ਤਾਲਿਬਾਨ ਦਾ ਕੱਟੜਪੰਥੀ ਚਿਹਰਾ ਅਤੇ ਭਾਰਤ - ਜੀ ਪਾਰਥਾਸਾਰਥੀ

ਬਾਮਿਆਨ ਵਿਚ ਬੁੱਧ ਦੀਆਂ ਮੂਰਤੀਆਂ ਸ਼ਾਹਕਾਰ ਯਾਦਗਾਰਾਂ ਵਿਚ ਸ਼ੁਮਾਰ ਕੀਤੀਆਂ ਜਾਂਦੀਆਂ ਸਨ ਜੋ ਸਦੀਆਂ ਪਹਿਲਾਂ ਹਿੰਦੁਸਤਾਨ ਨੂੰ ਮੱਧ ਏਸ਼ੀਆ ਨਾਲ ਜੋੜਨ ਵਾਲੇ ‘ਰੇਸ਼ਮ ਮਹਾਮਾਰਗ’ (Great Silk Route) ਦੀ ਸੁੰਦਰਤਾ ਤੇ ਕੌਤਕ ਨੂੰ ਪ੍ਰਗਟਾਉਂਦੀਆਂ ਸਨ। ਇਹ ਦੋ ਵਿਸ਼ਾਲ ਮੂਰਤੀਆਂ ਵੈਰੋਚਨ ਬੁੱਧ ਅਤੇ ਗੌਤਮ ਬੁੱਧ ਦੀਆਂ ਸਨ ਜੋ ਰੇਸ਼ਮ ਮਹਾਮਾਰਗ ਦੇ ਨਾਲੋ-ਨਾਲ ਪਹਾੜੀ ਚਟਾਨ ਤਰਾਸ਼ ਕੇ ਬਣਾਈਆਂ ਸਨ। ਇਹੀ ਉਹ ਮਹਾਮਾਰਗ ਸੀ ਜਿਸ ਰਾਹੀਂ ਰਾਜਾ ਹਰਸ਼ਵਰਧਨ ਦੇ ਜ਼ਮਾਨੇ ਵਿਚ ਚੀਨੀ ਵਿਦਵਾਨ ਯਾਤਰੀ ਹਿਊਨ ਸਾਂਗ ਭਾਰਤ ਆਇਆ ਸੀ। ਬਾਮਿਆਨ ਵਿਚ ਮੂਰਤੀਆਂ ਵਾਲਾ ਇਹ ਸਥਾਨ ਬੋਧੀਆਂ ਦੀ ਜ਼ਿਆਰਤ ਦਾ ਕੇਂਦਰ ਵੀ ਰਿਹਾ ਹੈ। ਇਸ ਦੇ ਆਲੇ-ਦੁਆਲੇ ਬਹੁਤ ਸਾਰੀਆਂ ਗੁਫ਼ਾਵਾਂ ਹਨ ਜਿਨ੍ਹਾਂ ਵਿਚ ਤਸਵੀਰਾਂ ਉੱਕਰੀਆਂ ਹੋਈਆਂ ਸਨ। ਇਹ ਹਿੰਦੁਸਤਾਨ ਵਿਚ ਪਨਪੀਆਂ ਗੁਪਤ ਅਤੇ ਬੋਧ ਕਲਾਵਾਂ ਦੇ ਸੰਗਮ ਦਾ ਇਤਿਹਾਸਕ ਕਾਰਜ ਗਿਣਿਆ ਜਾਂਦਾ ਰਿਹਾ ਹੈ ਤੇ ਇਸ ਵਿਚੋਂ ਮੱਧ ਏਸ਼ੀਆ ਦੀ ਕਲਾ ਦੀਆਂ ਝਲਕੀਆਂ ਮਿਲਦੀਆਂ ਸਨ। ਇਨ੍ਹਾਂ ਪੱਖਾਂ ਤੋਂ ਇਹ ਇੰਨੀਆਂ ਠੋਸ ਤੇ ਇਤਿਹਾਸਕ ਯਾਦਗਾਰਾਂ ਸਨ ਜਿਸ ਨੂੰ ਮਾਰਚ 2001 ਵਿਚ ਤਾਲਿਬਾਨ ਆਗੂ ਮੁੱਲ੍ਹਾ ਮੁਹੰਮਦ ਉਮਰ ਦੇ ਹੁਕਮਾਂ ਤੇ ਤਬਾਹ ਕਰ ਦਿੱਤਾ ਗਿਆ ਸੀ। ਸੰਕੇਤ ਸਨ ਕਿ ਇਸ ਕਾਰਵਾਈ ਪਿੱਛੇ ਮੁੱਲ੍ਹਾ ਉਮਰ ਦੇ ਮਹਿਮਾਨ ਤੇ ਦੋਸਤ ਉਸਾਮਾ ਬਿਨ-ਲਾਦਿਨ ਦਾ ਵੀ ਹੱਥ ਸੀ। ਸੰਖੇਪ ਗੱਲ ਇੰਨੀ ਕੁ ਹੈ ਕਿ ਤਾਲਿਬਾਨ ਨੇ ਇਹ ਮੂਰਤੀਆਂ ਅਤੇ ਗੁਫ਼ਾਵਾਂ ਤਬਾਹ ਕਰ ਦਿੱਤੀਆਂ ਜੋ ਭਾਰਤ, ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਕਈ ਮੁਲ਼ਕਾਂ ਦਰਮਿਆਨ ਪ੍ਰਾਚੀਨ ਬੋਧੀ ਸਬੰਧਾਂ ਦਾ ਪ੍ਰਤੀਕ ਸਨ।
       ਇਹ ਉਹ ਪ੍ਰਸੰਗ ਹੈ ਜਿਸ ਵਿਚ ਹਾਲੀਆ ਦਿਨਾਂ ਦੌਰਾਨ ਅਫ਼ਗਾਨਿਸਤਾਨ ਵਿਚ ਹੋਈਆਂ ਘਟਨਾਵਾਂ ਨੂੰ ਵਾਚਣ ਦੀ ਲੋੜ ਹੈ। ਬਾਇਡਨ ਪ੍ਰਸ਼ਾਸਨ ਨੇ ਅਫ਼ਗਾਨਿਸਤਾਨ ਵਿਚੋਂ ਆਪਣੀ ਫ਼ੌਜ ਵਾਪਸੀ ਲਈ 31 ਅਗਸਤ ਦਾ ਦਿਨ ਮੁਕੱਰਰ ਕਰ ਦਿੱਤਾ ਸੀ। ਆਖਿ਼ਰੀ ਨਿਕਾਸੀ ਮੌਕੇ ਇਸਲਾਮਿਕ ਸਟੇਟ-ਖੁਰਾਸਾਨ (ਆਈਐੱਸ-ਕੇ) ਦੇ ਕੀਤੇ ਬੰਬ ਧਮਾਕੇ ਵਿਚ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਅਰਬ ਮੁਲ਼ਕਾਂ ਦੇ ਜਹਾਦੀ ਸ਼ਾਮਲ ਹਨ। ਕਾਬੁਲ ਹਵਾਈ ਅੱਡੇ ਤੇ ਕੀਤੇ ਇਹ ਬੰਬ ਧਮਾਕੇ ਇਸਲਾਮੀ ਜਗਤ ਅੰਦਰ ਆਈਐੱਸ-ਕੇ ਦੇ ਜਹਾਦ ਦੀ ਮਨਸੂਬਾਬੰਦੀ ਦਾ ਹਿੱਸਾ ਹਨ। ਇਨ੍ਹਾਂ ਧਮਾਕਿਆਂ ਕਾਰਨ ਪੌਣੇ ਦੋ ਸੌ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ ਉਥੇ ਅਫ਼ਰਾ-ਤਫ਼ਰੀ ਮੱਚ ਗਈ ਸੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਤਾਲਿਬਾਨ ਦੀ ਆਮਦ ਤੇ ਮੁਲਕ ਭਰ ਵਿਚ ਅਫ਼ਗਾਨ ਫ਼ੌਜ ਭੱਜ ਖੜ੍ਹੀ ਹੋਈ ਸੀ ਜਿਸ ਨੂੰ ਅਮਰੀਕੀ ਫ਼ੌਜ ਨੇ ਹਥਿਆਰ, ਅਸਲ੍ਹਾ ਤੇ ਸਿਖਲਾਈ ਮੁਹੱਈਆ ਕਰਵਾਏ ਸਨ। ਹਜ਼ਾਰਾਂ ਦੀ ਤਾਦਾਦ ਵਿਚ ਅਮਰੀਕੀ ਹਥਿਆਰ, ਬਖ਼ਤਰਬੰਦ ਗੱਡੀਆਂ ਤੇ ਅਸਲ੍ਹਾ ਤਾਲਿਬਾਨ ਦੇ ਹੱਥ ਲੱਗ ਗਿਆ ਸੀ।
       ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਆਦ ਅਫ਼ਗਾਨਿਸਤਾਨ ਵਿਚ ਪ੍ਰਧਾਨ ਮੰਤਰੀ ਮੁਹੰਮਦ ਹਸਨ ਅਖੁੰਦ ਦੀ ਅਗਵਾਈ ਹੇਠ ਨਵੀਂ ਤਾਲਿਬਾਨ ਸਰਕਾਰ ਬਣ ਗਈ ਹੈ। ਅਜੀਬ ਗੱਲ ਇਹ ਹੈ ਕਿ ਤਾਲਿਬਾਨ ਦੇ ਹਥਿਆਰਬੰਦ ਦਸਤਿਆਂ ਦੇ ਸੁਪਰੀਮ ਕਮਾਂਡਰ ਮੁਹੰਮਦ ਹਸਨ ਅਖੁੰਦਜ਼ਾਦਾ ਨੂੰ ਅਜੇ ਤੱਕ ਕਿਸੇ ਨੇ ਨਹੀਂ ਦੇਖਿਆ। ਰਿਪੋਰਟਾਂ ਮਿਲੀਆਂ ਹਨ ਕਿ ਅਖੁੰਦਜ਼ਾਦਾ ਅਜੇ ਵੀ ਕੰਧਾਰ ਵਿਚ ਹੀ ਹੈ ਜੋ ਤਾਲਿਬਾਨ ਤੇ ਬਹੁਤੇ ਪਖਤੂਨਾਂ ਲਈ ਰੂਹਾਨੀ ਰਾਜਧਾਨੀ ਮੰਨੀ ਜਾਂਦੀ ਹੈ। ਇਸ ਦਾ ਪਿਛੋਕੜ ਇਹ ਹੈ ਕਿ ਆਧੁਨਿਕ ਅਫ਼ਗਾਨਿਸਤਾਨ ਦੇ ਬਾਨੀ ਆਮਿਰ ਅਹਿਮਦ ਸ਼ਾਹ ਦੁਰਾਨੀ ਪੈਗ਼ੰਬਰ ਮੁਹੰਮਦ ਸਾਹਿਬ ਦਾ ਸ਼ਾਲ ਕੰਧਾਰ ਲੈ ਕੇ ਆਏ ਸਨ ਜੋ ਅਠਾਰਵੀਂ ਸਦੀ ਵਿਚ ਬੁਖਾਰਾ ਦੇ ਸ਼ਾਸਕ ਨੇ ਉਸ ਦੁਰਾਨੀ ਨੂੰ ਭੇਟ ਕੀਤਾ ਸੀ। ਮੁੱਲ੍ਹਾ ਉਮਰ ਨੇ ਕੰਧਾਰ ਵਿਚ ਉਸ ਸ਼ਾਲ ਨਾਲ ਕਈ ਵਾਰ ਜਨਤਕ ਤੌਰ ਤੇ ਸਾਹਮਣੇ ਆ ਕੇ ਤਾਲਿਬਾਨ ਦੇ ਬਾਨੀ ਵਜੋਂ ਆਪਣੀ ਪੈਂਠ ਜਮਾਈ ਸੀ। ਕਾਬੁਲ ਵਿਚ ਨਵੀਂ ਤਾਲਿਬਾਨ ਸਰਕਾਰ ਦੀ ਅਗਵਾਈ ਪਹਿਲਾਂ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨੂੰ ਸੌਂਪਣ ਦੀਆਂ ਕਨਸੋਅ ਸੀ ਜਿਸ ਨੇ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਅੱਠ ਸਾਲ ਗੁਜ਼ਾਰੇ ਸਨ। ਬਰਾਦਰ ਅਤੇ ਉਸ ਦੇ ਕੁਝ ਸਾਥੀਆਂ ਬਾਰੇ ਪ੍ਰਭਾਵ ਹੈ ਕਿ ਉਹ ਭਾਰਤ ਪ੍ਰਤੀ ਝੁਕਾਅ ਰੱਖਦੇ ਹਨ।
ਜਦੋਂ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਨੇ ਕਾਬੁਲ ਦਾ ਦੌਰਾ ਕੀਤਾ ਤਾਂ ਅਫ਼ਗਾਨਿਸਤਾਨ ਦੇ ਹਾਲਾਤ ਵਿਚ ਇਕਦਮ ਤਬਦੀਲੀ ਆ ਗਈ। ਉਦੋਂ ਤੱਕ ਮੁੱਲ੍ਹਾ ਬਰਾਦਰ ਹੀ ਕਾਇਮ ਮੁਕਾਮ ਤਾਲਿਬਾਨ ਸਰਕਾਰ ਦੇ ਮੁਖੀ ਸਨ। ਉਸ ਤੋਂ ਤੁਰੰਤ ਬਾਅਦ ਮੁਹੰਮਦ ਹਸਨ ਅਖੁੰਦ ਨੂੰ ਅਫ਼ਗਾਨਿਸਤਾਨ ਦਾ ਪ੍ਰਧਾਨ ਮੰਤਰੀ ਐਲਾਨ ਦਿੱਤਾ ਗਿਆ। ਮੁੱਲ੍ਹਾ ਬਰਾਦਰ ਵਾਂਗ ਹੀ ਉਹ ਵੀ ਤਾਲਿਬਾਨ ਦੇ ਬਾਨੀ ਮੁੱਲ੍ਹਾ ਉਮਰ ਦਾ ਕਰੀਬੀ ਸਾਥੀ ਰਿਹਾ ਹੈ ਪਰ ਉਹ ਕੁਝ ਜ਼ਿਆਦਾ ਹੀ ਕੱਟੜਪੰਥੀ ਰਿਹਾ ਹੈ। ਉਸ ਨੇ ਹੀ ਨਿੱਜੀ ਤੌਰ ’ਤੇ ਬਾਮਿਆਨ ਵਿਚ ਬੁੱਧ ਦੀਆਂ ਮੂਰਤੀਆਂ ਨੂੰ ਉਡਾਉਣ ਦੀ ਕਾਰਵਾਈ ਦੀ ਦੇਖਰੇਖ ਕੀਤੀ ਸੀ ਅਤੇ ਉਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਲੋਂ ਕੌਮਾਂਤਰੀ ਦਹਿਸ਼ਤਗਰਦ ਐਲਾਨਿਆ ਗਿਆ ਸੀ। ਹੁਣ ਉਹ ਬਤੌਰ ਪ੍ਰਧਾਨ ਮੰਤਰੀ ਫ਼ੌਜੀ ਮਾਮਲਿਆਂ ਨਾਲ ਵੀ ਨਜਿੱਠੇਗਾ। ਬਹਰਹਾਲ, ਭਾਰਤ ਦੀ ਕੌਮੀ ਸੁਰੱਖਿਆ ਲਈ ਅਸਲ ਖ਼ਤਰਾ ਹੱਕਾਨੀ ਨੈਟਵਰਕ ਦੇ ਮੁਖੀ ਸਿਰਾਜੂਦੀਨ ਹੱਕਾਨੀ ਤੋਂ ਆ ਸਕਦਾ ਹੈ ਜਿਸ ਨੂੰ ਨਵਾਂ ਗ੍ਰਹਿ ਮੰਤਰੀ ਥਾਪਿਆ ਗਿਆ ਹੈ। ਸਿਰਾਜੂਦੀਨ ਹੱਕਾਨੀ ਦਾ ਨਾਂ ਅਮਰੀਕੀ ਸੂਹੀਆ ਏਜੰਸੀ ਐੱਫਬੀਆਈ ਦੀ ਅਤਿ ਲੋੜੀਂਦਿਆਂ ਦੀ ਸੂਚੀ ਵਿਚ ਆਉਂਦਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਸੂਹ ਦੇਣ ਵਾਲੇ ਨੂੰ 50 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਹੈ। ਉਸ ਦੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੇ ਪਾਕਿਸਤਾਨ ਆਧਾਰਿਤ ਦਹਿਸ਼ਤਗਰਦ ਗਰੁਪਾਂ ਨਾਲ ਕਰੀਬੀ ਸਬੰਧ ਰਹੇ ਹਨ।
       ਅਫ਼ਗਾਨਿਸਤਾਨ ਭਰ ਵਿਚ ਭਾਰਤੀ ਦੂਤਾਵਾਸ ਤੇ ਕੌਂਸਲਖ਼ਾਨਿਆਂ ’ਤੇ ਹੋਏ ਹਮਲਿਆਂ ਲਈ ਹੱਕਾਨੀ ਨੈਟਵਰਕ ਤੇ ਇਸ ਦੇ ਕਾਰਕੁਨ ਕਸੂਰਵਾਰ ਗਿਣੇ ਜਾਂਦੇ ਹਨ। ਵੱਡੀ ਗੱਲ ਇਹ ਹੈ ਕਿ ਸਿਰਾਜੂਦੀਨ ਹੱਕਾਨੀ ਕੋਲ ਹੁਣ ਡੂਰੰਡ ਲਾਈਨ ਦੇ ਨਾਲ ਲਗਦੇ ਖੇਤਰਾਂ ਦੇ ਗਵਰਨਰ ਨਿਯੁਕਤ ਕਰਨ ਦੀ ਤਾਕਤ ਹੈ ਜਿਸ ਨਾਲ ਉਹ ਅਫ਼ਗਾਨਿਸਤਾਨ ਵਿਚ ਸਿਖਲਾਈਯਾਫ਼ਤਾ ਜਹਾਦੀਆਂ ਨੂੰ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਰਸਤੇ ਜੰਮੂ ਕਸ਼ਮੀਰ ਵਿਚ ਘੱਲਣ ਦੇ ਸਮਰੱਥ ਹੋ ਗਿਆ ਹੈ। ਅਫ਼ਗਾਨ ਫ਼ੌਜ ਦੇ ਤਾਲਿਬਾਨ ਸਾਹਮਣੇ ਆਤਮ-ਸਮਰਪਣ ਦਾ ਸਭ ਤੋਂ ਖੌਫ਼ਨਾਕ ਸਿੱਟਾ ਇਹ ਨਿਕਲਿਆ ਹੈ ਕਿ ਅਮਰੀਕੀਆਂ ਵਲੋਂ ਅਫ਼ਗਾਨ ਫ਼ੌਜ ਲਈ ਮੁਹੱਈਆ ਕਰਵਾਏ ਹਥਿਆਰਾਂ, ਅਸਲ੍ਹੇ ਅਤੇ ਵਿਸਫੋਟਕਾਂ ਦਾ ਭਾਰੀ ਜਖ਼ੀਰਾ ਤਾਲਿਬਾਨ ਦੇ ਹੱਥਾਂ ਵਿਚ ਚਲਿਆ ਗਿਆ ਹੈ। ਜੇ 2022 ਦੀਆਂ ਗਰਮੀਆਂ ਵਿਚ ਜੰਮੂ ਕਸ਼ਮੀਰ ਵਿਚ ਘੁਸਪੈਠ ਕਰ ਕੇ ਆਏ ਸਿਰਾਜੂਦੀਨ ਹੱਕਾਨੀ ਦੇ ਹਮਾਇਤੀਆਂ ਵਲੋਂ ਸਿਖਲਾਈਯਾਫ਼ਤਾ ਅਤੇ ਅਮਰੀਕੀ ਹਥਿਆਰਾਂ ਨਾਲ ਲੈਸ ਜਹਾਦੀਆਂ ਨਾਲ ਮੁਕਾਬਲਿਆਂ ਦਾ ਸਿਲਸਿਲਾ ਦੇਖਣ ਨੂੰ ਮਿਲਿਆ ਤਾਂ ਇਸ ’ਤੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ।
        ਰੂਸ ਨੇ ਪਾਕਿਸਤਾਨ ਦੀਆਂ ਕੁਝ ਕਚਘਰੜ ਤਜਵੀਜ਼ਾਂ ’ਤੇ ਇਤਰਾਜ਼ ਜਤਾਇਆ ਹੈ ਜਿਨ੍ਹਾਂ ਦਾ ਮਕਸਦ ਦੁਨੀਆ ਨੂੰ ਇਹ ਦਰਸਾਉਣਾ ਸੀ ਕਿ ਅਫ਼ਗਾਨਿਸਤਾਨ ਲਈ ਇਕਮਾਤਰ ਰਸਤਾ ਪਾਕਿਸਤਾਨ ਵਿਚੋਂ ਹੋ ਕੇ ਲੰਘਦਾ ਹੈ। ਬਹਰਹਾਲ, ਭਾਰਤ ਨੇ ਪਾਕਿਸਤਾਨ ਦੀਆਂ ਅਜਿਹੀਆਂ ਪੇਸ਼ਕਦਮੀਆਂ ਦਾ ਸਖ਼ਤ ਨੋਟਿਸ ਲਿਆ ਹੈ ਜਿਨ੍ਹਾਂ ਦਾ ਮੰਤਵ ਰਾਵਲਪਿੰਡੀ ਨੂੰ ਅਫ਼ਗਾਨਿਸਤਾਨ ਤੱਕ ਰਸਾਈ ਦਾ ਧੁਰਾ ਬਣਾਉਣਾ ਰਿਹਾ ਹੈ ਕਿਉਂਕਿ ਭਾਰਤ ਨੇ ਬੀਤੇ ਵਿਚ ਅਫ਼ਗਾਨਿਸਤਾਨ ਤੱਕ ਪਹੁੰਚ ਕਰਨ ਲਈ ਇਰਾਨ ਅਤੇ ਤਾਜਿਕਸਤਾਨ ਜਿਹੇ ਮੱਧ ਏਸ਼ਿਆਈ ਮੁਲਕਾਂ ਦੇ ਲਾਂਘਿਆਂ ਦਾ ਇਸਤੇਮਾਲ ਕੀਤਾ ਸੀ। ਰੂਸ, ਅਮਰੀਕਾ ਤੇ ਬਰਤਾਨੀਆ ਦੀਆਂ ਬਹਿਰੂਨੀ ਖੁਫ਼ੀਆ ਏਜੰਸੀਆਂ ਦੇ ਮੁਖੀਆਂ ਨੇ ਹਾਲ ਹੀ ਵਿਚ ਅਫ਼ਗਾਨਿਸਤਾਨ ਬਾਰੇ ਚਰਚਾ ਕਰਨ ਲਈ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ। ਰੂਸ ਤੇ ਅਮਰੀਕਾ ਦੇ ਪ੍ਰਤੀਕਰਮ ਦੀ ਪੇਸ਼ੀਨਗੋਈ ਔਖੀ ਨਹੀਂ ਹੈ ਪਰ ਅਫ਼ਗਾਨਿਸਤਾਨ ਨੂੰ ਬਰੇਸਗੀਰ ਨਾਲੋਂ ਅੱਡ ਕਰਨ ਵਾਲੀ ਬਦਨਾਮ ਡੂਰੰਡ ਲਾਈਨ ਵਾਹੁਣ ਵਾਲੇ ਬਰਤਾਨੀਆ ਦੇ ਰੁਖ਼ ਬਾਰੇ ਹੈਰਾਨਗੀ ਦੀ ਗੁੰਜਾਇਸ਼ ਹੈ। ਉਂਝ, ਚੰਗੇ ਭਾਗੀਂ ਲੰਡਨ ਵਿਚ ਸਾਡੇ ਨਾਲ ਦੋਸਤਾਨਾ ਵਿਹਾਰ ਰੱਖਣ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਚੱਲ ਰਹੀ ਹੈ।
      ਭਾਰਤ ਨੂੰ ਕਾਬੁਲ ’ਚ ਭਰਵੀਂ ਤਾਦਾਦ ’ਚ ਸਫ਼ਾਰਤੀ ਅਮਲਾ ਮੁੜ ਤਾਇਨਾਤ ਕਰਨ ’ਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਤਾਲਿਬਾਨ ਦੇ ਪਹਿਲੇ ਸ਼ਾਸਨ ਦੌਰਾਨ ਅਫ਼ਗਾਨਿਸਤਾਨ ਦੀਆਂ ਕੁਝ ਵੱਡੀਆਂ ਹਸਤੀਆਂ ਦਾ ਘਰ ਬਣਿਆ ਰਿਹਾ ਸੀ। ਤਾਲਿਬਾਨ ਸ਼ਰੇਆਮ ਆਪਣੇ ਧਾਰਮਿਕ ਕੱਟੜਪੁਣੇ ਦਾ ਮੁਜ਼ਾਹਰਾ ਕਰਦੇ ਰਹੇ ਹਨ। ਸਾਰੇ ਲੇਖੇ-ਜੋਖੇ ਦਾ ਲਬੋ-ਲਬਾਬ ਇਹ ਹੈ ਕਿ ਤਾਲਿਬਾਨ ਸ਼ਾਸਨ ਹੇਠ ਅਫ਼ਗਾਨਿਸਤਾਨ ਦਾ ਅਰਥਚਾਰਾ ਹੋਰ ਡਾਵਾਂਡੋਲ ਹੁੰਦਾ ਜਾਵੇਗਾ। ਜਲਦੀ ਹੀ ਤਾਲਿਬਾਨ ਨੂੰ ਕਣਕ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਦੀ ਬਿਹਤਰ ਤਰੀਕੇ ਨਾਲ ਸਪਲਾਈ ਭਾਰਤ ਕਰ ਸਕਦਾ ਹੈ। ਭਾਰਤ ਅਫ਼ਗਾਨਿਸਤਾਨ ਤੱਕ ਪਹੁੰਚ ਬਣਾਉਣ ਲਈ ਇਰਾਨ ਦੀ ਚਾਬਹਾਰ ਬੰਦਰਗਾਹ ਅਤੇ ਤਾਜਿਕਸਤਾਨ ਜਿਹੇ ਮੱਧ ਏਸ਼ੀਆਈ ਮੁਲਕਾਂ ਦੇ ਖੇਤਰਾਂ ਦਾ ਵੀ ਇਸਤੇਮਾਲ ਕਰ ਸਕਦਾ ਹੈ।
* ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।