ਮੁਜ਼ੱਫਰਨਗਰ ਮਹਾਪੰਚਾਇਤ ਦਾ ਪੈਗ਼ਾਮ - ਨਵਸ਼ਰਨ ਕੌਰ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ 5 ਸਤੰਬਰ ਨੂੰ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਵਿਚ ਕੀਤੀ ਮਹਾਪੰਚਾਇਤ ਬਹੁਤ ਸਾਰੇ ਪੱਖਾਂ ਤੋਂ ਇਤਿਹਾਸਕ ਸੀ। ਇਸ ਮਹਾਪੰਚਾਇਤ ਨੇ ਕਿਸਾਨਾਂ ਦੇ ਨਵੇਂ ਤੇ ਵਿਸ਼ਾਲ ਗੱਠਜੋੜ ਦਾ ਮੁੱਢ ਬੰਨ੍ਹਿਆ ਅਤੇ ਜਾਤ ਆਧਾਰਿਤ ਬਿਰਾਦਰੀਆਂ ਤੋਂ ਉਤਾਂਹ ਉੱਠ ਕੇ ਸੈਕੂਲਰ ਕਿਸਾਨ ਭਾਈਚਾਰੇ ਦੀ ਕਲਪਨਾ ਕੀਤੀ। ਹਾਕਮ ਪਾਰਟੀ ਦੀ ਸਾਧਾਰਨ ਲੋਕਾਂ ਨੂੰ ਜਾਤਾਂ, ਗੋਤਾਂ, ਧਰਮਾਂ ਦੇ ਆਧਾਰ ’ਤੇ ਵੰਡਣ ਦੀ ਨੀਤੀ ਨੂੰ ਚੁਣੌਤੀ ਦੇ ਕੇ ਕਿਸਾਨ ਏਕਤਾ ਦਾ ਨਾਅਰਾ ਬੁਲੰਦ ਕੀਤਾ : ਉਹ ਤੋੜਨਗੇ, ਅਸੀਂ ਜੋੜਾਂਗੇ।
      ਮਹਾਪੰਚਾਇਤ ਨੇ ਮੁਦਰੀਕਰਨ ਦੇ ਨਾਂ ਹੇਠਾਂ ਬੰਦਰਗਾਹਾਂ, ਰੇਲਵੇ ਸੇਵਾਵਾਂ, ਸੜਕਾਂ, ਗੋਦਾਮ ਜਨਤਕ ਖੇਤਰ ਤੋਂ ਪ੍ਰਾਈਵੇਟ ਕੰਪਨੀਆਂ ਨੂੰ ਲੰਮੇ ਸਮੇਂ ਦੀ ਲੀਜ਼ ’ਤੇ ਦੇਣ ਦਾ ਡਟ ਕੇ ਵਿਰੋਧ ਜਤਾਇਆ ਅਤੇ ਇਸ ਦੀ ਨੌਜਵਾਨਾਂ ਤੇ ਗਰੀਬਾਂ ਉੱਤੇ ਪੈਣ ਵਾਲੀ ਮਾਰ ਉਜਾਗਰ ਕੀਤੀ। ਇਸ ਨਾਲ ਸਮਾਜਿਕ ਸੁਰੱਖਿਆ ਵਾਲੀਆਂ ਨੌਕਰੀਆਂ ਵਿਚ ਗਿਰਾਵਟ ਤੇ ਲੋਕਾਂ ਦਾ ਜਨਤਕ ਅਦਾਰਿਆਂ ਉਤੇ ਅਧਿਕਾਰ ਖੁੱਸ ਜਾਣ ਨੂੰ ਮਜ਼ਬੂਤੀ ਨਾਲ ਠੱਲ੍ਹਣ ’ਤੇ ਜ਼ੋਰ ਦਿੱਤਾ। ਜਨਤਕ ਸਰੋਤਾਂ ਉਤੇ ਲੋਕਾਂ ਦੇ ਹੱਕ ਦੀ ਆਵਾਜ਼ ਉਠਾਈ ਕਿ ਮੁਲਕ ਨੂੰ ਵੇਚਣਾ ਬੰਦ ਕਰੋ : ਜਨਤਕ ਸਰੋਤਾਂ ਉਤੇ ਹੱਕ ਲੋਕਾਂ ਦਾ।
