ਔਰਤਾਂ ਦਾ ਸੰਘਰਸ਼ - ਸਵਰਾਜਬੀਰ

ਸਾਡੇ ਦੇਸ਼ ਵਿਚ ਔਰਤਾਂ ਨੂੰ ਮਾਣ-ਸਨਮਾਨ ਦੇਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਇਹ ਹੈ ਕਿ ਹਿੰਦੋਸਤਾਨੀ ਬਰ੍ਹੇ-ਸਗੀਰ (ਉਪ-ਮਹਾਂਦੀਪ) ਦੇ ਬਹੁਤੇ ਸਮਾਜਾਂ ਵਿਚ ਔਰਤ ਦਾ ਸਥਾਨ ਅਜੇ ਵੀ ਗੌਣ/ਨਿਮਨ ਭਾਵ ਹੇਠਲੇ ਦਰਜੇ ਦਾ ਹੈ। ਇਹ ਸਹੀ ਹੈ ਕਿ ਔਰਤਾਂ ਨੇ ਸਿਆਸੀ, ਸਭਿਆਚਾਰਕ, ਆਰਥਿਕ, ਸਮਾਜਿਕ ਅਤੇ ਗਿਆਨ-ਵਿਗਿਆਨ ਦੇ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਪਰ ਸਮਾਜ ਦੇ ਵੱਡੇ ਹਿੱਸੇ ਵਿਚ ਉਨ੍ਹਾਂ ਬਾਰੇ ਸਮਝ ਪੁਰਾਣੇ ਵਿਚਾਰਾਂ ਅਨੁਸਾਰ ਹੈ; ਮਰਦ-ਪ੍ਰਧਾਨ ਸਮਾਜਿਕ ਸੋਚ ਦੇ ਢਾਂਚੇ ’ਚੋਂ ਨਿਕਲੀ ਹੋਈ ਸਮਝ ਅਨੁਸਾਰ। ਇਹੀ ਕਾਰਨ ਹੈ ਕਿ ਵੱਖ ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਆਗੂ ਔਰਤ-ਵਿਰੋਧੀ ਬਿਆਨ ਦਿੰਦੇ ਰਹਿੰਦੇ ਹਨ। 29 ਅਗਸਤ ਨੂੰ ਡਸਨਾ ਦੇ ਪੁਜਾਰੀ ਯਤੀ ਨਰਸਿੰਘਾਨੰਦ ਸਰਸਵਤੀ ਦੀ ਇਕ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿਚ ਉਸ ਨੇ ਸਿਆਸਤ ਵਿਚ ਹਿੱਸਾ ਲੈਣ ਵਾਲੀਆਂ ਔਰਤਾਂ ਲਈ ਬਹੁਤ ਨਿਰਾਦਰ ਭਰੇ ਸ਼ਬਦ ਵਰਤੇ ਹਨ। ਉਸ ਨੇ ਭਾਰਤੀ ਜਨਤਾ ਪਾਰਟੀ ਵਿਚ ਕੰਮ ਕਰਨ ਵਾਲੀਆਂ ਔਰਤਾਂ ’ਤੇ ਵੀ ਨਿਸ਼ਾਨਾ ਸਾਧਿਆ। ਉਸ ਦੇ ਸ਼ਬਦਾਂ ਨੂੰ ਦੁਹਰਾਉਣਾ ਔਰਤਾਂ ਦੀ ਬੇਹੁਰਮਤੀ ਹੋਵੇਗੀ। ਉਸ ਦੇ ਬਿਆਨ ਦਾ ਵੱਡੇ ਪੱਧਰ ’ਤੇ ਵਿਰੋਧ ਹੋਇਆ ਹੈ ਅਤੇ ਉੱਤਰ ਪ੍ਰਦੇਸ਼ ਦੀ ਪੁਲੀਸ ਨੇ ਉਸ ਵਿਰੁੱਧ ਤਿੰਨ ਕੇਸ ਦਰਜ ਕੀਤੇ ਹਨ।
