ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ - ਉਜਾਗਰ ਸਿੰਘ

ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਹੈ, ਜਿਥੇ ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਨਾ ਮਾਰੀਆਂ ਹੋਣ। ਕੈਨੇਡਾ, ਅਮਰੀਕਾ, ਨਿਊਜੀਲੈਂਡ, ਇੰਡੋਨੇਸ਼ੀਆ ਅਤੇ ਆਸਟਰੇਲੀਆ ਵਿੱਚ ਤਾਂ ਪੰਜਾਬੀ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਕੈਨੇਡਾ ਦੇ ਕੁਝ ਰਾਜਾਂ ਦੇ ਚੋਣਵੇਂ ਸ਼ਹਿਰਾਂ ਜਿਵੇਂ ਟਰਾਂਟੋ ਬਰੈਪਟਨ, ਸਰੀ, ਕੈਲਗਰੀ ਅਤੇ ਐਡਮਿੰਟਨ ਵਿੱਚ ਤਾਂ ਇਉਂ ਲਗਦਾ ਹੈ, ਜਿਵੇਂ ਇਹ ਪੰਜਾਬ ਹੀ ਹੋਵੇ, ਜਿਥੇ ਬਹੁਤੇ ਪੰਜਾਬੀ ਹੀ ਵਸੇ ਹੋਏ ਹਨ। ਕੈਨੇਡਾ ਵਿੱਚ ਜਿਥੇ ਪੰਜਾਬੀਆਂ ਨੇ ਵਿਓਪਾਰ, ਟਰਾਂਸਪੋਰਟ, ਡਾਕਟਰੀ ਸਿਹਤ, ਇੰਜਿਨੀਅਰਿੰਗ ਅਤੇ ਵਿਗਿਆਨ ਦੇ ਖੇਤਰ ਵਿੱਚ ਤਾਂ ਨਾਮ ਕਮਾਇਆ ਹੀ ਹੈ, ਉਥੇ ਹੀ ਸਿਆਸੀ ਖੇਤਰ ਵਿੱਚ ਵੀ ਆਪਣੀ ਧਾਂਕ ਜਮਾਈ ਹੀ ਨਹੀਂ ਸਗੋਂ ਉਸ ਧਾਂਕ ਨੂੰ ਬਰਕਰਾਰ ਰੱਖਿਆ ਹੋਇਆ ਹੈ। ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਜਸਟਿਨ ਟਰੂਡੋ  ਸਰਕਾਰ ਵਿੱਚ 4 ਪੰਜਾਬੀ ਮੰਤਰੀ ਸਨ, ਉਨ੍ਹਾਂ ਕੋਲ ਵਿਤ ਅਤੇ ਡੀਫੈਂਸ ਵਰਗੇ ਅਹਿਮ ਵਿਭਾਗ ਸਨ। ਪ੍ਰਵਾਸ ਵਿੱਚ ਜੇਕਰ ਕਿਸੇ ਵਿਅਕਤੀ ਦੀ ਯੋਗਤਾ ਹੁੰਦੀ ਹੈ ਤਾਂ ਹੀ ਉਨ੍ਹਾਂ ਨੂੰ ਮਹੱਤਵਪੂਰਨ ਵਿਭਾਗਾਂ ਦੇ ਕਾਰਜਭਾਗ ਦਿੱਤੇ ਜਾਂਦੇ ਹਨ। ਪੰਜਾਬੀ ਭਾਵੇਂ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹਨ ਪ੍ਰੰਤੂ ਉਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਕੇ ਉਥੋਂ ਦੇ ਕਾਨੂੰਨਾ ‘ਤੇ ਪਹਿਰਾ ਦਿੰਦੇ ਹੋਏ ਆਪਣੀ ਦੇਸ਼ ਭਗਤੀ ਦੀ ਬਚਨਵੱਧਤਾ ਕਰਕੇ ਉਥੋਂ ਦੇ ਲੋਕਾਂ ਅਤੇ ਸਰਕਾਰਾਂ ਦਾ ਵਿਸ਼ਵਾਸ਼ ਜਿੱਤ ਲੈਂਦੇ ਹਨ। ਕੈਨੇਡਾ ਵਿੱਚ ਤਾਂ ਪੰਜਾਬੀਆਂ ਨੇ ਰਾਜ ਭਾਗ ਦਾ ਆਨੰਦ ਮਾਣਦਿਆਂ ਪੰਜਾਬੀਆਂ ਦਾ ਨਾਮ ਸੰਸਾਰ ਵਿੱਚ ਚਮਕਾਇਆ ਹੈ। ਕੈਨੇਡੀਅਨ ਪੰਜਾਬੀਆਂ ਨੇ ਇਕ ਵਾਰ ਫਿਰ ਕੈਨੇਡਾ ਦੀਆਂ ਫ਼ੈਡਰਲ ਚੋਣਾ ਵਿੱਚ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ।  ਕੈਨੇਡਾ  ਵਿੱਚ 20 ਸਤੰਬਰ 2021 ਨੂੰ ਹੋਈਆਂ ਫ਼ੈਡਰਲ ਚੋਣਾ ਵਿੱਚ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਦੀ ਦੂਜੀ ਵਾਰ ਘੱਟ ਗਿਣਤੀ ਸਰਕਾਰ ਫਿਰ ਬਣਨ ਜਾ ਰਹੀ ਹੈ। ਜਸਟਿਨ ਟਰੂਡੋ ਨੇ ਨਿਸਚਤ 4 ਸਾਲ ਦੇ ਸਮੇਂ ਤੋਂ ਦੋ ਸਾਲ ਪਹਿਲਾਂ ਚੋਣ ਹਾਊਸ ਆਫ ਕਾਮਨ ਵਿੱਚ ਪੂਰਨ ਬਹੁਮਤ ਪ੍ਰਾਪਤ ਕਰਨ ਦੇ ਇਰਾਦੇ ਨਾਲ ਕਰਵਾਈ ਸੀ ਪ੍ਰੰਤੂ ਫਿਰ ਵੀ ਉਹ ਪੂਰਨ ਬਹੁਮਤ ਲੈਣ ਵਿੱਚ ਅਸਫਲ ਰਹੇ ਹਨ। ਜਸਟਿਨ ਟਰੂਡੋ ਦੀ ਪਿਛਲੀ ਸਰਕਾਰ ਵੀ ਘੱਟ ਗਿਣਤੀ ਦੀ ਹੀ ਸੀ, ਜਿਸਨੂੰ ਜਗਮੀਤ ਸਿੰਘ ਧਾਲੀਵਾਲ ਦੀ ਐਨ ਡੀ ਪੀ ਦੀ ਸਪੋਰਟ ਮਿਲੀ ਹੋਈ ਸੀ। ਕਿਸੇ ਵੀ ਘੱਟ ਗਿਣਤੀ ਸਰਕਾਰ ਦੀਆਂ ਆਪਣੀਆਂ ਮਜ਼ਬੂਰੀਆਂ ਹੁੰਦੀਆਂ ਹਨ ਕਿਉਂਕਿ ਉਹ ਆਪਣੀਆਂ ਨੀਤੀਆਂ ਸੁਚੱਜੇ ਢੰਗ ਨਾਲ ਲਾਗੂ ਨਹੀਂ ਕਰ ਸਕਦੀਆਂ। ਕੈਨੇਡਾ ਦੀ ਸੰਸਦ ਦੀਆਂ ਕੁਲ 338 ਸੀਟਾਂ ਲਈ ਚੋਣਾ ਹੋਈਆਂ ਸਨ। ਇਨ੍ਹਾਂ ਚੋਣਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ 158 ਸੀਟਾਂ ਮਿਲੀਆਂ ਹਨ, ਜਦੋਂ ਕਿ ਪਿਛਲੀਆਂ ਚੋਣਾ ਵਿੱਚ 157 