ਮੱਕੀ ਦੇ ਫ਼ਾਇਦੇ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਜਦੋਂ ਸਾਡੇ ਆਪਣੇ ਸੱਤੂ ਅਮਰੀਕਾ ਵੱਲੋਂ ਓਟਸ ਕਹਿ ਕੇ ਛੇ ਗੁਣਾ ਵੱਧ ਰੇਟ ਉੱਤੇ ਵੇਚੇ ਜਾਣ ਤਾਂ ਸਾਨੂੰ ਬਹੁਤ ਚੰਗਾ ਜਿਹਾ ਲੱਗਦਾ ਹੈ ਅਤੇ ਉਨ੍ਹਾਂ ਨੂੰ ਖਾ ਕੇ ਆਪਣੇ ਆਪ ਨੂੰ ਅਗਾਂਹਵਧੂ ਮਹਿਸੂਸ ਕਰਨ ਲੱਗ ਪੈਂਦੇ ਹਾਂ। ਇੰਜ ਹੀ ਸਾਨੂੰ ਸੜਕ ਦੇ ਕਿਨਾਰੇ 'ਤੇ ਖੜ੍ਹੇ ਛੱਲੀ ਚੱਬਦਿਆਂ ਉਜੱਡ ਲੱਗਦਾ ਹੈ ਪਰ ਨਾਂ ਬਦਲ ਕੇ 10 ਗੁਣਾ ਮਹਿੰਗੇ ਕੌਰਨ 5 ਤਾਰਾ ਹੋਟਲ ਵਿਚ ਬਹਿ ਕੇ ਖਾਣੇ ਚੰਗੇ ਲੱਗਦੇ ਹਨ।
    ਅਮਰੀਕਾ ਵਿਚ ਮੱਕੀ ਦੇ ਦਾਣਿਆਂ ਨੂੰ ਲਗਭਗ ਹਰ ਕਿਸਮ ਦੇ ਖਾਣੇ ਵਿਚ ਵਰਤਿਆ ਜਾਣ ਲੱਗ ਪਿਆ ਹੈ। ਮੱਕੀ ਵਿਚ ਕੁਦਰਤੀ ਸ਼ੱਕਰ ਤੇ ਕਾਰਬੋਹਾਈਡਰੇਟ ਕਾਫੀ ਹਨ। ਪੌਪਕੌਰਨ ਵਜੋਂ ਬਹੁਤ ਮਸ਼ਹੂਰ ਹੋਈ ਮੱਕੀ ਅਮਰੀਕਾ, ਕਨੇਡਾ, ਯੂਰਪ ਵਿਚ ਸੌਸ ਜਾਂ ਹੋਰ ਖਾਣਿਆਂ ਨੂੰ ਗਾੜ੍ਹਾ ਕਰਨ ਲਈ ਕੌਰਨ ਫਲੋਰ ਵਜੋਂ ਵਰਤੀ ਜਾ ਰਹੀ ਹੈ। ਚਿੱਪਸ, ਟੌਰਟਿਲਾ, ਕਰੈਕਰ ਆਦਿ ਵਿਚ ਵਰਤੀ ਜਾ ਰਹੀ ਮੱਕੀ ਦੁਨੀਆ ਦੇ ਲਗਭਗ ਹਰ ਹਿੱਸੇ ਵਿਚ ਬੱਚੇ ਤੋਂ ਵੱਡੇ ਤੱਕ ਵਰਤੀ ਜਾ ਰਹੀ ਹੈ।
    ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਪਰ ਦਸ ਹਜ਼ਾਰ ਸਾਲ ਪਹਿਲਾਂ ਮੈਕਸੀਕੋ ਵਿਚ ਜੰਗਲੀ ਘਾਹ 'ਤੀਓਸਿੰਤੇ' ਤੋਂ ਮੱਕੀ ਦੇ ਦਾਣੇ ਕੱਢੇ ਜਾਂਦੇ ਸਨ। ਹੌਲੀ-ਹੌਲੀ ਇਸ ਨੂੰ ਉਗਾਉਣ ਦੇ ਢੰਗ ਬਦਲਦੇ ਰਹੇ ਤੇ ਮੌਜੂਦਾ ਮੱਕੀ ਹੋਂਦ ਵਿਚ ਆ ਗਈ। ਅਮਰੀਕਾ ਵਿਚ ਵੱਡੀ ਤਾਦਾਦ ਵਿਚ ਉੱਗਦੀ ਮੱਕੀ ਵੇਖ ਇੰਗਲੈਂਡ ਦੇ ਕੁੱਝ ਕਿਸਾਨਾਂ ਨੇ ਇਸ ਨੂੰ ਇੰਗਲੈਂਡ ਵਿਚ ਵੀ ਬੀਜਣਾ ਸ਼ੁਰੂ ਕਰ ਦਿੱਤਾ।
    ਸੰਨ 1621 ਵਿਚ ਸ਼ੁਕਰਾਨੇ ਵਜੋਂ ਕੀਤੇ ਰਾਤ ਦੇ ਖਾਣੇ ਵਿਚ ਮੱਕੀ ਦੀ ਵਰਤੋਂ ਕੀਤੀ ਗਈ। ਇਸ ਬੀਜ ਅੰਦਰ ਪਾਣੀ ਦੀ ਇੱਕ ਬੂੰਦ ਹੁੰਦੀ ਹੈ ਜੋ ਭੁੰਨੇ ਜਾਣ ਉੱਤੇ ਫਟ ਕੇ ਵਿਚਕਾਰਲਾ ਹਿੱਸਾ ਬਾਹਰ ਕੱਢ ਦਿੰਦੀ ਹੈ ਤੇ ਇਹੀ ਉਛਲਦੇ ਕੁੱਦਦੇ ਦਾਣਿਆਂ ਨੇ ਉਦੋਂ ਜਸ਼ਨ ਨੂੰ ਦੁੱਗਣਾ ਕਰ ਦਿੱਤਾ।
    ਹੁਣ ਛੱਲੀ ਕਈ ਰੰਗਾਂ ਵਿਚ ਮਿਲਦੀ ਹੈ। ਲਾਲ, ਚਿੱਟੇ, ਜਾਮਨੀ, ਨੀਲੇ, ਕਾਲੇ ਤੇ ਸੁਨਿਹਰੀ ਰੰਗ ਵਿਚ। ਇੱਕ ਚਿੱਟੇ ਤੇ ਪੀਲੇ ਦਾ ਸੁਮੇਲ 'ਡੈਂਟ ਕੌਰਨ' ਜ਼ਿਆਦਾਤਰ ਜਾਨਵਰਾਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ ਜਾਂ ਟੌਰਟਿਲਾ ਚਿੱਪਸ ਬਣਾਉਣ ਲਈ।
    ਪੁਰਾਣੇ ਸਮਿਆਂ ਵਿਚ ਜਿਉਂ ਜਿਉਂ ਇਸ ਦੀ ਵਰਤੋਂ ਵਧਦੀ ਗਈ ਤਿਉਂ-ਤਿਉਂ ਹੀ ਅੰਤੜੀਆਂ ਦਾ ਕੈਂਸਰ ਘਟਦਾ ਗਿਆ। ਹੁਣ ਇਸ ਦੇ ਕਾਰਨਾਂ ਦੀ ਸਮਝ ਆ ਚੁੱਕੀ ਹੈ। ਦਰਅਸਲ ਮੱਕੀ ਅੰਤੜੀਆਂ ਵਿਚ ਬੈਠੇ ਚੰਗੇ ਬੈਕਟੀਰੀਆ ਦੀ ਖ਼ੁਰਾਕ ਹੁੰਦੀ ਹੈ। ਚੰਗੇ ਬੈਕਟੀਰੀਆ ਮੱਕੀ ਨੂੰ ਖਾ ਕੇ ਵਧ ਫੁੱਲ ਜਾਂਦੇ ਹਨ ਤੇ ਮਾੜੇ ਕੀਟਾਣੂਆਂ ਨੂੰ ਸੌਖਿਆਂ ਢਾਅ ਲੈਂਦੇ ਹਨ। ਇੰਜ ਮਾੜੇ ਬੈਕਟੀਰੀਆ 'ਕੋਲਨ ਕੈਂਸਰ' ਵਰਗੀ ਬੀਮਾਰੀ ਕਰ ਹੀ ਨਹੀਂ ਸਕਦੇ।
    ਫਾਈਬਰ ਭਰਪੂਰ ਮੱਕੀ ਖਾਣ ਨਾਲ ਦਿਲ ਦੇ ਰੋਗ ਤੇ ਟਾਈਪ 2 ਸ਼ੱਕਰ ਰੋਗ ਹੋਣ ਦਾ ਖ਼ਤਰਾ ਵੀ ਟਲ ਜਾਂਦਾ ਹੈ। ਇਸ ਵਿਚ ਵਿਟਾਮਿਨ ਸੀ ਵੀ ਹੈ ਜੋ ਐਂਟੀਆਕਸੀਡੈਂਟ ਹੋਣ ਕਰ ਕੇ ਸੈੱਲਾਂ ਦੀ ਟੁੱਟ ਫੁੱਟ ਤੋਂ ਵੀ ਬਚਾਓ ਕਰ ਦਿੰਦਾ ਹੈ। ਪੀਲੀ ਮੱਕੀ ਵਿਚਲੇ ਕੈਰੋਟੀਨਾਇਡ-ਲਿਓਟੀਨ ਅਤੇ ਜ਼ੀਜ਼ੈਂਥੀਨ ਅੱਖਾਂ ਦੀ ਸਿਹਤ ਲਈ ਬਹੁਤ ਵਧੀਆ ਹਨ। ਇਹ ਚਿੱਟਾ ਮੋਤੀਆ ਹੋਣ ਤੋਂ ਵੀ ਕੁੱਝ ਹਦ ਤਕ ਬਚਾਓ ਕਰ ਦਿੰਦੇ ਹਨ।
    ਵਿਟਾਮਿਨ ਬੀ, ਈ ਅਤੇ ਕੇ ਦੇ ਨਾਲ-ਨਾਲ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵੀ ਮੱਕੀ ਵਿਚ ਹਨ। ਵੱਖੋ-ਵੱਖ ਰੰਗਾਂ ਦੇ ਆਧਾਰ ਉੱਤੇ ਵੱਖ ਤੱਤ ਹੁੰਦੇ ਹਨ। ਨੀਲੀ ਛੱਲੀ ਵਿਚ ਫਾਈਟੋਨਿਊਟਰੀਐਂਟ ਵੱਧ ਹੁੰਦੇ ਹਨ। ਇਨ੍ਹਾਂ ਨੂੰ ਚਿੱਪਸ ਜਾਂ ਟਾਕੋ ਵਿਚ ਵਰਤਿਆ ਜਾਂਦਾ ਹੈ।
    ਛੱਲੀ ਵਿਚ ਕਾਰਬੋਹਾਈਡਰੇਟ ਤੇ ਸ਼ੱਕਰ ਹੁੰਦੇ ਹਨ। ਜੇ ਵੱਧ ਮਾਤਰਾ ਵਿਚ ਨਾ ਖਾਧੀ ਜਾਏ ਤਾਂ ਇਨ੍ਹਾਂ ਦਾ ਏਨਾ ਨੁਕਸਾਨ ਨਹੀਂ ਹੈ।
    ਕੁੱਝ ਸਾਲਾਂ ਤੋਂ ਛੱਲੀ ਨੂੰ ਜੈਨੇਟਿਕ ਢੰਗ ਨਾਲ ਤਬਦੀਲ ਕੀਤਾ ਗਿਆ ਹੈ ਤਾਂ ਜੋ ਇਸ ਨੂੰ ਕੀੜਾ ਨਾ ਲੱਗੇ। ਹਾਲੇ ਤੱਕ ਇਸ ਜੈਨੇਟਿਕ ਤਬਦੀਲੀ ਨਾਲ ਮਾੜੇ ਅਸਰ ਦਿਸਣੇ ਸ਼ੁਰੂ ਨਹੀਂ ਹੋਏ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਤਬਦੀਲੀ ਨਾਲ ਚੰਗੇ ਅਸਰ, ਜੋ ਸਰੀਰ ਉੱਤੇ ਪੈਂਦੇ ਸਨ, ਉਹ ਘੱਟ ਗਏ ਹਨ ਜਾਂ ਵਧੇ ਹਨ।