       ਕੁਝ ਸਮਾਂ ਪਹਿਲਾਂ ਮਦਰਾਸ ਹਾਈ ਕੋਰਟ ਨੇ ਤਾਮਿਲ ਅਦਾਕਾਰ-ਸਿਆਸਤਦਾਨ ਐਵੀ ਸ਼ੇਖਰ ਦੁਆਰਾ ਪੱਤਰਕਾਰੀ ਦੇ ਪੇਸ਼ੇ ਵਿਚ ਕੰਮ ਕਰਨ ਵਾਲੀਆਂ ਔਰਤਾਂ ਪ੍ਰਤੀ ਇਤਰਾਜ਼ਯੋਗ ਸ਼ਬਦ ਵਰਤਣ ਕਰਕੇ ਦਾਇਰ ਕੇਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਔਰਤਾਂ ਪ੍ਰਤੀ ਅਪਸ਼ਬਦ ਬੋਲਣ ਵਾਲੇ ਸਿਆਸੀ ਅਤੇ ਧਾਰਮਿਕ ਆਗੂਆਂ ਦੀ ਫਹਿਰਿਸਤ ਬਹੁਤ ਲੰਮੀ ਹੈ। ਦਲੀਲ ਦਿੱਤੀ ਜਾ ਸਕਦੀ ਹੈ ਕਿ ਅਜਿਹੇ ਸ਼ਬਦ ਕੁਝ ਬਿਮਾਰ ਮਾਨਸਿਕਤਾ ਵਾਲੇ ਵਿਅਕਤੀਆਂ ਦੇ ਬੋਲ ਹਨ ਪਰ ਹਕੀਕਤ ਇਹ ਹੈ ਕਿ ਸਾਡੇ ਸਮਾਜ ਦੀ ਸਮੂਹਿਕ ਸਮਝ ਅਜੇ ਵੀ ਔਰਤ ਵਿਰੋਧੀ ਹੈ।
        ਇਤਿਹਾਸਕਾਰਾਂ ਅਤੇ ਸਮਾਜ-ਵਿਗਿਆਨੀਆਂ ਦਾ ਵਿਚਾਰ ਹੈ ਕਿ ਬਹੁਤ ਪਹਿਲਾਂ ਹਿੰਦੋਸਤਾਨੀ ਬਰ੍ਹੇ-ਸਗੀਰ ਦੇ ਬਹੁਤੇ ਸਮਾਜਾਂ ਦੀ ਬਣਤਰ ਮਾਤ-ਪ੍ਰਧਾਨ ਸੀ, ਜਿਸ ਵਿਚ ਇਸਤਰੀ ਦਾ ਸਥਾਨ ਸ੍ਰੇਸ਼ਠ ਅਤੇ ਪ੍ਰਮੁੱਖਤਾ ਵਾਲਾ ਸੀ। ਹਿਮਾਲਿਆ ਦੇ ਨਾਲ ਲੱਗਦੇ ਇਲਾਕਿਆਂ, ਕੇਰਲ ਅਤੇ ਉੱਤਰ-ਪੂਰਬ ਵਿਚ ਕਈ ਥਾਵਾਂ ’ਤੇ ਇਸ ਤਰ੍ਹਾਂ ਦੀਆਂ ਸਮਾਜਿਕ ਬਣਤਰਾਂ ਅੱਜ ਵੀ ਮੌਜੂਦ ਹਨ। ਦੇਵੀ ਪੂਜਾ ਅਤੇ ਤਾਂਤਰਿਕ ਮੱਤਾਂ ਦੀਆਂ ਪੂਜਾ ਵਿਧੀਆਂ ਨੂੰ ਬੀਤੇ ਦੇ ਮਾਤ-ਪ੍ਰਧਾਨ ਸਮਾਜਾਂ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਪਿਤਾ-ਪ੍ਰਧਾਨ ਸਮਾਜ ਉਨ੍ਹਾਂ ਮਾਤ-ਪ੍ਰਧਾਨ ਸਮਾਜਾਂ ਤੋਂ ਹੀ ਵਿਕਸਿਤ ਹੋਏ। ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਇਸ ਵਿਕਾਸ ਵਿਚ ਸਹਿਜਮਈ ਵਿਕਾਸ ਨਾਲੋਂ ਦਮਨਕਾਰੀ ਪੱਖ ਜ਼ਿਆਦਾ ਸੀ ਅਤੇ ਇਸੇ ਕਾਰਨ ਹੀ ਬਾਲ-ਵਿਆਹ, ਵਿਧਵਾ-ਵਿਆਹ ਦੀ ਮਨਾਹੀ, ਕੁੜੀ-ਮਾਰ ਪਰੰਪਰਾ, ਔਰਤ ਨੂੰ ਆਪਣਾ ਜੀਵਨ-ਸਾਥੀ ਚੁਣਨ ਦਾ ਹੱਕ ਨਾ ਹੋਣਾ, ਵਿਧਵਾਵਾਂ ਨਾਲ ਦੁਰਵਿਹਾਰ, ਦੇਵਦਾਸੀ ਪਰੰਪਰਾ ਅਤੇ ਸਤੀ ਆਦਿ ਜਿਹੀਆਂ ਕੁਰੀਤੀਆਂ ਸਾਡੇ ਸਮਾਜਾਂ ਵਿਚ ਬੜੇ ਡੂੰਘੇ ਤਰੀਕੇ ਨਾਲ ਘਰ ਕਰ ਗਈਆਂ। ਮਿਥਿਹਾਸਕ ਗ੍ਰੰਥਾਂ ਅਤੇ ਪੁਰਾਤਨ ਤੇ ਮੱਧਕਾਲੀਨ ਸਮੇਂ ਦੇ ਸਾਹਿਤ ਵਿਚ ਔਰਤਾਂ ਨਾਲ ਕੀਤੇ ਜਾਂਦੇ ਵਿਤਕਰੇ, ਉਨ੍ਹਾਂ ’ਤੇ ਲਾਈਆਂ ਗਈਆਂ ਸਮਾਜਿਕ ਪਾਬੰਦੀਆਂ ਅਤੇ ਔਰਤ-ਵਿਰੋਧੀ ਸੋਚ ਦੀਆਂ ਅਨੇਕ ਗਵਾਹੀਆਂ ਮਿਲਦੀਆਂ ਹਨ। ਔਰਤਾਂ ਅਤੇ ਦਲਿਤਾਂ ਨੂੰ ਗਿਆਨ ਦੇ ਖੇਤਰ ਤੋਂ ਬਾਹਰ ਰੱਖਿਆ ਗਿਆ। ਧਰਮ ਨੇ ਜਾਤੀਵਾਦ ਅਤੇ ਔਰਤ ਵਿਰੋਧ ਨੂੰ ਸਮਾਜ ਵਿਚ ਸਵੀਕਾਰ ਕੀਤੇ ਜਾਣ ਵਿਚ ਵੱਡੀ ਭੂਮਿਕਾ ਨਿਭਾਈ। ਔਰਤਾਂ ਨੂੰ ਉਨ੍ਹਾਂ ’ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਮਰਿਆਦਾ ਤੇ ਪਰੰਪਰਾ ਦੇ ਰੂਪ ਵਿਚ ਸਵੀਕਾਰ ਕਰਨਾ ਸਿਖਾਇਆ ਗਿਆ।
        ਇਸ ਤਰ੍ਹਾਂ ਮਰਦ-ਪ੍ਰਧਾਨ ਸਮਿਆਂ ’ਚੋਂ ਲੰਘਦੀ ਹੋਈ ਔਰਤ ਨੇ ਅਚੇਤ ਅਤੇ ਸੁਚੇਤ ਤੌਰ ’ਤੇ ਮਰਦ-ਪ੍ਰਧਾਨ ਸਮਾਜ ਦੀ ਸ੍ਰੇਸ਼ਟਤਾ ਅਤੇ ਆਪਣੀ ਗੌਣ ਸਥਿਤੀ ਨੂੰ ਸਵੀਕਾਰ ਕਰ ਲਿਆ। ਫਰਾਂਸੀਸੀ ਚਿੰਤਕ ਹੈਲੀਨ ਸਿਕਸਸ (Helene Cixous) ਅਨੁਸਾਰ ਮਰਦਾਂ ਨੇ ਔਰਤਾਂ ’ਤੇ ਸਭ ਤੋਂ ਵੱਡਾ ਜ਼ੁਲਮ ਇਹ ਕੀਤਾ ਕਿ ਉਨ੍ਹਾਂ ਨੇ ਔਰਤ ਨੂੰ ਆਪਣੇ ਆਪ ਨਾਲ ਘਿਰਣਾ ਕਰਨੀ ਅਤੇ ਘਟੀਆ ਸਮਝਣਾ ਸਿਖਾਇਆ।
       ਕੁਝ ਚਿੰਤਕਾਂ ਅਨੁਸਾਰ ਔਰਤ ਕੁਦਰਤ ਦੇ ਜ਼ਿਆਦਾ ਨਜ਼ਦੀਕ ਹੈ ਕਿਉਂਕਿ ਉਸ ਦੇ ਕਈ ਕਾਰਜ ਜਿਵੇਂ ਬੱਚਿਆਂ ਨੂੰ ਜਨਮ ਦੇਣਾ, ਪਾਲਣ ਪੋਸ਼ਣ ਆਦਿ ਕੁਦਰਤ ਦੇ ਕਾਰਜਾਂ (ਜੀਵਾਂ, ਬਨਸਪਤੀ ਕੁਦਰਤੀ ਵਰਤਾਰਿਆਂ ਨੂੰ ਜਨਮ ਦੇਣਾ) ਵਰਗੇ ਹੀ ਹਨ, ਜਦੋਂਕਿ ਮਰਦ ਮਨੁੱਖ ਦੀ ਸਮਾਜਿਕ ਅਤੇ ਸਭਿਆਚਾਰਕ ਅਤੇ ਆਰਥਿਕ ਹੋਂਦ (ਜੋ ਕੁਦਰਤੀ ਹੋਂਦ ਦੀ ਬਿਸਾਤ ’ਤੇ ਬਣਦੀ/ਉਸਰਦੀ ਹੈ) ਵਿਚ ਹਾਵੀ ਹੈ। ਇਹ ਨਹੀਂ ਕਿ ਔਰਤ ਸਮਾਜ, ਸਭਿਆਚਾਰ ਅਤੇ ਅਰਥਚਾਰੇ ’ਚੋਂ ਗ਼ੈਰਹਾਜ਼ਰ ਹੈ, ਉਹ ਹਰ ਥਾਂ ਹਾਜ਼ਰ ਹੈ ਪਰ ਇਨ੍ਹਾਂ ਸਭ ਸ਼ੋਅਬਿਆਂ ਵਿਚ ਉਸ ਦਾ ਦਰਜਾ ਮਰਦ ਦੇ ਬਰਾਬਰ ਨਹੀਂ, ਉਸ ਨੂੰ ਅਧੀਨਗੀ ਵਾਲਾ ਦਰਜਾ ਦਿੱਤਾ ਗਿਆ ਹੈ। ਇਹ ਕੁਦਰਤੀ ਵਰਤਾਰਾ ਨਹੀਂ, ਇਹ ਵਰਤਾਰਾ ਸਮਾਜਿਕ, ਸਭਿਆਚਾਰ ਅਤੇ ਆਰਥਿਕ ਸ਼ਕਤੀਆਂ ਰਾਹੀਂ ਉਸਾਰਿਆ/ਬਣਾਇਆ ਗਿਆ ਹੈ। ਪ੍ਰਾਚੀਨ ਸਮਿਆਂ ਵਿਚ ਮਨੁੱਖ ਕੁਦਰਤ ਦੀ ਗੋਦ ਵਿਚ ਰਹਿੰਦਾ ਸੀ ਤਾਂ ਔਰਤ ਤੇ ਮਰਦ ਬਰਾਬਰ ਸਨ, ਸਮਾਜ ਵਿਚ ਨਿੱਜੀ ਜਾਇਦਾਦ ਦੇ ਪ੍ਰਵੇਸ਼ ਅਤੇ ਰਿਆਸਤ/ਸਟੇਟ ਦੇ ਬਣਨ ਨਾਲ ਮਰਦ-ਸ਼ਕਤੀ ਹਾਵੀ ਹੁੰਦੀ ਗਈ ਅਤੇ ਉਸ ਨੇ ਸਮਾਜਿਕ ਸੂਝ-ਸਮਝ ਦੇ ਇਹੋ ਜਿਹੇ ਪਾਸਾਰ ਕਾਇਮ ਕੀਤੇ ਜਿਨ੍ਹਾਂ ਵਿਚ ਮਰਦ ਨੂੰ ਤਾਕਤ, ਗਿਆਨ ਤੇ ਤਰਕ ਦਾ ਮੁਜੱਸਮਾ ਸਮਝਿਆ ਜਾਣ ਲੱਗਾ ਜਦੋਂਕਿ ਔਰਤਾਂ ਨੂੰ ਜ਼ਿਆਦਾ ਭਾਵਨਾਤਮਕ, ਘੱਟ ਸਮਝਦਾਰ, ਘੱਟ ਤਰਕਸ਼ੀਲ, ਅਬਲਾ ਆਦਿ ਗਰਦਾਨਿਆ ਗਿਆ।
        ਇਨ੍ਹਾਂ ਵਿਤਕਰਿਆਂ ਨੂੰ ਸਹੀ ਠਹਿਰਾਉਣ ਲਈ ਬਹੁਤੀ ਵਾਰ ਔਰਤ ਤੇ ਮਰਦ ਵਿਚਲੇ ਸਰੀਰਕ ਫ਼ਰਕ ਨੂੰ ਆਧਾਰ ਬਣਾਇਆ ਜਾਂਦਾ ਹੈ। ਮਰਦ-ਪ੍ਰਧਾਨ ਸਮਾਜਾਂ ਵਿਚ ਇਹ ਸਮਝ ਬਣਾਈ ਗਈ ਹੈ ਕਿ ਔਰਤ ਦੀ ਸਰੀਰਕ ਬਣਤਰ ਅਜਿਹੀ ਹੈ ਕਿ ਉਹ ਮਰਦ ਦੇ ਬਰਾਬਰ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਕਾਰਜ ਨਹੀਂ ਨਿਭਾ ਸਕਦੀ, ਫ਼ੈਸਲੇ ਕਰਨ ਵਾਲੇ ਕਾਰਜ ਮਰਦ ਕਰਨਗੇ ਅਤੇ ਔਰਤਾਂ ਆਗਿਆ-ਪਾਲਣ, ਮਰਦਾਂ ਦੇ ਫ਼ੈਸਲਿਆਂ ’ਤੇ ਫੁੱਲ ਚੜ੍ਹਾਉਣ ਅਤੇ ਮਰਦ-ਹੁਕਮ ਨੂੰ ਮੰਨਣ ਵਾਲੇ ਕਾਰਜ ਕਰਨਗੀਆਂ। ਸਭਿਆਚਾਰਕ ਵਿਕਾਸ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਮਰਦ ਦੁਆਰਾ ਔਰਤਾਂ ਦੀ ਖ਼ੂਬਸੂਰਤੀ ਲਈ ਬਣਾਏ ਗਏ ਮਿਆਰ ਸਮਾਜਿਕ ਤੌਰ ’ਤੇ ਪ੍ਰਵਾਨ ਕੀਤੇ ਗਏ ਤੇ ਉਨ੍ਹਾਂ ਮਿਆਰਾਂ ਅਨੁਸਾਰ ਖ਼ੂਬਸੂਰਤ ਹੋਣਾ ਔਰਤ ਦੇ ਸਮਾਜਿਕ ਤੇ ਮਨੋਵਿਗਿਆਨਕ ਤੌਰ ’ਤੇ ਪ੍ਰਵਾਨ ਹੋਣ ਲਈ ਜ਼ਰੂਰੀ ਹੋ ਗਿਆ। ਮਰਦ ਲਈ ਮਿਆਰ ਹੋਰ ਬਣੇ, ਉਹ ਤਾਕਤਵਰ ਹੋਣਾ ਚਾਹੀਦਾ ਹੈ, ਅਮੀਰ, ਸੱਤਾਵਾਨ ਅਤੇ ਗਿਆਨਵਾਨ ਹੋਣਾ ਚਾਹੀਦਾ ਹੈ ਜਿਸ ਦਾ ਅਰਥ ਇਹ ਹੈ ਕਿ ਤਾਕਤ, ਸੱਤਾ, ਗਿਆਨ ਅਤੇ ਅਰਥਚਾਰੇ ਦਾ ਕੰਟਰੋਲ ਮਰਦਾਂ ਕੋਲ ਹੋਵੇਗਾ ਜਦੋਂਕਿ ਔਰਤ ਨੂੰ ਉਸ ਦੀ ਸਰੀਰਕਤਾ ਅਤੇ ਸੀਮਤ ਸਮਾਜਿਕ ਕਾਰਜਾਂ ਤਕ ਮਹਿਦੂਦ ਕਰ ਦਿੱਤਾ ਗਿਆ। ਇਹੀ ਨਹੀਂ, ਉਸ ਦੀ ਸਰੀਰਕਤਾ ਦੇ ਬਹੁਤੇ ਕਾਰਜ ਵੀ ਮਰਦ-ਪ੍ਰਧਾਨ ਸਮਾਜਿਕ ਸੂਝ-ਸਮਝ ਅਨੁਸਾਰ ਹੋਣੇ ਨਿਸ਼ਚਿਤ ਹੋਏ, ਉਸ ਦਾ ਵਿਆਹ ਕਦ ਤੇ ਕਿਸ ਨਾਲ ਹੋਵੇਗਾ, ਸਭ ਮਰਦ ਤੈਅ ਕਰਨਗੇ। ਅਜੋਕੇ ਵਪਾਰਕ ਯੁੱਗ ਵਿਚ ਨਾਰੀ-ਦੇਹ ਦਾ ਵੱਡੇ ਪੱਧਰ ’ਤੇ ਬਾਜ਼ਾਰੀਕਰਨ ਅਤੇ ਇਸ਼ਤਿਹਾਰੀਕਰਨ ਕੀਤਾ ਗਿਆ ਹੈ। ਪੱਛਮ ਦੇ ਸੰਦਰਭ ਵਿਚ ਨਾਓਮੀ ਵੁਲਫ ਨੇ ਆਪਣੀ ਕਿਤਾਬ ‘ਦਿ ਬਿਊਟੀ ਮਿਥ’ ਵਿਚ ਇਸ ਬਾਰੇ ਇਉਂ ਲਿਖਿਆ ਹੈ, ‘‘ਵਿਕਟੋਰੀਅਨ ਜ਼ਮਾਨੇ (ਮਹਾਰਾਣੀ ਵਿਕਟੋਰੀਆ ਦੇ ਸਮਿਆਂ - 19ਵੀਂ ਸਦੀ) ਦੀ ਔਰਤ ਬੱਚੇਦਾਨੀ (ਜਾਂ ਅੰਡਕੋਸ਼) ਬਣ ਗਈ ਸੀ ਤੇ ਅੱਜ ਦੇ ਸਮਿਆਂ ਦੀ ਔਰਤ ਆਪਣਾ ‘ਸੁਹੱਪਣ’ ਬਣ ਗਈ ਹੈ।’’ ਬਹੁਤ ਸਾਰੇ ਸਮਕਾਲੀ ਪੰਜਾਬੀ ਗਾਇਕਾਂ ਦੇ ਗੀਤਾਂ ਵਿਚ ਅਸੀਂ ਇਹ ਵਿਸ਼ੈਲਾ ਵਰਤਾਰਾ ਪ੍ਰਤੱਖ ਦੇਖ ਸਕਦੇ ਹਾਂ, ਉਹ ਆਪ (ਮੁੰਡੇ) ਹਥਿਆਰਾਂ ਦੇ ਮਾਲਕ ਹਨ ਅਤੇ ਕੁੜੀਆਂ ਸਰੀਰਕ ਵਸਤੂ।
