ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ  - ਡਾ. ਸ਼ਿਆਮ ਸੁੰਦਰ ਦੀਪਤੀ

ਸਿਹਤ ਅਤੇ ਬਿਮਾਰੀ ਦੇ ਪੱਖ ਤੋਂ ਜਦੋਂ ਅਸੀਂ ਆਪਣੇ ਆਲੇ-ਦੁਆਲੇ ਵੱਲ ਨਜ਼ਰ ਮਾਰਦੇ ਹਾਂ ਤਾਂ ਲਗਦਾ ਹੈ ਜਿਵੇਂ ਹਰ ਘਰ ਬਿਮਾਰ ਹੈ, ਮਤਲਬ ਘਰ ਦੇ ਸਾਰੇ ਜੀਅ ਭਾਵੇਂ ਬਿਮਾਰ ਨਾ ਵੀ ਹੋਣ, ਇੱਕ ਦੋ ਅਜਿਹੇ ਮੈਂਬਰ ਹੋਣਗੇ ਜੋ ਦਵਾਈਆਂ ਨਾਲ ਆਪਣਾ ਜੀਵਨ ਲੰਘਾ ਰਹੇ ਹਨ ਜਾਂ ਕੋਈ ਥੋੜ੍ਹੀ-ਬਹੁਤ ਦਵਾਈ ਰੋਜ਼ਾਨਾ ਖਾ ਹੀ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਇਸ ਤੱਥ ਤੋਂ ਹੋ ਸਕਦੀ ਹੈ ਕਿ ਹਰ ਗਲੀ-ਬਾਜ਼ਾਰ ਵਿਚ ਦਵਾਈਆਂ ਦੀ ਦੁਕਾਨ ਹੈ ਤੇ ਉਨ੍ਹਾਂ ਤੇ ਵੀ ਪੂਰੀ ਭੀੜ ਹੁੰਦੀ ਹੈ, ਜਿਵੇਂ ਰਾਸ਼ਨ ਦੀਆਂ ਦੁਕਾਨਾਂ ਤੇ ਹੁੰਦੀ ਹੈ। ਇੱਕ ਸਰਵੇਖਣ ਮੁਤਾਬਕ ਪਿੰਡਾਂ ਵਿਚ ਛੋਟੇ ਤੋਂ ਛੋਟੇ ਚਾਰ ਤੋਂ ਪੰਜ ਕੈਮਸਿਟ ਬੈਠੇ ਹਨ। ਇਸ ਦਾ ਇੱਕ ਪੱਖ ਭਾਵੇਂ ਇਹ ਵੀ ਹੈ ਕਿ ਉਹ ਕੈਮਿਸਟ ਦੀ ਦੁਕਾਨ ਦੀ ਆੜ ਵਿਚ ਕਿਹੜਾ ਧੰਦਾ ਕਰ ਰਹੇ ਹਨ!

         ਸਵਾਲ ਹੈ ਕਿ ਅਜੋਕੇ ਸਮੇਂ ਵਿਚ ਬਿਮਾਰੀ ਦੀ ਸਰਦਾਰੀ ਕਿਉਂ ਹੈ? ਚਾਲੀ-ਪੰਜਾਹ ਸਾਲ ਪਹਿਲੋਂ ਦੇ ਸਮੇਂ ਵਿਚ ਵਿਚਰਦੇ ਲੋਕ ਇਹ ਕਹਿੰਦੇ ਮਿਲ ਜਾਣਗੇ ਕਿ ਪਹਿਲਾਂ ਇੰਨੀਆਂ ਬਿਮਾਰੀਆਂ ਨਹੀਂ ਸੀ ਹੁੰਦੀਆਂ, ਮਤਲਬ ਇਹ ਸਿੱਟਾ ਕੱਢਿਆ ਜਾਵੇ ਕਿ ਬਿਮਾਰੀਆਂ ਵਧ ਗਈਆਂ ਹਨ ਤੇ ਨਾਲ ਇਹ ਵੀ ਕਿ ਬਿਮਾਰੀਆਂ ਪੈਦਾ ਹੋ ਗਈਆਂ ਹਨ। ਜੇਕਰ ਇਹ ਸੱਚ ਹੈ ਤਾਂ ਬਿਮਾਰੀਆਂ ਪੈਦਾ ਹੋਣ ਪਿੱਛੇ ਵੀ ਤਾਂ ਕੋਈ ਕਾਰਨ ਹੋਵੇਗਾ। ਉਹ ਕੀ ਤਬਦੀਲੀ ਹੈ, ਜਦੋਂਕਿ ਅਸੀਂ ਵਿਗਿਆਨਕ ਸਮਝ ਤਹਿਤ ਸਾਫ਼ ਪਾਣੀ, ਸਾਫ਼-ਸਫ਼ਾਈ, ਸਿਹਤ ਪ੍ਰਤੀ ਚੇਤਨਾ ਆਦਿ ਅਨੇਕਾਂ ਅਜਿਹੇ ਉਪਰਾਲਿਆਂ ਨੂੰ ਸਲਾਹੁੰਦੇ ਹਾਂ ਤੇ ਉਨ੍ਹਾਂ ਦੇ ਸਿਰ ਸਿਹਰਾ ਬੰਨ੍ਹਦੇ ਹਾਂ। ਔਸਤਨ ਉਮਰ ਵਿਚ ਵਾਧੇ ਨੂੰ ਲੈ ਕੇ ਵੀ ਇਹੀ ਗੱਲ ਹੁੰਦੀ ਹੈ ਕਿ ਸਿਹਤ ਬਾਰੇ ਕਾਫ਼ੀ ਖੋਜ ਹੋਈ ਹੈ ਤੇ ਬਿਮਾਰੀਆਂ ਦੇ ਕਾਰਗਰ ਇਲਾਜ ਸੰਭਵ ਹੋਏ ਹਨ।

ਸਿਹਤ ਦਾ ਦ੍ਰਿਸ਼ ਬਦਲਿਆ ਹੈ, ਬਿਲਕੁੱਲ ਸਹੀ ਹੈ ਪਰ ਬਿਮਾਰੀਆਂ ਵੀ ਵਧੀਆਂ ਹਨ, ਇਹ ਵੀ ਸੱਚ ਹੈ।

       ਸਿਹਤ ਅਤੇ ਬਿਮਾਰੀ ਦੇ ਦ੍ਰਿਸ਼ ਨੂੰ ਸਮਝਣ ਲਈ ਪਿੱਛੇ ਝਾਤ ਮਾਰਾਂਗੇ ਤਾਂ ਮਨੁੱਖ ਸਭ ਤੋਂ ਪਹਿਲਾਂ ਮੌਤ ਬਾਰੇ ਉਦੋਂ ਸੁਚੇਤ ਹੋਇਆ, ਜਦੋਂ ਉਸ ਨੇ ਦੇਖਿਆ ਕਿ ਕੋਈ ਚੰਗਾ-ਭਲਾ ਤੁਰਦਾ-ਫਿਰਦਾ ਬੰਦਾ ਇਕਦਮ ਬੇਹਰਕਤ ਹੋ ਜਾਂਦਾ ਹੈ। ਦੂਸਰੇ ਪੜਾਅ ਦੌਰਾਨ ਮਨੁੱਖ ਨੇ ਮਹਿਸੂਸ ਕੀਤਾ ਕਿ ਮੌਤ ਤੋਂ ਪਹਿਲਾਂ ਜਾਂ ਵੈਸੇ ਵੀ ਬੰਦਾ ਕੁਝ ਢਿੱਲਾ ਜਿਹਾ ਮਹਿਸੂਸ ਕਰਦਾ ਹੈ। ਉਹ ਕੁਝ ਦਿਨ ਇਸ ਹਾਲਤ ਵਿਚ ਰਹਿ ਕੇ ਵੀ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਆਪਣੀ ਸਹਿਜ ਹਾਲਤ ਵਿਚ ਵਾਪਸ ਨਹੀਂ ਪਰਤਦਾ। ਉਸ ਨੇ ਕੁਝ ਅਹੁੜ-ਪਹੁੜ ਕਰਕੇ ਉਸ ਹਾਲਤ ਵਿਚੋਂ ਬਾਹਰ ਆਉਣ ਦੇ ਢੰਗ ਤਰੀਕੇ ਵੀ ਲੱਭੇ।

        ਅੱਜ ਅਸੀਂ ਤੀਸਰੇ ਪੜਾਅ ਵਿਚ ਕਹੇ ਜਾਂਦੇ ਹਾਂ, ਇਹ ਹੈ ਸਿਹਤ ਬਾਰੇ ਸੁਚੇਤ ਹੋਣਾ। ਇਸ ਦਾ ਇਹ ਅਰਥ ਨਹੀਂ ਕਿ ਬਿਮਾਰ ਨਹੀਂ ਹੁੰਦੇ ਜਾਂ ਬਿਮਾਰੀ ਨੇੜੇ ਨਹੀਂ ਆਉਂਦੀ, ਇਸ ਹਾਲਤ ਦਾ ਅਰਥ ਹੈ ਕਿ ਸਾਨੂੰ ਵਿਗਿਆਨ ਨੇ ਬਿਮਾਰੀ ਦੇ ਕਾਰਨਾਂ ਬਾਰੇ ਸੁਚੇਤ ਕਰ ਦਿੱਤਾ ਹੈ। ਇਹ ਹੁਣ ਸਾਡੇ ਗਿਆਨ ਦਾ ਹਿੱਸਾ ਹੈ ਕਿ ਕੋਈ ਬਿਮਾਰ ਕਿਵੇਂ ਹੁੰਦਾ ਹੈ ਤੇ ਅਸੀਂ ਉਸ ਬਾਰੇ ਸਮਝਦਾਰੀ ਨਾਲ ਵਿਹਾਰ ਕਰਦੇ ਹੋਏ ਬਿਮਾਰ ਹੋਣ ਤੋਂ ਬਚ ਸਕਦੇ ਹਾਂ, ਭਾਵ ਅਸੀਂ ਸਿਹਤਮੰਦ ਰਹਿਣ ਦੇ ਤਰੀਕੇ ਜਾਣ ਲਏ ਹਨ। ਤੁਸੀਂ ਅਜੋਕੇ ਸਮੇਂ ਵਿਚ ਸਿਹਤਮੰਦ, ਪ੍ਰੀਮੀਅਮ ਖਾਣੇ, ਨਮਕੀਨ, ਬਿਸਕੁਟ, ਜੂਸ ਬਾਰੇ ਅਜਿਹੀ ਸਮਝਦਾਰੀ ਸੁਣ ਸਕਦੇ ਹੋ।

       ਸਿਹਤ ਬਾਰੇ ਸਮਝ, ਲੰਮੀ ਉਮਰ ਅਤੇ ਹਰ ਘਰ ਵਿਚ ਵਿਸ਼ੇਸ ਦਵਾਈਆਂ ਲਈ ਬਜਟ ਅਤੇ ਅਲਮਾਰੀ ਵਿਚ ਇੱਕ ਥਾਂ ਜਿੱਥੇ ਦਵਾਈਆਂ ਮੌਜੂਦ ਨੇ। ਜਿੱਥੇ ਕਿਤੇ ਵੀ ਬੈਠੋ, ਤੁਸੀਂ ਕਿਸੇ ਨੂੰ ਮਿਲਣ ਜਾਵੋ, ਕੋਈ ਤਹਾਨੂੰ ਮਿਲਣ ਆਵੇ, ਬਿਮਾਰੀਆਂ ਬਾਰੇ ਚਰਚਾ ਜ਼ਰੂਰ ਹੁੰਦੀ ਹੈ, ਸਿਹਤ ਬਾਰੇ ਹੋਵੇ ਨਾ ਹੋਵੇ।