    ਅੱਜ ਕੱਲ ਕੌਰਨ ਫਲੋਰ, ਕੌਰਨ ਮੀਲ, ਕੌਰਨ ਸਿਰਪ ਅਤੇ ਕੌਰਨ ਤੇਲ ਕਾਫੀ ਵਿਕਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਦੀ ਖ਼ਰਬਾਂ ਦੀ ਮਾਰਕਿਟ ਬਣ ਚੁੱਕੀ ਹੈ ਤੇ ਇੰਟਰਨੈੱਟ ਇਨ੍ਹਾਂ ਦੀ ਤਾਰੀਫ਼ ਕਰਦਿਆਂ ਥੱਕਦਾ ਨਹੀਂ ਕਿਉਂਕਿ ਆਮ ਛੱਲੀ ਨੂੰ 600 ਗੁਣਾ ਮਹਿੰਗਾ ਕਰ ਕੇ ਵੇਚਣਾ ਹੁੰਦਾ ਹੈ।
    100 ਗ੍ਰਾਮ ਉਬਲੀ ਪੀਲੀ ਛੱਲੀ ਵਿਚ 96 ਕੈਲਰੀਆਂ ਹੁੰਦੀਆਂ ਹਨ, 9.4 ਗ੍ਰਾਮ ਪ੍ਰੋਟੀਨ, 74.26 ਗ੍ਰਾਮ ਕਾਰਬੋਹਾਈਡ੍ਰੇਟ, 4.5 ਗ੍ਰਾਮ ਖੰਡ, 73 ਫੀਸਦੀ ਪਾਣੀ, 7.3 ਗ੍ਰਾਮ ਫਾਈਬਰ ਅਤੇ 1.5 ਗ੍ਰਾਮ ਥਿੰਦਾ ਹੁੰਦਾ ਹੈ।
    ਖੰਡ ਵਾਧੂ ਮਾਤਰਾ ਵਿਚ ਭਾਵੇਂ ਹੈ ਪਰ ਗਲਾਈਸੀਮਿਕ ਇੰਡੈਕਸ ਘੱਟ ਹੋਣ ਸਦਕਾ ਸ਼ੱਕਰ ਰੋਗੀ ਵੀ ਇਸ ਨੂੰ ਖਾ ਸਕਦੇ ਹਨ। ਖਾਣ ਤੋਂ ਬਅਦ ਇਕਦਮ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਵਧਦੀ ਨਹੀਂ। ਇਸੇ ਲਈ ਇਸ ਨੂੰ ਸਿਹਤਮੰਦ ਖ਼ੁਰਾਕ ਗਿਣਿਆ ਜਾਂਦਾ ਹੈ।
    ਘੱਟ ਖੁਰਨ ਵਾਲੇ ਫਾਈਬਰ ਹੈਮੀਸੈਲੂਲੋਜ਼, ਸੈਲੂਲੋਜ਼ ਤੇ ਲਿਗਨਿਨ ਹੀ ਪੀਲੀ ਛੱਲੀ ਨੂੰ ਅੰਤੜੀਆਂ ਲਈ ਵਧੀਆ ਸਾਬਤ ਕਰਦੇ ਹਨ।
    ਛੱਲੀ ਵਿਚਲੀ ਪ੍ਰੋਟੀਨ 'ਜ਼ੀਨ' ਬਹੁਤੀ ਵਧੀਆ ਕਿਸਮ ਦੀ ਨਹੀਂ ਹੁੰਦੀ ਕਿਉਂਕਿ ਇਸ ਵਿਚ ਕੁੱਝ ਵਧੀਆ ਅਮਾਈਨੋ ਏਸਿਡ ਨਹੀਂ ਹੁੰਦੇ। ਕਈ ਫੈਕਟਰੀਆਂ ਛੱਲੀ ਵਿਚਲੇ ਜ਼ੀਨ ਨੂੰ ਵਰਤ ਕੇ ਉਸ ਵਿੱਚੋਂ ਗੂੰਦ, ਸਿਆਹੀ, ਟਾਫੀਆਂ ਜਾਂ ਸੁੱਕੇ ਮੇਵਿਆਂ ਉੱਤੇ ਚਾੜ੍ਹੀ ਖੰਡ, ਦਵਾਈਆਂ ਉੱਤੇ ਚਾੜ੍ਹੀ ਖੰਡ ਆਦਿ ਤਿਆਰ ਕਰਦੇ ਹਨ।
    ਰਿਫਾਈਨਲਡ ਕੌਰਨ ਤੇਲ ਬਹੁਤ ਮਹਿੰਗੇ ਭਾਅ ਵਿਕਦਾ ਹੈ। ਛੱਲੀ ਵਿਚਲੇ ਲਿਨੋਲਿਕ ਏਸਿਡ ਦੀ ਵਰਤੋਂ ਇਸ ਵਿਚ ਕੀਤੀ ਜਾਂਦੀ ਹੈ ਜੋ ਵਿਟਾਮਿਨ ਈ, ਯੂਬੀ ਕਉਈਨੋਨ ਤੇ ਫਾਈਟੋਸਟੀਰੋਲ ਵਿਚ ਭਰਪੂਰ ਹਨ ਅਤੇ ਕੋਲੈਸਟਰੋਲ ਘਟਾਉਂਦੇ ਹਨ।
    ਵਿਟਾਮਿਨ ਤੇ ਮਿਨਰਲ ਛੱਲੀ ਵਿਚ ਕਾਫੀ ਭਰੇ ਪਏ ਹਨ ਇਸੇ ਲਈ ਮੱਕੀ ਦਾ ਆਟਾ ਕਾਫੀ ਸਿਹਤਮੰਦ ਗਿਣਿਆ ਜਾਂਦਾ ਹੈ।
    ਮੈਂਗਨੀਜ਼ ਬਹੁਤੀ ਵੱਡੀ ਮਾਤਰਾ ਵਿਚ ਛੱਲੀ ਵਿੱਚੋਂ ਹਜ਼ਮ ਨਹੀਂ ਹੁੰਦਾ ਕਿਉਂਕਿ ਛੱਲੀ ਵਿਚ ਫਾਈਟਿਕ ਏਸਿਡ ਵੱਧ ਹੁੰਦਾ ਹੈ। ਫਾਸਫੋਰਸ ਚੰਗੀ ਮਾਤਰਾ ਵਿਚ ਛੱਲੀ ਵਿੱਚੋਂ ਹਜ਼ਮ ਹੋ ਕੇ ਬੱਚੇ ਦੇ ਵਧਣ ਫੁੱਲਣ ਅਤੇ ਸਰੀਰ ਦੇ ਪੱਠਿਆਂ ਨੂੰ ਸਿਹਤਮੰਦ ਰੱਖਣ ਵਿਚ ਸਹਾਈ ਹੁੰਦਾ ਹੈ। ਭੁੰਨੀ ਛੱਲੀ ਜਾਂ ਪੌਪ ਕੌਰਨ ਵਿਚ ਵੀ ਫਾਸਫੋਰਸ ਦੀ ਮਾਤਰਾ ਓਨੀ ਹੀ ਰਹਿੰਦੀ ਹੈ।
    ਛੱਲੀ ਵਿਚਲਾ ਮੈਗਨੀਸ਼ੀਅਮ ਦਿਲ ਦੇ ਰੋਗਾਂ ਅਤੇ ਹੋਰ ਵੀ ਕਈ ਕਰੌਨਿਕ ਬੀਮਾਰੀਆਂ ਤੋਂ ਬਚਾਓ ਕਰਦਾ ਹੈ। ਜ਼ਿੰਕ ਭਾਵੇਂ ਛੱਲੀ ਵਿਚ ਹੈ, ਪਰ ਇਹ ਵੀ ਫਾਈਟਿਕ ਏਸਿਡ ਸਦਕਾ ਸਰੀਰ ਅੰਦਰ ਜਜ਼ਬ ਨਹੀਂ ਹੁੰਦਾ। ਦਿਲ ਨੂੰ ਸਿਹਤਮੰਦ ਰੱਖਣ ਵਾਲਾ ਕੌਪਰ ਛੱਲੀ ਵਿੱਚੋਂ ਸਰੀਰ ਹਜ਼ਮ ਕਰ ਲੈਂਦਾ ਹੈ।
    ਪੈਂਟੋਥੀਨਿਕ ਏਸਿਡ (ਵਿਟਾਮਿਨ ਬੀ 5), ਫੋਲਿਕ ਏਸਿਡ (ਵਿਟਾਮਿਨ ਬੀ 9), ਵਿਟਾਮਿਨ ਬੀ 6, ਨਾਇਆਸਿਨ, ਵਿਟਾਮਿਨ ਬੀ ਤਿੰਨ ਤੇ ਪੋਟਾਸ਼ੀਅਮ ਵੀ ਛੱਲੀ ਵਿਚ ਹਨ।
    ਪੋਟਾਸ਼ੀਅਮ ਦਿਲ ਲਈ ਸਿਹਤਮੰਦ ਹੈ। ਛੱਲੀ ਵਿਚਲਾ ਵਿਟਾਮਿਨ ਬੀ ਤਿੰਨ ਸਰੀਰ ਉਦੋਂ ਹੀ ਹਜ਼ਮ ਕਰ ਸਕਦਾ ਹੈ ਜੇ ਛੱਲੀ ਉੱਤੇ ਨਿੰਬੂ ਲਾਇਆ ਗਿਆ ਹੋਵੇ।
    ਮਿਨਰਲ ਜ਼ਿਆਦਾ ਉਦੋਂ ਹਜ਼ਮ ਹੁੰਦੇ ਹਨ ਜਦੋਂ ਪੌਪਕੌਰਨ ਬਣਾ ਕੇ ਖਾਧੇ ਜਾਣ।
ਐਂਟੀਆਕਸੀਡੈਂਟ :- ਇਕ ਖ਼ਾਸ ਗੱਲ ਮੱਕੀ ਵਿਚ ਇਹ ਹੈ ਕਿ ਕੁਦਰਤੀ ਤੌਰ ਉੱਤੇ ਐਂਟੀਆਕਸੀਡੈਂਟ ਹੋਰ ਤਰ੍ਹਾਂ ਦੇ ਅੰਨ ਨਾਲੋਂ ਇਸ ਵਿਚ ਸਭ ਤੋਂ ਵੱਧ ਹਨ।
1.    ਫੈਰੂਲਿਕ ਏਸਿਡ ਮੱਕੀ ਵਿਚ ਕਣਕ, ਸੱਤੂ ਤੇ ਚੌਲਾਂ ਨਾਲੋਂ ਕਿਤੇ ਵੱਧ ਹੈ।
2.    ਐਂਥੋਸਾਇਆਨਿਨ ਛੱਲੀ ਨੂੰ ਨੀਲਾ, ਜਾਮਨੀ ਤੇ ਲਾਲ ਰੰਗ ਦਿੰਦੇ ਹਨ।
3.    ਜ਼ੀਜ਼ੈਂਥੀਨ ਅੱਖਾਂ ਨੂੰ ਸਿਹਤਮੰਦ ਰੱਖਣ ਵਿਚ ਸਹਾਈ ਹੁੰਦੇ ਹਨ।
4.    ਲਿਊਟੀਨ ਕਾਫ਼ੀ ਮਾਤਰਾ ਵਿਚ ਛੱਲੀ ਵਿਚ ਹੈ ਜੋ ਅੱਖਾਂ ਨੂੰ ਨੀਲੀ ਲਾਈਟ ਦੇ ਮਾੜੇ ਅਸਰਾਂ ਤੋਂ ਬਚਾਉਂਦੀ ਹੈ।
5.    ਫਾਈਟਿਕ ਏਸਿਡ :- ਇਸ ਦੇ ਹੋਣ ਨਾਲ ਜ਼ਿੰਕ ਅਤੇ ਲੋਹ ਕਣ ਨੂੰ ਹਜ਼ਮ ਕਰਨ ਵਿਚ ਦਿੱਕਤ ਆਉਂਦੀ ਹੈ।
       
ਇੱਕ ਨੁਕਤਾ ਬਹੁਤ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਹਰ ਤਰ੍ਹਾਂ ਦੇ ਅੰਨ੍ਹ ਨਾਲੋਂ ਸਭ ਤੋਂ ਵੱਧ ਉਹ ਐਂਟੀਆਕਸੀਡੈਂਟ ਮੱਕੀ ਵਿਚ ਹਨ ਜੋ ਅੱਖਾਂ ਲਈ ਸਿਹਤਮੰਦ ਹੁੰਦੇ ਹਨ।
ਪੌਪ ਕੌਰਨ :-
    ਭਾਵੇਂ ਪੌਪ ਕੌਰਨ ਬਹੁਤ ਜ਼ਿਆਦਾ ਵਰਤੋਂ ਵਿਚ ਆ ਰਹੇ ਹਨ ਤੇ ਮਹਿੰਗੇ ਭਾਅ ਵਿਕ ਰਹੇ ਹਨ ਪਰ ਇਨ੍ਹਾਂ ਉੱਤੇ ਲਾਏ ਵਾਧੂ ਲੂਣ ਅਤੇ ਘਿਓ ਜਾਂ ਤੇਲ ਸਦਕਾ ਅਤੇ ਨਾਲ ਪੀਤੇ ਠੰਡੇ (ਕੋਲਡ ਡਰਿੰਕ) ਇਸ ਦੇ ਚੰਗੇ ਅਸਰਾਂ ਨੂੰ ਲਗਭਗ ਖ਼ਤਮ ਹੀ ਕਰ ਦਿੰਦੇ ਹਨ। ਇਸੇ ਲਈ ਘਰ ਵਿਚ ਪ੍ਰੈੱਸ਼ਰ ਕੁੱਕਰ ਜਾਂ ਏਅਰ ਫਰਾਇਰ ਵਿਚ ਬਿਨ੍ਹਾਂ ਤੇਲ ਜਾਂ ਘਿਓ ਦੇ, ਬਣਾ ਕੇ ਖਾਣੇ ਚਾਹੀਦੇ ਹਨ।
ਅੱਖਾਂ ਲਈ :-
    ਮੱਕੀ ਵਿਚਲੇ ਭਾਰੀ ਮਾਤਰਾ ਵਿਚ ਲਿਊਟੀਨ ਤੇ ਜ਼ੀਜ਼ੈਂਥੀਨ ਸਦਕਾ ਮੈਕੂਲਰ ਡੀਜੈਨਰੇਸ਼ਨ ਅਤੇ ਚਿੱਟਾ ਮੋਤੀਆ  ਰੋਕਿਆ ਜਾ ਸਕਦਾ ਹੈ। ਇਨ੍ਹਾਂ ਨੂੰ ਮੈਕੂਲਰ ਪਿਗਮੈਂਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਅੱਖ ਅੰਦਰਲੀ ਪਰਤ ਰੈਟੀਨਾ ਉੱਤੇ ਪਏ ਹੁੰਦੇ ਹਨ ਤੇ ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਦੇ ਹਨ।
    356 ਲੋਕਾਂ ਨੂੰ ਰੈਗੂਲਰ ਮੱਕੀ ਖੁਆਉਣ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਵਿਚ ਅੱਖ ਵਿਚਲੀ ਪਰਤ ਦਾ ਸੁੱਕਣਾ 43 ਫੀਸਦੀ ਘੱਟ ਗਿਆ।
ਅੰਤੜੀਆਂ ਲਈ :-
    18 ਸਾਲਾਂ ਤੱਕ ਚੱਲੀ ਖੋਜ ਵਿਚ 47,228 ਬੰਦੇ ਸ਼ਾਮਲ ਕੀਤੇ ਗਏ ਜਿਨ੍ਹਾਂ ਨੂੰ ਰੋਜ਼ ਮੱਕੀ ਖੁਆਈ ਗਈ। ਇਨ੍ਹਾਂ ਵਿਚ ਅੰਤੜੀਆਂ ਦਾ ਰੋਗ-'ਡਾਈਵਰਟੀਕੁਲੋਗਿਸ ਬੀਮਾਰੀ' 28 ਫੀਸਦੀ ਘੱਟ ਹੋ ਗਈ। ਇਸ ਬੀਮਾਰੀ ਵਿਚ ਅਫਾਰਾ, ਗੈਸ, ਟੱਟੀ ਵਿਚ ਲਹੂ ਆਦਿ ਵੇਖਣ ਨੂੰ ਮਿਲਦਾ ਹੈ।
ਸ਼ੱਕਰ ਰੋਗੀਆਂ ਲਈ :-
    ਛੱਲੀ ਵਿਚਲੇ ਪੌਲੀਫਿਨੋਲ ਟਾਈਪ-2 ਸ਼ੱਕਰ ਰੋਗ ਤੋਂ ਬਚਾਉਂਦੇ ਹਨ ਕਿਉਂਕਿ ਛੱਲੀ ਕੋਲੈਸਟਰੋਲ ਘਟਾਉਂਦੀ ਹੈ।
    ਇਰਾਨ ਦੇ ਯੂਨੀਵਰਸਿਟੀ ਔਫ ਮੈਡੀਕਲ ਸਾਈਂਸਿਸ ਵਿਚ ਹੋਈ ਖੋਜ ਰਾਹੀਂ ਪਤਾ ਲੱਗਿਆ ਕਿ ਛੱਲੀ ਵਿਚਲੇ ਪੌਲੀਫਿਨੋਲ ਲਹੂ ਵਿੱਚੋਂ ਸ਼ੱਕਰ ਦੀ ਮਾਤਰਾ ਘਟਾ ਦਿੰਦੇ ਹਨ ਅਤੇ ਇਨਸੂਲਿਨ ਵਧਾ ਦਿੰਦੇ ਹਨ।
ਐਲਜ਼ੀਮਰ ਬੀਮਾਰੀ :-
    ਅੱਜ ਦੇ ਦਿਨ 5 ਕਰੋੜ ਲੋਕ ਇਸ ਬੀਮਾਰੀ ਤੋਂ ਪੀੜਤ ਹਨ ਤੇ ਸੰਨ 2030 ਤੱਕ ਇਹ ਗਿਣਤੀ 7.5 ਕਰੋੜ ਪਹੁੰਚ ਜਾਣ ਵਾਲੀ ਹੈ ਜਿਸ ਨਾਲ ਯਾਦਾਸ਼ਤ ਦੀ ਘਾਟ ਵਾਲੇ ਮਰੀਜ਼ ਚੁਫ਼ੇਰੇ ਦਿਸਣ ਲੱਗ ਪੈਣੇ ਹਨ। ਛੱਲੀ ਵਿਚਲਾ ਵਿਟਾਮਿਨ ਬੀ ਇਕ (ਥਾਇਆਮੀਨ) ਜਿੱਥੇ ਦਿਮਾਗ਼ ਨੂੰ ਤੰਦਰੁਸਤ ਰੱਖਦਾ ਹੈ ਉੱਥੇ ਐਸੀਟਾਈਲ ਕੋਲੀਨ ਬਣਾ ਦਿੰਦਾ ਹੈ ਜਿਸ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ। ਰੋਜ਼ਾਨਾ 1.1 ਮਿਲੀਗ੍ਰਾਮ ਥਾਇਆਮੀਨ 18 ਸਾਲਾਂ ਤੋਂ ਘੱਟ ਉਮਰ ਵਿਚ ਚਾਹੀਦੀ ਹੁੰਦੀ ਹੈ। ਸੌ ਗ੍ਰਾਮ ਛੱਲੀ ਵਿਚ 0.3 ਮਿਲੀਗ੍ਰਾਮ ਥਾਇਆਮੀਨ ਹੁੰਦੀ ਹੈ।