       ਯੂਰਪ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਵਿਚ ਅਠਾਰਵੀਂ ਸਦੀ ਦੇ ਪਿਛਲੇ ਦਹਾਕਿਆਂ ਤੋਂ ਲੈ ਕੇ ਹੁਣ ਤਕ ਔਰਤ ਦੇ ਆਜ਼ਾਦ ਚਿੰਤਨ ਦੀਆਂ ਆਵਾਜ਼ਾਂ ਬੁਲੰਦ ਹੁੰਦੀਆਂ ਰਹੀਆਂ ਹਨ। ਔਰਤਾਂ ਲਈ ਵੋਟ ਦਾ ਹੱਕ ਮੰਗਣ ਵਾਲੀਆਂ ਸਮਾਜਿਕ ਕਾਰਕੁਨਾਂ ਤੋਂ ਲੈ ਕੇ ਹੁਣ ਤਕ ਦੀਆਂ ਨਾਰੀਵਾਦੀ ਚਿੰਤਕਾਂ ਨੇ ਸਿਆਸੀ, ਸਮਾਜਿਕ, ਸਭਿਆਚਾਰਕ ਤੇ ਆਰਥਿਕ ਖੇਤਰਾਂ ਵਿਚ ਗਹਿਗੱਚ ਸੰਘਰਸ਼ ਕੀਤਾ ਹੈ। ਵਿਲਹਮੀਨਾ ਡਕਰ, ਐਮੀਲਾਈਨ ਪੰਕਹਰਸਟ ਤੇ ਵਰਜੀਨੀਆ ਵੁਲਫ਼ ਤੋਂ ਸ਼ੁਰੂ ਹੁੰਦੇ ਇਸ ਸਫ਼ਰ ਵਿਚ ਅਨੇਕਾਂ ਨਾਰੀਵਾਦੀ ਚਿੰਤਕਾਂ ਤੇ ਲੇਖਕਾਂ ਨੇ ਆਪਣਾ ਹਿੱਸਾ ਪਾਇਆ ਹੈ। ਇਸ ਸਫ਼ਰ ਵਿਚ ਸਿਮੋਨ ਦੀਬੂਆ, ਜੂਲੀਆ ਕ੍ਰਿਸਤੇਵਾ, ਕੈਰੋਲ ਹੈਨੋਸ਼, ਜੂਡਿਥ ਬਟਲਰ, ਕਾਜਾ ਸਿਲਵਰਮੈਨ, ਲੂਸ ਇਰੀਗਾਰੇ, ਜੂਲੀਅਟ ਮਿਟਸ਼ੈਲ, ਕੇਟ ਮਿਲੇਟ ਤੇ ਹੋਰ ਅਨੇਕਾਂ ਨਾਂ ਹਨ, ਜਿਨ੍ਹਾਂ ਵਿਚੋਂ ਕੁਝ ਨੂੰ ਅਸੀਂ ਜਾਣਦੇ ਹਾਂ ਤੇ ਕੁਝ ਨੂੰ ਨਹੀਂ। ਹਰ ਔਰਤ ਸੰਘਰਸ਼ ਕਰਦੀ ਹੈ ਪਰ ਇਹ ਉਹ ਔਰਤਾਂ ਹਨ ਜਿਨ੍ਹਾਂ ਨੇ ਪਿਤਰੀ ਸੋਚ ਦੇ ਵਿਰੁੱਧ ਬਗ਼ਾਵਤੀ ਤੇਵਰ ਅਪਣਾਏ ਤੇ ਉਨ੍ਹਾਂ ਤੇਵਰਾਂ ਨੂੰ ਲਿਖਤ ਰੂਪ ਵੀ ਦਿੱਤਾ। ਉਦਾਹਰਨ ਦੇ ਤੌਰ ’ਤੇ ਫਰਾਂਸੀਸੀ ਨਾਰੀਵਾਦੀ ਚਿੰਤਕ ਮੌਨੀਕ ਵਿਟਗ ਦਾ ਕਹਿਣਾ ਹੈ ਕਿ ਔਰਤਾਂ ਨੂੰ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਇਕ ਜਮਾਤ/ਵਰਗ/ਸ਼੍ਰੇਣੀ ਸਮਝਣਾ ਚਾਹੀਦਾ ਹੈ ਅਤੇ ਮਰਦ ਪ੍ਰਧਾਨ ਸੋਚ ਵਿਰੁੱਧ ਆਪਣੇ ਸੰਘਰਸ਼ ਨੂੰ ਇਕ ਜਮਾਤੀ ਘੋਲ। ਅਜਿਹੇ ਵਿਚਾਰਾਂ ਦਾ ਵੀ ਵੱਡਾ ਵਿਰੋਧ ਹੋਇਆ ਅਤੇ ਮਰਦ ਚਿੰਤਕ ਅਤੇ ਆਗੂ ਅਜੇ ਤਕ ਇਹੀ ਸੋਚਦੇ ਹਨ ਕਿ ਉਹ ਹੀ ਔਰਤਾਂ ਨੂੰ ਦੱਸਣਗੇ ਕਿ ਉਹ ਕਿਵੇਂ ਸੋਚਣ ਤੇ ਸੰਘਰਸ਼ ਕਰਨ।