ਸੀਟਾਂ ਜਿੱਤੀਆਂ ਸਨ। ਇਸ ਵਾਰ ਸਿਰਫ ਇਕ ਸੀਟ ਦਾ ਵਾਧਾ ਕਰ ਸਕੇ ਹਨ। ਜਸਟਿਨ ਟਰੂਡੋ ਦਾ ਬਹੁਮੱਤ ਨਾਲ ਜਿੱਤਕੇ ਸਰਕਾਰ ਬਣਾਉਣ ਦਾ ਸਪਨਾ ਕੈਨੇਡਾ ਦੇ ਵੋਟਰਾਂ ਨੇ ਚਕਨਾਚੂਰ ਕਰ ਦਿੱਤਾ। ਬਹੁਮਤ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ 170 ਸੀਟਾਂ ਦੀ ਜ਼ਰੂਰਤ ਸੀ, ਪ੍ਰੰਤੂ ਉਨ੍ਹਾਂ ਨੂੰ ਬਹੁਮਤ ਤੋਂ 12 ਸੀਟਾਂ ਘੱਟ ਮਿਲੀਆਂ ਹਨ। ਦੂਜੇ ਨੰਬਰ ਤੇ ਆਉਣ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਮਿਲੀਆਂ ਹਨ, ਜਦੋਂ ਕਿ ਉਨ੍ਹਾਂ ਨੂੰ ਪਿਛਲੀ ਸੰਸਦ ਵਿੱਚ 121 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ, ਉਨ੍ਹਾਂ ਨੂੰ ਦੋ ਵੀ ਸੀਟਾਂ ਦਾ ਘਾਟਾ ਪਿਆ ਹੈ। ਭਾਵੇਂ ਜਸਟਿਨ ਟਰੂਡੋ ਘੱਟ ਗਿਣਤੀ ਦੀ ਸਰਕਾਰ ਬਣਾਉਣ ਵਿੱਚ ਸਫਲ ਹੋ ਜਾਣਗੇ ਪ੍ਰੰਤੂ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਦੀ ਫਹੁੜੀ ਦੇ ਸਹਾਰੇ ਦੀ ਲੋੜ ਪਵੇਗੀ। ਉਮੀਦ ਹੈ ਜਿਵੇਂ ਪਿਛਲੀ ਵਾਰ ਜਗਮੀਤ ਸਿੰਘ ਧਾਲੀਵਾਲ ਦੀ ਐਨ ਡੀ ਪੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਨੂੰ ਬਾਹਰੋ ਸਪੋਰਟ ਦਿੱਤੀ ਸੀ, ਕਿਆਸ ਅਰਾਈਆਂ ਹਨ ਕਿ ਇਸ ਵਾਰ ਵੀ ਉਹੀ ਸਪੋਰਟ ਕਰਨਗੇ। ਬਲੌਕ ਕਿਊਬਕ ਪਾਰਟੀ ਨੂੰ 34 ਸੀਟਾਂ ਮਿਲੀਆਂ ਹਨ, ਉਹ ਇਸ ਵਾਰ ਦੋ ਸੀਟਾਂ ਵਧਾਉਣ ਵਿੱਚ ਸਫਲ ਹੋ ਗਏ ਹਨ। ਜਗਮੀਤ ਸਿੰਘ ਧਾਲੀਵਾਲ ਦੀ ਅਗਵਾਈ ਵਾਲੀ ਐਨ ਡੀ ਪੀ ਨੂੰ 25 ਸੀਟਾਂ ਮਿਲੀਆਂ ਹਨ, ਉਹ ਪਿਛਲੀ ਵਾਰੀ ਦੀਆਂ 24 ਸੀਟਾਂ ਨਾਲੋਂ ਇਕ ਸੀਟ ਵਧਾਉਣ ਵਿੱਚ ਸਫਲ ਹੋਏ ਹਨ। ਗਰੀਨ ਪਾਰਟੀ ਨੂੰ ਸਿਰਫ 