       ਕਿਸਾਨਾਂ ਨੇ ਆਪਣੀ ਮਿਹਨਤ ਦੇ ਮੁੱਲ ਅਤੇ ਖਰੀਦ ਕੀਮਤਾਂ ਵਿਚ ਖੜੋਤ ਦਾ ਸਵਾਲ ਉਭਾਰਿਆ। ਮੁਜ਼ੱਫਰਨਗਰ ਅਤੇ ਪੱਛਮੀ ਉੱਤਰ ਪ੍ਰਦੇਸ਼ ਜਿੱਥੇ ਗੰਨੇ ਦੀ ਖੇਤੀ ਪ੍ਰਧਾਨ ਹੈ, ਗੰਨੇ ਦੀ ਖਰੀਦ ਕੀਮਤ ਵਿਚ ਸਰਕਾਰ ਨੇ ਕੋਈ ਵਾਧਾ ਨਹੀਂ ਕੀਤਾ। ਯੋਗੀ ਸਰਕਾਰ ਦਾ ਚੁਣਾਵੀ ਵਾਅਦਾ ਸੀ ਕਿ ਉਹ ਗੰਨੇ ਦੀ ਕੀਮਤ 450 ਰੁਪਏ ਪ੍ਰਤੀ ਕੁਇੰਟਲ ਅਤੇ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਬਕਾਇਆ ਪਿਛਲੇ ਭੁਗਤਾਨ ਵਜੋਂ ਜਾਰੀ ਕਰਨਗੇ ਪਰ ਕੁਝ ਵੀ ਨਹੀਂ ਹੋਇਆ। ਮਹਾਪੰਚਾਇਤ ਵਿਚੋਂ ਬੁਲੰਦ ਆਵਾਜ਼ ਉੱਠੀ : ਦਾਮ ਨਹੀਂ ਤੇ ਵੋਟ ਨਹੀਂ।
      ਮਹਾਪੰਚਾਇਤ ਨੇ ਇਸ ਗੱਲ ’ਤੇ ਧਿਆਨ ਕੇਂਦਰਤ ਕੀਤਾ ਕਿ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਨਾਲ ਵਾਅਦਾ-ਖ਼ਿਲਾਫ਼ੀ ਕੀਤੀ ਹੈ, ਲੋਕ ਹੁਣ ਸਰਕਾਰ ਨੂੰ ਇਸ ਦੀ ਸਜ਼ਾ ਦੇਣਗੇ। ਇਉਂ ਇਸ ਮਹਾਪੰਚਾਇਤ ਨੇ ‘ਮਿਸ਼ਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ’ ਦਾ ਐਲਾਨ ਕੀਤਾ।
         ਮੁਜ਼ੱਫਰਨਗਰ ਮਹਾਪੰਚਾਇਤ ਕਿਸਾਨੀ ਘੋਲ ਲਈ ਅਹਿਮ ਮੀਲ ਪੱਥਰ ਤਾਂ ਹੈ ਹੀ ਸੀ, ਇਹ ਮਹਾਪੰਚਾਇਤ ਉੱਤਰ ਪ੍ਰਦੇਸ਼, ਖ਼ਾਸਕਰ ਪੱਛਮੀ ਉੱਤਰ ਪ੍ਰਦੇਸ਼ ਲਈ ਵੱਡੀ ਅਹਿਮੀਅਤ ਰੱਖਦੀ ਹੈ। 2013 ਵਿਚ ਪੱਛਮੀ ਉੱਤਰ ਪ੍ਰਦੇਸ਼, ਖਾਸਕਰ ਮੁਜ਼ੱਫਰਨਗਰ ਦਾ ਇਲਾਕਾ ਫਿਰਕੂ ਹਿੰਸਾ ਵਿਚ ਲਟ ਲਟ ਬਲਿਆ। ਇਸ ਹਿੰਸਾ ਵਿਚ ਸੌ ਦੇ ਕਰੀਬ ਲੋਕ ਮਾਰੇ ਗਏ, ਮੁਸਲਮਾਨ ਔਰਤਾਂ ਨਾਲ ਬਲਾਤਕਾਰ ਹੋਏ ਅਤੇ ਅੰਦਾਜ਼ਨ 75000 ਮੁਸਲਮਾਨ ਆਪਣੇ ਪੁਸ਼ਤੈਨੀ ਪਿੰਡਾਂ ਵਿਚੋਂ ਉਜੜ ਕੇ ਮਹੀਨਿਆਂ ਬੱਧੀ ਕੱਚੇ ਕੈਂਪਾਂ ਵਿਚ ਰੁਲਦੇ ਰਹੇ। ਇਨ੍ਹਾਂ ਵਿਚੋਂ ਬਹੁਤੇ ਅੱਜ ਵੀ ਆਪਣੇ ਪਿੰਡ ਨਹੀਂ ਪਰਤੇ। ਫਿਰਕੂ ਹਿੰਸਾ ਦਾ ਸ਼ਿਕਾਰ ਮੁਸਲਮਾਨ ਖੇਤ ਮਜ਼ਦੂਰ ਸਨ। ਨਫਰਤੀ ਹਿੰਸਾ ਦਾ ਤੁਰੰਤ ਕਾਰਨ ਵਾਇਰਲ ਹੋਈ ਝੂਠੀ ਖਬਰ ਸੀ ਜਿਹੜੀ ਘੜੀਆਂ ਅੰਦਰ ਇਹ ਘਟਨਾ ‘ਲਵ ਜਹਾਦ’ ਦੇ ਬਿਰਤਾਂਤ ਵਿਚ ਬਦਲ ਗਈ।
        ਕਈ ਸੁਤੰਤਰ ਜਾਂਚ ਕਮਿਸ਼ਨਾਂ ਨੇ ਇਸ ਹਿੰਸਾ ਵਿਚ ਕੱਟੜ ਜਥੇਬੰਦੀਆਂ ਦੀ ਸਿੱਧੀ ਸ਼ਮੂਲੀਅਤ ਦੇ ਸਬੂਤ ਸਾਹਮਣੇ ਲਿਆਂਦੇ। ਸਾਫ ਸੀ ਕਿ ਹਿੰਸਾ ਮੁਸਲਮਾਨ ਖੇਤ ਮਜ਼ਦੂਰਾਂ ਨੂੰ ਉਜਾੜਨ ਅਤੇ ਮੁਸਲਮਾਨ ਹਿੰਦੂ ਕਿਸਾਨਾਂ ਦੀ ਸਾਂਝ ਤੋੜਨ ਲਈ ਸੀ। ਇਸ ਇਲਾਕੇ ਵਿਚ ਹਿੰਦੂ ਜਾਟ ਅਤੇ ਮੁਸਲਿਮ ਭਾਈਚਾਰਾ, ਦੋਵੇਂ ਹੀ ਗੰਨੇ ਦੀ ਫਸਲ ਆਧਾਰਿਤ ਜ਼ਮੀਨੀ ਅਰਥ ਵਿਵਸਥਾ ਨਾਲ ਜੁੜੇ ਹੋਏ ਸਨ। ਉਨ੍ਹਾਂ ਦੀ ਸਾਂਝੀ ਤਾਕਤ ਇਸ ਖੇਤਰ ਵਿਚ ਕਿਸਾਨੀ ਸਿਆਸਤ ਹਾਵੀ ਰੱਖਣ ਵਿਚ ਕਾਮਯਾਬ ਰਹਿੰਦੀ ਸੀ। ਨਫਰਤ ਦੀ ਅੱਗ ਲਾਈ ਗਈ, ਕਿਸਾਨ ਮੁਸਲਮਾਨ ਤੇ ਹਿੰਦੂ ਹੋ ਗਿਆ ਅਤੇ ਮਈ 2014 ਦੀਆਂ ਆਮ ਚੋਣਾਂ ਵਿਚ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੇ ਨਫਰਤ ਦੀ ਬੀਜੀ ਇਸ ਖੇਤੀ ਦਾ ਭਰਪੂਰ ਲਾਹਾ ਲਿਆ। ਕਈ ਐਸੇ ਸਿਆਸੀ ਕਾਰਕੁਨ ਜਿਨ੍ਹਾਂ ਉੱਤੇ ਨਫ਼ਰਤ ਫੈਲਾਉਣ, ਦੰਗੇ ਤੇ ਹਤਿਆਵਾਂ ਦੇ ਦੋਸ਼ ਸਨ, 2014 ਦੀਆਂ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਬਣੇ ਅਤੇ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਮੰਤਰੀਆਂ ਦੇ ਅਹੁਦਿਆਂ ਨਾਲ ਨਿਵਾਜਿਆ ਗਿਆ। ਉਹ ਅੱਜ ਵੀ ਐੱਨਡੀਏ ਸਰਕਾਰ ਵਿਚ ਮੰਤਰੀ ਹਨ। ਆਪਣੇ ਪਿੰਡਾਂ ਤੋਂ ਉਜੜੇ ਮੁਸਲਮਾਨ ਅੱਜ ਵੀ ਮੁਸਲਮਾਨ ਬਹੁਲਤਾ ਵਾਲੇ ਪਿੰਡਾਂ ਵਿਚ ਮੁੜ ਵਸੇਬੇ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਹਿੰਸਾ ਦੌਰਾਨ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਮੁਸਲਮਾਨਾਂ ਦੇ ਨਾਲ ਖੜ੍ਹੀ ਨਹੀਂ ਹੋਈ। ਇਸ ਰੋਸ ਵਜੋਂ ਇਲਾਕੇ ਦੇ ਵੱਡੇ ਮੁਸਲਮਾਨ ਕਿਸਾਨ ਲੀਡਰ ਚੌਧਰੀ ਗੁਲਾਮ ਮੁਹੰਮਦ ਜੋ ਮਹਿੰਦਰ ਸਿੰਘ ਟਿਕੈਤ ਦੀ ਸੱਜੀ ਬਾਂਹ ਮੰਨੇ ਜਾਂਦੇ ਸਨ, ਨੇ ਭਾਰਤੀ ਕਿਸਾਨ ਯੂਨੀਅਨ ਛੱਡ ਦਿੱਤੀ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਕਿਸਾਨਾਂ ਦੀ ਥਾਂ ਇੱਕ ਧਰਮ ਦੀ ਯੂਨੀਅਨ ਬਣ ਗਈ।
        ਹੁਣ ਵਾਲੇ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਦੀ ਘਟਨਾ ਤੋਂ ਬਾਅਦ ਜਦੋਂ ਪੁਲੀਸ ਨੇ ਗਾਜ਼ੀਪੁਰ ਮੋਰਚਾ ਘੇਰ ਲਿਆ ਅਤੇ ਥਾਂ ਨੂੰ ਜਬਰੀ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਘਿਰੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਵੀਡੀਓ ਬਾਹਰ ਆਈ ਜਿਸ ਵਿਚ ਉਹ ਬਹਾਦੁਰੀ ਤੇ ਭਾਵੁਕਤਾ ਨਾਲ ਕਹਿੰਦੇ ਦਿਸੇ ਕਿ ਉਹ ਮੋਰਚਾ ਨਹੀਂ ਛੱਡਣਗੇ, ਭਾਵੇਂ ਉਹ ਇੱਕਲੇ ਰਹਿ ਜਾਣ ਜਾਂ ਮਾਰੇ ਵੀ ਜਾਣ। ਰਾਕੇਸ਼ ਦੇ ਹੰਝੂਆਂ ਨੇ ਚੌਧਰੀ ਗੁਲਾਮ ਮੁਹੰਮਦ ਨੂੰ ਵੀ ਹਿਲਾ ਦਿੱਤਾ। ਉਹ ਮੁਸਲਮਾਨਾਂ ਨਾਲ 2013 ਵਿਚ ਹੋਏ ਵਰਤਾਓ ਨੂੰ ਭੁਲਾਉਣ ਲਈ ਤਿਆਰ ਹੋ ਗਏ, ਬਸ ਇੱਕੋ ਗੱਲ ਕਹੀ ਕਿ ਟਿਕੈਤ ਭਰਾ ਆਪਣੀ ਭੁੱਲ ਮੰਨਣ। 