ਮਿੱਟੀ ਵਾਜ਼ਾ ਮਾਰਦੀ - ਸੁਖਪਾਲ ਸਿੰਘ ਗਿੱਲ

 " ਰੱਬ ਨੇ ਪਿੰਡ ਬਣਾਏ ਰੱਬ ਪਿੰਡਾਂ ਵਿੱਚ ਵੱਸਦਾ "    ਪੰਜਾਬੀ ਦੀ ਇਹ ਪ੍ਰਸਿੱਧ ਕਹਾਵਤ ਰੋਜ਼ਾਨਾ ਘਸਮੈਲੀ ਹੋ ਰਹੀ ਹੈ । ਪਿੰਡਾਂ ਵਿੱਚ ਕਿਸਾਨੀ ਭਾਈਚਾਰਾ ਪਿਛਲੇ ਇੱਕ ਸਾਲ ਤੋਂ ਸਮੇਤ 80 — 80 ਸਾਲਾਂ ਦੇ ਬਜ਼ੁਰਗਾਂ ਨਾਲ ਪਿੰਡ ਛੱਡ ਕੇ ਆਪਣੀ ਹੋਂਦ ਬਚਾਉਣ ਲਈ ਸ਼ੰਘਰਸ਼ ਕਰ ਰਿਹਾ ਹੈ ।ਇਸ ਤੋA ਲੱਗਦਾ ਹੈ ਇੱਕ ਪਾਸੇ ਕੁਦਰਤੀ ਮਾਰਾਂ ਦੂਜੇ ਪਾਸੇ ਸਰਕਾਰਾਂ ਦੀ ਮਾਰ ਨੇ ਕਿਸਾਨ ਦਾ ਸੁਭਾਅ ਵਕਾਰ ਤੇ ਲਾ ਦਿੱਤਾ ਹੈ । ਪੰਜਾਬ ਵਿੱਚ ਖੇਤੀ ਖੇਤਰ ਨਾਲ ਜੁੜੀਆਂ ਸਮੱਸਿਆਵਾਂ ਨਿੱਤ ਦਿਨ ਸੁਰਖੀਆਂ ਵਿੱਚ ਰਹਿੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨਾਲ ਜੂਝਣਾ ਕਿਸਾਨ ਨੇ ਆਪਣੇ ਸੁਭਾਅ ਦਾ ਅੰਗ ਬਣਾ ਲਿਆ ਹੈ। ਲੋਕਤੰਤਰ ਵਿੱਚ ਖੇਤੀ ਕਰਨ ਵਾਲੇ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਸਬਜ਼ਬਾਗ ਦਿਖਾਏ ਜਾਂਦੇ ਹਨ। ਬਾਅਦ ਵਿੱਚ ਘੁੰਮਣਘੇਰੀਆਂ ਸ਼ੁਰੂ ਹੋ ਕੇ ਲਾਚਾਰੀ ਪੱਲੇ ਪੈ ਜਾਂਦੀ ਹੈ। ਪੁਖਤਾ ਇੰਤਜਾਮ ਵਾਰੀ ਵੀ ਉਡੀਕ ਕਰਦੇ ਰਹਿੰਦੇ ਹਨ। ਪੰਜਾਬ ਦਾ ਕਿਸਾਨ ਆਰਥਿਕ ਪੱਖ ਤੋਂ ਬਿਲਕੁਲ ਆਜ਼ਾਦ ਨਹੀਂ ਹੈ ।ਅਜ਼ਾਦੀ  ਭਾਲਦੇ ਫਿਰਦੇ ਵਿਚਾਰੇ ਹੋਰ ਅਣਹੋਣੀ ਨੇ ਘੇਰ ਲਏ ।            