2 ਸੀਟਾਂ ਮਿਲੀਆਂ ਹਨ, ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਮੁੱਖੀ ਐਨਮੀ ਪਾਲ ਆਪਣੀ ਸੀਟ ਤੋਂ ਚੋਣ ਹਾਰ ਗਏ ਹਨ। ਪਿਛਲੀ ਸੰਸਦ ਵਿੱਚ ਵੀ ਉਨ੍ਹਾਂ ਨੇ ਦੋ ਸੀਟਾਂ ਹੀ ਜਿੱਤੀਆਂ ਸਨ। ਪੀਪਲਜ਼ ਪਾਰਟੀ ਆਫ਼ ਕੈਨੇਡਾ ਨੂੰ ਵੀ ਕੋਈ ਸੀਟ ਨਹੀਂ ਮਿਲੀ ਅਤੇ ਉਨ੍ਹਾਂ ਦੀ ਪਾਰਟੀ ਦੇ ਮੁਖੀ ਮੈਕਸਿਮ ਬਰਨੀਅਰ ਵੀ ਚੋਣ ਹਾਰ ਗਏ ਹਨ।
         ਇਸ ਵਾਰ 40 ਦੇ ਲਗਪਗ ਇੰਡੋ ਕੈਨੇਡੀਅਨ ਭਾਰਤੀਆਂ/ਪੰਜਾਬੀਆਂ ਨੇ ਚੋਣਾਂ ਲੜੀਆਂ ਸਨ। ਬਹੁਤੀਆਂ ਸੀਟਾਂ ‘ਤੇ ਲਿਬਰਲ, ਕੰਜ਼ਰਵੇਟਿਵ ਅਤੇ ਐਨ ਡੀ ਪੀ ਪਾਰਟੀਆਂ ਦੇ ਇੰਡੋ ਕੈਨੇਡੀਅਨ ਪੰਜਾਬੀ ਉਮੀਦਵਾਰਾਂ ਵਿੱਚ ਹੀ  ਮੁਕਾਬਲਾ ਸੀ। ਇਨ੍ਹਾਂ 40 ਵਿੱਚੋਂ  ਇੰਡੋ ਕੈਨੇਡੀਅਨ ਸਾਂਝੇ ਭਾਰਤੀ ਮੂਲ ਦੇ 23 ਉਮੀਦਵਾਰ ਚੋਣਾ ਜਿੱਤ ਗਏ ਹਨ, ਜਿਨ੍ਹਾਂ ਵਿੱਚੋਂ ਵਰਤਮਾਨ ਪੰਜਾਬ ਦੇ 16 ਭਾਰਤੀ ਪੰਜਾਬੀ ਮੂਲ ਦੇ ਹਨ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਵਾਲੇ ਭਾਰਤੀ ਮੂਲ ਦੇ 7 ਉਮੀਦਵਾਰ ਚੋਣ ਜਿੱਤੇ ਹਨ। ਇਸ ਵਾਰ ਪਿਛਲੀਆਂ ਫੈਡਰਲ ਚੋਣਾ ਵਿੱਚ 18 ਵਰਤਮਾਨ ਭਾਰਤੀ ਮੂਲ ਦੇ ਉਮੀਦਵਾਰ ਚੋਣ ਜਿੱਤੇ ਸਨ।  ਇਨ੍ਹਾਂ ਵਿੱਚੋਂ 16 ਇੰਡੋ ਕੈਨੇਡੀਅਨ ਪੰਜਾਬੀ ਹਨ। ਬੀ ਸੀ ਵਿੱਚੋਂ ਸਰੀ ਨਿਊਟਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁੱਖ ਧਾਲੀਵਾਲ, ਲਿਬਰਲ ਪਾਰਟੀ ਦੇ ਸਰੀ ਸੈਂਟਰ ਤੋਂ ਰਣਦੀਪ ਸਰਾਏ, ਲਿਬਰਲ ਪਾਰਟੀ ਦੇ ਹੀ ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ ਸਾਬਕਾ ਡੀਫ਼ੈਸ ਮੰਤਰੀ, ਬਰਨਬੀ ਸਾਊਥ ਤੋਂ ਐਨ ਡੀ ਪੀ ਦੇ ਮੁੱਖੀ ਜਗਮੀਤ ਸਿੰਘ ਧਾਲੀਵਾਲ ਅਤੇ ਰਿਚਮੰਡ ਈਸਟ ਤੋਂ ਪਰਮ ਬੈਂਸ ਪਹਿਲੀ ਵਾਰ ਚੋਣ ਜਿੱਤਕੇ ਐਮ ਪੀ ਬਣੇ ਹਨ। ਅਲਬਰਟਾ ਵਿੱਚ ਕੈਲਗਰੀ ਫਾਰੈਸਟ ਲਾਅਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਜਸਰਾਜ ਹੱਲਣ, ਐਡਮਿੰਟਨ ਮਿਲਵੁਡਜ਼ ਤੋਂ ਕੰਜ਼ਰਵੇਟਿਵ ਪਾਰਟੀ ਦੇ ਹੀ ਟਿਮ ਉਪਲ ਅਤੇ ਕੈਲਗਰੀ ਸਕਾਈਵਿਊ ਤੋਂ ਲਿਬਰਲ ਪਾਰਟੀ ਦੇ ਜਾਰਜ ਚਾਹਲ ਪਹਿਲੀ ਵਾਰ ਚੋਣ ਜਿੱਤੇ ਹਨ। ਓਨਟਾਰੀਓ ਵਿੱਚ ਬਰੈਪਟਨ ਈਸਟ ਤੋਂ ਮਨਿੰਦਰ ਸਿੱਧੂ, ਬਰੈਪਟਨ ਨਾਰਥ ਤੋਂ ਰੂਬੀ ਸਹੋਤਾ, ਬਰੈਪਟਨ ਸਾਊਥ ਤੋਂ ਸੋਨੀਆ ਸਿੱਧੂ, ਬਰੈਪਟਨ ਵੈਸਟ ਤੋਂ ਕਮਲ ਖਹਿਰਾ, ਮਿਸੀਗਾਸਾ ਤੋਂ ਇਕਵਿੰਦਰ ਗਹੀਰ, ਓਕਵਿਲ ਤੋਂ ਅਨੀਤਾ ਆਨੰਦ, ਵਾਟਰਲੂ ਤੋਂ ਬਰਦੀਸ਼ ਚੱਗੜ ਅਤੇ ਅੰਜੂ ਢਿਲੋਂ ਚੋਣ ਜਿੱਤੇ ਹਨ। ਇਹ ਸਾਰੇ ਲਿਬਰਲ ਪਾਰਟੀ ਦੇ ਹਨ। ਇਕਵਿੰਦਰ ਗਹੀਰ ਸੰਸਦ ਵਿੱਚ ਸਭ ਤੋਂ ਛੋਟੀ ਉਮਰ ਦੇ ਮੈਂਬਰ ਹੋਣਗੇ। ਉਹ ਦੂਜੀ ਵਾਰ ਚੋਣ ਜਿੱਤੇ ਹਨ। ਇਨ੍ਹਾਂ 16 ਵਿੱਚੋਂ 6 ਇਸਤਰੀਆਂ ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆਂ ਸਿੱਧੂ, ਬਰਦਿਸ਼ ਚੱਘੜ, ਅੰਜੂ ਢਿਲੋਂ ਅਤੇ ਅਨੀਤਾ ਆਨੰਦ ਹਨ। 6 ਦਸਤਾਰਧਾਰੀ ਸਿੱਖ ਚੋਣ ਜਿੱਤੇ ਹਨ, ਜਿਨ੍ਹਾਂ ਵਿਚੋਂ 2 ਅੰਮਿ੍ਰਤਧਾਰੀ ਅਤੇ 4 ਸਹਿਜਧਾਰੀ  ਹਨ। ਟਿਮ ਉਪਲ ਪੰਜਾਬ ਦੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਵਿਧਾਨਕਾਰ ਪ੍ਰਗਟ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਹਨ। ਸਾਂਝੇ ਭਾਰਤੀ ਮੂਲ ਦੇ 7 ਜਿੱਤੇ ਉਮਦਵਾਰਾਂ ਵਿੱਚ ਸ਼ੌਕਤ ਅਲੀ, ਆਰੀਆ ਚੰਦਰਾ, ਸੁਮੀਰ ਜ਼ੁਬੇਰੀ, ਯਾਮੀਰ ਨਕਵੀ, ਉਮਾਰ ਅਲਗਬਰਾ, ਮਜ਼ੀਦ ਜਵਾਹਰੀ ਅਤੇ ਅਨੀਤਾ ਆਨੰਦ ਹਨ।  