     ਸਿਹਤ ਅਤੇ ਬਿਮਾਰੀ ਬਾਰੇ ਸਮਝ ਵਿਚ ਆਈ ਤਬਦੀਲੀ ਨੂੰ ਇਸ ਪੱਖ ਤੋਂ ਸਮਝੀਏ ਕਿ ਇਨ੍ਹਾਂ ਦੋਹਾਂ ਪਹਿਲੂਆਂ ਵਿਚ ਤੀਸਰਾ ਪੱਖ ਹੈ, ਡਾਕਟਰ। ਨਿਸ਼ਚਿਤ ਹੀ ਉਹ ਵਿਧੀਵਤ ਜਾਣਕਾਰ ਹੈ। ਉਹ ਭਾਵੇਂ ਸਾਡੇ ਪੁਰਾਤਨ ਵੈਦ ਵਿਵਸਥਾ ਤੋਂ ਹੈ ਤੇ ਭਾਵੇਂ ਹੁਣ ਵਿਗਿਆਨਕ, ਮੈਡੀਕਲ ਪੜ੍ਹਾਈ ਨਾਲ ਲੈਸ। ਉਹ ਬਿਮਾਰੀ ਬੁੱਝਦਾ ਹੈ, ਫਿਰ ਦਵਾਈ ਦਿੰਦਾ ਹੈ। ਦਵਾਈ ਜੋ ਕਿਸੇ ਵੇਲੇ ਡਾਕਟਰ ਆਪਣੀ ਸਮਝ ਨਾਲ ਘਰੇ ਹੀ ਤਿਆਰ ਕਰਕੇ ਦਿੰਦਾ ਸੀ, ਹੁਣ ਉਹ ਵਿਸ਼ੇਸ਼ ਖੇਤਰ ਹੈ। ਇਸ ਤਰਤੀਬ ਵਿਚ ਹੁਣ ਬਿਮਾਰੀ ਅਤੇ ਸਿਹਤ ਦੇ ਖੇਤਰ ਵਿਚ ਡਾਕਟਰ ਦੇ ਨਾਲ ਦਵਾ ਕੰਪਨੀ ਅਤੇ ਦਵਾਈਆਂ ਦੀ ਖਰੀਦ-ਵੇਚ ਦਾ ਬਾਜ਼ਾਰ ਹੈ। ਡਾਕਟਰ ਕੋਲ ਸਿਖਲਾਈ ਹੈ ਕਿ ਰੋਗ ਵੀ ਲੱਭੇ ਤੇ ਦਾਰੂ ਵੀ। ਪੜ੍ਹਾਈ ਰੋਗ ਲੱਭਣ ਦੀ ਤਕਨੀਕ ਹੀ ਸਿਖਾਉਂਦੀ ਹੈ। ਮਰੀਜ਼ ਆਪਣੀ ਤਕਲੀਫ਼ ਦੱਸਦਾ ਹੈ, ਡਾਕਟਰ ਨਬਜ਼ ਦੇਖਦਾ ਹੈ ਜਾਂ ਕੁਝ ਹੋਰ ਸਰੀਰ ਦੇ ਹਿੱਸੇ ਤੇ ਫਿਰ ਬਿਮਾਰੀ ਬੁੱਝ ਲੈਂਦਾ ਹੈ। ਨਹੀਂ ਤਾਂ ਇੱਕ ਅੱਧਾ ਟੈਸਟ ਕਰਵਾ ਲੈਂਦਾ ਹੈ ਜੋ ਨਵਾਂ ਪਹਿਲੂ ਹੈ, ਵੱਖਰੀ ਸਨਅਤ। ਬਿਮਾਰੀ, ਸਿਹਤ, ਡਾਕਟਰ, ਦਵਾਈਆਂ, ਟੈਸਟ।

      ਜੇਕਰ ਇਸ ਸਮਝ ਨੂੰ ਕੁਝ ਸੀਮਤ ਕਰਕੇ ਦੇਖੀਏ ਤਾਂ ਇਹ ਹੈ ਮਰੀਜ਼, ਡਾਕਟਰ ਅਤੇ ਬਾਜ਼ਾਰ ਪਰ ਇਹ ਸਮਝ ਸਗੋਂ ਬਹੁਤ ਜਿ਼ਆਦਾ ਫੈਲ ਗਈ ਹੈ। ਇਹ ਫੈਲਾਅ ਹੈ ਜੋ ਘਰ ਘਰ ਪਹੁੰਚ ਗਿਆ ਹੈ ਜਾਂ ਹਰ ਘਰ ਬਾਜ਼ਾਰ ਵਿਚ ਨਜ਼ਰ ਆਉਂਦਾ ਹੈ।

