ਗ਼ੈਰ ਭਾਜਪਾ ਪਾਰਟੀਆਂ ਦੀ ਧਰਮ ਆਧਾਰਤ ਸਿਆਸਤ - ਸਬਾ ਨਕਵੀ

ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਜੰਮੂ ਵਿਚ ਆਖਿਆ ਸੀ ਕਿ ਉਹ ਕਸ਼ਮੀਰੀ ਪੰਡਤਾਂ ਦੀ ਪੀੜ ਮਹਿਸੂਸ ਕਰ ਸਕਦੇ ਹਨ ਕਿਉਂਕਿ ਉਹ ਖ਼ੁਦ ਇਸੇ ਭਾਈਚਾਰੇ ਨਾਲ ਸਬੰਧਤ ਹਨ। ਇਹ ਪਹਿਲੀ ਵਾਰ ਨਹੀਂ ਜਦੋਂ ਉਨ੍ਹਾਂ ਆਪਣੀ ਹਿੰਦੂ ਤੇ ਬ੍ਰਾਹਮਣੀ ਪਛਾਣ ਗਿਣਾਈ ਹੈ। 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਤੇ ਉਨ੍ਹਾਂ ਦੀ ਪਾਰਟੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਉਹ ਜਨੇਊਧਾਰੀ ਬ੍ਰਾਹਮਣ ਹਨ। ਜ਼ਾਹਿਰ ਹੈ ਕਿ ਨਹਿਰੂ ਗਾਂਧੀ ਪਰਿਵਾਰ ਦਾ ਚਿਰਾਗ ਮੌਜੂਦਾ ਸਮਾਜੀ-ਰਾਜਸੀ ਮਾਹੌਲ ਵਿਚ ਕਦੇ ਕਦੇ ਦਬਾਅ ਮਹਿਸੂਸ ਕਰਦਾ ਹੈ। ਜਦੋਂ ਕਿਸੇ ਨੂੰ ਇਹ ਕਹਿਣਾ ਪੈਂਦਾ ਹੈ ਕਿ ਉਹ ਵੀ ਹਿੰਦੂ ਜਾਂ ਬ੍ਰਾਹਮਣ ਹੈ ਤਾਂ ਉਸ ਤੇ ਕਿੰਨਾ ਤਰਸ ਆਉਂਦਾ ਹੈ ਪਰ ਵਿਰੋਧੀ ਧਿਰ ਦੀਆਂ ਬਹੁਤ ਸਾਰੀਆਂ ਹਸਤੀਆਂ ਅੱਜ ਇਹੀ ਕਰ ਰਹੀਆਂ ਹਨ। ਇਹ ਨਹਿਰੂਵਾਦੀ ਧਰਮਨਿਰਪੱਖਤਾ ਦੇ ਰਸਮੋ-ਰਿਵਾਜ਼ ਤਾਂ ਨਹੀਂ ਹਨ ਪਰ ਸਾਡੇ ਸਮਿਆਂ ਦੀ ਅੱਕਾਸੀ ਜ਼ਰੂਰ ਕਰਦੇ ਹਨ।
         ਆਰਐੱਸਐੱਸ ਅੱਜ ਆਰਾਮ ਨਾਲ ਬਹਿ ਕੇ ਕੱਛਾਂ ਵਜਾ ਸਕਦੀ ਹੈ ਕਿ ਹਿੰਦੀ ਪੱਟੀ ਵਾਲੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਹੁਣ ਕਿਸੇ ਨਾ ਕਿਸੇ ਹੱਦ ਤੱਕ ਆਪਣੇ ਆਪ ਨੂੰ ਹਿੰਦੂਵਾਦੀ ਸਾਬਿਤ ਕਰਨ ਲੱਗੀਆਂ ਹੋਈਆਂ ਹਨ। ਇਸ ਵਰਤਾਰੇ ਨੂੰ ਸਮਝਣ ਲਈ ਉਤਰਾਖੰਡ ਦੀ ਹੀ ਗੱਲ ਕਰਦੇ ਹਾਂ ਜਿੱਥੇ ਚਾਰ ਹੋਰ ਸੂਬਿਆਂ ਨਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਬਿਨਾ ਸ਼ੱਕ, ਸੱਤਾਧਾਰੀ ਪਾਰਟੀ ਹਿੰਦੂ ਸਿਆਸਤ ਦੀ ਰੁਸਤਮੇ-ਹਿੰਦ ਹੈ ਪਰ ਆਮ ਆਦਮੀ ਪਾਰਟੀ ਵੀ ਆਪਣੇ ਹਿੰਦੂ ਲੱਛਣਾਂ ਦੀ ਨੁਮਾਇਸ਼ ਲਾ ਕੇ ਇਸ ਮੈਦਾਨ ਵਿਚ ਆ ਨਿੱਤਰੀ ਜਦੋਂ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਹ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਵਿਚ ਆਉਣ ਦਾ ਮੌਕਾ ਦਿੱਤਾ ਗਿਆ ਤਾਂ ਉਹ ਉਤਰਾਖੰਡ ਨੂੰ ਹਿੰਦੂਆਂ ਦੀ ਵਿਸ਼ਵ ਅਧਿਆਤਮਕ ਰਾਜਧਾਨੀ ਬਣਾ ਦੇਣਗੇ। ਸੂਬੇ ਅੰਦਰ ਜ਼ੋਰ ਸ਼ੋਰ ਨਾਲ ਪਰਿਵਰਤਨ ਯਾਤਰਾਵਾਂ ਚਲਾ ਰਹੀ ਕਾਂਗਰਸ ਪਾਰਟੀ ਨੇ ਆਖਿਆ ਕਿ ਹਿੰਦੂਤਵ ਦਾ ਭਾਜਪਾ ਨਾਲ ਕੋਈ ਵਾਹ ਵਾਸਤਾ ਨਹੀਂ, ਜੇ ਉਹ ਰਾਮ ਕਹਿੰਦੇ ਹਨ ਤਾਂ ਅਸੀਂ ਭੋਲੇਨਾਥ ਦਾ ਜੈਕਾਰਾ ਲਾਵਾਂਗੇ।
        ਭਾਰਤ ਵਿਚ ਤਰਕ ਦਿੱਤਾ ਜਾ ਸਕਦਾ ਹੈ ਕਿ ਧੁਰ ਦੱਖਣ ਅੰਦਰ ਦੋ ਹੀ ਪਾਰਟੀਆਂ ਐਸੀਆਂ ਹਨ ਜੋ ਆਪਣਾ ਹਿੰਦੂ ਕਿਰਦਾਰ ਸਾਬਿਤ ਕਰਨ ਦਾ ਕੋਈ ਦਬਾਅ ਮਹਿਸੂਸ ਨਹੀਂ ਕਰਦੀਆਂ। ਇਨ੍ਹਾਂ ਵਿਚੋਂ ਇਕ ਖੱਬਾ ਮੁਹਾਜ਼ ਹੈ ਜੋ ਕੇਰਲ ਵਿਚ ਰਾਜ ਚਲਾ ਰਿਹਾ ਤੇ ਦੂਜੀ ਡੀਐੱਮਕੇ ਜਿਸ ਨੇ ਹੁਣੇ ਹੁਣੇ ਤਾਮਿਲ ਨਾਡੂ ਵਿਧਾਨ ਸਭਾ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ਼ ਮਤਾ ਪਾਸ ਕੀਤਾ ਹੈ। ਬਹਰਹਾਲ, ਆਮ ਆਦਮੀ ਪਾਰਟੀ ਦੇ ਨਰਮ ਹਿੰਦੂਤਵ ਨੂੰ ਹੋਰ ਖੁਰਚ ਕੇ ਦੇਖਣਾ ਬਣਦਾ ਹੈ। ਪਹਿਲੀ ਗੱਲ, ਪਾਰਟੀ ਦੇ ਬਾਨੀ ਅਰਵਿੰਦ ਕੇਜਰੀਵਾਲ ਨੇ 2011 ਦੇ ਅੰਨਾ ਅੰਦੋਲਨ ਵੇਲੇ ਵਰਤੀਂਦੇ ਹਿੰਦੂ ਬਿੰਬਾਂ ਦਾ ਇਸਤੇਮਾਲ ਕਰਨ ਵਿਚ ਕਦੇ ਕੋਈ ਝਿਜਕ ਮਹਿਸੂਸ ਨਹੀਂ ਕੀਤੀ। ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਅੰਨਾ ਅੰਦੋਲਨ ਵਿਚ ਆਰਐੱਸਐੱਸ ਤੇ ਵੀਐੱਚਪੀ ਦਾ ਪੂਰਾ ਹੱਥ ਸੀ। ਭਾਰਤ ਮਾਤਾ ਦੇ ਬੈਨਰ ਹੇਠ ਵਿੱਢੇ ਉਸ ਅੰਦੋਲਨ ਦੇ ਬਿੰਬ, ਲਹਿਜ਼ਾ ਤੇ ਭਾਸ਼ਾ ਨੂੰ ਲੋਕ ਸੇਵਾ ਤੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਦੇ ਨਾਂ ’ਤੇ ਰਾਸ਼ਟਰਵਾਦ ਦਾ ਖ਼ੂਬ ਤੜਕਾ ਲਾਇਆ ਗਿਆ ਸੀ।
         ਨੌਂ ਸਾਲ ਪਹਿਲਾਂ 2012 ਵਿਚ ਜਦੋਂ ਆਮ ਆਦਮੀ ਪਾਰਟੀ ਬਣੀ ਸੀ, ਉਦੋਂ ਤੋਂ ਇਸ ਨੇ ਕਾਫ਼ੀ ਲੰਮਾ ਸਫ਼ਰ ਕੀਤਾ ਹੈ। ਕੌਮੀ ਜਨ ਜਾਗ੍ਰਿਤੀ ਦੀ ਤਬਦੀਲੀ ਦੇ ਮਾਹੌਲ ਵਿਚ ਦਿੱਲੀ ਵਿਚ ਭਾਜਪਾ ਨੂੰ ਦੋ ਵਾਰ ਵਿਧਾਨ ਸਭਾ ਚੋਣਾਂ ਵਿਚ ਧੂੜ ਚਟਾ ਚੁੱਕੀ ‘ਆਪ’ ਹੁਣ ਜ਼ਾਹਰਾ ਤੌਰ ’ਤੇ ਵਿਸ਼ਵਾਸ ਕਰਦੀ ਹੈ ਕਿ ਉਹ ਇਸ ਰਾਸ਼ਟਰੀ ਪਾਰਟੀ ਨੂੰ ਉਸੇ ਦੀ ਖੇਡ ਵਿਚ ਮਾਤ ਦੇ ਕੇ, ਭਾਵ ਹਿੰਦੂ ਪੱਤਾ ਖੇਡ ਕੇ ਸਿਆਸਤ ਵਿਚ ਆਪਣੀ ਹੋਂਦ ਬਚਾ ਸਕਦੀ ਤੇ ਆਪਣੇ ਪੈਰ ਪਸਾਰ ਸਕਦੀ ਹੈ। ਇਸ ਦਾ ਇਕ ਮਤਲਬ ਇਹ ਵੀ ਹੈ ਕਿ ਮੁਸਲਿਮ ਮੁੱਦਿਆਂ ਤੋਂ ਪਾਸਾ ਵੱਟ ਕੇ ਰੱਖਿਆ ਜਾਵੇ, ਘੱਟਗਿਣਤੀਆਂ ਦੇ ਹੱਕ ਦੀ ਖ਼ਾਸ ਗੱਲ ਨਾ ਕੀਤੀ ਜਾਵੇ ਪਰ ਘੱਟਗਿਣਤੀਆਂ ਉਪਰ ਉਵੇਂ ਹਮਲਾ ਵੀ ਨਾ ਕੀਤਾ ਜਾਵੇ ਜਿਵੇਂ ਭਾਜਪਾ ਕਰਦੀ ਹੈ।
         ਲਿਹਾਜ਼ਾ, ਫਰਵਰੀ 2020 ਦੀਆਂ ਚੋਣਾਂ ਵੇਲੇ ਜਦੋਂ ਮਾਹੌਲ ਭਖਿਆ ਹੋਇਆ ਸੀ ਤਾਂ ‘ਆਪ’ ਨੇ ਨਾ ਕੇਵਲ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਤੋਂ ਦੂਰੀ ਬਣਾਈ ਸਗੋਂ ਉਨ੍ਹਾਂ ਮੁੱਦਿਆਂ ਤੋਂ ਵੀ ਪਾਸਾ ਵੱਟ ਲਿਆ ਜਿਨ੍ਹਾਂ ਬਾਰੇ ਉਸ ਦੀ ਸਮਝ ਇਹ ਸੀ ਕਿ ਇਹ ਉਸ ਲਈ ਫਾਹੀ ਬਣ ਸਕਦੇ ਹਨ, ਜਿੱਥੇ ਭਾਜਪਾ, ਵਿਰੋਧੀ ਪਾਰਟੀਆਂ ਨੂੰ ਹਿੰਦੂ ਵਿਰੋਧੀ ਹੋਣ ਦਾ ਕੋਈ ਮੌਕਾ ਅਜਾਈਂ ਨਹੀਂ ਜਾਣ ਦੇਵੇਗੀ। ਇਸ ਕਰ ਕੇ ਹਿੰਦੂ ਪੱਤਾ ਖੇਡਣ ਦੀ ਚਾਲ ਸਿਰਫ਼ ਉਤਰਾਖੰਡ ਤੱਕ ਮਹਿਦੂਦ ਨਹੀਂ। ‘ਆਪ’ ਨੇ ਉੱਤਰ ਪ੍ਰਦੇਸ਼ ਅੰਦਰ ਵੀ ਆਪਣੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਬੜੇ ਸ਼ਾਨਦਾਰ ਢੰਗ ਨਾਲ ਕੀਤੀ ਹੈ ਜਿਸ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਯੁੱਧਿਆ ਵਿਚ ਰਾਮ ਜਨਮਭੂਮੀ ਅਤੇ ਹਨੂੰਮਾਨ ਗੜ੍ਹੀ ਮੰਦਰਾਂ ਵਿਚ ਪੂਜਾ ਕਰਦੇ ਨਜ਼ਰ ਆਏ। ਉੱਤਰ ਪ੍ਰਦੇਸ਼ ਵਿਚ ਆਪ ਦੀ ਹੈਸੀਅਤ ਜ਼ਿਆਦਾ ਵੱਡੀ ਨਹੀਂ, ਇਸ ਦੀ ਖਾਹਸ਼ ਹੋ ਸਕਦੀ ਸੀ ਕਿ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾ ਲਿਆ ਜਾਵੇ ਪਰ ਉਸ ਦੀ ਇਹ ਮਨਸ਼ਾ ਪੂਰੀ ਨਹੀਂ ਹੋ ਸਕੀ। ਇਸ ਦੌਰਾਨ ਉਹ ਆਪਣੇ ਦਮ ’ਤੇ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅਯੁੱਧਿਆ ਤੋਂ ਚੋਣ ਬਿਗਲ ਵਜਾ ਕੇ ਉਸ ਨੇ ਸੂਬੇ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਆਪ ਆਗੂਆਂ ਦਾ ਮੰਨਣਾ ਹੈ ਕਿ ਜਦੋਂ ਉੁਹ ਆਪਣੇ ਹਿੰਦੂ ਹੋਣ ’ਤੇ ਜ਼ੋਰ ਦਿੰਦੇ ਹਨ ਤਾਂ ਇਸ ਤੋਂ ਭਾਜਪਾ ਪ੍ਰੇਸ਼ਾਨ ਹੁੰਦੀ ਹੈ।
         ‘ਆਪ’ ਦੀ ਪੁਜ਼ੀਸ਼ਨ ਦਾ ਖੁਲਾਸਾ ਕਿਵੇਂ ਵੀ ਕੀਤਾ ਜਾਵੇ ਪਰ ਅੱਜ ਉਸ ਨੂੰ ਆਪਣੀ ਹਿੰਦੂਵਾਦੀ ਪਛਾਣ ਦਰਸਾਉਣ ਵਿਚ ਕੋਈ ਸੰਗ ਸ਼ਰਮ ਮਹਿਸੂਸ ਨਹੀਂ ਹੁੰਦੀ ਤੇ ਦੇਖਾ-ਦੇਖੀ ਕਾਂਗਰਸ ਵੀ ਇਸੇ ਰਾਹ ਵੱਲ ਵਧ ਰਹੀ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ‘ਆਪ’ ਨੂੰ ਸਪੱਸ਼ਟ ਹੈ ਕਿ ਕਿਹੜੇ ਰਾਜਾਂ ਅੰਦਰ ਉਸ ਨੂੰ ਇਹ ਡਗਰ ਫੜਨੀ ਪੈਣੀ ਹੈ ਜਿਨ੍ਹਾਂ ਵਿਚ ਪੰਜਾਬ ਅਪਵਾਦ ਹੈ। ਦੂਜੇ ਬੰਨ੍ਹੇ, ਕਾਂਗਰਸ ਇਹ ਕੰਮ ਛਾਤੀ ਠੋਰ ਕੇ ਨਹੀਂ ਕਰ ਸਕਦੀ ਅਤੇ ਕਦੇ ਹਿੰਦੂ ਬਿੰਬਾਂ ਤੇ ਮੁਹਾਵਰਿਆਂ ਨੂੰ ਉਭਾਰ ਕੇ ਪੇਸ਼ ਕਰਦੀ ਹੈ ਤੇ ਕੁਝ ਹੋਰਨਾਂ ਸਮਿਆਂ ਤੇ ਦੂਰੀ ਬਣਾ ਲੈਂਦੀ ਹੈ। ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਜਦੋਂ ਭਾਜਪਾ ਨੇ ਪੱਛਮੀ ਬੰਗਾਲ ਦੀ ਸੱਤਾ ਖੋਹਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ ਤਾਂ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਵਿਚ ਵੋਟਾਂ ਤੋਂ ਇਕ ਦਿਨ ਪਹਿਲਾਂ ਐਲਾਨੀਆ ਆਖਿਆ ਸੀ- “ਮੈਂ ਹਿੰਦੂ ਹਾਂ” ਅਤੇ ਉਨ੍ਹਾਂ ਚੰਡੀ ਪਾਠ ਵੀ ਕੀਤਾ ਸੀ ਤੇ ਦੱਸਿਆ ਸੀ ਕਿ ਹਰ ਰੋਜ਼ ਘਰੋਂ ਚੱਲਣ ਤੋਂ ਪਹਿਲਾਂ ਇਹ ਪਾਠ ਕਰਦੇ ਹਨ। ਉਨ੍ਹਾਂ ਖ਼ਬਰਦਾਰ ਕੀਤਾ ਸੀ ਕਿ ‘ਚੰਗਾ ਹੋਵੇਗਾ, ਭਾਜਪਾ ਮੇਰੇ ਨਾਲ ਹਿੰਦੂ ਪੱਤਾ ਨਾ ਖੇਡੇ’।
      ਭਾਜਪਾ ਨੇ ਜਿਸ ਕਿਸਮ ਦਾ ਮਹਾਂ ਪ੍ਰਚਾਰ ਵਿੱਢਿਆ ਹੋਇਆ ਹੈ, ਉਸ ਦੇ ਪੇਸ਼ੇਨਜ਼ਰ ਇਹ ਸਾਰੀਆਂ ਪਾਰਟੀਆਂ ਆਪਣੀ ਹੋਂਦ ਬਚਾਉਣ ਲਈ ਜੱਦੋਜਹਿਦ ਕਰ ਰਹੀਆਂ ਹਨ। ਉੱਤਰ ਪ੍ਰਦੇਸ਼ ਵਿਚ ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਵੀ ਕੁਝ ਹੱਦ ਤੱਕ ਹਿੰਦੂ ਚਿੰਨ੍ਹਾਂ ਦਾ ਇਸਤੇਮਾਲ ਕਰ ਰਹੀ ਹੈ ਪਰ ਸਭ ਤੋਂ ਵੱਧ ਅਫ਼ਸੋਸ ਬਹੁਜਨ ਸਮਾਜ ਪਾਰਟੀ ਨੂੰ ਦੇਖ ਕੇ ਹੁੰਦਾ ਹੈ ਜੋ ਦੱਬੇ ਕੁਚਲੇ ਲੋਕਾਂ ਦੀ ਦੁਹਾਈ ਦਿੰਦੀ ਰਹੀ ਹੈ। ਅੱਜ ਬਸਪਾ ਸ਼ਾਇਦ ਹੀ ਕਦੇ ਇਨ੍ਹਾਂ ਤਬਕਿਆਂ ਦੇ ਹੱਕ ਵਿਚ ਮੂੰਹ ਖੋਲ੍ਹਦੀ ਹੈ ਤੇ ਇਸ ’ਤੇ ਦੋਸ਼ ਲੱਗ ਰਹੇ ਹਨ ਕਿ ਇਹ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਸਹਿਯੋਗੀ ਪਾਰਟੀ ਵਾਂਗ ਵਿਚਰ ਰਹੀ ਹੈ। ਇਸ ਵੇਲੇ ਇਹ ਆਪਣੇ ਦਲਿਤ ਆਧਾਰ ਦਾ ਬ੍ਰਾਹਮਣਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਇਕ ਦੂਜੇ ਦੇ ਬਿਲਕੁੱਲ ਵਿਰੋਧੀ ਮੰਨੇ ਜਾਂਦੇ ਹਨ। ਪਾਰਟੀ ਸੁਪਰੀਮੋ ਮਾਇਆਵਤੀ ਦੀ ਸੱਜੀ ਬਾਂਹ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਸੀ ਕਿ ਜੇ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਵਿਚ ਤੇਜ਼ੀ ਲਿਆਵੇਗੀ ਕਿਉਂਕਿ ਭਾਜਪਾ ਮੰਦਰ ਨਿਰਮਾਣ ਲਈ ਕੋਈ ਖ਼ਾਸ ਕੰਮ ਨਹੀਂ ਕਰ ਸਕੀ।