          ਅੱਸੀ — ਅੱਸੀ ਸਾਲਾਂ ਦੇ ਬਜ਼ੁਰਗਾਂ ਦੀ ਜ਼ਿੰਮੇਵਾਰੀ ਖੇਤਾਂ ਦੀ ਰਾਖੀ ਕਰਨ ਦੀ ਸੀ ਨਾ , ਕਿ  ਸੰਘਰਸ਼ ਕਰਨ ਦੀ  ।ਮਰਦਾ ਕੀ ਨਾ ਕਰਦਾ ? ਖੇਤੀ ਸੁਧਾਰਾਂ ਨੂੰ ਕੁਦਰਤ ਅਤੇ ਸਰਕਾਰ ਦੀ ਦੋਹਰੀ ਮਾਰ ਝੱਲਣੀ ਪੈਂਦੀ ਹੈ। ਸਰਕਾਰ ਨੂੰ ਤਾਂ ਜ਼ਿੰਮੇਵਾਰ ਠਹਿਰਾ ਦੇਣਾ ਲੋਕਾਂ ਦਾ ਹੱਕ ਹੁੰਦਾ ਹੈ ।ਪਰ ਕੁਦਰਤ ਨੂੰ ਕੌਣ ਆਖੇ? ਕੁਦਰਤੀ ਆਫਤਾਂ ਬਾਰੇ ਸਰਕਾਰ ਯਤਨ ਤਾਂ ਕਰਦੀ ਹੈ। ਪਰ ਆਰਥਿਕ ਹਾਲਾਤ ਬਹੁਤੇ ਸਾਜਗਾਰ ਨਹੀਂ ਹੁੰਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨ ਦੀ ਜ਼ਿੰਦਗੀ ਵਿੱਚ ਬਾਰ—ਬਾਰ ਔਕੜਾਂ ਤੋਂ ਬਚਣ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ। ਕਿਸਾਨ ਨੂੰ ਅੰਨਦਾਤਾ ਹੀ ਰਹਿਣ ਦਿੱਤਾ ਜਾਵੇ। ਕਿਸਾਨਾਂ ਦੀ ਮੰਗ  ਨੂੰ  ਖੈ਼ਰਾਤ ਨਹੀਂ ਬਲਕਿ ਫਰਜ਼ ਸਮਝ ਕੇ ਕੰਮ ਕੀਤਾ ਜਾਵੇ। ਕਿਸਾਨੀ ਮਾਨਸਿਕਤਾ ਨੂੰ ਰਾਜਨੀਤਿਕ ਖੇਤਰ ਨਾਲ ਜੋੜਨ ਦੀ ਬਜਾਏ ਪਾਸੇ ਰੱਖਿਆ ਜਾਵੇ। ਖੇਤੀ ਸੁਧਾਰਾਂ ਅਤੇ ਕਿਸਾਨ ਨੂੰ ਰਾਜਨੀਤਿਕ ਜਮਾਤ ਬਿਨਾਂ ਵਜਾਹ ਘਸਮੰਡ ਕੇ ਰੱਖ ਦਿੰਦੀ ਹੈ। ਜਿਸ ਨਾਲ ਕਿਸਾਨ ਦਾ ਦਾਤਾ ਅਤੇ ਦਾਨੀ ਸੁਭਾਅ ਠੇਸਿਆ ਜਾਂਦਾ ਹੈ। ਅੱਜ ਕਿਸਾਨੀ ਅੰਦੋਲਨ ਦੇ ਦੌਰ ਨੇ ਪਿੰਡਾਂ ਦਾ ਆਰਥਿਕ ਖੇਤਰ ਅਤੇ  ਸੱਭਿਆਚਾਰ ਮੈਲਾ ਕਰ ਦਿੱਤਾ ਹੈ । ਦੂਜੇ ਪਾਸੇ ਭਾਈਚਾਰਕ ਏਕਤਾ ਦੀ ਸੁਨਹਿਰੀ ਲਿਖਤ ਵੀ ਲਿਖੀ ਹੈ ।ਅੰਦੋਲਨ ਲਈ ਪਿੰਡਾਂ ਦੇ ਪਿੰਡ ਦਿੱਲੀ ਬਾਰਡਰ ਤੇ ਡੇਰੇ ਲਾਈ ਬੈਠੇ ਹਨ ਉਹਨਾਂ ਦੇ ਖੇਤਾਂ ਦੀ ਮਿੱਟੀ  ਵਾਜ਼ਾ ਮਾਰ ਮਾਰ ਹੰਭ ਗਈ ਹੈ ।     
