ਅਫਗਾਨਿਸਤਾਨ ਦੇ ਸੱਤਾ ਤਬਾਦਲੇ ਪਿੱਛੋਂ ਕੁਝ ਗੁੱਝੇ ਜਿਹੇ ਇਸ਼ਾਰੇ ਕਰ ਰਹੀ ਹੈ ਸੰਸਾਰ ਦੀ ਸਥਿਤੀ - ਜਤਿੰਦਰ ਪਨੂੰ

ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜ ਨਿਕਲੀ ਨੂੰ ਅਤੇ ਤਾਲਿਬਾਨ ਦੀ ਧਾੜ ਓਥੇ ਕਾਬਜ਼ ਹੋਈ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ। ਸਾਰੇ ਸੰਸਾਰ ਵਿੱਚ ਇਸ ਤਬਦੀਲੀ ਦੀ ਧੁੰਮ ਪੈਣ ਦੇ ਨਾਲ ਅਮਰੀਕਾ ਵਿੱਚ ਰਾਸ਼ਟਰਪਤੀ ਜੋਅ ਬਾਇਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਇਸ ਦੂਸ਼ਣਬਾਜ਼ੀ ਦੀ ਖੇਡ ਸ਼ੁਰੂ ਹੋ ਗਈ ਹੈ ਕਿ ਆਪਣੇ ਦੇਸ਼ ਦੀ ਵੱਧ ਬੇਇੱਜ਼ਤੀ ਕਰਾਉਣ ਦਾ ਕੌਣ ਜ਼ਿੰਮੇਵਾਰ ਹੈ ਅਤੇ ਇਹ ਖੇਡ ਵੀਹ ਸਾਲ ਪਹਿਲਾਂ ਵਰਲਡ ਟਰੇਡ ਸੈਂਟਰ ਦੀ ਘਟਨਾ ਦੇ ਦਸਤਾਵੇਜ਼ ਜਾਰੀ ਕਰਨ ਤੱਕ ਵੀ ਚਲੀ ਗਈ ਹੈ। ਸਾਊਦੀ ਅਰਬ ਬਾਰੇ ਅਮਰੀਕੀ ਹਕੂਮਤ ਨੂੰ ਉਸ ਘਟਨਾ ਦੇ ਬਾਅਦ ਲਗਾਤਾਰ ਇਹ ਸ਼ੱਕ ਸੀ ਕਿ ਉਸ ਵਿੱਚ ਸ਼ਾਮਲ ਹੋਏ ਅੱਤਵਾਦੀਆਂ ਵਿੱਚੋਂ ਜਿਹੜੇ ਪਿੱਛੋਂ ਸਾਊਦੀ ਅਰਬ ਦੇ ਸਨ, ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਦੇਸ਼ ਤੋਂ ਮਦਦ ਮਿਲਦੀ ਸੀ, ਪਰ ਇਸ ਦੇ ਬਾਵਜੂਦ ਅਮਰੀਕਾ ਨੇ ਰਿਸ਼ਤਿਆਂ ਵਿੱਚ ਏਦਾਂ ਦੀ ਕੋਈ ਕੁੜੱਤਣ ਨਹੀਂ ਸੀ ਆਉਣ ਦਿੱਤੀ। ਅਫਗਾਨਿਸਤਾਨ ਦੇ ਪੰਦਰਾਂ ਅਗਸਤ ਤੋਂ ਬਾਅਦ ਦੇ ਹਾਲਾਤ ਨੇ ਇਸ ਰਿਸ਼ਤੇਦਾਰੀ ਵਿੱਚ ਇੱਕ ਖਾਸ ਤਰ੍ਹਾਂ ਦੀ ਕੌੜ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਜੜ੍ਹ ਵਰਲਡ ਟਰੇਡ ਸੈਂਟਰ ਦੀ ਘਟਨਾ ਦੇ ਦਸਤਾਵੇਜ਼ ਜਾਰੀ ਕਰਨ ਵਿੱਚੋਂ ਨਿਕਲਦੀ ਹੈ, ਜਿਨ੍ਹਾਂ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੋਸ਼ੀਆਂ ਦੀ ਮਦਦ ਇਸ ਦੇਸ਼ ਦੇ ਕੁਝ ਡਿਪਲੋਮੇਟਾਂ ਨੇ ਕੀਤੀ ਸੀ। ਸਿੱਧਾ ਦੋਸ਼ ਸਾਊਦੀ ਅਰਬ ਉੱਤੇ ਲਾਇਆ ਨਹੀਂ ਗਿਆ, ਪਰ ਜਿੰਨੀ ਵੀ ਗੱਲ ਵਲਾਵਾਂ ਪਾ ਕੇ ਕਹੀ ਗਈ ਹੈ, ਉਸ ਦੇ ਕਾਰਨ ਪਹਿਲਾਂ ਵਰਗੇ ਸੰਬੰਧ ਕਾਇਮ ਰਹਿਣ ਦੀ ਗੁੰਜਾਇਸ਼ ਬਹੁਤ ਘਟ ਗਈ ਹੈ।
ਦੂਸਰਾ ਅਸਰ ਅਫਗਾਨਿਸਤਾਨ ਦੇ ਹਾਲਾਤ ਦਾ ਉਸ ਪਾਕਿਸਤਾਨ ਵੱਲ ਪਿਆ ਹੈ, ਜਿਹੜਾ ਪਿਛਲੇ ਵੀਹ ਸਾਲਾਂ ਤੋਂ ਇੱਕੋ ਵਕਤ ਆਪਸ ਵਿੱਚ ਲੜਦੀਆਂ ਦੋ ਧਿਰਾਂ ਅਮਰੀਕਾ ਅਤੇ ਤਾਲਿਬਾਨ ਨਾਲ ਦੋਵਾਂ ਤੋਂ ਓਹਲਾ ਰੱਖ ਕੇ ਬਹੁਤ ਚੁਸਤੀ ਵਾਲੀ ਸਾਂਝ ਨਿਭਾਉਂਦਾ ਰਿਹਾ ਸੀ। ਉਹ ਸਮਝਦਾ ਸੀ ਕਿ ਅਮਰੀਕਾ ਵਾਲੇ ਉਸ ਨੂੰ ਤਾਲਿਬਾਨ ਦੇ ਖਿਲਾਫ ਆਪਣਾ ਸਾਥੀ ਮੰਨਦੇ ਹੋਣਗੇ ਅਤੇ ਤਾਲਿਬਾਨ ਉਸ ਨੂੰ ਅਮਰੀਕਾ ਦੀ ਬੁੱਕਲ ਦਾ ਸੱਪ ਮੰਨ ਕੇ ਆਪਣਾ ਸਾਥੀ ਸਮਝਦੇ ਹੋਣਗੇ, ਪਰ ਇਸ ਤੋਂ ਉਲਟ ਦੋਵਾਂ ਧਿਰਾਂ ਨੂੰ ਇਸ ਵਿੱਚੋਂ ਪਾਕਿਸਤਾਨ ਦੀ ਨੀਤੀ ਦਾ ਦੋਗਲਾਪਣ ਅਤੇ ਦੋਵਾਂ ਦੇ ਭੇੜ ਵਿੱਚੋਂ ਆਪਣੇ ਹਿੱਤਾਂ ਵਾਲੀ ਖੇਡ ਖੇਡੀ ਜਾਂਦੀ ਦਿੱਸ ਪਈ। ਨਤੀਜਾ ਇਸ ਦਾ ਇਹ ਹੋਇਆ ਕਿ ਅਮਰੀਕਾ ਨਾਲ ਸਮਝੌਤਾ ਕਰ ਕੇ ਉਨ੍ਹਾਂ ਉਸ ਦੇਸ਼ ਵਿੱਚੋਂ ਅਮਰੀਕੀ ਫੌਜ ਨਿਕਲ ਜਾਣ ਦਾ ਮੌਕਾ ਬਣਾਇਆ ਅਤੇ ਉਸ ਦੇ ਜਾਂਦੇ ਸਾਰ ਦੇਸ਼ ਉੱਤੇ ਕਬਜ਼ਾ ਕਰਨ ਵਿੱਚ ਕੋਈ ਦੇਰੀ ਨਹੀਂ ਸੀ ਕੀਤੀ। ਦੂਸਰੇ ਪਾਸੇ ਉਨ੍ਹਾਂ ਨੇ ਪਾਕਿਸਤਾਨੀ ਹਕੂਮਤ ਨੂੰ ਏਥੋਂ ਤੱਕ ਤਾਂ ਬਰਦਾਸ਼ਤ ਕਰ ਲਿਆ ਕਿ ਆਪਣੀ ਸਰਕਾਰ ਬਣਾਉਣ ਵਾਸਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਅਤੇ ਓਥੋਂ ਦੀ ਫੌਜ ਦੀਆਂ ਕੁਝ ਸੇਧਾਂ ਮੰਨ ਲਈਆਂ, ਪਰ ਭਵਿੱਖ ਦੇ ਦੁਵੱਲੇ ਕਾਰੋਬਾਰ ਜਾਂ ਦੂਸਰੇ ਦੇਸ਼ਾਂ ਨਾਲ ਦੁਵੱਲੇ ਸੰਬੰਧ ਪਾਕਿਸਤਾਨੀ ਹਾਕਮਾਂ ਦੇ ਕਹੇ ਮੁਤਾਬਕ ਰੱਖਣ ਵਾਲੀ ਗੱਲ ਨੂੰ ਅੱਖੋਂ ਪਰੋਖੇ ਕਰਨ ਲੱਗ ਪਏ। ਉਲਟਾ ਅਸਰ ਇਹ ਪਿਆ ਕਿ ਪਾਕਿਸਤਾਨ ਦੇ ਲੋਕਾਂ ਵਿੱਚ ਵੀ ਤਾਲਿਬਾਨ ਵਾਲੀ ਸੋਚ ਭਾਰੂ ਹੋਣ ਲੱਗ ਪਈ ਤੇ ਇੱਕ ਸਰਵੇ ਅਨੁਸਾਰ ਦੋ-ਤਿਹਾਈ ਆਬਾਦੀ ਨੇ ਇਹ ਕਹਿਣ ਵਿੱਚ ਦੇਰ ਨਹੀਂ ਲਾਈ ਕਿ ਏਥੇ ਵੀ ਤਾਲਿਬਾਨ ਵਰਗਾ ਇਸਲਾਮੀ ਰਾਜ ਚਾਹੀਦਾ ਹੈ। ਪਾਕਿਸਤਾਨ ਦੇ ਹਾਕਮ ਨਵੀਂ ਸਥਿਤੀ ਤੋਂ ਅੰਦਰੋ-ਅੰਦਰੀ ਘਬਰਾਹਟ ਵਿੱਚ ਹਨ ਅਤੇ ਓਥੇ ਏਦਾਂ ਦੀ ਉਠਾਣ ਦਾ ਸੰਕੇਤ ਤਹਿਰੀਕ-ਇ-ਲਬੈਕ ਵਰਗੀ ਕੱਟੜਪੰਥੀ ਧਿਰ ਵੱਲੋਂ ਸਰਕਾਰ ਵਿਰੁੱਧ ਧਰਨੇ ਮਾਰ ਕੇ ਉਸ ਨੂੰ ਆਪਣੀਆਂ ਗੱਲਾਂ ਮਨਾਉਣ ਦੇ ਨਾਲ ਉਨ੍ਹਾਂ ਨੂੰ ਮਿਲ ਚੁੱਕਾ ਹੈ। ਇਸ ਦੇ ਬਾਅਦ ਪਾਕਿਸਤਾਨ ਦਾ ਹਰ ਆਗੂ ਸੋਚ-ਸੋਚ ਕੇ ਬੋਲਦਾ ਪਿਆ ਹੈ। ਅਗਲਾ ਸਮਾਂ ਉਸ ਦੇਸ਼ ਵਿੱਚ ਕਿੱਦਾਂ ਦਾ ਹੋਵੇਗਾ, ਹਾਲ ਦੀ ਘੜੀ ਪਾਕਿਸਤਾਨ ਦੀ ਸਰਕਾਰ ਤੇ ਸਿਆਸਤ ਦੇ ਧੁਰੰਤਰ ਵੀ ਨਹੀਂ ਜਾਣ ਸਕਦੇ, ਪਰ ਹਾਲਾਤ ਦੀ ਚੀਰ-ਪਾੜ ਕਰਨ ਵਾਲੇ ਸੰਸਾਰ ਪੱਧਰ ਦੇ ਮਾਹਰ ਕਹਿੰਦੇ ਹਨ ਕਿ ਭਵਿੱਖ ਚੰਗੇ ਸੰਕੇਤ ਨਹੀਂ ਦੇ ਰਿਹਾ।
ਅਫਗਾਨਿਸਤਾਨ ਵਿੱਚ ਸੱਤਾ ਤਬਦੀਲੀ ਤੇ ਉਸ ਤੋਂ ਬਾਅਦ ਅਮਰੀਕਾ ਅਤੇ ਸਾਊਦੀ ਅਰਬ ਜਾਂ ਪਾਕਿਸਤਾਨ ਦੇ ਅੰਦਰ ਵਾਲੇ ਹਾਲਾਤ ਦਾ ਅਸਰ ਭਾਰਤ ਉੱਤੇ ਵੀ ਪੈਣ ਦੇ ਸੰਕੇਤ ਵੀ ਮਿਲਣ ਲੱਗੇ ਹਨ। ਅਮਰੀਕੀ ਸਰਕਾਰ ਨੇ ਆਪਣੀ ਫੌਜ ਅਫਗਾਨਿਸਤਾਨ ਤੋਂ ਨਿਕਲਣ ਪਿੱਛੋਂ ਇੱਕ ਮਹੀਨਾ ਵੀ ਨਹੀਂ ਛੱਡਿਆ ਤੇ ਆਸਟਰੇਲੀਆ ਤੇ ਬ੍ਰਿਟੇਨ ਨਾਲ ਮਿਲ ਕੇ ਇੱਕ 'ਆਸਟਰੇਲੀਆ, ਬ੍ਰਿਟੇਨ, ਅਮਰੀਕਾ' (ਏ, ਯੂ ਕੇ, ਯੂ ਐੱਸ ਜਾਂ ਆਕੱਸ) ਵਾਲਾ ਗੱਠਜੋੜ ਬਣਾ ਲਿਆ ਹੈ। ਇਸ ਦੇ ਪਿੱਛੇ ਲੁਕੀ ਹੋਈ ਨੀਤੀ ਭਾਰਤ ਨੂੰ ਵੇਲੇ ਸਿਰ ਵੇਖਣੀ ਚਾਹੀਦੀ ਹੈ। ਮਿਲੀਆਂ ਖਬਰਾਂ ਦੇ ਮੁਤਾਬਕ ਨਵਾਂ ਗੱਠਜੋੜ ਇੰਡੋ-ਪੈਸੇਫਿਕ ਰੀਜਨ ਵਿੱਚ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਬਣਿਆ ਹੈ, ਪਰ ਬਹੁਤ ਲੰਮੇ ਇੰਡੋ-ਪੈਸੇਫਿਕ ਖੇਤਰ ਵਿੱਚੋਂ ਇਸ ਦੀ ਬਹੁਤੀ ਨੀਤੀ ਸੈਂਟਰਲ ਇੰਡੋ-ਪੈਸੇਫਿਕ ਤੱਕ ਸੀਮਤ ਰੱਖਣ ਦੀ ਨੀਤ ਜਾਪਦੀ ਹੈ। ਭਾਰਤ-ਅਮਰੀਕਾ ਦੇ ਸੰਬੰਧ ਇਸ ਵਕਤ ਉਸ ਤੋਂ ਵੱਧ ਨਿੱਘੇ ਨਜ਼ਰ ਆ ਰਹੇ ਹਨ, ਜਿੰਨੇ ਕਿਸੇ ਵਕਤ ਭਾਰਤ ਤੇ ਰੂਸ ਵਿਚਾਲੇ ਹੁੰਦੇ ਸਨ। ਓਦੋਂ ਰੂਸ ਤੇ ਭਾਰਤ ਦਾ ਜੰਗੀ ਸਮਝੌਤਾ ਹੋਣ ਕਾਰਨ ਜਦੋਂ ਬੰਗਲਾ ਦੇਸ਼ ਦੀ ਲੜਾਈ ਵਿੱਚ ਭਾਰਤ ਕੁੱਦਿਆ ਤਾਂ ਅਮਰੀਕਾ ਦਾ ਜੰਗੀ ਬੇੜਾ ਪਾਕਿਸਤਾਨੀ ਫੌਜ ਦੀ ਮਦਦ ਵਾਸਤੇ ਤੁਰਦਾ ਵੇਖਦੇ ਸਾਰ ਸੋਵੀਅਤ ਰੂਸ ਨੇ ਭਾਰਤ ਦੀ ਮਦਦ ਲਈ ਆਪਣਾ ਬੇੜਾ ਅੱਗਲਵਾਂਢੀ ਰਾਹ ਰੋਕਣ ਵਾਸਤੇ ਠੇਲ੍ਹ ਦਿੱਤਾ ਸੀ ਅਤੇ ਅਮਰੀਕਾ ਵਾਲੇ ਭਾਰਤ ਤੋਂ ਡਰ ਕੇ ਨਹੀਂ, ਰੂਸ ਨਾਲ ਪੇਚਾ ਪੈਂਦਾ ਟਾਲਣ ਲਈ ਪਿੱਛੇ ਮੁੜ ਗਏ ਸਨ। ਓਦੋਂ ਦੀ ਕਹਾਣੀ ਅੱਜ ਏਨੀ ਬਦਲ ਗਈ ਹੈ ਕਿ ਉਸ ਵਿੱਚ ਜਿਹੜੀ ਥਾਂ ਰੂਸ ਲਿਖਿਆ ਹੁੰਦਾ ਸੀ, ਅੱਜ ਓਥੇ ਅਮਰੀਕਾ ਲਿਖਿਆ ਦਿੱਸਣ ਲੱਗ ਪਿਆ ਹੈ। ਇਹੋ ਗੱਲ ਅਫਗਾਨਿਸਤਾਨ ਵਿਚਲੀ ਸੱਤਾ ਤਬਦੀਲੀ ਤੋਂ ਬਾਅਦ ਭਾਰਤ ਦੇ ਲੋਕਾਂ ਵਾਸਤੇ ਚਿੰਤਾ ਵਾਲੀ ਹੋ ਸਕਦੀ ਹੈ, ਪਰ ਭਾਰਤ ਦੀ ਸਰਕਾਰ ਇਹੋ ਜਿਹੀ ਚਿੰਤਾ ਵੱਲ ਕਿਸੇ ਦਾ ਧਿਆਨ ਨਾ ਜਾਣ ਦੇਣ ਲਈ ਨਿੱਤ ਦਿਨ ਦੂਸਰੇ ਮੁੱਦੇ ਉਛਾਲਣ ਲੱਗੀ ਰਹਿੰਦੀ ਹੈ। ਬਹੁਤ ਘੱਟ ਲੋਕ ਇਹ ਗੱਲ ਸਮਝਦੇ ਹਨ ਕਿ ਪਾਕਿਸਤਾਨ ਨਾਲ ਨੇੜਲੇ ਸੰਬੰਧ ਟੁੱਟ ਜਾਣ ਮਗਰੋਂ ਅਮਰੀਕਾ ਵਾਲੇ ਜਿਨ੍ਹਾਂ ਲੋੜਾਂ ਲਈ ਅਜੇ ਤੱਕ ਪਾਕਿਸਤਾਨ ਨੂੰ ਵਰਤਦੇ ਹੁੰਦੇ ਸਨ, ਉਨ੍ਹਾਂ ਲੋੜਾਂ ਦੀ ਪੂਰਤੀ ਲਈ ਅਗਲੇ ਸਮੇਂ ਵਿੱਚ ਭਾਰਤ ਨੂੰ ਵਰਤਣ ਵਾਲੇ ਹਾਲਾਤ ਚੁੱਪ-ਚੁਪੀਤੇ ਬਣਾਈ ਬੈਠੇ ਜਾਪਦੇ ਹਨ। ਇਹ ਗੱਲ ਸਾਡੇ ਲੋਕਾਂ ਨੂੰ ਸਮਝਣੀ ਪੈ ਸਕਦੀ ਹੈ।