29 ਜਨਵਰੀ 2021 ਨੂੰ ਮੁਜ਼ੱਫਰਨਗਰ ਵਿਚ ਹੀ ਵੱਡੇ ਇੱਕਠ ਵਿਚ ਟਿਕੈਤ ਭਰਾਵਾਂ ਨੇ 2013 ਵਿਚ ਮੁਸਲਮਾਨਾਂ ਨਾਲ ਹੋਏ ਧੱਕੇ ਅਤੇ ਹਿੰਸਾ ਨੂੰ ਸਵੀਕਾਰ ਕੀਤਾ, ਆਪਣੀ ਗਲਤੀ ਮੰਨੀ ਤੇ ਅਗਾਂਹ ਤੋਂ ਹਿੰਦੂ ਮੁਸਲਮਾਨ ਏਕਤਾ ਬਣਾਈ ਰੱਖਣ ਦਾ ਪ੍ਰਣ ਕੀਤਾ। 85 ਸਾਲਾ ਬਜ਼ੁਰਗ ਚੌਧਰੀ ਗੁਲਾਮ ਮੁਹੰਮਦ ਨੇ 2013 ਦੇ ਹੋਏ ਬੀਤੇ ਨੂੰ ਭੁਲਾ ਦੇਣ ਦਾ ਇਕਰਾਰ ਕੀਤਾ।
      ਹੁਣ ਮਹਾਪੰਚਾਇਤ ਤੋਂ ਇੱਕ ਦਿਨ ਪਹਿਲਾ ਅਸੀਂ ਕੁਝ ਸਾਥੀ ਉਨ੍ਹਾਂ ਪਿੰਡਾਂ ਵਿਚ ਗਏ ਜਿੱਥੇ 2013 ਦੀ ਨਫਰਤੀ ਹਿੰਸਾ ਦੀ ਅੱਗ ਮੁਸਲਮਾਨ ਪਿੰਡ ਵਾਸੀਆਂ ਨੇ ਹੰਢਾਈ ਸੀ। ਉਨ੍ਹਾਂ ਦੇ ਜ਼ਖਮ ਭਰੇ ਨਹੀਂ ਸਨ ਪਰ ਸਮਝ ਸਾਫ ਸੀ ਕਿ ਦੰਗਾ ਕਰਾਇਆ ਗਿਆ ਸੀ, ਸਦੀਆਂ ਤੋਂ ਇਕੱਠੇ ਵਸਦੇ ਭਾਈਚਾਰੇ ਨੂੰ ਯੋਜਨਾਬੱਧ ਢੰਗ ਨਾਲ ਤੋੜਿਆ ਗਿਆ ਸੀ। ਅੱਜ ਉਨ੍ਹਾਂ ਦਾ ਗੁੱਸਾ ਹਿੰਦੂਆਂ ਨਾਲ ਨਹੀਂ ਸਗੋਂ ਕਿਸਾਨ ਵਿਰੋਧੀ ਸਰਕਾਰ ਨਾਲ ਸੀ। ਉਨ੍ਹਾਂ ਵਾਰ ਵਾਰ ਕਿਹਾ, ‘ਅਸੀਂ 2013 ਭੁਲਾ ਦਿੱਤਾ’। ਉਨ੍ਹਾਂ ਦੰਗਿਆਂ ਵੇਲੇ ਚੌਧਰੀ ਗ਼ੁਲਾਮ ਮੁਹੰਮਦ ਨੇ ਕਈ ਪਿੰਡਾਂ ਵਿਚ ਘਿਰੇ ਮੁਸਲਮਾਨਾਂ ਨੂੰ ਕੱਢਿਆ ਅਤੇ ਕਈ ਸੌ ਉਜੜੇ ਮੁਸਲਮਾਨਾਂ ਨੂੰ ਆਪਣੇ ਪਿੰਡ ਜੌਲਾ ਵਿਚ ਵਸਾਇਆ। ਦੰਗਿਆਂ ਵਿਚ ਮਾਰੇ ਮੁਸਲਮਾਨਾਂ ਨੂੰ ਆਪਣੇ ਪਿੰਡ ਲਿਆ ਕੇ ਦਫ਼ਨਾਇਆ - ਅੱਠ ਮਰਦ ਤੇ ਇੱਕ ਔਰਤ ਜਿਸ ਦੀ ਹਿੱਕ ਨਾਲ ਬੱਚਾ ਵੀ ਚਿੰਬੜਿਆ ਹੋਇਆ ਸੀ, ਅੱਜ ਜੌਲਾ ਦੇ ਕਬਰਸਤਾਨ ਵਿਚ ਦਫ਼ਨ ਹਨ। ਗ਼ੁਲਾਮ ਮੁਹੰਮਦ ਨੇ ਵਾਰ ਵਾਰ ਦੋਹਰਾਇਆ : ‘ਕਿਸਾਨ ਸੈਕੂਲਰ ਹੈ, ਉਹ ਹਿੰਦੂ ਮੁਸਲਮਾਨ ਹੋ ਹੀ ਨਹੀਂ ਸਕਦਾ’।
         5 ਸਤੰਬਰ ਵਾਲੀ ਕਿਸਾਨ ਮਹਾਪੰਚਾਇਤ ਵਿਚ ਚੌਧਰੀ ਗ਼ੁਲਾਮ ਮੁਹੰਮਦ ਸਟੇਜ ’ਤੇ ਮੌਜੂਦ ਸਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਵੱਖ ਵੱਖ ਖਾਪਾਂ ਦੇ ਵੱਡੇ ਸਮੂਹ ਵਿਚ ਇੱਕੋ ਇੱਕ ਮੁਸਲਮਾਨ ਕਿਸਾਨ ਲੀਡਰ ‘ਉਹ ਤੋੜਨਗੇ ਅਸੀਂ ਜੋੜਾਂਗੇ’ ਦੀ ਸ਼ਾਹਦੀ ਭਰਦਾ ਹੋਇਆ। ਸਟੇਜ ਚੱਲ ਰਹੀ ਸੀ, ਬਹੁਤ ਸਾਰੇ ਵਕਤਾ ਸਨ, ਇਸ ਘੋਲ ਨੂੰ, ਮਹਾਪੰਚਾਇਤ ਨੂੰ ਮੋਢਾ ਦੇਣ ਵਾਲਿਆਂ ਦੀ ਵੱਡੀ ਕਤਾਰ ਜੋ ਇੱਕ ਇੱਕ ਮਿੰਟ ਦੇ ਦਿੱਤੇ ਵਕਤ ਵਿਚ ਮੰਚ ਤੋਂ ਬੋਲ ਰਹੇ ਸਨ। ਉਡੀਕ ਸੀ ਚੌਧਰੀ ਗ਼ੁਲਾਮ ਮੁਹੰਮਦ ਦੇ ਬੋਲਣ ਦੀ। ਵਕਤ ਲੰਘਦਾ ਗਿਆ ਪਰ ਗ਼ੁਲਾਮ ਮੁਹੰਮਦ ਦਾ ਨਾਂ ਨਾ ਬੋਲਿਆ ਗਿਆ। ਕੁਝ ਹੀ ਆਖਿ਼ਰੀ ਵਕਤਾ ਬਚੇ ਸਨ ਜਦੋਂ ਚੌਧਰੀ ਗ਼ੁਲਾਮ ਮੁਹੰਮਦ ਸਟੇਜ ਤੋਂ ਉੱਠ ਕੇ ਜਾਂਦੇ ਦੇਖੇ ਗਏ। ਥੋੜ੍ਹੀ ਹੀ ਦੇਰ ਬਾਅਦ ਰਾਕੇਸ਼ ਟਿਕੈਤ ਮੰਚ ’ਤੇ ਆਏ ਅਤੇ ਉਨ੍ਹਾਂ ਪ੍ਰੇਰਨਾ ਵਾਲਾ ਭਾਸ਼ਣ ਦਿੱਤਾ। ਟਿਕੈਤ ਨੇ ਭਾਰਤੀ ਕਿਸਾਨ ਯੂਨੀਅਨ ਦੀ ਹਿੰਦੂ ਮੁਸਲਮਾਨ ਏਕੇ ਦੀ ਪਰੰਪਰਾ ਨੂੰ ਇੱਕ ਵਾਰ ਫਿਰ ਯਾਦ ਕੀਤਾ ਅਤੇ ਨਾਅਰਾ ਬੁਲੰਦ ਕੀਤਾ: ‘ਅੱਲਾਹ ਹੂ ਅਕਬਰ’ ਤੇ ਜਵਾਬ ‘ਹਰ ਹਰ ਮਹਾਦੇਵ’। ਜੇ ਇਸ ਵੇਲੇ ਚੌਧਰੀ ਗੁਲਾਮ ਮੁਹੰਮਦ ਬਰਾਬਰੀ ਨਾਲ, ਰਾਕੇਸ਼ ਟਿਕੈਤ ਦੇ ਨਾਲ ਖੜ੍ਹਾ ਹੁੰਦਾ ਤਾਂ ਇਸ ਏਕੇ ’ਤੇ ਸ਼ਾਇਦ ਹੋਰ ਡੂੰਘੀ ਮੋਹਰ ਲਗਦੀ।
