ਪਹਾੜਾਂ ਦਾ ਢਹਿ-ਢੇਰੀ ਹੋਣਾ ਅਚਾਨਕ ਵਰਤਾਰਾ ਨਹੀਂ - ਵਿਜੈ ਬੰਬੇਲੀ

ਮਨੁੱਖ ਕੁਦਰਤ ਦੀ ਬਿਹਤਰੀਨ ਪੈਦਾਵਾਰ ਹੈ। ਲੰਮੀ ਕੁਦਰਤੀ ਕਿਰਿਆ-ਪ੍ਰਕਿਰਿਆ ਪਿੱਛੋਂ ਮਨੁੱਖ ਦੀ ਉਤਪਤੀ ਹੋਈ। ਪਹਿਲਾਂ ਪਾਣੀ, ਮਿੱਟੀ, ਬਨਸਪਤੀ ਦੀ ਅਨੰਤ ਗਾਥਾ ਹੈ; ਫਿਰ ਸੂਖਮ ਜੀਵ ਤੋਂ ਬਰਾਸਤਾ ਜਾਨਵਰ-ਦਰ-ਜਾਨਵਰ, ਮਨੁੱਖ ਬਣਨ ਦਾ ਲੰਮਾ ਸਫਰ ਹੈ। ਜੰਗਲਾਂ, ਕੰਦਰਾਂ, ਗੁਫਾਵਾਂ, ਕੁੱਲੀਆਂ-ਢਾਰਿਆਂ ਤੋਂ ਸੁੱਖਾਂ ਲੱਧੀਆਂ ਧੜਵੈਲ ਇਮਾਰਤਾਂ ਤੱਕ। ਗੇਲੀ, ਪਹੀਏ ਤੋਂ ਲੈ ਕੇ ਰਾਕਟ ਤੱਕ ਅਤੇ ਕੁਦਰਤੀ ਆਫ਼ਾਤਾਂ, ਮਹਾਮਾਰੀਆਂ ਦੇ ਦੌਰਾਂ ਤੋਂ ਵਿਗਿਆਨਕ ਸਹੂਲਤਾਂ ਤੱਕ। ਆਧੁਨਿਕ ਮਨੁੱਖ ਮਗਰ ਲਖੂਖਾ ਸਾਲ ਦੀ ਘਾਲਣਾ ਹੈ। ਇਹ ‘ਰੱਬੀ’ ਦੇਣ ਨਹੀਂ, ਕੁਦਰਤ ਦੀ ਸਿਫ਼ਤੀ ਦੇਣ ਹੈ ਪਰ ਇਸੇ ਮਨੁੱਖ ਨੇ ਆਪਣੀ ਜਨਮ ਦਾਤੀ, ਕੁਦਰਤ ਵਿਚ ਖਲਲ ਪਾਉਣਾ ਸ਼ੁਰੂ ਕੀਤਾ ਹੋਇਆ ਹੈ। ਮੋੜਵੇਂ ਰੂਪ ਵਿਚ ਇਸ ਦੇ ਭੈੜੇ ਸਿੱਟੇ ਨਿਕਲ ਰਹੇ ਹਨ।
      ਮਨੁੱਖ ਕੁਦਰਤ ਦੇ ਸਿਰਮੌਰ ਅੰਗ ਮਿੱਟੀ, ਪਾਣੀ, ਹਵਾ, ਸੂਰਜ (ਅਗਨੀ), ਆਕਾਸ਼ (ਟਾਇਮ) ਦੇ ਜਮਾਂ-ਮਨਫੀ ਦੀ ਸਿਰਜਣਾ ਹੈ। ਇਸੇ ਕਰਕੇ ਸਾਡੇ ਪੁਰਖਿਆਂ ਨੇ ਇਸ ਨੂੰ ਪੰਜ ਤੱਤਾਂ ਦਾ ਪੁਤਲਾ ਕਿਹਾ, ਭਾਵੇਂ ਹੁਣ ਤੱਕ ਦੀਆਂ ਖੋਜਾਂ ਅਨੁਸਾਰ ਇਨ੍ਹਾਂ ਤੱਤਾਂ ਦੀ ਗਿਣਤੀ ਅੱਧਾ ਸੈਂਕੜਾ ਤੋਂ ਵੀ ਉੱਪਰ ਹੈ। ਬੰਦੇ ਨੇ ਹੁਣ ਇਨ੍ਹਾਂ ਨੂੰ ਖ਼ਤਮ ਕਰਨਾ ਜਾਂ ਗੰਧਲਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ। ਆਬੋ-ਹਵਾ ਦੂਸ਼ਿਤ, ਜਲ ਸੰਕਟ, ਮਿੱਟੀ ਜ਼ਹਿਰੀਲੀ। ਖੇਤਾਂ ਵਿਚ ਹੁਣ ਭੋਜਨ ਹੀ ਨਹੀਂ, ਮੌਤ ਵੀ ਉੱਗਣ ਲੱਗ ਪਈ ਹੈ। ਕਸੂਰ ਧਨ ਕੁਬੇਰਾਂ ਪੱਖੀ ਨਿਜ਼ਾਮ ਦਾ ਹੈ ਜਿਸ ਨੇ ਹੁਣ ਜੰਗਲਾਂ, ਪਹਾੜਾਂ ਨੂੰ ਵੀ ਨਿਗਲਣਾ ਸ਼ੁਰੂ ਕਰ ਦਿੱਤਾ ਹੈ।
       ਅੱਜਕੱਲ੍ਹ ਪਹਾੜਾਂ ਦਾ ਖਿਸਕਣਾ ਜਾਂ ਢਹਿ-ਢੇਰੀ ਹੋਣਾ, ਜਲ ਸੈਲਾਬ ਦੀ ਬੜੀ ਚਰਚਾ ਹੈ। ਬੀਤੇ ਸਮਿਆਂ ਦੌਰਾਨ ਨੇਪਾਲ, ਉੱਤਰਾਖੰਡ ਤੇ ਹੁਣ ਮਹਾਰਾਸ਼ਟਰ ਤੇ ਹਿਮਾਚਲ ਵਿਚ ਕਹਿਰ ਵਾਪਰੇ ਹਨ। ਉਂਜ, ਇਹ ਅਚਨਚੇਤ ਵਾਪਰਨ ਵਾਲਾ ਕੁਦਰਤੀ ਵਰਤਾਰਾ ਨਹੀਂ, ਜਿਵੇਂ ਬਹੁਤੇ ਸਮਝਦੇ ਹਨ, ਤੇ ਨਾ ਹੀ ਇਹ ਕਿਸੇ ਕੁਲ-ਦੇਵਤੇ ਦੀ ਕਰੋਪੀ ਹੈ, ਜਿਵੇਂ ਸਰਲ-ਬਿਰਤੀ ਆਦਿ-ਕਬੀਲੇ ਸੋਚਦੇ ਹਨ। ਅਸਲ ਦੋਸ਼ੀ ਸਿਸਟਮ ਹੈ, ਭਾਵ ਬੰਦਾ। ਪਹਾੜ ਮਹਿਜ਼ ਮਿੱਟੀ ਦੇ ਢੇਰ ਨਹੀਂ ਹੁੰਦੇ। ਇਨ੍ਹਾਂ ਦਾ ਆਪਣਾ ਜੀਵੰਤ ਸੰਸਾਰ ਹੈ। ਜ਼ਰਖੇਜ਼ ਮਿੱਟੀ ਦੀਆਂ ਪਰਤਾਂ, ਬੇਸ਼ਕੀਮਤੀ ਖਣਿਜ, ਵਿਲੱਖਣ ਜੀਵ-ਜੰਤੂ ਅਤੇ ਮਨਭਾਉਂਦੇ ਜੰਗਲ-ਬੇਲੇ। ਕਿਤੇ ਗਲੇਸ਼ੀਅਰ ਅਤੇ ਕਿਤੇ ਨਿਰੇ ਪਠਾਰ। ਇਹ ਰਲ-ਮਿਲ ਪੌਣ-ਪਾਣੀ, ਮਨੁੱਖੀ ਜ਼ਿੰਦਗੀ ਅਤੇ ਸੰਸਾਰ ਤਰੱਕੀ ਵਿਚ ਅਹਿਮ ਰੋਲ ਨਿਭਾਉਂਦੇ ਹਨ। ਪਹਾੜਾਂ ਨੂੰ ਅਸੀਂ ਮਹਿਜ਼ ਆਮਦਨ ਦੇ ਸਾਧਨ ਜਾਂ ਸੈਰ-ਸਪਾਟੇ ਜਾਂ ਫਿਰ ਅਖੌਤੀ ਮਨੋਰੰਜਨ ਦੇ ਸਾਧਨ ਮਾਤਰ ਸਮਝ ਲਿਆ ਹੈ। ਇਹੀ ਸਾਡੀ ਬੱਜਰ ਗਲਤੀ ਹੈ। ਹਾਕਮ ਜਮਾਤਾਂ ਦੇ ਚਹੇਤੇ ਧਨ ਕੁਬੇਰਾਂ ਨੇ ਖਣਿਜ ਪਦਾਰਥਾਂ ਅਤੇ ਉਸਾਰੀਆਂ ਹਿੱਤ ਜਿਵੇਂ ਪਹਾੜਾਂ ਨੂੰ ਖੋਖਲਾ ਕਰਨਾ ਸ਼ੁਰੂ ਕੀਤਾ ਹੋਇਆ ਹੈ। ਇਸੇ ਦਾ ਮਾਰੂ ਸਿੱਟਾ ਪਹਾੜਾਂ ਦਾ ਢਹਿ-ਢੇਰੀ ਹੋਣਾ ਹੈ।
       ਮਿੱਟੀ ਸਿਰਜਣ ਅਤੇ ਪਹਾੜਾਂ ਨੂੰ ਜਕੜ-ਬੰਦ ਰੱਖਣ ਵਿਚ ਲਖੂਖਾਂ ਸਾਲਾਂ ਦੀ ਕੁਦਰਤੀ ਕਿਰਿਆ-ਪ੍ਰਕਿਰਿਆ ਅਤੇ ਬਨਸਪਤੀ ਦਾ ਵੱਡਾ ਯੋਗਦਾਨ ਹੈ। ਮਿੱਟੀ ਦੀ ਇਕ ਇੰਚ ਪਰਤ ਤਿਆਰ ਹੋਣ ਵਿਚ ਇਕ ਹਜ਼ਾਰ ਵਰ੍ਹਾ ਲੱਗ ਜਾਂਦਾ ਹੈ ਅਤੇ ਕੁਦਰਤੀ ਜ਼ਰਖੇਜ਼ ਹੋਣ ਵਿਚ ਤਿੰਨ ਸਦੀਆਂ। ਪਹਾੜ ਵੀ ਅੰਬਰੋਂ ਨਹੀਂ ਸੀ ਡਿੱਗੇ, ਇਨ੍ਹਾਂ ਦੇ ਉਗਮਣ ਦੀ ਲੰਮੀ ਦਾਸਤਾਂ ਹੈ।
        ਮਨੁੱਖ ਵੱਲੋਂ ਕੁਦਰਤੀ ਸੋਮਿਆਂ ਦੀ ਮੁੜ ਭਰਪਾਈ ਨਾ ਕਰਨ ਕਾਰਨ ਧਰਤੀ ਦਾ ਖੁਰਚਿਆ ਜਾਣਾ ਭੋਂ-ਖੋਰ ਜਾਂ ਪਹਾੜਾਂ ਦਾ ਖਿਸਕਾਅ ਕਹਾਉਂਦਾ ਹੈ। ਭੂਮੀ ਦੇ ਕਣਾਂ ਦਾ ਪਾਣੀ, ਹਵਾ, ਗਤੀ ਜਾਂ ਜੀਵਕ ਗਤੀਵਿਧੀਆਂ ਦੁਆਰਾ ਮੂਲ ਥਾਂ ਤੋਂ ਦੂਜੀ ਥਾਂ ਜਾਣ ਨੂੰ ਭੋਂ-ਖੋਰ ਆਖਦੇ ਹਨ। ਸੀਮਤ ਤੇ ਸਾਧਾਰਨ ਭੋਂ-ਖੋਰ ਕੁਦਰਤ ਦੀ ਆਮ ਪ੍ਰਕਿਰਿਆ ਹੈ, ਇਹ ਨੁਕਸਾਨਦਾਇਕ ਵੀ ਨਹੀਂ। ਕੁਦਰਤੀ ਸਮਤੋਲ ਜਾਂ ਭੋਂ-ਖੋਰ ਰੋਕੂ ਕਾਰਜਾਂ ਤਹਿਤ ਇਹ ਸੀਮਤ ਅਤੇ ਕਹਿਣੇ ਵਿਚ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ। ਭੂਮੀ ਖੋਰ ਦੋ ਕਿਸਮ ਦਾ ਹੁੰਦਾ ਹੈ- ਸਹਿਜ (ਕੁਦਰਤੀ) ਅਤੇ ਵਧਿਆ ਹੋਇਆ (ਮਨੁੱਖੀ ਆਪ-ਹੁਦਰੀਆਂ ਕਾਰਨ)। ਜਦੋਂ ਭੂਮੀ ਖੋਰ ਦੀ ਦਰ ਭੂਮੀ ਬਣਤਰ ਦੀ ਦਰ ਤੋਂ ਘੱਟ ਜਾਂ ਬਰਾਬਰ ਹੋਵੇ ਤਾਂ ਇਸ ਨੂੰ ਕੁਦਰਤੀ ਜਾਂ ਸਹਿਜ ਕਿਹਾ ਜਾਂਦਾ ਹੈ ਪਰ ਇਹ ਉਸੇ ਹਾਲਤ ਵਿਚ ਹੁੰਦਾ ਹੈ ਜਦ ਭੂਮੀ ਬਨਸਪਤੀ ਨਾਲ ਪੂਰੀ ਤਰ੍ਹਾਂ ਢਕੀ ਹੋਵੇ। ਮਨੁੱਖੀ ਹਿਰਸ ਕਾਰਨ ਭੂਮੀ ਨੰਗ-ਧੜੰਗੀ ਅਤੇ ਖੋਖਲੀ ਕਰ ਦਿੱਤੀ ਗਈ ਹੈ।
         ਪਹਿਲੀ ਸਟੇਜ ਵਿਚ ਜਦ ਮੀਂਹ ਦੀਆਂ ਬੂੰਦਾਂ ਨੰਗੀ ਧਰਤੀ ’ਤੇ ਪੈਂਦੀਆਂ ਹਨ ਤਾਂ ਇਹ ਭੂਮੀ ਕਣਾਂ ਨੂੰ ਨਿਖੇੜ ਕੇ 2 ਤੋਂ 5 ਫੁੱਟ ਦੀ ਦੂਰੀ ’ਤੇ ਲਿਜਾ ਕੇ ਸੁੱਟ ਦਿੰਦੀਆਂ ਹਨ। ਦੂਜੀ ਸਟੇਜ ’ਤੇ ਇਹ ਕਣ ਵਹਿ ਕੇ ਜਾਂ ਧਰਤੀ ਉਪਰਲੀ ਮਹੀਨ ਪਰਤ ਧੋ ਹੋ ਕੇ ਵਹਿ ਤੁਰਦੀ ਹੈ। ਇਸ ਬਾਰੀਕ ਪਰਤ ਦੀ ਖੁਰਚਾਈ ਦਿਸਦੀ ਨਹੀਂ ਪਰ ਇੱਕ-ਅੱਧੇ ਦਹਾਕੇ ਬਾਅਦ ਇਸ ਦੀ ਘਾਟ ਰੜਕਣ ਲੱਗ ਪੈਂਦੀ ਹੈ। ਇਸ ਤੋਂ ਅਗਲਾ ਕਦਮ ਧਾਰਾਵੀ ਖੋਰ (Rill Erosion) ਹੁੰਦੀ ਹੈ, ਜਦ ਧਰਤੀ ਉੱਤੇ ਪੰਜਿਆਂ ਵਰਗੀਆਂ ਧਾਰਾਵਾਂ ਬਣ ਜਾਂਦੀਆਂ ਹਨ। ਇਸ ਨਾਲ ਉਪਜਾਊ ਪਰਤਾਂ ਰੁੜ੍ਹ ਜਾਂਦੀਆਂ ਹਨ। ਤੀਜੀ ਧਾਰਾ ਚੋਈਆਂ ਦੀ ਉਸਾਰ ਹੁੰਦੀ ਹੈ। ਪਾਣੀ ਦੀ ਤੇਜ਼ ਗਤੀ ਦੋ ਕੁ ਸਾਲਾਂ ਵਿਚ ਹੀ ਚੋਈਆਂ (ਨਾਲੀਆਂ) ਦੀ ਉਸਾਰੀ ਕਰ ਦਿੰਦੀ ਹੈ। ਇਸ ਤੋਂ ਅਗਾਂਹ ਖੁਰ ਕੇ ਚੌੜੀਆਂ ਤੇ ਡੂੰਘੀਆਂ ਖੱਡਾਂ-ਖਾਈਆਂ ਬਣ ਜਾਂਦੀਆਂ ਹਨ। ਬਰਫਾਨੀ, ਹਵਾਈ ਤੇ ਢਿੱਗਾਂ ਡਿੱਗਣ ਵਾਲੀਆਂ ਹੋਰ ਵੀ ਕਈ ਕਿਸਮਾਂ ਭੂਮੀ ਖੋਰ ਦੀਆਂ ਸ਼ਕਲਾਂ ਹਨ ਪਰ ਡੂੰਘੀਆਂ ਖਾਈਆਂ ਇਸ ਦਾ ਵਿਰਾਟ ਰੂਪ ਹਨ ਜਿਹੜਾ ਪਰਬਤਾਂ ਨੂੰ ਵੀ ਲੈ ਬਹਿੰਦਾ ਹੈ।
        ਵੀਰਾਨ, ਨੰਗ-ਧੜੰਗੀ ਤੇ ਰੁੱਖ ਵਿਹੂਣੀ ਇਕ ਹੈਕਟੇਅਰ ਭੂਮੀ ਹਰ ਵਰ੍ਹੇ 30 ਟਨ ਮਿੱਟੀ ਗੁਆ ਬਹਿੰਦੀ ਹੈ। ਬਨਸਪਤੀ ਦੀਆਂ ਜੜ੍ਹਾਂ ਤੇ ਰੋਕਾਂ ਹੀ ਮਿੱਟੀ ਨੂੰ ਰੁੜ੍ਹਨੋਂ-ਉੜਨੋਂ ਬਚਾਉਂਦੀਆਂ ਹਨ। ਜੇ ਇਕ ਹੈਕਟੇਅਰ ’ਚੋਂ ਹਰ ਵਰ੍ਹੇ ਇਕ ਘਣਮੀਟਰ ਮਿੱਟੀ ਰੁੜ੍ਹਦੀ ਰਹੇ ਤੇ ਇਹ ਕਿਰਿਆ ਇਕ ਪੀੜ੍ਹੀ (25 ਵਰ੍ਹੇ) ਜਾਰੀ ਰਹੇ ਤਾਂ ਇਕ ਫੁੱਟ ਉਤਲੀ ਪਰਤ ਰੁੜ੍ਹ-ਖੁਰ ਕੇ ਸਮੁੰਦਰਾਂ ਪੇਟੇ ਜਾ ਪਵੇਗੀ। ਪਹਾੜਾਂ ’ਚ 60 ਹਿੱਸੇ ਦੇ ਹਿਸਾਬ ਨਾਲ ਰੁੱਖ ਨਾ ਹੋਣ ਤਾਂ ਮੀਂਹ ਪਹਾੜਾਂ ਤੇ ਮੈਦਾਨਾਂ ਦੀ ਮਿੱਟੀ ਨੂੰ ਖੋਰਦਾ ਹੈ। ਜਦੋਂ ਪਾਣੀ ਢਲਾਨ ਉਤਰਦਾ ਹੈ, ਉਥੇ ਜੇ ਧਰਤੀ ਨੰਗੀ ਹੋਵੇ ਜਾਂ ਮੂਹਰੇ ਅੜਿੱਕੇ ਨਾ ਹੋਣ ਅਤੇ ਜੇ ਇਸ ਦੀ ਗਤੀ ਦੁੱਗਣੀ ਹੋ ਜਾਵੇ ਤਾਂ ਭੂਮੀ ਦੀ ਕੱਟ-ਵੱਢ 4 ਗੁਣਾ ਹੋ ਜਾਂਦੀ ਹੈ। ਇਸ ਗਤੀ ਉੱਤੇ ਮਾਦਾ ਚੁੱਕ ਲਿਜਾਣ ਦੀ ਸਮਰੱਥਾ 32 ਗੁਣਾ ਅਤੇ ਰੋੜ੍ਹ ਸਮਰੱਥਾ 64 ਗੁਣਾ ਹੋ ਜਾਂਦੀ ਹੈ। ਜੇ ਕਿਤੇ ਜਲ ਗਤੀ ਤਿੰਨ ਗੁਣਾ ਹੋਵੇ ਤਾਂ ਰੋੜ੍ਹ ਸਮਰੱਥਾ 729 ਗੁਣਾ ਹੋ ਜਾਂਦੀ ਹੈ। ਵਧੇਰੇ ਤਿੱਖੀ ਗਤੀ ਹਜ਼ਾਰਾ ਟਨ ਮਲਬਾ ਵੀ ਲੈ ਤੁਰਦੀ ਹੈ ਜਿਹੜਾ ਸਾਨੂੰ ਮਿੱਧਦਾ, ਦਰੜਦਾ ਅਤੇ ਮਾਰਦਾ ਹੈ। ਪਹਾੜ ਖਿਸਕਦੇ ਅਤੇ ਵਹਿ ਤੁਰਦੇ ਹਨ। ਭੋਂ-ਖੋਰ ਨਾਲ ਧਰਤੀ ਦੀ ਉਪਜਾਊ ਪਰਤ ਗੁਆਚ ਜਾਂਦੀ ਹੈ, ਮੈਦਾਨੀ ਜਲ ਵਹਿਣਾਂ ਦੇ ਪਾਟ ਭਰਨ ਨਾਲ ਹੜ੍ਹਾਂ ਦਾ ਖਤਰਾ, ਜਲ ਕੁੰਡ ਮਿੱਟੀ ਨਾਲ ਪੂਰ ਹੋਣ ਨਾਲ ਜਲ ਗ੍ਰਹਿਣ ਸਮਰੱਥਾ ਵਿਚ ਘਾਟਾ, ਜ਼ਮੀਨ ਦਾ ਟੋਇਆਂ-ਟੋਟਿਆਂ ਵਿਚ ਵੰਡੇ ਜਾਣਾ, ਜਲ ਤਲ ਦਾ ਨੀਵੇਂ ਤੋਂ ਨੀਵਾਂ ਹੁੰਦੇ ਜਾਣਾ, ਸਮੁੰਦਰ ਦਾ ਤਲ ਉੱਚਾ ਹੁੰਦੇ ਜਾਣਾ, ਮੀਂਹ ਦਾ ਚੱਕਰ ਗੜਬੜਾ ਜਾਣ ਤੋਂ ਬਿਨਾ ਭੋਜਨ ਪਦਾਰਥਾਂ ਦੀ ਪੈਦਾਵਾਰ ਦਾ ਘਟਣਾ, ਸੰਪਤੀਆਂ ਸਮੇਤ ਜਾਨਾਂ ਦਾ ਖੋਹ ਆਦਿ ਇਸ ਦੀਆਂ ਭੈੜੀਆਂ ਅਲਾਮਤਾਂ ਹਨ।
       ਭਾਰਤ ਅਤੇ ਪਾਕਿਸਤਾਨ ਵਿਚਲੇ ਥਾਰ ਦੀ ਦੋ ਹਜ਼ਾਰ ਵਰ੍ਹੇ ਪੁਰਾਣੀ ਦਾਸਤਾਂ ਅਤੇ ਪਹਾੜਾਂ ਦੇ ਮੌਜੂਦਾ ਜਲ ਸੈਲਾਬ ਅਸਲ ਵਿਚ ਮਨੁੱਖ ਦੇ ਕੁਦਰਤ ਵੱਲ ਗਲਤ ਵਿਹਾਰ ਦੀ ਹੀ ਵਿੱਥਿਆ ਹੈ। ਲੱਗਦਾ, ਅਸੀਂ ਹੱਥੀਂ ਉਜਾੜੇ ਰਾਜਸਥਾਨ ਦੀ ਹੋਣੀ ਭੁੱਲ ਗਏ ਹਾਂ। ਕਿਸੇ ਸਮੇਂ ਇਹ ਸਰ-ਸਬਜ਼ ਖਿੱਤਾ ਕੁਝ ਦਹਿ-ਸਦੀਆਂ ’ਚ ਧੂੜ ਤੇ ਟੋਇਆਂ-ਟਿੱਬਿਆਂ ਵਿਚ ਬਦਲ ਗਿਆ ਜਦ ਜੰਗਲ ਤੇ ਪਹਾੜ ਰੁੱਸ ਗਏ। ਤਵਾਰੀਖ ਗਵਾਹ ਹੈ ਕਿ ਜ਼ਰੂਰੀ ਵਰਤੋਂ ਤੋਂ ਬਾਅਦ ਕੁਦਰਤੀ ਸੋਮਿਆਂ ਦੀ ਮੁੜ ਭਰਪਾਈ ਨਾ ਕਰਨ ਵਾਲੀ ਤਕਰੀਬਨ ਹਰ ‘ਸਲਤਨਤ’ ਦਾ ਅੰਤ ਦਰਾੜਾਂ ਅਤੇ ਮਾਰੂਥਲ ਦੇ ਜਨਮ ਨਾਲ ਹੋਇਆ ਹੈ। ਕਿਥੇ ਗਈਆਂ ਸਾਡੀਆਂ ਹੜੱਪਾ ਅਤੇ ਮਹਿੰਜੋਦੜੋ ਦੀਆਂ ਸੱਭਿਆਤਾਵਾਂ? ਮੌਜੂਦਾ ਮਾਰੂਥਲ ਮੋਰਾਕੋ, ਅਲਜ਼ੀਰੀਆ ਅਤੇ ਟਿਊਨੇਸ਼ੀਆ ਕਿਸੇ ਵਕਤ ਰੋਮਨ ਸ਼ਹਿਨਸ਼ਾਹੀ ਦੇ ਪ੍ਰਸਿੱਧ ਅਨਾਜ ਖੇਤਰ ਸਨ। ਇਸੇ ਦੀ ਉਪਜ ਇਟਲੀ ਅਤੇ ਸਿਸਲੀ ਦਾ ਭੋਂ-ਖੋਰ ਹੈ। ਮੈਸੋਪਟਾਮੀਆ, ਫ਼ਲਸਤੀਨ, ਸੀਰੀਆ ਅਤੇ ਅਰਬ ਦੇ ਕੁਝ ਭਾਗ, ਉਰ, ਸੁਮੇਰੀਆ, ਬੇਬੀਲੋਨ ਅਤੇ ਅਸੀਰੀਆ ਕਦੇ ਮਹਾਨ ਬਾਦਸ਼ਾਹੀਆਂ ਦੇ ਮਾਣ-ਮੱਤੇ ਤਖ਼ਤ ਸਨ। ਕੱਲ੍ਹ ਦਾ ਉਪਜਾਊ ਪਰਸ਼ੀਆ ਅੱਜ ਦਾ ਮਾਰੂਥਲ ਹੈ। ਸਿਕੰਦਰ ਦਾ ਹਰਿਆ-ਭਰਿਆ ਯੂਨਾਨ ਅੱਜ ਆਪਣੀ ਬੰਜਰ ਭੂਮੀ ਕਾਰਨ ਝੂਰ ਰਿਹਾ ਹੈ।
       ਕਿਉਂ? ਕਿਉਂਕਿ ਕੁਦਰਤ ਦੀ ਅਸਮਤ ਜੋ ਲੀਰੋ-ਲੀਰ ਕਰ ਦਿੱਤੀ ਸੀ। ਕੀ ਅਸੀਂ ਬਚੇ ਰਹਾਂਗੇ? ਇਹ ਉਹ ਸਵਾਲ ਹੈ ਜਿਹੜਾ ਹਾਕਮਾਂ ਅਤੇ ਸਾਡੇ-ਤੁਹਾਡੇ ਪੱਲੇ ਨਹੀਂ ਪੈਂਦਾ।
ਸੰਪਰਕ : 94634 39075