                           ਖੇਤੀ ਲਈ ਮੰਡੀਕਰਨ, ਬੀਮਾ, ਸਬਸਿਡੀਆਂ, ਸਸਤੇ ਕਰਜ਼ੇ, ਮੁਫਤ ਬਿਜਲੀ ਤਾਂ ਸਰਕਾਰਾਂ ਵੱਲੋਂ ਦੁਹਾਈ ਦਿੱਤੀ ਜਾਂਦੀ ਹੈ ਉਪਰੋਂ ਕਿਸਾਨ ਉੱਪਰ ਕਿਸਾਨਾਂ ਦੀ ਆਸ ਦੇ ਉਲਟ ਕਾਨੂzਨ ਬਣਾ ਦਿੱਤੇ ਹਨ । ਇਸਦੀ ਵਜ੍ਹਾ ਸਰਕਾਰ ਅਤੇ ਕਿਸਾਨ ਮਿਲ ਬੈਠ ਕੇ ਲੱਭਣ ਤਾਂ ਜੋ ਕਿਸਾਨ ਦੀ ਮੰਗ ਅਨੁਸਾਰ ਮਸਲਾ ਹੱਲ ਹੋ ਸਕੇ।ਖੁਦਕਸ਼ੀਆਂ ਦੇ ਵਧੇ ਅੰਕੜੇ ਨੇ ਵੀ ਸਭ ਕੁੱਝ ਘੁੰਮਣ ਘੇਰੀਆਂ ਵਿੱਚ ਪਾ ਦਿੱਤਾ ਹੈ । ਖੇਤੀ ਖੇਤਰ ਨਾਲ ਜੁੜਿਆ ਕਿਸਾਨ ਆਪਣੇ ਆਪ ਤੇ ਮਾਣ ਨਹੀਂ ਕਰ ਸਕਦਾ ਕਿਉਂਕਿ ਉਸਦੇ ਬੱਚੇ ਅਤੇ ਪਰਿਵਾਰ ਦੀਆਂ ਲੋੜਾਂ ਲਈ ਤੰਗੀਆਂ ਤੁਰਸ਼ੀਆਂ ਸਾਹਮਣੇ ਖੜ੍ਹੀਆਂ ਰਹਿੰਦੀਆਂ ਹਨ। ਕਿਸਾਨ ਖਿਆਲਾਂ ਵਿੱਚ ਡੁੱਬ ਕੇ ਚਿੰਤਾ ਮੁਖੀ ਜੀਵਨ ਬਸਰ ਕਰਦਾ ਰਿਹਾ । ਪਰ ਖੁਸ਼ ਅਤੇ ਖੁਸ਼ਹਾਲ ਵੀ ਰਿਹਾ । ਅੱਜ ਕਿਸਾਨ ਦੀ ਇੱਛਾ ਅਤੇ ਮੰਗ ਦੇ ਉਲਟ  ਨੀਤੀਆਂ ਨੇ ਇਸ ਖੁਸ਼ਹਾਲੀ ਨੂੰ ਖਰਾਬ ਕਰਨ ਦਾ ਟੀਚਾ ਮਿੱਥ ਲਿਆ ਹੈ ਨਾਲ ਦੀ ਨਾਲ ਸੰਘਰਸ਼ਸ਼ੀਲ ਯੋਧਿਆਂ ਨੇ "  ਹੁਣ ਮੁੜਦੇ ਨੀ ਲਏ ਬਿਨਾਂ ਹੱਕ ਦਿੱਲੀਏ  "  ਹਰਭਜਨ ਮਾਨ ਦਾ ਸੰਦੇਸ਼ ਕਾਇਮ ਰੱਖਿਆ ਹੋਇਆ ਹੈ ।
