ਗਧੇ ਗਾਜਰਾਂ ‘ਚ - ਨਿਰਮਲ ਸਿੰਘ ਕੰਧਾਲਵੀ

ਵਿਧਾਇਕ; ਨਵਾਂ ਵਿਧਾਇਕ ਸੀ.ਐੱਮ.ਨੂੰ ਕਹਿਣ ਲੱਗਾ,
            ਪੜਦੇ ਪਿਛਲੀ ਸਰਕਾਰ ਦੇ ਫੋਲੀਏ  ਜੀ।
            ਕਿਹੜੇ ਕਿਹੜੇ  ਘਪਲੇ  ਕਰਵਾਏ  ਏਨ੍ਹਾਂ,
            ਭੇਦ  ਵੋਟਰਾਂ  ਨੂੰ ਇਨ੍ਹਾਂ  ਦੇ  ਖੋਲ੍ਹੀਏ  ਜੀ।

            ਹਿਸਾਬ ਕਿਤਾਬ ਦੀ ਪੂਰੀ ਘੋਖ ਕਰ ਕੇ,
            ਦੱਸੀਏ  ਇਨ੍ਹਾਂ ਦੀਆਂ  ਹੇਰਾ ਫੇਰੀਆਂ ਜੀ।
            ਵਿਚ  ਵੋਟਰਾਂ  ਦੇ ਨੰਬਰ  ਬਣਾ  ਲਈਏ,
            ਮੰਨੋ ਗੱਲਾਂ  ਸੀ.ਐੱਮ. ਸਾਬ ਮੇਰੀਆਂ ਜੀ।

ਸੀ.ਐੱਮ:  ਤੂੰ ਏਂ ਨਵਾਂ ਤੇ ਤਜਰਬੇ ਦੀ ਏ ਘਾਟ ਤੈਨੂੰ,
            ਲੱਲ ਵਲੱਲੀਆਂ  ਤੂੰ ਤਾਹੀਉਂ  ਮਾਰਦਾ ਏਂ।
            ਕੁਝ ਸਿੱਖ  ਲੈ ਤੂੰ  ਸਾਡੇ  ਤਜਰਬਿਆਂ ਤੋਂ,
            ਗਧੇ ਗਾਜਰਾਂ ‘ਚ  ਕਾਹਨੂੰ  ਤੂੰ ਵਾੜਦਾ ਏਂ।

            ਖੱਖਰ ਭੂੰਡਾਂ ਦੇ  ਛੇੜ ਆਪਾਂ  ਨੇ  ਕੀ ਲੈਣੈ,
            ਕਾਹਨੂੰ  ਵੈਰ  ਕਿਸੇ  ਨਾਲ  ਪਾਵੀਏ  ਓਏ।
            ਚੰਦ ਅਸੀਂ  ਵੀ ਤਾਂ ਪੰਜ ਸਾਲ ਚਾੜ੍ਹਨੇ ਨੇ,
            ਇੱਜ਼ਤ  ਆਪਣੀ  ਆਪ  ਬਚਾਵੀਏ  ਓਏ।