          ਸਮਾਜਿਕ ਨਿਆਂ ਦਾ ਦਮ ਭਰਨ ਵਾਲੀ ਇਹ ਪਾਰਟੀ ਆਸਾਨੀ ਨਾਲ ਆਰਥਿਕ ਤੇ ਸਮਾਜਿਕ ਨਿਆਂ, ਬੇਰੁਜ਼ਗਾਰੀ, ਭੁੱਖਮਰੀ ਤੇ ਲਾਚਾਰੀ ਦੇ ਮੁੱਦੇ ਉਠਾ ਸਕਦੀ ਹੈ ਪਰ ਜਾਪਦਾ ਹੈ ਕਿ ਬਸਪਾ ਡਾ. ਬੀ ਆਰ ਅੰਬੇਡਕਰ ਦੇ ਆਦਰਸ਼ਾਂ ਤੇ ਸੰਵਿਧਾਨ ਦੇ ਉਨ੍ਹਾਂ ਅਸੂਲਾਂ ਤੋਂ ਲਾਂਭੇ ਜਾ ਚੁੱਕੀ ਹੈ ਜੋ ਧਰਮ ਅਤੇ ਰਾਜ ਨੂੰ ਵੱਖ ਰੱਖਣ ’ਤੇ ਜ਼ੋਰ ਦਿੰਦੇ ਹਨ। ਸਿਆਸਤ ਦੀ ਇਹ ਭੇਡ ਚਾਲ ਹੀ ਹੈ ਕਿ ਬਹੁਤ ਸਾਰੀਆਂ ਗ਼ੈਰ ਭਾਜਪਾ ਪਾਰਟੀਆਂ ਵੀ ਸ਼ਾਇਦ ਇਹ ਮੰਨ ਕੇ ਚੱਲ ਰਹੀਆਂ ਹਨ ਕਿ ਆਪਣੀਆਂ ਸਿਆਸੀ ਲੜਾਈਆਂ ਲੜਨ ਦੇ ਯੋਗ ਬਣਨ ਲਈ ਉਨ੍ਹਾਂ ਦਾ ਹਿੰਦੂਤਵੀ ਪ੍ਰਵਚਨ ਦਾ ਹਿੱਸਾ ਬਣਨਾ ਜ਼ਰੂਰੀ ਹੈ।
         ਜਿੱਥੋਂ ਤੱਕ ਭਾਰਤ ਨੂੰ ਬਦਲਣ ਦੇ ਆਰਐੱਸਐੱਸ ਦੇ ਟੀਚੇ ਦਾ ਸਵਾਲ ਹੈ, ਇਸ ਪੱਖੋਂ ਇਸ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ। ਭਾਜਪਾ ਬਾਕੀਆਂ ਨਾਲੋਂ ਆਪਣੇ ਵਧੇਰੇ ਹਿੰਦੂ ਹੋਣ ਦਾ ਵਿਖਾਲਾ ਕਰ ਸਕਦੀ ਹੈ ਪਰ ਇਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਨਕਲ ਹੀ ਖੁਸ਼ਾਮਦ ਦੀ ਸਭ ਤੋਂ ਵਧੀਆ ਕਲਾ ਮੰਨੀ ਜਾਂਦੀ ਹੈ। ਦੂਜੇ ਬੰਨੇ ਵਿਰੋਧੀ ਪਾਰਟੀਆਂ ਹੁਣ ਆਪਣੀ ਸਿਆਸਤ ਵਿਚ ਰਣਨੀਤਕ ਤੌਰ ’ਤੇ ਹਿੰਦੂਤਵ ਦੀ ਭਾਸ਼ਾ ਦਾ ਇਸਤੇਮਾਲ ਕਰ ਰਹੀਆਂ ਹਨ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਕਿ ਇਹ ਉਨ੍ਹਾਂ ਦੇ ਸੂਤ ਆ ਵੀ ਸਕੇਗਾ ਜਾਂ ਨਹੀਂ।

* ਲੇਖਕ ਸੀਨੀਅਰ ਪੱਤਰਕਾਰ ਹੈ।