       ਸਿਹਤ ਅਤੇ ਬਿਮਾਰੀ ਦੇ ਖੇਤਰ ਨਾਲ ਜੁੜੇ ਕੁਝ ਤਰਕਸ਼ੀਲ ਡਾਕਟਰ/ਵਿਗਿਆਨੀ, ਬਿਮਾਰੀਆਂ ਦੇ ਵਿਧੀਵਤ ਨਾਮਾਂ ਤੋਂ ਇਨਕਾਰੀ ਹਨ। ਉਦਾਹਰਨ ਦੇ ਤੌਰ ਤੇ ਦਿਲ ਦੀਆਂ ਬਿਮਾਰੀਆਂ ਜਾਂ ਬਲੱਡ ਪ੍ਰੈਸ਼ਰ ਨੂੰ ਉਹ ਬਿਮਾਰੀ ਨਹੀਂ ਮੰਨਦੇ। ਸੱਚਮੁੱਚ ਹੈ ਵੀ ਨਹੀਂ। ਜੇਕਰ ਇਸ ਦਾ ਫੌਰੀ ਕਾਰਨ ਸਮਝਣਾ ਹੋਵੇ ਤਾਂ ਉਹ ਹੈ ਮੋਟਾਪਾ ਜਾਂ ਲੋੜ ਤੋਂ ਵੱਧ ਭਾਰ। ਮੋਟਾਪਾ ਵੀ ਆਪਣੇ ਆਪ ਵਿਚ ਬਿਮਾਰੀ ਨਹੀਂ ਹੈ। ਇਸ ਤਰ੍ਹਾਂ ਮੋਟਾਪਾ ਅਤੇ ਬਲੱਡ ਪ੍ਰੈਸ਼ਰ ਕਿਸੇ ਹੋਰ ਲੁਕਵੀਂ ਅਵਸਥਾ ਦੇ ਲੱਛਣ ਹਨ, ਤਾਂ ਹੀ ਬਲੱਡ ਪ੍ਰਸ਼ੈਰ ਲਈ ਸਾਰੀ ਉਮਰ ਦਵਾਈ ਖਾਣੀ ਪੈਂਦੀ ਹੈ ਕਿਉਂਕਿ ਬਿਮਾਰੀ ਲੱਭੀ ਹੀ ਨਹੀਂ। ਇਸ ਹਾਲਤ ਵਿਚ ਬਿਮਾਰ ਕਰਨ ਵਾਲੀ ਹਾਲਤ ਹੈ, ਖੁਰਾਕ ਬਾਰੇ ਬੇਸਮਝੀ, ਉਸ ਦੀ ਬੇਤਰਤੀਬੀ। ਉਹ ਬੇਤਰਤੀਬੀ ਭਾਵੇਂ ਖੁਰਾਕ ਪਦਾਰਥਾਂ ਦੀ ਚੋਣ ਵਿਚ ਹੈ ਜਾਂ ਖੁਰਾਕੀ ਪਦਾਰਥਾਂ ਦੀ ਵਰਤੋਂ ਵਿਚ, ਉਸ ਵਿਚ ਸੰਤੁਲਨ ਨਹੀਂ ਹੈ।