       ਔਰਤਾਂ ਸਮਾਜਿਕ ਬਰਾਬਰੀ ਪ੍ਰਾਪਤ ਕਰਨ ਲਈ ਵੱਖ ਵੱਖ ਸਿਧਾਂਤਕ ਅਤੇ ਸਿਆਸੀ ਪੈਂਤੜੇ ਲੈਂਦੀਆਂ ਰਹੀਆਂ ਹਨ। ਇਹ ਲੜਾਈ ਏਸ਼ੀਆ ਤੇ ਅਫ਼ਰੀਕਾ ਦੇ ਸਮਾਜਾਂ ਵਿਚ ਵੀ ਹੋ ਰਹੀ ਹੈ। ਅਜੋਕੇ ਸਮਿਆਂ ਦੇ ਭਾਰਤ ਵਿਚ ਸਾਵਿੱਤਰੀਬਾਈ ਫੂਲੇ, ਫ਼ਾਤਿਮਾ ਸ਼ੇਖ, ਤਾਰਾਬਾਈ ਸ਼ਿੰਦੇ ਅਤੇ ਬੇਗ਼ਮ ਰੋਕਈਆ ਸਖ਼ਾਵਤ ਹੁਸੈਨ ਤੋਂ ਲੈ ਕੇ ਹੁਣ ਦੀਆਂ ਔਰਤ ਚਿੰਤਕਾਂ ਅਤੇ ਸਮਾਜਿਕ ਕਾਰਕੁਨਾਂ ਨੇ ਇਸ ਸੰਘਰਸ਼ ਵਿਚ ਹਿੱਸਾ ਪਾਇਆ ਹੈ। ਨਾਰੀਵਾਦੀ ਚਿੰਤਕਾਂ ਦੇ ਨਾਲ ਨਾਲ ਔਰਤਾਂ ਘਰਾਂ, ਪਰਿਵਾਰਾਂ, ਸਮਾਜ, ਅਰਥਚਾਰੇ, ਸਿਆਸਤ, ਸਨਅਤੀ, ਖੇਤੀ ਅਤੇ ਹੋਰ ਸਭ ਖੇਤਰਾਂ ਵਿਚ ਇਹ ਲੜਾਈ ਲੜ ਰਹੀਆਂ ਹਨ; ਇਸ ਲੜਾਈ ਦੇ ਤੇਵਰ ਕਦੇ ਪ੍ਰਚੰਡ ਹੋ ਜਾਂਦੇ ਹਨ ਅਤੇ ਕਦੇ ਮੱਧਮ ਪਰ ਇਹ ਲੜਾਈ ਹਰ ਸਮੇਂ ਜਾਰੀ ਰਹਿੰਦੀ ਹੈ। ਸਮਾਜ ਨੂੰ ਜਮਹੂਰੀ ਬਣਾਉਣ ਲਈ ਔਰਤਾਂ ਦੀ ਬਰਾਬਰੀ ਬੁਨਿਆਦੀ ਹੈ। ਇਸ ਲਈ ਔਰਤਾਂ ਨੂੰ ਲਾਮਬੰਦ ਹੋਣਾ ਪੈਣਾ ਹੈ। ਇਹ ਲੜਾਈ ਔਰਤਾਂ ਅਤੇ ਮਰਦਾਂ ਦੀ ਸਾਂਝੀ ਲੜਾਈ ਹੈ ਪਰ ਇਸ ਦੀ ਅਗਵਾਈ ਔਰਤਾਂ ਨੇ ਕਰਨੀ ਹੈ। ਦੇਸ਼ ਦੀਆਂ ਔਰਤਾਂ ਅਤੇ ਜਮਹੂਰੀ ਸ਼ਕਤੀਆਂ ਨੂੰ ਔਰਤਾਂ ਵਿਰੁੱਧ ਬੋਲ-ਕੁਬੋਲ ਬੋਲਣ ਵਾਲੇ ਵਿਅਕਤੀਆਂ ਨੂੰ ਬਣਦਾ ਜਵਾਬ ਦੇਣਾ ਚਾਹੀਦਾ ਹੈ।