼ਨੁਮਾ ਤੇ ਕੁਝ ਦੁੱਖ ਭਰੀਆਂ। ਉਹ ਦੁਨੀਆ ਹੁਣ ਗੁਜ਼ਰ ਚੁੱਕੀ ਹੈ, ਸ਼ਾਇਦ ਕੁਦਰਤ ਦੀ ਹੀ ਕੋਈ ਖੇਡ ਹੈ। ਪਰ ਪਿੱਛੇ ਕਹਾਣੀਆਂ ਰਹਿ ਜਾਂਦੀਆਂ ਹਨ ਤੇ ਮੈਨੂੰ ਸਭ ਤੋਂ ਵੱਧ ਸੁਆਦ ਉਦੋਂ ਆਉਂਦਾ ਜਦੋਂ ਖੇਡਾਂ ਹੋ ਹਟਦੀਆਂ ਸਨ ਤੇ ਅਸੀਂ ਘੇਰਾ ਘੱਤ ਕੇ ਬਹਿ ਜਾਂਦੇ ਤੇ ਗੱਪ-ਸ਼ੱਪ ਸ਼ੁਰੂ ਹੋ ਜਾਂਦੀ ਸੀ। ਮੈਂ ਉਮਰ ’ਚ ਲਗਭਗ ਸਾਰਿਆਂ ਤੋਂ ਛੋਟਾ ਸਾਂ ਤੇ ਮੂੰਹ ਅੱਡ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਸਾਂ। ਕਈ ਵਾਰ ਉਹ ਮੈਨੂੰ ਛੇੜਦੇ ਸਨ, ਪਰ ਮੈਨੂੰ ਬਾਅਦ ਵਿਚ ਇਸ ਦੀ ਸਮਝ ਪੈਂਦੀ ਸੀ। ਸਰਦੀਆਂ ਦੀ ਰੁੱਤ ਵਿਚ ਵੀ ਖੇਡਾਂ ਹੁੰਦੀਆਂ ਸਨ ਜੋ ਦੁਪਹਿਰ ਵੇਲੇ ਸ਼ੁਰੂ ਹੋ ਜਾਂਦੀਆਂ ਸਨ ਤੇ ਆਥਣੇ ਰੋਟੀ ਟੁੱਕ ਦੇ ਵੇਲੇ ਜਾ ਕੇ ਖ਼ਤਮ ਹੁੰਦੀਆਂ ਸਨ। ਲੋਕ ਖਾ ਪੀ ਕੇ ਜਲਦੀ ਸੌਂ ਜਾਂਦੇ ਸਨ ਤੇ ਉੱਥੋਂ ਉੱਠ ਕੇ ਅਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਸਾਂ। ਗਰਮੀਆਂ ’ਚ ਅਸੀਂ ਸਾਰੇ ਘਰਾਂ ਤੋਂ ਬਾਹਰ ਸੌਂਦੇ ਸਾਂ ਤੇ ਆਪੋ ਆਪਣੇ ਪਸੰਦੀਦਾ ਚਚੇਰ ਕੋਲ ਮੰਜੇ ਡਾਹੁਣ ਦਾ ਯਤਨ ਕਰਦੇ ਸਾਂ। ਮੰਜੇ ’ਤੇ ਪਿਆਂ ਕਾਨਾਫੂਸੀ ਅੱਖ ਲੱਗਣ ਤੱਕ ਚਲਦੀ ਰਹਿੰਦੀ ਸੀ। ਜਿਵੇਂ ਕਿ ਪਹਿਲਾਂ ਹੀ ਗੱਲ ਹੋ ਚੁੱਕੀ ਹੈ ਕਿ ਇਹ ਬੀਤੇ ਜ਼ਮਾਨੇ ਦੀ ਗੱਲ ਹੋ ਚੁੱਕੀ ਹੈ। ਹੁਣ ਪਿੰਡਾਂ ਵੱਲ ਗੇੜਾ ਨਹੀਂ ਵੱਜਦਾ, ਨਾ ਕੋਈ ਕਬੱਡੀ ਤੇ ਵਾਲੀਬਾਲ ਦੇ ਮੈਚ ਵੇਖਣ ਲਈ ਜਾਂ ਅੰਬਾਂ ਦੀ ਰੁੱਤ ਵਿਚ ਕੁਨਬਿਆਂ ਦਾ ਮੇਲਾ ਲੱਗਦਾ ਹੈ- ਹੁਣ ਤਾਂ ਬਸ, ਯਾਦਾਂ ਹੀ ਬਚੀਆਂ ਹਨ।
* ਸਾਬਕਾ ਚੇਅਰਮੈਨ ਯੂਪੀਐੱਸਸੀ ਅਤੇ ਸਾਬਕਾ ਰਾਜਪਾਲ ਮਨੀਪੁਰ।