ਬੰਦਾ ( ਮਿੰਨੀ ਕਹਾਣੀ) - ਸ਼ਿਵਨਾਥ ਦਰਦੀ

ਆਪਸ ਵਿੱਚ ਗੱਲਾਂ ਕਰਦੀਆਂ , ਗੋਗੀ ਤੇ ਸ਼ਾਂਤੀ , ਨੀਂ ਮੈਂ ਸੁਣਿਆ , ਸ਼ਾਂਤੀ ! ਸਵਰਨੋ ਬਹੁਤ ਬੀਮਾਰ ਹੋ ਗਈ ।
        ਨੀਂ ਨਹੀਂ  , ਪਿਛਲੇ ਐਤਵਾਰ ਮਿਲੀ ਸੀ । ਮਣ ਮਣ ਸੁਰਖੀ ਲੱਗੀ ਸੀ , ਚੰਗੀ ਭਲੀ ਲਗਦੀ ਸੀ । ਓਹਨੂੰ ਕੀ ਹੋਇਆ ?
        ਘਰ ਦਾ ਸਾਰਾ ਕੰਮ ਤਾਂ , ਓਹਦੇ ਘਰ ਵਾਲਾ ਕਰਦਾ । ਓਹ ਤਾਂ ਟੌਰ ਸ਼ਕੀਨੀ ਲਾਈਂ ਰੱਖਦੀ ‌। ਕੱਲਾ ਰੋਟੀ ਟੁੱਕ ਬਣਾਉਂਦੀ । ਉਹ ਵੀ ਟਾਈਮ ਨਾਲ ਨਹੀਂ । ਨੀਂ , ਉਹਦੇ ਜਵਾਕ ਵੀ , ਓਹਦੀ ਬੋਲੀ ਬੋਲਦੇ । ਉਹ ਵੀ ਪਿਉ ਨੂੰ , ਕੁਝ ਨਹੀਂ ਸਮਝਦੇ ।
          ਨੀਂ ਚੰਦਰੀ ਨੂੰ , ਬੰਦਾ ਸਾਊ ਮਿਲ ਗਿਆ । ਨੀਂ , ਓਹ ਵੀ ਨਿਰਾ ਗਊ । ਨੀਂ ਮੈਂਂ ਤਾਂ , ਕਿਤੇ ਉੱਚੀ ਬੋਲਦਾ ਨਹੀਂ ਦੇਖਿਆ । ਨੀਂ , ਕੁਆਰੇ ਹੁੰਦੇ ਨੂੰ , ਪਹਿਲਾਂ ਪਿਉ ਨੇ , ਪੂਰਾ ਵਾਹਿਆ । ਹੁਣ ,ਇਹ ਵਾਹੀ ਜਾਂਦੀ ।
           ਨੀਂ ਛੱਡ ਭੈਣੇ ! ਆਪਾਂ ਕੀ ਲੈਣਾ । ਰੱਬ ਸਭ ਦਾ ਨਿਆਂ ਕਰਦਾ । ਓਹਦੀ ਲਾਠੀ ਚ ਆਵਾਜ਼ ਨਹੀਂ ਹੁੰਦੀ । ਨੀਂ ਕਿਸੇ ਸਾਊ ਬੰਦੇ ਨੂੰ ਤੰਗ ਕਰਨ ਵਾਲੇ ਨੂੰ , ਏਥੇ ਨਰਕ ਭੋਗਣੇ ਪੈਂਦੇ । ਰੱਬ ਸਭ ਕੁਝ ਏਥੇ ਦਿਖਾਉਂਦਾ । ਐਵੇਂ , ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰੀਦਾ । ਬਾਕੀ ਬੰਦਾ ਤਾਂ ਬੰਦਾ ਹੁੰਦਾ । ਜਨਾਨੀ ਨੂੰ , ਆਪਣੇ ਬੰਦੇ ਨੂੰ ਬੰਦਾ ਬਣਾ ਕੇ ਰੱਖਣਾ ਚਾਹੀਦਾ ਹੈ ।
         ਠੀਕ ਕਿਹਾ ਭੈਣੇ , ਬੰਦੇ ਨੂੰ ਵੀ ਜਨਾਨੀ ਨੂੰ ਜਨਾਨੀ ਸਮਝਣਾ ਚਾਹੀਦਾ । ਫੇਰ ਹੀ ਪਰਿਵਾਰ ਚਲਦਾ ।
          ਨੀਂ ਭੈਣੇ , ਮੈਂ ਤਾਂ ਕਹਿੰਦੀ ਹਾਂ , ਜ਼ੋ ਕੰਮ ਬੰਦੇ ਦੇ , ਓਹ ਬੰਦੇ ਨੂੰ ਕਰਨੇ ਚਾਹੀਦੇ । ਜ਼ੋ ਕੰਮ ਜਨਾਨੀ ਦੇ ਕੰਮ , ਓਹ ਜਨਾਨੀ ਨੂੰ ਕਰਨੇ ਚਾਹੀਦੇ ।
            ਨੀਂ ਬੰਦਾ ਤਾਂ , ਬੱਚਿਆਂ ਦੇ ਜਨਮ ਤੋਂ ਪੜ੍ਹਾਈ ਲਿਖਾਈ , ਵਿਆਹ ਸ਼ਾਦੀਆਂ ਤੇ ਘਰ ਬਾਰ ਬਣਾਉਣ ਤੱਕ ਸੋਚਦਾ ਹੈ । ਫੇਰ ਬੰਦੇ ਦੀ ਜ਼ੁਬਾਨ ਦਾ ਮੁੱਲ ਪੈਂਦਾ । ਜਨਾਨੀ ਤਾਂ ਜਨਾਨੀ ਹੁੰਦੀ । ਜਨਾਨੀ ਦਾ ਦਿਲ ਪਾਣੀ ਵਾਂਗੂੰ ਡੋਲਦਾ । ਨੀਂ ਬੰਦੇ ਬਿਨਾਂ ਕੀ ਜਿੰਦਗੀ ।
              ਨੀਂ ਚੱਲ ਛੱਡ ਭੈਣੇ , ਹੈਪੀ ਦਾ ਡੈਡੀ ਆਉਣ ਵਾਲਾ । ਘਰੇ ਨਾ ਦੇਖ ਕੇ , ਗੁਸਾ ਹੋਊ ।
          ਨੀਂ ਗੁਸਾ ਕਿਉਂ ਹੋਊ । ਨੀਂ ਓਹ ਵੀ ਤਾਂ ਬੰਦਾ ਏ ।

ਸ਼ਿਵਨਾਥ ਦਰਦੀ
ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