ਰੂੜੀਵਾਦੀ ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !! - ਕੇਹਰ ਸ਼ਰੀਫ਼

ਪੰਜਾਬ ਨੂੰ "ਰਾਜਾਸ਼ਾਹੀ  ਮਾਨਸਿਕਤਾ ਦੀ ਵਿਅਕਤੀਵਾਦੀ ਵਲਗਣ" ਚੋਂ ਕੱਢ ਕੇ ਪੰਜਾਬ ਅੰਦਰ ਹਕੂਮਤ ਕਰ ਰਹੀ ਪਾਰਟੀ ਨੇ ਗਰੀਬ ਪਰਵਾਰ ਵਿਚ ਜਨਮੇ ਕਿਰਤੀ ਵਰਗ ਦੇ ਪੜ੍ਹੇ ਲਿਖੇ ਨੌਜਵਾਨ ਚਰਨਜੀਤ ਸਿੰਘ ਚੰਨੀ  ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਪਰ ਦੋ ਦਿਨ ਤੋਂ ਭੈਂਗੀ ਸਿਆਸਤ ਤੇ ਟੀਰੀ ਸੋਚ ਵਾਲੇ ਲੋਕ ਜਿਵੇਂ ਚੰਨੀ ਨਾਲ ਘਟੀਆ ਜਹੇ ਵਿਸ਼ੇਸ਼ਣ ਜੋੜ ਕੇ ਹੀਣਤਾ ਭਰੇ ਸੰਬੋਧਨ ਕਰ ਰਹੇ ਹਨ, ਉਸਤੋਂ ਪਤਾ ਲਗਦਾ ਹੈ ਕਿ ਸਾਡੇ ਸਮਾਜ ਅੰਦਰ ਬਹੁਤੇ ਲੋਕ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।" ਦੇ ਬਰਾਬਰੀ ਭਰੇ ਹੋੱਕੇ ਦਾ ਪੱਲਾ ਨਹੀਂ ਫੜ ਸਕੇ, ਇਸ ਸੋਚ ਨੂੰ  ਅਮਲ 'ਚ ਅਪਣਾ ਨਹੀਂ ਸਕੇ, ਇਸ ਦੇ ਲੜ ਅਜੇ ਤੱਕ ਨਹੀਂ ਲੱਗ ਸਕੇ। ਸੋਚਣ-ਸਮਝਣ ਤੋਂ ਅਸਮਰੱਥ ਬਹੁਤੇ ਅਜੇ ਵੀ ਨਾ-ਬਰਾਬਰੀ ਵਾਲੀ ਮਨੂਵਾਦੀ ਵਰਣ ਵੰਡ / ਇਨਸਾਨਾਂ ਅੰਦਰ ਬਿਨਾਂ ਕਿਸੇ ਕਾਰਨ ਵੱਡੇ, ਛੋਟੇ ਦਾ ਪਾੜਾ ਪਾਉਣ ਵਾਲੀ ਦੱਕਿਆਨੂਸੀ ਸੋਚ ਦੇ ਸ਼ਿਕਾਰ ਹਨ। ਇਹ ਲੋਕ ਕਦੋਂ ਸੋਚਣਾ ਅਤੇ ਉਸ ਉੱਤੇ ਅਮਲ ਕਰਨਾ ਸ਼ੁਰੂ ਕਰਨਗੇ ਜੋ ਪੰਜਾਬ ਦੀ ਇਸ ਧਰਤੀ ਨੂੰ "ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ " ਪ੍ਰਚਾਰਦੇ  ਹਨ। ਕੀ ਗਰੀਬ ਘਰ ਜੰਮ ਕੇ ਸਮਰੱਥਾਵਾਨ, ਗਿਆਨਵਾਨ ਹੋਣਾ ਸੌਖਾ ਹੁੰਦਾ ਹੈ ? ਸ਼੍ਰੀ ਚੰਨੀ ਪਿਛਲੇ ਮੁੱਖਮੰਤਰੀਆ ਅਤੇ ਡਿਪਟੀ ਮੁੱਖਮੰਤਰੀਆਂ ਤੋਂ ਵੱਧ ਪੜ੍ਹਿਆ-ਲਿਖਿਆ  ਸੂਝਵਾਨ ਇਨਸਾਨ ਹੈ। ਪਤਾ ਲੱਗ ਰਿਹਾ ਕਿ ਅਜੇ ਉਹ ਪੀ ਐਚ ਡੀ ਕਰ ਰਿਹਾ ਹੈ। ਇਹ ਬਹੁਤ ਵੱਡੀ ਗੱਲ ਹੈ ਲਗਾਤਾਰ ਸਿੱਖਦੇ ਰਹਿਣਾ ਅਤੇ ਗਿਆਨ ਦੇ ਲੜ ਲੱਗੇ ਰਹਿਣਾ। ਇਹ ਤਾਂ ਆਤਮ ਵਿਸ਼ਵਾਸ ਦਾ ਧਾਰਨੀ ਮਨੁੱਖ ਹੀ ਕਰ ਸਕਦਾ ਹੈ।
      ਪੰਜਾਬ ਤੋਂ ਬਾਹਰ ਰਹਿਣ ਵਾਲੇ ਲੋਕ ਹੈਰਾਨ ਹਨ  ਤੇ ਪੁੱਛਦੇ ਹਨ ਕੀ ਸਿੱਖਾਂ ਵਿਚ ਵੀ ਜਾਤ-ਪਾਤ ਹੁੰਦੀ ਹੈ? ਸਿਆਣਿਆਂ ਦਾ ਜਵਾਬ ਹੁੰਦਾ ਹੈ ਸਿਧਾਂਤਕ ਪੱਖੋਂ ਤਾਂ ਨਹੀਂ ਪਰ ਅਮਲ ਵਿਚ ਬਾਕੀ ਫਿਰਕਿਆਂ ਵਾਂਗ ਹੀ ਹੈ। ਫੇਰ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਦਾ ਕੀ ਬਣਿਆਂ ? ਕੀ ਅੰਧਵਿਸ਼ਵਾਸੀ, ਕਰਮਕਾਂਡੀ ਤੇ ਜਾਤ-ਪਾਤੀ ਲੋਕਾਂ ਨੂੰ ਸਿੱਖ ਮੰਨਿਆਂ ਜਾਣਾ ਚਾਹੀਦਾ ਹੈ ? ਸਿੱਖ ਗੁਰੂ ਦੇ ਕਹਾਉਣਾ ਅਤੇ ਅਮਲ ਵਰਣਵੰਡ ਵਾਲੀ "ਵਿਚਾਰਧਾਰਾ" 'ਤੇ ਕਰਨਾ, ਇਹ ਗਲਤ ਹੀ ਨਹੀਂ ਆਤਮਘਾਤੀ ਰਾਹ / ਕੁਰਾਹੇ ਪਾਉਣ ਵਾਲੀ ਜੀਵਨ ਜਾਚ ਹੈ ਜੋ ਇਨਸਾਨ ਨੂੰ ਇਨਸਾਨ ਹੀ ਨਹੀਂ ਰਹਿਣ ਦਿੰਦੀ । ਇਹ ਜੀਵਨ ਜਾਚ ਦੁੱਧ ਵਿਚ ਕਾਂਜੀ ਘੋਲਣ ਵਰਗੀ ਹੈ, ਜਿਸ ਤੋਂ ਬਾਅਦ ਦੁੱਧ, ਦੁੱਧ ਨਹੀਂ ਰਹਿੰਦਾ। ਆਪਣੇ ਆਪ ਨੂੰ ਸਿੱਖ ਸਕਾਲਰ / ਸਿੱਖ ਬੁੱਧੀਜੀਵੀ ਕਹਿਣ-ਕਹਾਉਣ ਵਾਲਿਆਂ ਵਲੋਂ ਇਹ ਸਵਾਲ ਉਭਾਰਿਆ ਜਾਣਾ ਚਾਹੀਦਾ ਹੈ, ਜੇ ਉਹ ਸੱਚਮੁੱਚ ਬੁੱਧੀਜੀਵੀ ਹਨ ਫੇਰ ਇਸ ਸਵਾਲ ਦਾ ਜਵਾਬ  ਵੀ ਦੇਣਾ ਚਾਹੀਦਾ ਹੈ, ਤਾਂ ਜੋ ਜਾਣੇ-ਅਣਜਾਣੇ ਹਨੇਰੇ ਵਿਚ ਟੱਕਰਾਂ ਮਾਰ / ਵਿਚਰ ਰਹੇ ਲੋਕ ਚਾਨਣ ਦੇ ਲੜ ਲੱਗ ਸਕਣ।