ਭਾਰਤੀ ਮੂਲ ਦੇ  ਉਮੀਦਵਾਰਾਂ ਨੂੰ ਇਕੱਲੇ ਸਿੱਖ ਪੰਜਾਬੀ ਵੋਟਰਾਂ ਨੇ ਹੀ ਵੋਟਾਂ ਨਹੀਂ ਪਾਈਆਂ ਸਗੋਂ ਪੰਜਾਬੀ ਬਾਕੀ ਸਮੁਦਾਇ ਵਿੱਚ ਵੀ ਹਰਮਨ ਪਿਆਰੇ ਹਨ। ਭਾਰਤ ਵਿੱਚ 542 ਮੈਂਬਰੀ ਸੰਸਦ ਵਿੱਚੋਂ ਪੰਜਾਬ ਦੇ ਸਿਰਫ 13 ਲੋਕ ਸਭਾ ਮੈਂਬਰ ਹਨ, ਇਸਦੇ ਮੁਕਾਬਲੇ ਕੈਨੇਡਾ ਵਿਚ 16 ਐਮ ਪੀ ਹਨ।  ਪਰਮ ਬੈਂਸ ਅਤੇ ਜੌਰਜ ਚਾਹਲ ਦੋਵੇਂ ਪਹਿਲੀ ਵਾਰ ਚੋਣ ਜਿੱਤੇ ਹਨ। ਭਾਰਤ ਦੀ ਕੇਂਦਰੀ ਸਰਕਾਰ ਵਿੱਚ ਹਰਦੀਪ ਸਿੰਘ ਪੁਰੀ ਸਿਰਫ ਇਕ ਰਾਜ ਮੰਤਰੀ ਹਨ, ਜਦੋਂ ਕਿ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਪਹਿਲਾਂ 5 ਅਤੇ ਫਿਰ 4 ਕੈਬਨਿਟ ਮੰਤਰੀ ਅਤੇ ਤਿੰਨ ਸੰਸਦੀ ਸਕੱਤਰ ਸਨ। ਤਾਲਿਬਾਨ ਨੂੰ ਭਰਾ ਕਹਿਣ ਵਾਲੀ ਮਰੀਅਮ ਮੁਨਸਫ ਚੋਣ ਹਾਰ ਗਈ ਹੈ। ਜਿਸ ਪ੍ਰਕਾਰ ਜਗਮੀਤ ਸਿੰਘ ਧਾਲੀਵਾਲ ਦੀ ਹਰਮਨ ਪਿਆਰਤਾ ਵੱਧ ਰਹੀ ਹੈ, ਉਸ ਤੋਂ ਇੰਜ ਲਗਦਾ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬੀ ਸਿੱਖ ਕੈਨੇਡਾ ਦੀ ਸਰਕਾਰ ਦੇ ਮੁੱਖੀ ਹੋਣਗੇ। ਇਸ ਸਮੇਂ ਵੀ ਕੈਨੇਡਾ ਵਿੱਚ ਬਾਕੀ ਸਮੁਦਾਇ ਨਾਲੋਂ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਫ਼ੈਡਰਲ ਸਰਕਾਰ ਵਿਚ ਸਭ ਤੋਂ ਵੱਧ ਮੰਤਰੀ ਹੁੰਦੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਭਾਰਤੀ ਮੂਲ ਦੇ ਪੰਜਾਬੀ ਕੈਨੇਡਾ ਵਿੱਚ ਹੋਰ ਮੱਲਾਂ ਮਾਰਨਗੇ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh480yahoo.com