ਪਿਛਲੇ ਦਿਨਾਂ ਵਿੱਚ ਭਾਰਤ ਦੇ ਕੁਝ ਹਾਈਵੇਜ਼ ਨੂੰ ਐਮਰਜੈਂਸੀ ਲੋੜਾਂ ਲਈ ਹਵਾਈ ਜਹਾਜ਼ ਉਤਾਰਨ ਜੋਗੇ ਰੰਨਵੇ ਬਣਾ ਦੇਣ ਦੀਆਂ ਕਈ ਖਬਰਾਂ ਅਸੀਂ ਲੋਕਾਂ ਨੇ ਸੁਣੀਆਂ ਅਤੇ ਪੜ੍ਹੀਆਂ ਸਨ। ਹਾਈਵੇਜ਼ ਨੂੰ ਰੰਨਵੇ ਵਰਗਾ ਬਣਾਉਣ ਵਾਲਾ ਕੰਮ ਕੋਈ ਇਸੇ ਸਾਲ ਨਹੀਂ ਹੋਇਆ, ਇਸ ਦੀ ਸ਼ੁਰੂਆਤ ਉੱਤਰ ਪ੍ਰਦੇਸ਼ ਵਿੱਚ ਅਖਿਲੇਸ਼ ਸਿੰਘ ਦੀ ਸਰਕਾਰ ਦੌਰਾਨ ਹੀ ਹੋ ਗਈ ਸੀ ਅਤੇ ਏਦਾਂ ਦੇ ਪਹਿਲੇ ਰੰਨਵੇ ਦੀ ਟੈੱਸਟਿੰਗ ਵੇਲੇ ਉਹ ਸਮਾਗਮ ਦਾ ਮੁੱਖ ਮਹਿਮਾਨ ਬਣਿਆ ਸੀ, ਪਰ ਭਾਰਤ ਦੇ ਲੋਕਾਂ ਨੂੰ ਓਦੋਂ ਤੱਕ ਵਿਚਲੀ ਗੱਲ ਦਾ ਅਹਿਸਾਸ ਨਹੀਂ ਸੀ ਹੋ ਰਿਹਾ। ਅੱਜਕੱਲ੍ਹ ਜਦੋਂ ਕਿਸੇ ਥਾਂ ਏਦਾਂ ਦੇ ਹਾਈਵੇਜ਼ ਨੂੰ ਐਮਰਜੈਂਸੀ ਰੰਨਵੇ ਵਾਂਗ ਵਰਤਣ ਦੇ ਯੋਗ ਬਣਾਇਆ ਅਤੇ ਪਰਚਾਰਿਆ ਜਾਂਦਾ ਹੈ ਤਾਂ ਨਾਲ ਹੀ ਸਰਕਾਰ ਪੱਖੀ ਚੈਨਲਾਂ ਦੇ ਐਂਕਰ ਇਹ ਗੱਲ ਮੁੜ-ਮੁੜ ਆਖਦੇ ਹਨ ਕਿ ਭਾਰਤ ਦੇ ਇਹ ਐਮਰਜੈਂਸੀ ਰੰਨਵੇ ਅਮਰੀਕਾ ਦੇ ਉਨ੍ਹਾਂ ਹਾਈਵੇਜ਼ ਵਰਗੇ ਬਣੇ ਹਨ, ਜਿਨ੍ਹਾਂ ਉੱਤੇ ਅਮਰੀਕੀ ਹਵਾਈ ਫੌਜ ਦੇ ਜਹਾਜ਼ ਕਿਸੇ ਵੇਲੇ ਵੀ ਉੱਤਰ ਸਕਦੇ ਹਨ। ਇਹ ਜ਼ਿਕਰ ਸੁੱਤੇ ਸਿੱਧ ਨਹੀਂ ਹੁੰਦਾ, ਇਸ ਦੇ ਪਿੱਛੇ ਲੋਕਾਂ ਨੂੰ ਇੱਕ ਤਰ੍ਹਾਂ ਮਾਨਸਿਕ ਤੌਰ ਉੱਤੇ ਤਿਆਰ ਕਰਨ ਦੀ ਖੇਡ ਹੈ, ਤਾਂ ਕਿ ਭਲਕ ਨੂੰ ਜਦੋਂ ਕਿਤੇ ਇਹੋ ਜਿਹੇ ਜਹਾਜ਼ ਸੜਕਾਂ ਉੱਤੇ ਉਤਾਰਨ ਦੀ ਘੜੀ ਆਵੇ ਤਾਂ ਲੋਕਾਂ ਦੀ ਸੋਚ ਨੂੰ ਝਟਕਾ ਨਾ ਲੱਗੇ।
ਉੱਨੀਵੀਂ ਸਦੀ ਦੇ ਅੰਤ ਵਿੱਚ ਜਦੋਂ ਕੁਝ ਪੱਛਮੀ ਦੇਸ਼ਾਂ ਵਿੱਚ ਸੜਕਾਂ ਨੂੰ ਚੌੜੀਆਂ ਕਰਨ ਤੇ ਨਾਲੋ ਨਾਲ ਰਾਹਾਂ ਵਿੱਚ ਕੁਝ ਦੇਰ ਪੜਾਅ ਕਰਨ ਦੇ ਟਿਕਾਣੇ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਰਣਨੀਤਕ ਮਾਹਰਾਂ ਨੇ ਓਦੋਂ ਹੀ ਕਹਿ ਦਿੱਤਾ ਸੀ ਕਿ ਕਿਸੇ ਵੱਡੀ ਜੰਗ ਦੀਆਂ ਤਿਆਰੀਆਂ ਹੁੰਦੀਆਂ ਜਾਪਦੀਆਂ ਹਨ। ਬਾਅਦ ਵਿੱਚ ਦੋ ਏਦਾਂ ਦੀਆਂ ਸੰਸਾਰ ਜੰਗਾਂ ਲੱਗਣ ਦੀ ਬਦਕਿਸਮਤ ਘੜੀ ਆ ਗਈ ਸੀ, ਜਿਨ੍ਹਾਂ ਬਾਰੇ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀ। ਅਫਗਾਨਿਸਤਾਨ ਵਿਚਲੀ ਸੱਤਾ ਤਬਦੀਲੀ ਤੋਂ ਬਾਅਦ ਅਮਰੀਕਾ ਦਾ ਪਾਕਿਸਤਾਨ ਨੂੰ ਇੱਕਦਮ ਛੰਡ ਕੇ ਪਿਛਾਹ ਕਰਨਾ ਅਤੇ ਸਾਊਦੀ ਅਰਬ ਤੋਂ ਆਪਣੀ ਨਿਗਾਹ ਘੁੰਮਾ ਕੇ ਅਚਾਨਕ ਆਸਟਰੇਲੀਆ ਅਤੇ ਬ੍ਰਿਟੇਨ ਨਾਲ ਮਿਲ ਕੇ ਨਵਾਂ 'ਆਕੱਸ' ਵਾਲਾ ਗੱਠਜੋੜ ਬਣਾ ਲੈਣਾ ਕੁਝ ਖਾਸ ਇਸ਼ਾਰੇ ਕਰ ਸਕਦਾ ਹੈ। ਸੰਸਾਰ ਰਣਨੀਤੀ ਵਿੱਚ ਸਾਰਾ ਕੁਝ ਕਿਹਾ ਨਹੀਂ ਜਾਂਦਾ, ਕਈ ਗੱਲਾਂ ਦੇ ਇਸ਼ਾਰੇ ਸਮਝਣੇ ਪੈਂਦੇ ਹਨ ਅਤੇ ਇਸ ਵਕਤ ਵੀ ਸੰਸਾਰ ਦੀ ਰਣਨੀਤੀ ਕੁਝ ਇਸ਼ਾਰੇ ਜਿਹੇ ਕਰਦੀ ਜਾਪਦੀ ਹੈ।