     ਅੱਜ ਕਿਸਾਨ ਅੰਦੋਲਨ ਵਿਆਪਕ ਰੂਪ ਅਖ਼ਤਿਆਰ ਕਰਨ ਵਲ ਵਧ ਚੁੱਕਾ ਹੈ। 27 ਸਤੰਬਰ ਦੀ ਕੁੱਲ ਹਿੰਦ ਬੰਦ ਦਾ ਸੱਦਾ ਵੀ ਇਹੀ ਦਰਸਾਉਂਦਾ ਹੈ। ਆਸ ਇਹ ਵੀ ਹੈ ਕਿ ਸ਼ਹਿਰੀ ਤੇ ਪੇਂਡੂ ਦਲਿਤ ਵਰਗ ਵੀ ਪੂਰੀ ਤਰ੍ਹਾਂ ਕਿਸਾਨ ਅੰਦੋਲਨ ਨਾਲ ਜੁੜੇਗਾ ਕਿਉਂਕਿ ਖੇਤੀ ਕਾਨੂੰਨ ਇਸ ਵਰਗ ਦੀ ਭੋਜਨ ਸੁਰੱਖਿਆ ਨੂੰ ਸਿੱਧੀ ਠੇਸ ਲਾ ਸਕਦਾ ਹੈ। ਖੇਤੀ ਕਾਨੂੰਨਾਂ ਦਾ ਮਜ਼ਦੂਰਾਂ ਨਾਲ ਸਿੱਧਾ ਸਬੰਧ ਉਜਾਗਰ ਕਰਨ ਦੀ ਪਹਿਲ ਨੌਜਵਾਨ ਦਲਿਤ ਮਜ਼ਦੂਰ ਆਗੂ ਨੌਦੀਪ ਕੌਰ ਨੇ ਕੀਤੀ। ਨੌਦੀਪ ਨੇ ਕੁੰਡਲੀ ਉਦਯੋਗਿਕ ਖੇਤਰ ਵਿਚ ਠੇਕੇ ’ਤੇ ਕੰਮ ਕਰਦੇ ਮਜ਼ਦੂਰਾਂ ਨੂੰ ਕਿਸਾਨੀ ਘੋਲ ਨਾਲ ਜੁੜਨ ਲਈ ਜਥੇਬੰਦ ਕੀਤਾ ਜਿਸ ਦੇ ਬਦਲੇ ਉਸ ਨੂੰ ਫੈਕਟਰੀ ਮਾਲਕਾਂ ਤੇ ਸਰਕਾਰੀ ਜਬਰ ਦਾ ਸ਼ਿਕਾਰ ਹੋਣਾ ਪਿਆ। ਉਸ ਨੂੰ ਸੰਗੀਨ ਧਾਰਾਵਾਂ ਲਾ ਕੇ ਗ੍ਰਿਫਤਾਰ ਕੀਤਾ ਗਿਆ ਤੇ ਪੁਲੀਸ ਹਿਰਾਸਤ ਵਿਚ ਤਸੀਹੇ ਦਿੱਤੇ ਗਏ। ਨੌਦੀਪ ਇਸ ਵੇਲੇ ਜ਼ਮਾਨਤ ’ਤੇ ਰਿਹਾ ਹੈ ਤੇ 5 ਸਤੰਬਰ ਨੂੰ ਮੁਜ਼ੱਫਰਨਗਰ ਵੀ ਮੌਜੂਦ ਸੀ। ਨੌਦੀਪ ਨੇ ਦਲਿਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀਆ ਕੋਸ਼ਿਸ਼ਾਂ ਨਾਲ ਕਿਸਾਨੀ ਘੋਲ ਨੂੰ ਮੋਢਾ ਦਿੱਤਾ। ਉਮੀਦ ਹੈ ਕਿ ਕਿਸਾਨ ਅੰਦੋਲਨ ਦੇ ਹੁਣ ਸ਼ੁਰੂ ਹੋਏ ਪੜਾਅ ਵਿਚ ਮੰਚਾਂ ਤੋਂ ਵੀ ਦਲਿਤ ਮਜ਼ਦੂਰ ਵਰਗ ਨੂੰ ਪ੍ਰੇਰਨ ਵਿਚ ਉਸ ਦੀ ਅਹਿਮ ਭੂਮਿਕਾ ਪਛਾਣੀ ਜਾਏਗੀ। ਮਹਾਪੰਚਾਇਤ ਨੇ ਜੋੜਨ ਦਾ ਹੋਕਾ ਦਿੱਤਾ ਹੈ, ਇਸ ਨੂੰ ਅਮਲ ਵਿਚ ਉਤਾਰਨਾ ਸਾਰਿਆਂ ਦੀ ਸਾਂਝੀ ਚੁਣੌਤੀ ਹੈ।
ਸੰਪਰਕ : navsharan@gmail.com