ਕਨੇਡਾ ਤੇ ਪੰਜਾਬ ਦੇ ਸਬੰਧ  - ਹਰਦੇਵ ਸਿੰਘ ਧਾਲੀਵਾਲ

ਪੰਜਾਬੀ ਦੇਸ਼ ਤੋਂ ਬਾਹਰ ਪਹਿਲਾਂ ਮਲਾਇਆ, ਸਿੰਘਾਪੁਰ, ਹਾਂਗਕਾਂਗ, ਬਰਮਾ ਆਦਿ ਵਿੱਚ ਗਏ। ਕਈ ਕਮਾਈ ਕਰਕੇ ਆ ਗਏ, ਕੁੱਝ ਉੱਥੇ ਹੀ ਵਸ ਗਏ, ਫੇਰ ਹੌਲੀ-ਹੌਲੀ 120 ਸਾਲ ਪਹਿਲਾਂ ਕਨੇਡਾ ਦੇ ਵੈਨਕੋਵਰ ਅਥਵਾ ਸਰੀ ਤੱਕ ਪਹੁੰਚ ਗਏ। ਵੈਨਕੋਵਰ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਣਾਇਆ। ਕੋਈ 5-6 ਸਾਲ ਦੀ ਗੱਲ ਹੈ ਗੁਰਦੁਆਰੇ ਦੀ ਸੌ ਸਾਲਾ ਵਰ੍ਹੇਗੰਢ ਮਨਾ ਚੁੱਕੇ ਹਨ। ਉਸ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਵੀ ਪੁੱਜੇ ਸਨ। ਹੁਣ ਕਨੇਡਾ ਜਾਣ ਲਈ ਪੰਜਾਬ ਵਿੱਚ ਹੋੜ ਲੱਗੀ ਹੋਈ ਹੈ। ਕਨੇਡਾ ਕੋਲ ਕੁਦਰਤੀ ਸੋਮੇ ਹਨ। ਇਸ ਕਰਕੇ ਉਹ ਬਾਹਰਲੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਪੰਜਾਬ ਵਿੱਚ ਕੀ ਭਾਰਤ ਵਰਸ ਵਿੱਚ ਹੀ ਰੁਜਗਾਰ ਘਟ ਰਿਹਾ ਹੈ। ਬੇਰੁਜਗਾਰੀ ਵਧੀ ਜਾ ਰਹੀ ਹੈ। ਅਬਾਦੀ ਵਧ ਰਹੀ ਹੈ। ਅਬਾਦੀ ਦੇ ਕੰਟਰੋਲ ਕਰਨ ਦੀ ਕੋਸ਼ਿਸ਼ ਸੰਜੇ ਗਾਂਧੀ ਸਮੇਂ 1976-77 ਵਿੱਚ ਹੋਈ ਸੀ। ਪਰ ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਵਿਰੋਧਤਾ ਕਰ ਦਿੱਤੀ, ਜਿਸ ਕਰਕੇ ਸਫਲ ਨਾ ਹੋਈ। ਜਿਉਣ ਦੇ ਸਾਧਨਾਂ ਲਈ ਰੁਜਗਾਰ ਜ਼ਰੂਰੀ ਹੈ। ਸਾਡੇ ਪੰਜਾਬ ਵਿੱਚ ਰੁਜਗਾਰ ਦੇ ਸਾਧਨ ਵਧ ਨਹੀਂ ਰਹੇ। ਪੰਜਾਬ ਦੇ ਦਸਤਕਾਰੀ ਪੰਜਾਬ ਤੋਂ ਬਾਹਰ ਚਲੀ ਗਈ ਹੈ। ਵਾਜਪਾਈ ਜੀ ਦੀ ਸਰਕਾਰ ਸਮੇਂ ਪਹਾੜੀ ਰਾਜਾਂ, ਹਿਮਾਚਲ, ਉਤਰਾਖੰਡ ਤੇ ਜੰਮੂ ਕਸ਼ਮੀਰ ਨੂੰ ਟੈਕਸ ਵਿੱਚ ਛੋਟ ਦਿੱਤੀ ਗਈ। ਸਾਡੀ ਬਹੁਤੀ ਦਸਤਕਾਰੀ ਹਿਮਾਚਲ ਪ੍ਰਦੇਸ਼ ਦੇ ਬੱਦੀ ਆਦਿ ਵਿੱਚ ਚਲੀ ਗਈ ਕਿਉਂਕਿ ਉੱਥੇ ਕੇਂਦਰ ਦੀਆਂ ਬਹੁਤ ਸਹੂਲਤਾਂ ਸਨ। ਪੰਜਾਬ ਨੂੰ ਕੇਂਦਰ ਨੇ ਕਦੇ ਕੋਈ ਵਿਸ਼ੇਸ਼ ਥਾਂ ਨਹੀਂ ਦਿੱਤੀ। ਸਾਡੀ ਜਵਾਨੀ ਦੇਸ਼ ਵਿੱਚ ਉਹ ਕੰਮ ਕਰਨ ਲਈ ਤਿਆਰ ਨਹੀਂ, ਜੋ ਉਹ ਬਾਹਰ ਕਨੇਡਾ ਆਦਿ ਵਿੱਚ ਕਰਦੇ ਹਨ।
    ਕਨੇਡਾ ਨੇ ਸਾਨੂੰ ਮਾਣ ਤੇ ਸਤਿਕਾਰ ਦਿੱਤਾ ਹੈ। ਜੇਕਰ ਦੇਖੀਏ ਕਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀਆਂ ਦੀ ਵਿਸ਼ੇਸ਼ ਥਾਂ ਹੈ। ਹੁਣ ਪੰਜਾਬ ਨਾਲ ਸਬੰਧਤ ਚਾਰ ਵਜ਼ੀਰ ਹਨ। ਕਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ ਪੰਜਾਬੀ ਸਿੱਖ ਹਨ। ਇਸੇ ਤਰ੍ਹਾਂ ਕਨੇਡਾ ਵਿੱਚ ਪੰਜਾਬੀ (ਭਾਰਤੀ) ਛਾਏ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ 2016 ਵਿੱਚ ਕਨੇਡਾ ਕਾਂਗਰਸ ਪ੍ਰਧਾਨ ਦੇ ਤੌਰ ਤੇ ਗਏ। ਇਨ੍ਹਾਂ ਨੂੰ ਉੱਥੇ ਸਭਾਵਾਂ ਕਰਨ ਦੀ ਆਗਿਆ ਨਹੀਂ ਸੀ ਦਿੱਤੀ, ਕਿਉਂਕਿ ਕਨੇਡਾ, ਅਮਰੀਕਾ ਵਿੱਚ 'ਆਪ' ਦਾ ਜੋਰ ਸੀ। ਉਹ ਹਰ ਪੱਖ ਤੋਂ ਆਪ ਨੂੰ ਸਪੋਰਟ ਕਰਨਾ ਲੋਚਦੇ ਸਨ। 2017 ਵਿੱਚ ਕਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ ਭਾਰਤ ਆਏ ਤਾਂ ਸਾਡੇ ਮੁੱਖ ਮੰਤਰੀ ਜੀ ਨੇ ਉਨ੍ਹਾਂ ਦੀ ਆਓ ਭਗਤ ਨਹੀਂ ਸੀ ਕੀਤੀ ਕਿ ਉਹ ਖਾਲਿਸਤਾਨ ਪੱਖੀ ਹਨ। ਉਨ੍ਹਾਂ ਦੀ ਆਮਦ ਤੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਦਰਬਾਰ ਸਾਹਿਬ ਵਿੱਚ ਖਾਲਿਸਤਾਨ ਪੱਖੀ ਨਾਅਰੇ ਲੱਗੇ। ਇਸ ਦਾ ਇਹ ਭਾਵ ਨਹੀਂ ਕਿ ਉਹ ਖਾਲਿਸਤਾਨ ਪੱਖੀ ਸਨ। ਕੈਪਟਨ ਸਾਹਿਬ ਨੂੰ ਕਨੇਡਾ ਦੇ ਰੱਖਿਆ ਮੰਤਰੀ ਦਾ ਸਵਾਗਤ ਕਰਨਾ ਲੋਚਦਾ ਸੀ। ਹੁਣ ਉਹ ਦੁਬਾਰੇ ਆਏ, ਉਹ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਨ। ਪੰਜਾਬ ਦੇ ਮੁੱਖ ਮੰਤਰੀ ਜੀ ਨੇ ਚੰਗਾ ਕੀਤਾ ਕਿ ਉਨ੍ਹਾਂ ਦਾ ਸਵਾਗਤ ਕੀਤਾ। ਹੋਰ ਵੀ ਚੰਗਾ ਸੀ ਜੇ ਉਹ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਚਲੇ ਜਾਂਦੇ। ਕਨੇਡਾ ਦੇ ਪ੍ਰਧਾਨ ਮੰਤਰੀ ਨਾਲ ਪੰਜਾਬੀਆਂ ਸਬੰਧੀ ਗੱਲਾਂ ਵੀ ਕੀਤੀਆਂ। ਖਾਲਿਸਤਾਨ ਪੱਖੀ ਕੁੱਝ ਭਾਰਤ ਅਥਵਾ ਪੰਜਾਬ ਵਿੱਚ ਵੀ ਹਨ। ਸ. ਸਿਮਰਨਜੀਤ ਸਿੰਘ ਮਾਨ ਮੁੱਖ ਮੰਤਰੀ ਦੇ ਰਿਸ਼ਤੇਦਾਰ ਹਨ, ਪਰ ਮੁੱਢ ਤੋਂ ਖਾਲਿਸਤਾਨ ਸਮਰਥਕ ਰਹੇ। ਉਨ੍ਹਾਂ ਤੇ ਕਈ ਵਾਰ ਇਸ ਕਰਕੇ ਮੁਕੱਦਮੇ ਦਰਜ਼ ਹੋਏ, ਚਲਾਣ ਕੀਤੇ ਗਏ। ਪਰ ਉਨ੍ਹਾਂ ਵਿਰੁੱਧ ਕੋਈ ਦੋਸ਼ ਸਿੱਧ ਨਹੀਂ ਹੋਏ। ਕਿਉਂਕਿ ਉਹ ਸ਼ਾਤਮਈ ਢੰਗ ਨਾਲ ਖਾਲਿਸਤਾਨ ਦੀ ਗੱਲ ਕਰਦੇ ਹਨ। ਹਥਿਆਰਬੰਦ ਘੋਲ ਉਨ੍ਹਾਂ ਦਾ ਆਸ਼ਾ ਨਹੀਂ। ਕਨੇਡਾ ਵਿੱਚ ਖਾਲਿਸਤਾਨੀਆਂ ਦਾ ਕੁੱਝ ਅਸਰ ਜ਼ਰੂਰ ਹੈ। ਗੁਰਦੁਆਰਿਆਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਅਕਸਰ ਮਿਲੇਗੀ। ਜਨਰਲ ਵੈਦਿਆ ਨੂੰ ਮਾਰਨ ਵਾਲਿਆਂ ਦੀਆਂ ਫੋਟੋਆਂ ਗੁਰੂ ਘਰਾਂ ਵਿੱਚ ਦਿਸਦੀਆਂ ਹਨ। ਇਸ ਦਾ ਭਾਵ ਇਹ ਨਹੀਂ ਕਿ ਉਹ ਸਾਰੇ ਖਾਲਿਸਤਾਨੀ ਹਨ।
    ਹਥਿਆਰਬੰਦ ਘੋਲਾਂ ਦੀ ਸਿਫਾਰਸ਼ ਕਨੇਡਾ ਦੀ ਸਰਕਾਰ ਨਹੀਂ ਕਰਦੀ। ਉੱਥੇ ਹਰ ਆਦਮੀ ਆਪਣੀ ਰਇ ਰੱਖਦਾ ਹੈ। ਖਾਲਿਸਤਾਨ ਪੱਖੀ ਆਪਣੀ ਰਾਇ ਰੱਖਦੇ ਹਨ। ਪੰਜਾਬ ਵਿੱਚ ਸਿੱਖਾਂ ਦੀ ਅਬਾਦੀ ਖਾਸ ਕਰਕੇ ਜਵਾਨ ਅਬਾਦੀ ਹਰ ਰੋਜ ਕਨੇਡਾ ਪੁੱਜ ਰਹੀ ਹੈ। ਅਸੀਂ ਦੇਖਦੇ ਹਾਂ ਕਿ ਜਹਾਜ਼ ਪੰਜਾਬੀਆਂ ਦੇ ਭਰੇ ਜਾਂਦੇ ਹਨ। ਸਾਡੇ ਪ੍ਰਧਾਨ ਮੰਤਰੀ ਜੀ ਨੇ ਅਮਰੀਕਾ ਦੇ ਪ੍ਰਧਾਨ ਤੇ ਇਸਰਾਇਲ ਦੇ ਮੁੱਖੀ ਨੂੰ ਜੀ-ਆਇਆ ਕਹਿਣ ਲਈ ਸਾਰੀਆਂ ਪੁਰਾਣੀਆਂ ਰਸਮਾਂ ਤੋੜ ਦਿੱਤੀਆਂ ਸਨ ਤੇ ਆਪ ਦਿੱਲੀ ਦੇ ਏਅਰਪੋਰਟ ਤੇ ਪੁੱਜ ਕੇ ਸਵਾਗਤ ਕੀਤਾ ਸੀ। ਕਈ ਹੋਰ ਸਮਿਆਂ ਤੇ ਵੀ ਪ੍ਰੋਟੋਕੋਲ ਤੋੜੀ ਗਈ। ਜਪਾਨ ਦੇ ਪ੍ਰਧਾਨ ਮੰਤਰੀ ਤੇ ਚੀਨ ਦੇ ਮੁੱਖੀ ਸਮੇਂ ਵੀ ਸਾਡੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਗੁਜਰਾਤ ਦੀ ਸੈਰ ਕਰਾਉਂਦੇ ਰਹੇ, ਪਰ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਂ ਚੁੱਪ ਹੀ ਰਹੇ। ਦਰਬਾਰ ਸਾਹਿਬ ਦੀ ਯਾਤਰਾ ਸਮੇਂ ਸ਼੍ਰੋਮਣੀ ਕਮੇਟੀ ਤਾ ਅਕਾਲੀ ਦਲ ਨੇ ਚੰਗਾ ਸਵਾਗਤ ਕੀਤਾ। ਇਸ ਲਈ ਉਹ ਪ੍ਰਸ਼ੰਸ਼ਾ ਦਾ ਪਾਤਰ ਹਨ। ਸਾਡੇ ਪੰਜਾਬੀ ਨੂੰ ਉੱਥੇ ਪੂਰਾ ਰੁਜਗਾਰ ਮਿਲ ਰਿਹਾ ਹੈ। ਸਾਡੇ ਲੋਕ ਹਰ ਸੰਸਥਾ ਵਿੱਚ ਸਤਿਕਾਰੇ ਜਾਂਦੇ ਹਨ। ਸਾਡਾ ਵੀ ਫਰਜ਼ ਬਣਦਾ ਸੀ ਕਿ ਅਸੀਂ ਕਨੇਡਾ ਦੇ ਪ੍ਰਧਾਨ ਮੰਤਰੀ ਨੂੰ ਹੱਥਾਂ ਤੇ ਚੁੱਕ ਲੈਂਦੇ। ਪਰ ਸਾਡੇ ਪ੍ਰਧਾਨ ਮੰਤਰੀ ਚੰਗਾ ਸਵਾਗਤ ਕਰਨ ਤੋਂ ਪਿੱਛੇ ਹਟੇ ਰਹੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਸਮੇਂ ਅਟੌਮਿਕ ਅਨਰਜੀ ਲਈ ਅਮਰੀਕਾ (ਕਰੜਾ ਪਾਣੀ) ਦੇਣ ਤੋਂ ਜਵਾਬ ਦੇ ਗਿਆ ਸੀ। ਉਸ ਸਮੇਂ ਕਨੇਡਾ ਨੇ ਹੀ ਸਾਡੀ ਸ਼ਾਖ ਬਚਾਈ ਤੇ ਭਾਰਤ ਦੀ ਮਦਤ ਕੀਤੀ, ਕਿਸੇ ਪਾਰਟੀ ਦਾ ਕੋਈ ਸਬੰਧ ਨਹੀਂ ਸੀ।
    ਪਰ ਅਸੀਂ ਇਸ ਸਮੇਂ ਜਸਪਾਲ ਅਟਵਾਲ ਦੀ ਗੱਲ ਅੱਗੇ ਰੱਖ ਲਈ, ਜਿਹੜਾ ਕਿਸੇ ਸਮੇਂ ਖਾਲਿਸਤਾਨੀ ਸੀ। ਉਹ ਸਜਾ ਵੀ ਕੱਟ ਚੁੱਕਿਆ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਪਾਰਟੀ ਦਿੱਤੀ, ਉਸ ਵਿੱਚ ਉਸ ਦਾ ਨਾਂ ਸੀ। ਜਦੋਂ ਕਿ ਇਹ ਗੱਲ ਸਾਫ ਹੋ ਗਈ ਸੀ ਕਿ ਜਸਪਾਲ ਅਟਵਾਲ ਦਾ ਨਾਂ ਪਹਿਲਾਂ ਹੀ ਕਾਲੀ ਸੂਚੀ ਵਿੱਚੋਂ ਕੱਟਿਆ ਜਾ ਚੁੱਕਿਆ ਹੈ। ਇਹ ਗੱਲ ਵੀ ਪ੍ਰਤੱਖ ਹੋ ਗਈ ਕਿ ਉਹ ਪਹਿਲਾਂ ਦੋ ਵਾਰ ਭਾਰਤ ਆ ਚੁੱਕਿਆ ਹੈ। ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਉਸ ਦਾ ਸਵਾਗਤ ਕੀਤਾ ਸੀ। ਇਸ ਤੋਂ ਇਲਾਵਾ ਬਾਹਰ ਆਉਣ ਵਾਲੇ ਵਿਅਕਤੀ ਲਈ ਸਾਡੀ ਸਰਕਾਰ ਵੀਜਾ ਦਿੰਦੀ ਹੈ। ਕੀ ਜਸਪਾਲ ਅਟਵਾਲ ਨੂੰ ਵੀਜਾ ਦੇਣ ਸਮੇਂ ਸਾਡੇ ਅਧਿਕਾਰੀ ਸੌ ਰਹੇ ਸਨ? ਇਹ ਸਾਰੀਆਂ ਗੱਲਾਂ ਕੋਈ ਅਰਥ ਨਹੀਂ ਰੱਖਦੀਆਂ। ਐਂਵੇ ਤੂਲ ਦਿੱਤਾ ਗਿਆ। ਸਾਡੇ ਪ੍ਰਧਾਨ ਮੰਤਰੀ ਜੀ ਨੇ ਉਨ੍ਹਾਂ ਨੂੰ ਜਾਣ ਤੋਂ ਪਹਿਲਾਂ ਬਣਦਾ ਮਾਣ ਸਤਿਕਾਰ ਦਿੱਤਾ। ਉਨ੍ਹਾਂ ਦੇ ਪਰਿਵਾਰ ਤੇ ਬੱਚਿਆਂ ਨਾਲ ਫੋਟੋਆਂ ਲੁਹਾਈਆਂ। ਚੰਗਾ ਹੁੰਦਾ ਕਿ ਸਾਰਾ ਕੁੱਝ ਮਾਣਯੋਗ ਮੋਦੀ ਜੀ ਪਹਿਲਾਂ ਕਰਦੇ। ਇਸ ਨਾਲ ਦੇਸ਼ ਦੀ ਤੇ ਉਨ੍ਹਾਂ ਦੀ ਸ਼ਾਨ ਵਧਣੀ ਸੀ। ਉਹ ਸ੍ਰੀ ਟਰੂਡੋ ਨੂੰ ਸਾਡੇ ਨੌਜਵਾਨਾਂ ਦੀਆਂ ਮੁਸ਼ਕਲਾਂ ਵੀ ਦੱਸ ਸਕਦੇ ਸਨ। ਸਾਡੇ ਵਿਦਿਆਰਥੀਆਂ ਨੂੰ ਕਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਵੱਧ ਫੀਸ ਦੇਣੀ ਪੈਂਦੀ ਹੈ। ਮੈਨੂੰ ਉੱਥੇ ਦੇ ਇੱਕ ਸ਼ਹਿਰੀ ਨੇ ਦੱਸਿਆ ਸੀ ਕਿ ਕਨੇਡਾ ਦੇ ਵਸਨੀਕਾਂ ਨਾਲੋਂ ਸਾਡੇ ਬੱਚਿਆਂ ਨੂੰ ਤਿਗੁਣੀ ਫੀਸ ਦੇਣੀ ਪੈਂਦੀ ਹੈ, ਜੋ ਵਾਜਬ ਨਹੀਂ। ਕਨੇਡਾ ਦੀ ਆਪੋਜੀਸ਼ਨ ਨੇ ਘੱਟ ਸਵਾਗਤ ਦੀ ਗੱਲ ਉਠਾਈ ਜਸਟਿਨ ਟਰੂਡੋ ਨੇ ਆਪਣੇ ਤਜਰਬੇ ਦੇ ਅਧਾਰ ਤੇ ਠੀਕ ਜਵਾਬ ਦਿੱਤਾ। ਪਿਛਲੇ ਸਮੇਂ ਖ਼ਬਰ ਆਈ ਸੀ ਕਿ ਜਲੰਧਰ ਇਕੱਲੇ ਸ਼ਹਿਰ ਵਿੱਚ ਵਿਦੇਸ਼ੀਆਂ ਨੇ 15 ਹਜ਼ਾਰ ਕਰੋੜ ਰੁਪਏ ਕਢਵਾ ਲਏ ਹਨ। ਉਨ੍ਹਾਂ ਨੂੰ ਭਾਰਤ ਵਿੱਚ ਪਏ ਪੈਸਿਆਂ ਦੀ ਸੁਰੱਖਿਆ ਸਬੰਧੀ ਯਕੀਨ ਨਹੀਂ। ਸਾਡੀ ਸਰਕਾਰ ਨੂੰ ਯਕੀਨ ਦਿਵਾਉਣਾ ਜ਼ਰੂਰੀ ਹੈ ਕਿ ਉਨ੍ਹਾਂ ਦੀ ਸੰਪਤੀ ਨੂੰ ਇੱਥੇ ਕੋਈ ਖਤਰਾ ਨਹੀਂ। ਬਾਹਰੋ ਆਏ ਯਾਤਰੀਆਂ ਵਿੱਚ ਇਹ ਭਰਮ ਕੱਢ ਦੇਣ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਨਹੀਂ। ਪੰਜਾਬੀਆਂ ਜਾਂ ਭਾਰਤੀਆਂ ਨੂੰ ਦੇਸ਼ ਆਉਣ ਤੇ ਕੋਈ ਖਤਰਾ ਨਹੀਂ।
    ਬਾਹਰਲੇ ਪੰਜਾਬੀ ਦੇਸ਼ ਦੀ ਖੁਸ਼ਹਾਲੀ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਪਰ ਸਾਨੂੰ ਉਨ੍ਹਾਂ ਦੇ ਪੈਸੇ ਤੇ ਜਾਇਦਾਤ ਦੀ ਸੰਭਾਲ ਕਰਨੀ ਪਏਗੀ, ਉਨ੍ਹਾਂ ਦੇ ਆਉਣ ਤੇ ਸਰਕਾਰ ਤੇ ਲੋਕ ਖੁੱਲ ਕੇ ਸਵਾਗਤ ਕਰਨ।
 

 ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

18 March 2018