     ਆਪਣੇ ਆਪ ਨੂੰ ਮੱਲੋਮੱਲੀ "ਪੰਥ ਦੀ ਪਾਰਟੀ" ਕਹਿਣ ਵਾਲੇ ਪਿਛਲੇ ਕਿੰਨੇ ਸਮੇਂ ਤੋਂ ਸਿਆਸੀ ਬਿਆਨਬਾਜ਼ੀ ਵਿਚ ਕਹਿੰਦੇ ਆ ਰਹੇ ਹਨ ਕਿ ਜੇ ਚੋਣਾਂ ਵਿਚ ਅਸੀਂ  ਜਿੱਤੇ ਤਾਂ ਅਸੀਂ "ਦਲਿੱਤ" (ਕਿਰਤੀ ਲੋਕ ਕਿਉਂ ਨਹੀਂ ਕਹਿੰਦੇ), ਡਿਪਟੀ ਸੀ ਐਮ ਬਣਾਵਾਂਗੇ । ਭਲਾਂ ਆਪ ਇਹੋ ਕੌਣ ਹਨ ਜੋ ਜਗਤ ਪਾਲ ਕਿਰਤੀ ਵਰਗ ਨੂੰ ਹੀਣੇ ਸਮਝ ਰਹੇ ਹਨ ? ਕੀ ਇਨ੍ਹਾਂ ਸਿਆਸੀ ਧੰਦੇਬਾਜਾਂ ਨੂੰ ਪਤਾ ਹੈ ਮਹਾਂਪੁਰਸ਼ ਕਬੀਰ ਜੀ ਨੇ ਬਰਾਬਰੀ ਨੂੰ ਕਿਨ੍ਹਾਂ ਸ਼ਬਦਾਂ ਵਿਚ ਪੇਸ਼ ਕੀਤਾ ਹੈ, ਜੇ ਨਹੀਂ ਜਾਣਦੇ ਤਾਂ ਸੁਣੋ ਕਬੀਰ ਜੀ ਨੇ ਕਿਹਾ ਸੀ " ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥ ਹੁਣ ਤਾਂ ਦੂਜਿਆਂ ਨੂੰ ਆਪਣੇ  ਆਪ ਤੋਂ ਨੀਵੇਂ ਸਮਝਣ ਵਾਲਿਆਂ ਵਲੋਂ ਕਬੀਰ ਸਾਹਿਬ ਅੱਗੇ ਪੇਸ਼ ਹੋ ਕੇ  ਦਲੀਲ ਨਾਲ ਜਵਾਬ ਦੇਣਾ ਪਵੇਗਾ ਕਿ ਉਹ ਬਾਕੀ ਮਨੁੱਖੀ ਵਰਗ ਤੋਂ ਵੱਖਰੇ ਤੇ ਅਖੌਤੀ ਉੱਚੇ ਕਿਵੇ ਤੇ ਕਿਉਂ ਹੋ ਗਏ ? ਉਹ ਕਿਹੜੇ  ਵੱਖਰੇ ਰਾਹੋਂ ਆਏ ਹਨ? ਸਮਾਜ ਅੰਦਰ ਧਾਰਮਿਕ ਰਹਿਬਰ ਬਣ ਕੇ ਵਿਚਰਨ ਵਾਲਿਆਂ ਦੀ ਕੋਈ ਜੁੰਮੇਵਾਰੀ/ਜਵਾਬਦੇਹੀ ਵੀ ਹੁੰਦੀ ਹੈ, ਅਜਿਹੇ ਸਮੇਂ ਉਨ੍ਹਾ ਦਾ ਬੋਲਣਾ, ਸੱਚ ਉੱਤੇ ਪਹਿਰਾ ਦੇਣਾ ਵੀ ਜਰੂਰੀ ਹੁੰਦਾ ਹੈ। ਚੁੱਪ ਰਹਿ ਕੇ ਉਹ ਆਪਣੇ ਫ਼ਰਜ਼ ਤੋਂ ਕੋਤਾਹੀ ਅਤੇ ਸਮੇਂ ਨੂੰ ਧੋਖਾ ਦੇਣ ਦਾ ਜਤਨ ਕਰਦੇ ਹਨ।
      ਅੱਜ ਦਾ ਯੁੱਗ ਇਨ੍ਹਾਂ ਆਪਣੇ ਆਪ ਨੂੰ ਉੱਚੇ ਸਮਝਣ ਵਾਲਿਆਂ ਤੋਂ ਜਵਾਬ ਮੰਗਦਾ ਹੈ ਕਿ ਬਾਬਾ ਨਾਨਕ ਤਾਂ ਆਪਣੇ ਆਪ ਨੂੰ "ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤਿ ਨੀਚ, ਨਾਨਕ ਤਿਨ ਕੇ ਸੰਗਿ ਸਾਥ ਵੱਡਿਆਂ ਸਿਉ ਕਿਆ ਰੀਸ" ਨੂੰ ਆਪਣੀ ਪਹਿਚਾਣ ਬਣਾਉਂਦੇ ਹਨ। ਉਹ ਮਲਕ ਭਾਗੋ ਨੂੰ ਨਕਾਰ ਕੇ ਭਾਈ ਲਾਲੋ ਨੂੰ ਆਪਣਾ ਦੱਸਦੇ ਹਨ। ਇਹ ਕੌਣ ਲੋਕ ਹਨ ਜੋ ਬਾਬੇ ਦੇ ਉਪਦੇਸ਼ਾਂ ਨੂੰ ਭੁੱਲ ਕੇ ਸਿਆਸੀ ਤਿਕੜਮਬਾਜ਼ੀਆਂ ਕਰ ਰਹੇ ਹਨ, ਕਾਹਦੀ ਖਾਤਰ ? ਇਸ ਤਰ੍ਹਾਂ ਪਦਾਰਥਾਂ ਦੇ ਢੇਰ ਤਾਂ ਤੁਸੀਂ ਲਾ ਲਵੋਗੇ, ਪਰ ਬਾਬੇ ਨਾਲੋਂ ਤੁਹਾਡਾ ਰਿਸ਼ਤਾ ਟੁੱਟ ਜਾਵੇਗਾ।