ਹੱਡੀਆਂ ਦੀ ਤਾਕਤ :-
    ਛੱਲੀ ਵਿਚਲਾ ਮੈਂਗਨੀਜ਼ ਹੱਡੀਆਂ ਨੂੰ ਸਿਹਤਮੰਦ ਰੱਖਦਾ ਹੈ ਤੇ ਸਰੀਰ ਨੂੰ ਤਾਕਤ ਬਖਸ਼ਦਾ ਹੈ। ਮੈਂਗਨੀਜ਼ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਵੱਧਣਾ ਫੁੱਲਣਾ ਘੱਟ ਹੋ ਜਾਂਦਾ ਹੈ ਅਤੇ ਸ਼ਕਰਾਣੂਆਂ ਦੀ ਵੀ ਕਮੀ ਹੋ ਜਾਂਦੀ ਹੈ। ਛੱਲੀ (100 ਗ੍ਰਾਮ) ਵਿਚ 127 ਮਿਲੀਗ੍ਰਾਮ ਮੈਂਗਨੀਜ਼ ਹੁੰਦਾ ਹੈ।
ਕਬਜ਼ ਠੀਕ ਹੋਣੀ :-
    ਛੱਲੀ ਵਿਚਲੇ ਫ਼ਾਈਬਰ ਸਦਕਾ ਕਬਜ਼ ਵੀ ਠੀਕ ਹੋ ਜਾਂਦੀ ਹੈ।
ਵਾਲਾਂ ਲਈ :-
    ਕੌਰਨ ਤੇਲ ਸਿਰ ਉੱਤੇ ਰੋਜ਼ ਰਾਤ ਝੱਸਣ ਨਾਲ ਸਿਰ ਦੀ ਚਮੜੀ ਸਿਹਤਮੰਦ ਹੋ ਜਾਂਦੀ ਹੈ। ਇਸ ਵਿਚਲਾ ਵਿਟਾਮਿਨ ਸੀ, ਕੋਲਾਜਨ ਬਣਾਉਣ ਵਿਚ ਮਦਦ ਕਰਦਾ ਹੈ ਤੇ ਵਾਲਾਂ ਨੂੰ ਵੀ ਝੜਨ ਤੋਂ ਰੋਕਦਾ ਹੈ।
ਕੋਲੈਸਟਰੋਲ ਘਟਾਉਣਾ :-
    ਇੱਕ ਖੋਜ ਵਿਚ 54 ਬੰਦਿਆਂ ਤੇ ਔਰਤਾਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਅੱਧਿਆਂ ਨੂੰ ਓਲਿਵ ਤੇਲ ਵਿਚ ਪਕਾਇਆ ਖਾਣਾ ਖਾਣ ਲਈ ਦਿੱਤਾ ਗਿਆ ਤੇ ਬਾਕੀਆਂ ਨੂੰ ਕੌਰਨ ਤੇਲ ਵਿਚਲਾ। ਨਤੀਜਿਆਂ ਵਿਚ ਪਤਾ ਲੱਗਿਆ ਕਿ ਐਲ.ਡੀ.ਐਲ. ਕੋਲੈਸਟਰੋਲ ਕੌਰਨ ਤੇਲ ਨਾਲ 11 ਫੀਸਦੀ ਘਟਿਆ ਜਦਕਿ ਓਲਿਵ ਤੇਲ ਨਾਲ ਸਿਰਫ਼ 3.5 ਫੀਸਦੀ।
ਚਮੜੀ ਲਈ :
    ਛੱਲੀ ਵਿਚਲੇ ਲਾਈਕੋਪੀਨ ਅਤੇ ਵਿਟਾਮਿਨ ਸੀ ਕੋਲਾਜਨ ਮਜ਼ਬੂਤ ਕਰ ਕੇ ਚਮੜੀ ਦੀ ਲਚਕ ਬਰਕਰਾਰ ਰੱਖਦੇ ਹਨ ਅਤੇ ਝੁਰੜੀਆਂ ਪੈਣ ਤੋਂ ਰੋਕਦੇ ਹਨ। ਪ੍ਰੋਟੀਨ ਦੀ ਮਾਤਰਾ ਵੀ ਛੱਲੀ ਵਿਚ ਕਾਫ਼ੀ ਹੋਣ ਸਦਕਾ ਚਮੜੀ ਲਈ ਫ਼ਾਇਦੇਮੰਦ ਸਾਬਤ ਹੋ ਚੁੱਕੀ ਹੈ।
ਭਰੂਣ ਲਈ :-
    ਛੱਲੀ ਵਿਚਲੇ ਥਾਇਆਮੀਨ ਤੇ ਪੈਂਟੋਥੀਨਿਕ ਏਸਿਡ ਜਿੱਥੇ ਜੱਚਾ ਲਈ ਫ਼ਾਇਦੇਮੰਦ ਹਨ ਉੱਥੇ ਭਰੂਣ ਦੇ ਦਿਮਾਗ਼ ਨੂੰ ਵੀ ਸਿਹਤਮੰਦ ਰੱਖਦੇ ਹਨ।
ਕੁੱਝ ਮਾੜੇ ਅੰਸ਼ :-
1.     ਮੱਕੀ ਵਿਚਲੇ ਫਾਈਟੇਟ ਖ਼ੁਰਾਕ ਵਿੱਚੋਂ ਲੋਹ ਕਣ ਅਤੇ ਜ਼ਿੰਕ ਹਜ਼ਮ ਨਹੀਂ ਹੋਣ ਦਿੰਦੇ। ਇਸੇ ਲਈ ਮੱਕੀ ਨੂੰ ਕੁੱਝ ਦੇਰ ਪਾਣੀ ਵਿਚ ਗੁੰਨ ਕੇ ਰੱਖਣ ਨਾਲ ਜਾਂ ਪੁੰਗਰ ਕੇ ਖਾਣ ਨਾਲ ਫਾਈਟੇਟ ਘਟਾਏ ਜਾ ਸਕਦੇ ਹਨ।
2.    ਸਾਂਭ ਕੇ ਰੱਖੀਆਂ ਛੱਲੀਆਂ ਵਿਚ ਕਈ ਵਾਰ ਉੱਲੀ (ਮਾਈਕੋਟੌਕਸਿਨ) ਲੱਗ ਸਕਦੀ ਹੈ। ਜ਼ਿਆਦਾ ਮਾਤਰਾ ਵਿਚ ਇਹ ਖਾਂਦੇ ਰਹਿਣ ਨਾਲ ਮੌਤ ਹੋ ਸਕਦੀ ਹੈ। ਕੈਂਸਰ ਅਤੇ ਭਰੂਣ ਦੇ ਦਿਮਾਗ਼ ਦੇ ਨੁਕਸ ਵੀ ਵੇਖੇ ਜਾ ਸਕਦੇ ਹਨ। ਏਸੇ ਤਰ੍ਹਾਂ ਦੀ ਛੱਲੀ ਖਾਣ ਨਾਲ ਸੰਨ 2004 ਅਪਰੈਲ ਵਿਚ ਕੀਨੀਆ ਵਿਚ 125 ਬੰਦੇ ਮਰ ਗਏ ਸਨ।
    ਇਹੀ ਕਾਰਨ ਹੈ ਕਿ ਮੱਕੀ ਦਾ ਠੀਕ ਢੰਗ ਤੇ ਸਹੀ ਥਾਂ ਉੱਤੇ ਸੁਕਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਵਿਚਲੀ ਨਮੀ ਸਦਕਾ ਇਸ ਨੂੰ ਉੱਲੀ ਨਾ ਲੱਗੇ।
3.    ਕਣਕ ਦੀ ਐਲਰਜੀ :- ਆਮ ਤੌਰ ਉੱਤੇ ਕਣਕ ਦੀ ਐਲਰਜੀ ਵਾਲੇ ਮਰੀਜ਼ ਮੱਕੀ ਖਾ ਸਕਦੇ ਹੁੰਦੇ ਹਨ। ਕੁੱਝ ਜਣਿਆਂ ਵਿਚ ਮੱਕੀ ਤੋਂ ਵੀ ਤਗੜੀ ਐਲਰਜੀ ਵੇਖੀ ਗਈ ਹੈ। ਇਹ ਐਲਰਜੀ ਮੱਕੀ ਵਿਚਲੇ ਅੰਸ਼ 'ਜ਼ੀਨ' ਕਰ ਕੇ ਹੈ ਜੋ ਗਲੱਟਨ ਵਾਂਗ ਹੀ ਲੱਛਣ ਵਿਖਾ ਸਕਦਾ ਹੈ ਤੇ ਗਲੱਟਨ ਦੇ ਹੀ ਟੱਬਰ ਦਾ ਇੱਕ ਅੰਸ਼ ਹੈ। ਕਈ ਵਾਰ ਬਜ਼ਾਰੋਂ ਲਏ ਮੱਕੀ ਦੇ ਆਟੇ ਵਿਚ ਪਹਿਲਾਂ ਤੋਂ ਹੀ ਮੈਦਾ ਜਾਂ ਕਣਕ ਦਾ ਆਟਾ ਮਿਲਾਇਆ ਹੁੰਦਾ ਹੈ ਜਿਸ ਸਦਕਾ ਸੀਲੀਅਕ ਬੀਮਾਰੀ ਵਾਲੇ ਮਰੀਜ਼ਾਂ ਨੂੰ ਲੱਛਣ ਦਿੱਸਣ ਲੱਗ ਪੈਂਦੇ ਹਨ।
    ਕੁੱਝ ਜਣਿਆਂ ਨੂੰ ਮੱਕੀ ਤੋਂ ਐਲਰਜੀ ਹੋ ਸਕਦੀ ਹੈ ਜਿਸ ਨਾਲ ਮੱਕੀ ਖਾਂਦਿਆਂ ਸਾਰ ਉਨ੍ਹਾਂ ਨੂੰ ਅਫ਼ਾਰਾ ਮਹਿਸੂਸ ਹੋਣ ਲੱਗ ਪੈਂਦਾ ਹੈ ਜਾਂ ਟੱਟੀਆਂ ਲੱਗ ਸਕਦੀਆਂ ਹਨ।
4.    ਕੌਰਨ ਸਿਰਪ :-
    ਇਹ ਖੰਡ ਤੋਂ ਵੀ ਵੱਧ ਖ਼ਤਰਨਾਕ ਹੈ। ਇਸ ਦੀ ਵਰਤੋਂ ਨਾਲ ਮੋਟਾਪਾ, ਦਿਲ ਦੇ ਰੋਗ, ਕੈਂਸਰ, ਫੈੱਟੀ ਜਿਗਰ (ਜਿਗਰ ਵਿਚ ਥਿੰਦਾ ਜੰਮਣਾ) ਸ਼ੱਕਰ ਰੋਗ ਤੇ ਹੋਰ ਕਈ ਤਰ੍ਹਾਂ ਦੇ ਮਾੜੇ ਰੋਗ ਹੋ ਸਕਦੇ ਹਨ। ਇਸ ਵਿਚ ਖ਼ੁਰਾਕੀ ਤੱਤ ਬਚਦੇ ਹੀ ਨਹੀਂ। ਸਿਰਫ਼ ਮਿੱਠਾ ਹੁੰਦਾ ਹੈ ਤੇ ਉਹ ਵੀ ਖੰਡ ਤੋਂ ਦੁਗਣਾ।
    ਕੌਰਨ ਵਿੱਚੋਂ ਸਿਰਫ਼ ਇਹ ਵਾਲਾ ਮਿੱਠਾ ਕੱਢ ਕੇ ਉਸ ਨੂੰ ਸ਼ੇਕ, ਪੇਸਟਰੀਆਂ, ਕੇਕ, ਟਾਫੀਆਂ, ਆਈਸਕ੍ਰੀਮ ਆਦਿ ਵਿਚ ਵਰਤਿਆ ਜਾਂਦਾ ਹੈ। ਇਸ ਨਾਲ ਯੂਰਿਕ ਏਸਿਡ ਵੀ ਵੱਧ ਜਾਂਦਾ ਹੈ।
ਹੋਰ ਕਿਸਮਾਂ :-
    ਮੱਕੀ ਦੇ ਫ਼ਾਇਦੇ ਵੇਖਦਿਆਂ ਦੁਨੀਆ ਭਰ ਵਿਚ ਇਸ ਨੂੰ ਭਾਰੀ ਮਾਤਰਾ ਵਿਚ ਉਗਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ। ਇਕੱਲੇ ਅਮਰੀਕਾ ਵਿਚ 370 ਮਿਲੀਅਨ ਮੀਟਰਿਕ ਟਨ ਅਤੇ ਚੀਨ ਵਿਚ 271 ਮਿਲੀਅਨ ਮੀਟਰਿਕ ਟਨ ਛੱਲੀ ਉਗਾਈ ਜਾਂਦੀ ਹੈ।
ਡੈਂਟ ਕੌਰਨ :- ਜ਼ਿਆਦਾਤਰ ਅਮਰੀਕਾ ਵਿਚ ਜਾਨਵਰਾਂ ਲਈ ਉਗਾਇਆ ਜਾਂਦਾ ਹੈ।

ਭਾਰਤੀ ਛੱਲੀ :
    ਭਾਰਤੀ ਛੱਲੀ ਨੂੰ 'ਫਲਿੰਟ ਕੌਰਨ' ਕਿਹਾ ਜਾਂਦਾ ਹੈ ਜਿਸ ਵਿਚ ਘੱਟ ਕਾਰਬੋਹਾਈਡਰੇਟ ਹੁੰਦੇ ਹਨ। ਇਸ ਬਾਰੇ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਪਾਵਨੀ ਕਬੀਲੇ ਵਾਲੇ ਇਸ ਨੂੰ ਈਸਾ ਮਸੀਹ ਤੋਂ 1000 ਸਾਲ ਪਹਿਲਾਂ ਤੋਂ ਹੀ ਵਰਤਦੇ ਰਹੇ ਸਨ। ਇਸ ਨਾਲ ਲਹੂ ਦੀ ਕਮੀ ਠੀਕ ਹੋ ਜਾਂਦੀ ਹੈ ਕਿਉਂਕਿ ਇਸ ਵਿਚ ਲੋਹ ਕਣ, ਫੌਲਿਕ ਏਸਿਡ ਤੇ ਵਿਟਾਮਿਨ ਬੀ 6 ਹਨ।
    ਸੌ ਗ੍ਰਾਮ ਛੱਲੀ ਵਿਚ 2.71 ਮਿਲੀਗ੍ਰਾਮ ਲੋਹ ਕਣ ਹਨ।
    ਛੱਲੀ ਵਿਚਲਾ ਬੀਟਾ-ਕਰਿਪਟੋਜ਼ੈਂਥੀਨ ਫੇਫੜਿਆਂ ਦੇ ਕੈਂਸਰ ਨੂੰ ਹੋਣ ਤੋਂ ਰੋਕਦਾ ਹੈ। ਕੌਰਨ ਅੰਦਰਲਾ ਫਿਰੂਲਿਕ ਏਸਿਡ ਵੀ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ।
ਟੂਨੀਕੇਟ ਮੱਕੀ ਜਾਂ ਪੌਡ ਕੌਰਨ :- ਦੱਖਣੀ ਅਮਰੀਕਾ ਵਿਚ ਜੰਗਲੀ ਉੱਗੀ ਮੱਕੀ ਨੂੰ ਟੂਨੀਕੇਟ ਕਹਿੰਦੇ ਹਨ।
ਅੱਜ ਕਲ ਪੈਪਸੀ ਤੇ ਕੋਕਾ ਕੋਲਾ ਵਾਲੇ ਛੱਲੀ ਵਿੱਚੋਂ ਹੀ ਕੌਰਨ ਸਵੀਟਨਰ ਬਣਾ ਕੇ ਉਸ ਵਿਚ ਪਾ ਰਹੇ ਹਨ। ਅੱਜ ਦੇ ਦਿਨ ਦੁਨੀਆ ਭਰ ਵਿਚ ਛੱਲੀ ਤੋਂ ਲਗਭਗ 3500 ਵੱਖੋ ਵੱਖਰੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ।
ਗਰਮੀਆਂ ਵਿਚ ਲੱਗਦੀ ਛੱਲੀ ਬਹੁਤਾ ਪਾਣੀ ਨਹੀਂ ਮੰਗਦੀ। ਦੁਨੀਆ ਭਰ ਵਿਚ ਡਰਿਪ ਇਰੀਗੇਸ਼ਨ ਨਾਲ ਛੱਲੀਆਂ ਉਗਾਈਆਂ ਜਾ ਰਹੀਆਂ ਹਨ। ਲਗਭਗ ਇੱਕ ਇੰਚ ਪਾਣੀ ਹਰ ਹਫ਼ਤੇ ਸ਼ੁਰੂਆਤੀ ਸਮੇਂ ਵਿਚ ਚਾਹੀਦਾ ਹੁੰਦਾ ਹੈ।
ਜੇ ਪੰਜਾਬ ਵਿਚ ਛੱਲੀਆਂ ਲਾਉਣੀਆਂ ਵਧਾ ਕੇ, ਝੋਨਾ ਘਟਾ ਲਿਆ ਜਾਵੇ ਤਾਂ ਜਿੱਥੇ ਪਾਣੀ ਦੀ ਬਚਤ ਹੋ ਜਾਵੇਗੀ, ਉੱਥੇ ਪੰਜਾਬੀਆਂ ਦੀ ਸਿਹਤ ਵੀ ਵਧੀਆ ਹੋ ਜਾਵੇਗੀ।
 
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783