      ਇਸੇ ਤਰ੍ਹਾਂ ਕਿਸੇ ਵੀ ਬਿਮਾਰੀ ਲਈ ਜੋ ਡਾਕਟਰ/ਵੈਦ ਪਰਚੀ ਤੇ ਲਿਖਦਾ ਹੈ, ਉਹ ਬਹੁਤੀ ਵਾਰੀ ਬਿਮਾਰੀ ਦੇ ਲੱਛਣ ਹਨ। ਇੱਥੋਂ ਤੱਕ ਕਿ ਮਲੇਰੀਆਂ ਬੁਖਾਰ ਭਾਵੇਂ ਖੂਨ ਦੇ ਟੈਸਟ ਨੇ ਪੱਕਾ ਕਰ ਦਿੱਤਾ ਹੈ, ਫਿਰ ਵੀ ਉਹ ਕਿਸੇ ਖਾਸ ਵਾਤਾਵਰਨ ਦੀ ਪੈਦਾਵਾਰ ਹੈ। ਅਸੀਂ ਮੱਛਰ ਨੂੰ ਦੋਸ਼ੀ ਠਹਿਰਾ ਸਕਦੇ ਹਾਂ, ਬਿਮਾਰ ਬੰਦੇ ਨੂੰ ਖੁੱਲ੍ਹੇ ਵਿਹੜੇ ਵਿਚ ਸੌਣ ਕਰਕੇ ਜਾਂ ਬੁਨੈਣ ਵਿਚ ਫਿਰਦੇ ਰਹਿਣ ਲਈ ਝਿੜਕ ਸਕਦੇ ਹਾਂ ਪਰ ਅਸਲੀ ਕਾਰਨ ਗੰਦੇ ਪਾਣੀ ਵਾਲਾ ਉਹ ਟੋਭਾ ਹੈ ਜਿੱਥੇ ਮੱਛਰ ਪਨਪਦਾ ਹੈ। ਉਸ ਕਾਰਨ ਨੂੰ ਪਛਾਣਨਾ ਹੀ ਬਿਮਾਰੀ ਨੂੰ ਬੁੱਝਣਾ ਹੈ।

       ਇਹ ਵਿਗਿਆਨਕ ਸਮਝ ਹੈ ਕਿ ਜਦੋਂ ਤੱਕ ਸਹੀ ਕਾਰਨ ਤੇ ਉਂਗਲ ਨਹੀਂ ਧਰੀ ਜਾਵੇਗੀ, ਇਲਾਜ ਵੀ ਸਹੀ ਦਿਸ਼ਾ ਵਿਚ ਨਹੀਂ ਹੋਵੇਗਾ। ਲੱਛਣਾਂ ਦੇ ਇਲਾਜ ਕਰ ਕਰ ਕੇ, ਡਾਕਟਰ ਵੀ ਹੰਭ ਜਾਵੇਗਾ ਤੇ ਮਰੀਜ਼ ਵੀ ਨਿਰਾਸ਼ਾ ਦੇ ਘੇਰੇ ਵਿਚ ਚਲਾ ਜਾਵੇਗਾ। ਡਾਕਟਰਾਂ ਦਾ ਇੱਥੇ ਕੋਈ ਮੁਫ਼ਾਦ ਹੋ ਸਕਦਾ ਹੈ ਜੋ ‘ਦੁਕਾਨ’ ਖੋਲ੍ਹ ਕੇ ਬੈਠਾ ਹੈ ਅਤੇ ਬਾਜ਼ਾਰ ਦਾ ਹਿੱਸਾ ਹੈ। ਜਦੋਂ ਗੱਲ ਇਹ ਚੱਲ ਰਹੀ ਹੈ ਕਿ ਬਿਮਾਰੀ ਦੀ ਸਰਦਾਰੀ ਹੈ ਤਾਂ ਉਸ ਪਿੱਛੇ ਇਸ ਪਹਿਲੂ ਤੇ ਵੀ ਗੱਲ ਕਰਨੀ ਬਣਦੀ ਹੈ ਕਿ ਮੈਡੀਕਲ ਅਮਲਾ ਵੀ ਬਹੁਤ ਹੱਦ ਤੱਕ ਬਿਮਾਰੀ ਤੇ ਹੀ ਖੋਜ ਕਰਦਾ ਹੈ। ਜ਼ਰੂਰੀ ਹੈ ਕਿ ਬਿਮਾਰੀ ਦੇ ਕਾਰਨ ਬੁੱਝੇ ਜਾਣ ਤੇ ਉਨ੍ਹਾਂ ਲਈ ਇਲਾਜ ਹੋਵੇ, ਤਕਲੀਫ਼ ਵਿਚੋਂ ਲੰਘ ਰਹੇ ਬੰਦੇ ਨੂੰ ਰਾਹਤ ਮਿਲੇ ਪਰ ਜਦੋਂ ਅਸੀਂ ਆਪਣੇ ਆਪ ਨੂੰ ‘ਸਿਹਤ ਬਾਰੇ ਜਾਗਰੂਕਤਾ’ ਦੇ ਪੜਾਅ ਵਿਚੋਂ ਲੰਘ ਰਹੇ ਮੰਨਦੇ ਹਾਂ ਤਾਂ ਕੀ ਇਹ ਪਹਿਲੂ ਵਿਚਾਰਨ ਵਾਲਾ ਨਹੀਂ ਕਿ ਸਿਹਤ ਨੂੰ ਲੈ ਕੇ ਖੋਜ ਹੋਵੇ? ਕਿਤੇ ਹੀ ਇਸ ਤਰ੍ਹਾਂ ਦੀ ਖੋਜ ਦੇਖਣ ਨੂੰ ਮਿਲਦੀ ਹੈ ਕਿ ਪੰਜ-ਚਾਰ ਸੌ ਬਜ਼ੁਰਗ ਜੋ 60-70 ਸਾਲ ਦੀ ਉਮਰ ਦੇ ਹੋਣ ਤੇ ਉਹ ਕੋਈ ਵੀ ਦਵਾਈ ਨਾ ਖਾ ਰਹੇ ਹੋਣ, ਭਾਵ ਸਿਹਤਮੰਦ ਹੋਣ। ਉਨ੍ਹਾਂ ਨਾਲ ਉਨ੍ਹਾਂ ਦੀ ਜੀਵਨ ਸ਼ੈਲੀ ਬਾਰੇ ਪਤਾ ਕਰਕੇ ਉਹ ਨੁਕਤੇ ਉਭਾਰੇ ਜਾਣ ਤਾਂ ਕਿ ਇਹ ਢੰਗ-ਤਰੀਕੇ ਹਨ ਜੋ ਸਿਹਤਮੰਦ ਰੱਖ ਸਕਦੇ ਹਨ।