                    ਪੰਜਾਬੀ ਗਾਇਕਾਂ ਨੇ ਸੰਘਰਸ਼ ਨੂੰ ਮਘਦਾ ਰੱਖਣ ਲਈ ਕਾਫੀ ਯਤਨ ਕੀਤੇ । ਕੰਨਵਰ ਗਰੇਵਾਲ ਅਤੇ ਹਰਫ ਚੀਮਾਂ ਦੋ ਅਜਿਹੇ ਗਾਇਕ ਹਨ ਜੋ ਸ਼ੁਰੂ ਤੋਂ ਨਿਸ਼ਕਾਮ ਅਤੇ ਵਿਵਾਦ ਰਹਿਤ ਰਹਿ ਕੇ ਜਾਗਰੂਕਤਾ ਦਾ ਹੋਕਾ ਅਣਥੱਕਤਾ ਨਾਲ ਦੇ ਰਹੇ ਹਨ । ਇਹਨਾਂ ਦਾ ਯੋਗਦਾਨ ਨਿਵੇਕਲੀ ਅਤੇ ਸੁਨਹਿਰੀ ਲੋਅ ਦਿੰਦਾ ਰਹੇਗਾ । ਕਿਸਾਨ  ਆਪਣੇ ਦਾਤਾ ਸੁਭਾਅ ਨੂੰ ਛੱਡ ਕੇ ਰਾਜਨੀਤਿਕ ਵਰਗ ਤੋਂ ਟੇਕ ਲਗਾ ਕੇ ਬੈਠਾ ਕਿਸਾਨ ਆਸਵੰਦ  ਹੈ। ਹੋਰ ਵੀ  ਸੁਧਾਰ ਜਿਵੇਂ ਕਿ ਖੇਤੀ ਖੇਤਰ ਨਾਲ ਜੁੜੇ ਪਰਿਵਾਰਾਂ ਦੀ ਸਿਹਤ ਅਤੇ ਸਿੱਖਿਆ ਦਾ ਖਰਚ ਸਰਕਾਰ ਉੱਠਾ ਲਵੇ ਤਾਂ ਇਸ ਤੋਂ ਵੱਡਾ ਪੁੰਨ ਕਰਮ ਹੋਰ ਕੋਈ ਨਹੀਂ ਹੋ ਸਕਦਾ। ਖੇਤੀ ਨੂੰ ਉਦਯੋਗ ਦਾ ਦਰਜਾ ਦਿੱਤਾ ਜਾਵੇ। ਰਾਜਨੀਤਿਕ ਮੁਫਾਦਾਂ ਲਈ ਖੇਤੀ ਖੇਤਰ ਨੂੰ ਨਾ ਵਰਤਿਆ ਜਾਵੇ। ਚੋਣ ਐਲਾਨਨਾਮੇ ਵਿੱਚ ਖੇਤੀ ਸੁਧਾਰਾਂ ਅਤੇ ਕਿਸਾਨ ਦੀ ਦਸ਼ਾ ਨੂੰ ਕਾਨੂੰਨੀ ਦਾਇਰੇ ਹੇਠ ਲਿਆਂਦਾ ਜਾਵੇ, ਤਾਂ ਜੋ ਕਿਸਾਨ ਨੂੰ ਵਰਗਲਾਉਣ ਦੀ ਪ੍ਰਕਿਰਿਆ ਰੁਕੇ। ਜੇ ਕਿਸਾਨ ਖੁਸ਼ਹਾਲ ਹੈ ਤਾਂ ਸਮਾਜ ਅਤੇ ਦੇਸ਼ ਖੁਸ਼ਹਾਲ ਹੋਵੇਗਾ ਇਸ ਲਈ ਖੇਤੀ ਖੇਤਰ ਦੇ ਸੁਧਾਰ ਰਾਜਨੀਤੀ ਤੋਂ ਉੱਪਰ ਉੱਠ ਕੇ ਹੋਣ। ਸਾਰੇ ਵਰਗ ਇੱਕਮੁੱਠ ਹੋ ਕੇ ਖੇਤੀ ਦੀ ਦਸ਼ਾ ਨੂੰ ਸੁਧਾਰਨ।ਕਿਸਾਨ ਦੀ ਹਾਲਤ ਨੂੰ ਵੋਟ ਰਾਜਨੀਤੀ ਨਾਲ ਜੋੜਨ ਦੀ ਬਜਾਏ ਇਸ ਦੀ ਦਸ਼ਾ ਸੁਧਾਰਨ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕੀਤੇ ਜਾਣ।