     ਕਈ "ਸਿਆਸਤਦਾਨ" ਆਪਣੇ ਆਪ ਨੂੰ ਆਪ ਹੀ ਗਰੀਬ-ਗੁਰਬੇ ਦੇ ਆਗੂ ਦੱਸਣ ਲੱਗ ਪੈਂਦੇ ਹਨ, ਪਰ ਸਿਆਸਤ ਨੂੰ ਧੰਦਾ ਸਮਝ ਕੇ ਆਪੇ ਹੀ ਆਪਣੇ ਕਿਰਤੀ ਵਰਗ ਨੂੰ ਛੱਡ ਕੇ ਸਾਧਨ ਭਰਪੂਰ ਲੋਕਾਂ ਦੇ ਬਣ ਬਹਿੰਦੇ ਹਨ ਅਤੇ ਆਰਥਿਕ ਮੁਫਾਦ ਖਾਤਰ ਜਾਤ ਅਭਿਮਾਨੀਆਂ ਦੀ ਰਾਖੀ ਦਾ ਚੀਕ-ਚਿਹਾੜਾ ਪਾਉਣ ਲੱਗ ਪੈਂਦੇ ਹਨ। ਅਜਿਹੇ ਲੋਕਾਂ ਦੀ ਉਲਝੀ ਮਾਨਸਿਕ ਅਵਸਥਾ ਸਮਾਜ ਨੂੰ ਬੀਮਾਰ ਸੋਚ ਤੋਂ ਬਿਨਾਂ ਕੁੱਝ ਨਹੀਂ ਦੇ ਸਕਦੀ।  
         ਜੇ ਇਨਸਾਨ ਹੋ ਤਾਂ ਇਨਸਾਨਾਂ ਵਾਲੀ ਗੱਲ ਕਰੋ, ਇਨਸਾਨੀਅਤ ਨੂੰ ਪਿਆਰ ਕਰੋ, ਨਫਰਤਾਂ ਵੰਡਣ ਵਾਲੇ ਹਮੇਸ਼ਾ ਤ੍ਰਿਸਕਾਰ ਦੇ ਭਾਗੀ ਬਣਦੇ ਹਨ। ਜੰਮ ਜੰਮ ਸਿਆਸਤਾਂ ਕਰੋ, ਪਰ ਭੁੱਲੋ ਨਾ ਤੁਸੀਂ ਇਸ ਸਮਾਜ ਦਾ ਅੰਗ ਹੋ। ਸਮਾਜ ਅੰਦਰ ਚੰਗੇ ਵਿਚਾਰਾਂ ਦਾ ਪ੍ਰਵਾਹ ਤੁਹਾਡੀ ਵੀ ਜੁੰਮੇਵਾਰੀ ਹੈ । ਪਤਾ ਹੋਣ ਦੇ ਬਾਵਜੂਦ ਕੋਈ ਵੀ ਗਲਤ ਕੰਮ ਕਰਨ ਲੱਗਿਆਂ ਅਤੇ ਨਿੰਦਿਆਂ ਦੇ ਵਿਹੜੇ ਬੈਠ, ਮੁਹੱਬਤਾਂ ਵੱਲ ਪਿੱਠ ਕਰਕੇ ਨਫਰਤ ਭਰੀ ਸੋਚ ਦੇ ਵੱਸ ਪੈ ਕੇ ਕਿਸੇ ਭਲੇਪੁਰਸ਼ ਵੱਲ ਝੂਠੀ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਵਲ ਨਿਗਾਹ ਮਾਰ ਲਿਉ, ਬਾਬਾ ਫਰੀਦ ਜੀ ਦਾ ਕਿਹਾ ਆਪਣੇ ਚੇਤੇ ਵਿਚੋਂ ਨਾ ਭੁਲਾਇਉ । ਬਾਬਾ ਫਰੀਦ ਜੀ ਨੇ ਕਿਹਾ ਸੀ -

ਫਰੀਦਾ, ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨਾ ਲੇਖ ॥
ਆਪਨੜੈ  ਗਿਰੀਵਾਨ  ਮਹਿ ਸਿਰੁ ਨੀਵਾਂ ਕਰਿ ਦੇਖੁ ॥