      ਗੱਲ ਇਹ ਨਹੀਂ ਕਿ ਸਾਡੇ ਕੋਲ ਸਿਹਤਮੰਦ ਰਹਿਣ ਅਤੇ ਸਰੀਰ ਵਿਗਿਆਨ ਦੇ ਪਹਿਲੂ ਤੋਂ ਅਧਿਐਨ ਦੀ ਸਮਝ ਨਾ ਹੋਵੇ ਪਰ ਉਹ ਵਿਹਾਰਕ ਘੱਟ ਹੈ ਤੇ ਬਾਜ਼ਾਰ ਨਾਲ ਵੱਧ ਜੁੜੀ ਹੈ। ਕਾਰਪੋਰੇਟ ਕੰਪਨੀਆਂ ਕਦੇ ਰਿਫਾਈਂਡ ਤੇਲ, ਕਦੇ ਦੇਸੀ ਘਿਓ, ਕਦੇ ਨਮਕ ਵਿਚ ਪੋਟਾਸ਼ੀਅਮ ਦੀ ਮਾਤਰਾ ਦੀ ਘੱਟ ਵੱਧ ਵਰਤੋਂ ਨੂੰ ਲੈ ਕੇ, ਕਦੇ ਕੋਲੈਸਟਰਲ ਅਤੇ ਕਦੇ ਟਰਾਂਸ ਫੈਟ ਬਾਰੇ ਖੋਜਾਂ ਕਰਵਾਉਂਦੀਆਂ ਹਨ ਪਰ ਸਮੁੱਚਤਾ ਅਤੇ ਸੰਤੁਲਨ ਵਾਲਾ, ਜੀਵਨ ਦੇ ਹਰ ਪਹਿਲੂ ਨੂੰ ਸਾਹਮਣੇ ਰੱਖ ਕੇ ਸਿਹਤਮੰਦ ਰਹਿਣ ਦਾ ਅਧਿਐਨ ਲੋੜੀਂਦਾ ਹੈ ਜੋ ਸਾਡੇ ਆਲੇ-ਦੁਆਲੇ ਹੈ। ਉਸ ਤੋਂ ਸਿੱਖਿਆ ਜਾਵੇ ਤੇ ਬਿਮਾਰੀ ਦੀ ਥਾਂ ਸਿਹਤ ਦੀ ਸਰਦਾਰੀ ਦਾ ਪੜਾਅ ਸ਼ੁਰੂ ਕੀਤਾ ਜਾਵੇ।

ਸੰਪਰਕ : 98158-08506