ਇਸ ਹਮਾਮ 'ਚ ਸਾਰੇ ਨੰਗੇ - ਰਵਿੰਦਰ ਸਿੰਘ ਕੁੰਦਰਾ

ਇਸ ਹਮਾਮ 'ਚ  ਸਾਰੇ ਨੰਗੇ,
ਇੱਕ ਦੂਜੇ 'ਤੇ ਉਂਗਲੀ ਚੁੱਕਣ,
ਮੰਦ ਬੁੱਧੀ, ਮਲੀਨ, ਮੁਸ਼ਟੰਡੇ।
ਆਪਣੇ ਮੂੰਹ ਦੁੱਧ ਧੋਤੇ ਸਮਝਣ,
ਪਰ  ਕਾਰੇ  ਨੇ  ਸਭ ਦੇ ਮੰਦੇ।
ਇਸ  ਹਮਾਮ 'ਚ  ਸਾਰੇ ਨੰਗੇ।

ਇੱਕ ਦੂਜੇ  ਦੇ ਪਿੱਛੇ  ਲੁਕਦੇ,
ਉਹਲੇ ਹੋ ਕੇ ਨਿੱਤ ਨੇ ਬੁੱਕਦੇ।
ਇੱਕ ਦੂਜੇ 'ਤੇ ਚਿੱਕੜ ਸੁੱਟਦੇ,
ਝੂਠ ਨੂੰ ਥਾਂ ਥਾਂ ਜਾਵਣ ਥੁੱਕਦੇ।
ਜਾਣ-ਬੁੱਝ ਕੇ ਲੈਣ ਇਹ ਪੰਗੇ,
ਇਸ  ਹਮਾਮ 'ਚ ਸਾਰੇ ਨੰਗੇ।

ਮੂੰਹ ਪਿਆ ਖਾਵੇ ਅੱਖ ਸ਼ਰਮਾਵੇ,
ਸ਼ਰਮ ਫੇਰ ਵੀ ਰਤਾ ਨਾ ਆਵੇ।
ਕਰਦੇ ਰੱਜ ਰੱਜ ਝੂਠੇ ਦਾਅਵੇ,
ਭੁੱਲਦੇ ਕਰ ਕਰ ਲੱਖਾਂ ਵਾਅਦੇ।
ਵੋਟਰ ਰਹਿ ਗਏ ਨੰਗ ਮਲੰਗੇ,
ਇਸ  ਹਮਾਮ 'ਚ  ਸਾਰੇ ਨੰਗੇ।

ਰੇਤਾ, ਬਜਰੀ, ਇੱਟਾਂ, ਵੱਟੇ,
ਪੱਚੀ ਪਝੱਤਰ 'ਚ ਸੱਭ ਗਏ ਚੱਟੇ।
ਕੇਬਲ, ਬੱਸਾਂ, ਸ਼ਰਾਬਾਂ, ਬੱਤੇ,
ਤਨਖਾਹ, ਪੈਨਸ਼ਨਾਂ ਸਾਰੇ ਭੱਤੇ।
ਖਾਣ ਪੀਣ ਤੋਂ ਮੂਲ ਨਾ ਸੰਗੇ,
ਇਸ ਹਮਾਮ 'ਚ ਸਾਰੇ ਨੰਗੇ।

ਅਵਾਰਾ ਕੁੱਤਿਆਂ ਵਰਗੇ ਕਾਰੇ,
ਟੁਕੜਿਆਂ ਉੱਤੇ ਵਿਕਦੇ ਸਾਰੇ।
ਭੌਂਕਣ ਮਸੀਤੀਂ ਛਕਣ ਗੁਰਦੁਆਰੇ,
ਚੌਧਰ ਲਈ ਫਿਰਦੇ ਮਾਰੇ ਮਾਰੇ।
ਚਿੱਟੇ,  ਨੀਲੇ,  ਭਗਵੇਂ  ਰੰਗੇ,
ਇਸ ਹਮਾਮ 'ਚ  ਸਾਰੇ ਨੰਗੇ।

ਗੰਦਾ  ਖ਼ੂਨ ਹੈ  ਵਧਦਾ-ਫੁਲਦਾ,
ਰਿਸ਼ਤੇਦਾਰੀ ਵਿੱਚ ਜਾਵੇ ਘੁਲਦਾ।
ਵਣਜ ਚੱਲੇ ਬੱਸ ਕੁੱਲ ਤੋਂ ਕੁੱਲ ਦਾ,
ਰਹੇ ਬੇਈਮਾਨੀ ਦਾ ਝੰਡਾ ਝੁਲਦਾ।
ਅਸੂਲ  ਰਹਿਣ ਬੱਸ  ਛਿੱਕੇ ਟੰਗੇ,
ਇਸ  ਹਮਾਮ  'ਚ  ਸਾਰੇ  ਨੰਗੇ।

ਇਸ ਹਮਾਮ 'ਚ  ਸਾਰੇ ਨੰਗੇ,
ਇੱਕ ਦੂਜੇ 'ਤੇ ਉਂਗਲੀ ਚੁੱਕਣ,
ਮੰਦ ਬੁੱਧੀ, ਮਲੀਨ, ਮੁਸ਼ਟੰਡੇ।
ਆਪਣੇ ਮੂੰਹ ਦੁੱਧ ਧੋਤੇ ਸਮਝਣ,
ਪਰ ਕਾਰੇ  ਨੇ ਸਭ ਦੇ  ਮੰਦੇ।
ਇਸ ਹਮਾਮ 'ਚ  ਸਾਰੇ ਨੰਗੇ।
ਰਵਿੰਦਰ ਸਿੰਘ ਕੁੰਦਰਾ