                             ਸਰਕਾਰ ਕਿਸਾਨ ਲਈ ਰੱਬ ਦਾ ਰੂਪ ਹੁੰਦੀ ਹੈ। ਇਸ ਲਈ ਸਰਕਾਰੀ ਸਵੱਲੀ ਨਜ਼ਰ ਤੋਂ ਬਿਨਾਂ ਕਿਸਾਨ ਦੀਆਂ ਮੁਸ਼ਕਲਾਂ ਦਾ ਹੱਲ ਬਹੁਤ ਔਖਾ ਹੈ। ਹੁਣ ਢੁੱਕਵਾਂ ਸਮਾਂ ਹੈ ਕਿਸਾਨੀ ਸੰਘਰਸ਼ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸਰਕਾਰ ਹਲੀਮੀ ਨਾਲ ਪਹਿਲ ਕਦਮੀ ਕਰੇ । ਡਾਕਟਰ ਸਵਾਮੀਨਾਥਨ ਵੱਲੋਂ ਕਿਸਾਨ ਦੀ ਫਸਲੀ ਲਾਗਤ ਉੱਪਰ 50 ਫੀਸਦੀ ਮੁਨਾਫਾ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਸੀ। ਪਰ ਠੰਢੇ ਬਸਤੇ ਵਿੱਚ ਪੈ ਗਈ। ਇਸਦੇ ਉਲਟ ਸਰਕਾਰ ਨੇ ਬਿਨ ਮੰਗੇ ਉਹ ਚੀਜ਼ ਦੇ ਦਿੱਤੀ ਜਿਸਦੀ ਨਾ ਮੰਗ ਸੀ ਨਾ ਲੋੜ । 26 ਅਗਸਤ ਨੂੰ "  ਪੱਗੜੀ ਸੰਭਾਲ ਓ ਜੱਟਾ  "   ਜੋ ਨ'A ਮਹੀਨੇ ਲਹਿਰ ਚੱਲੀ ਸੀ . ਉਸ ਤੋਂ ਉਪਰ ਦਾ ਇਤਿਹਾਸ ਲਿੱਖਿਆ ਜਾਵੇਗਾ । ਸਰਕਾਰ ਕਿਸਾਨੀ ਮਸਲੇ ਦਾ ਹੱਲ ਕਰੇ ਤਾਂ ਕਿ ਬਜ਼ਰੁਗਾਂ ਨੂੰ ਮਿੱਟੀ  ਅਵਾਜ਼ਾ ਮਾਰਨ ਤੋਂ ਹੱਟ ਜਾਏ ਅਤੇ ਆਪਣੇ ਜਾਇਆਂ ਦੀਆਂ ਪੈੜਾਂ ਦੀ ਮੁੜ ਖੁਸ਼ਬੂ ਲੈ ਸਕੇ ।  

ਸੁਖਪਾਲ ਸਿੰਘ ਗਿੱਲ
                                    ਅਬਿਆਣਾ ਕਲਾਂ,
                                    ਮੋਬਾ ਨੰ. 98781—11445