ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ - ਅਵਿਜੀਤ ਪਾਠਕ


ਸਾਫ਼ ਨਜ਼ਰ ਆ ਰਿਹਾ ਹੈ ਕਿ ਸਾਡੀ ਅਤਿ ਦੀ ਮੁਕਾਬਲੇਬਾਜ਼ ਦੁਨੀਆ ਦਰਜਾਬੰਦੀ, ਵਰਗੀਕਰਨ, ਪੈਮਾਇਸ਼ ਅਤੇ ਮੁਕਾਮਬੰਦੀ ਦੇ ਅਮਲ ਤੋਂ ਬਿਨਾ ਆਪਣੇ ਆਪ ਨੂੰ ਸੋਚ ਵੀ ਨਹੀਂ ਸਕਦੀ। ਇਹ ਅਜਿਹੀ ਕਿਸੇ ਵੀ ਚੀਜ਼ ਦਾ ਤਿਰਸਕਾਰ ਕਰਦੀ ਹੈ ਜਿਸ ਨੂੰ ਮਾਪਿਆ ਨਹੀਂ ਜਾ ਸਕਦਾ। ਇਸ ਦੀ ਬਜਾਇ ਇਹ ਹਰ ਚੀਜ਼- ਭਾਵੇਂ ਉਹ ਖ਼ੂਬਸੂਰਤੀ ਹੋਵੇ, ਗਿਆਨ ਹੋਵੇ ਜਾਂ ਫਿਰ ਵਿਕਾਸ ਨੂੰ ਮਾਪਣ ਦੀ ਚਾਹਨਾ ਰੱਖਦੀ ਹੈ। ਅੰਕਾਂ ਅਤੇ ਮਾਪਕਾਂ ਦੇ ਇਸ ਖ਼ਬਤ ਨੇ ਸਿੱਖਿਆ ਦੇ ਖੇਤਰ ਨੂੰ ਵੀ ਨਹੀਂ ਬਖਸ਼ਿਆ। ਹੈਰਾਨ ਹੋਣ ਦੀ ਗੱਲ ਨਹੀਂ ਕਿ ਇਸ ਕਰ ਕੇ ਅਸੀਂ ਗਿਆਨ ਦੀਆਂ ਵੱਖ ਵੱਖ ਵਿਧਾਵਾਂ ਦੀ ਦਰਜਾਬੰਦੀ ਕਰਦੇ ਹਾਂ, ਪ੍ਰਕਾਸ਼ਨਾਵਾਂ, ਪ੍ਰਮਾਣ ਸੂਚਕ ਅੰਕਾਂ, ਇਨਾਮਾਂ ਤੇ ਸਨਮਾਨਾਂ ਦੇ ਅੰਕੜਿਆਂ ਜਾਂ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਭਾਵ ਉਤਪਾਦਕਤਾ ਦੇ ਪੱਧਰ ਨੂੰ ਨਾਪਦੇ ਹਾਂ, ਅਸੀਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀ ਦਰਜਾਬੰਦੀ ਕਰਦੇ ਹਾਂ। ਇਸ ਦੇ ਗੁਣਵੱਤਾ ਦੇ ਖਾਸ ਲੱਛਣਾਂ, ਸੰਘਰਸ਼ਾਂ, ਅੰਤਰਵਿਰੋਧਾਂ ਅਤੇ ਸੰਭਾਵਨਾਵਾਂ ਦੀ ਕੋਈ ਵੁਕਅਤ ਨਹੀਂ ਹੈ। ਹਰ ਚੀਜ਼ ਸਿਰਫ਼ ਅੰਕ ਵਜੋਂ ਨਜ਼ਰ ਆਉਣੀ ਚਾਹੀਦੀ ਹੈ ਜਿਸ ਨੂੰ ਇਕਸਾਰ ਪੈਮਾਨੇ ਤੇ ਮਾਪਿਆ ਜਾ ਸਕੇ। ਹਿਸਾਬ ਦੀ ਜੈ ਜੈ ਕਾਰ, ਕਿਸੇ ਗਿਆਨਵਾਨ ਬਰਾਦਰੀ ਦੀ ਵੱਖਰੇ ਕੋਣ ਤੋਂ ਵੇਖਣ ਦੀ ਖਾਸੀਅਤ ਲੋਪ ਹੋ ਗਈ ਹੈ। ਮਿਸਾਲ ਦੇ ਤੌਰ ਤੇ 2021 ਵਿਚ ਵਿਕਸਤ ਕੀਤੇ ਨੈਸ਼ਨਲ ਇੰਸਟੀਚਿਊਟ ਆਫ਼ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) ਦੇ ਪੈਮਾਨੇ ਮੁਤਾਬਕ ਆਈਆਈਟੀ ਮਦਰਾਸ ਦਾ ਸਕੋਰ 86.76, ਬਨਾਰਸ ਹਿੰਦੂ ਯੂਨੀਵਰਸਿਟੀ ਦਾ 63.10 ਹੈ। ਕੀ ਇਨ੍ਹਾਂ ਅੰਕੜਿਆਂ ਵਿਚੋਂ ਕੋਈ ਅਸਾਧਾਰਨ ਗੱਲ ਨਜ਼ਰ ਆਉਂਦੀ ਹੈ ?
        ਦਰਜਾਬੰਦੀ ਦੇ ਰੁਝਾਨ ਦੀ ਇਸ ਬੇਹੂਦਗੀ ਨੂੰ ਰੱਦ ਕਰਨਾ ਮਹੱਤਵਪੂਰਨ ਗੱਲ ਹੈ। ਕੀ ਕੋਈ ਇਹ ਆਖ ਸਕਦਾ ਹੈ ਕਿ ਵਾਲਟ ਵਿਟਮੈਨ ਦਾ ਗੁਣਾਂਕ 9.4 ਅਤੇ ਰਾਬਿੰਦਰਨਾਥ ਟੈਗੋਰ ਦਾ ਗੁਣਾਂਕ 8.8 ਹੈ? ਕੀ ਇਸੇ ਪੈਮਾਨੇ ਤੇ ਫਿਲਾਸਫੀ ਦੇ ਕਿਸੇ ਪ੍ਰੋਫੈਸਰ ਅਤੇ ਜੈਵ-ਤਕਨਾਲੋਜੀ ਦੇ ਕਿਸੇ ਪ੍ਰੋਫੈਸਰ ਦੇ ਅਸਰ ਨੂੰ ਮਾਪਿਆ ਜਾ ਸਕਦਾ ਹੈ? ਕੀ ਭਾਰਤੀ ਵਿਗਿਆਨ ਸੰਸਥਾ (ਆਈਆਈਐੱਸ) ਅਤੇ ਜੇਐੱਨਯੂ ਇਕੋ ਜਿਹੇ ਹੀ ਕਾਰਜ ਨਿਭਾਉਂਦੇ ਹਨ? ਤੇ ਜੇ ਪਲੇਸਮੈਂਟ ਏਜੰਸੀਆਂ ਆਰਟਸ ਜਾਂ ਹਿਊਮੈਨਟੀਜ਼ ਦੇ ਵਿਸ਼ਿਆਂ ਵਿਚ ਕੋਈ ਦਿਲਚਸਪੀ ਨਹੀਂ ਦਿਖਾਉਂਦੀਆਂ ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਅਕਾਦਮਿਕ ਸਿਖਿਆ ਦੀ ਪ੍ਰਸੰਗਕਤਾ ਕਾਰਪੋਰੇਟ ਸਾਮਰਾਜ ਦੀ ਐਨਕ ਲਾ ਕੇ ਮਾਪੀ ਜਾਣੀ ਚਾਹੀਦੀ ਹੈ? ਜੇ ਕੋਈ ਅਧਿਆਪਕ ਆਪਣੀ ਨਿੱਜੀ ਭੱਲ ਬਣਾਉਣ ਦੀ ਬਜਾਇ ਤਨਦੇਹੀ ਨਾਲ ਪੜ੍ਹਾਉਂਦਾ ਹੈ ਤੇ ਵਿਦਿਆਰਥੀਆਂ ਦੀਆਂ ਪੀੜ੍ਹੀਆਂ ਨੂੰ ਸਿੰਜਦਾ ਹੈ ਤਾਂ ਕੀ ਉਪਰੋਕਤ ਬੇਹੂਦਾ ਪੈਮਾਨਾ ਉਸ ਦੀ ਪ੍ਰਸੰਗਕਤਾ ਨੂੰ ਮਾਪ ਸਕਦਾ ਹੈ? ਆਓ ਇਸ ਨੂੰ ਪ੍ਰਵਾਨ ਕਰਨ ਦੀ ਹਿੰਮਤ ਦਿਖਾਈਏ, ਤੁਸੀਂ ਗਿਆਨ ਤੇ ਸੂਝ ਬੂਝ ਦੀ ਤਾਲੀਮ ਨੂੰ ਮਾਪ ਨਹੀਂ ਸਕਦੇ ਤੇ ਨਾ ਹੀ ਇਸ ਦੀ ਦਰਜਾਬੰਦੀ ਕਰ ਸਕਦੇ ਹੋ। ਫਿਰ ਵੀ ਦਰਜਾਬੰਦੀ ਦਾ ਇਹ ਖ਼ਬਤ ਚੱਲ ਰਿਹਾ ਹੈ ਕਿਉਂਕਿ ਇਹ ਸਾਡੀ ਹਓਮੈ, ਜੰਗਬਾਜ਼ ਮਾਨਸਿਕਤਾ ਨੂੰ ਪੱਠੇ ਪਾਉਂਦਾ ਹੈ, ਬ੍ਰੈਂਡਬਾਜ਼ੀ ਨੂੰ ਹੱਲਾਸ਼ੇਰੀ ਦਿੰਦਾ ਹੈ ਅਤੇ ਪ੍ਰਕਾਸ਼ਨ ਸਨਅਤ ਨੂੰ ਤਰੱਕੀ ਬਖਸ਼ਦਾ ਹੈ (ਤੇ ਕੋਈ ਇਮਾਨਦਾਰ ਅੰਦਰਲਾ ਜਾਣਕਾਰ ਇਹ ਪ੍ਰਵਾਨ ਕਰੇਗਾ ਕਿ ਇੱਕਾ ਦੁੱਕਾ ਪ੍ਰਕਾਸ਼ਨਾਵਾਂ ਨੂੰ ਛੱਡ ਕੇ ਇਹ ਰੂਟੀਨ ਤੇ ਨੀਰਸ ਦੁਹਰਾਓ ਬਣ ਚੁੱਕਿਆ ਹੈ - ਬਿਲਕੁੱਲ ਫੈਕਟਰੀਆਂ ਵਿਚ ਬਣਦੇ ਸਾਮਾਨ ਵਾਂਗ)। ਇਹ ਕਿਸੇ ਵੀ ਤਰ੍ਹਾਂ ਨੈਤਿਕ ਸੰਵੇਦਨਸ਼ੀਲਤਾ ਤੇ ਗਿਆਨ ਤੇ ਸੂਝ ਬੂਝ ਦੇ ਤਲਬਗਾਰਾਂ ਦੀ ਪਰਵਰਿਸ਼ ਨਹੀਂ ਕਰਦਾ ਅਤੇ ਯੂਨੀਵਰਸਿਟੀਆਂ ਨੂੰ ਅਜਿਹੀ ਆਦਰਸ਼ ਜਗ੍ਹਾ ਵਿਚ ਤਬਦੀਲ ਕਰਨ ਦਾ ਜ਼ਰੀਆ ਨਹੀਂ ਬਣਦਾ ਜਿੱਥੋਂ ਸਮਾਜ ਨੂੰ ਸਚਾਈ ਦੀ ਝਲਕ ਦੇਖਣ ਨੂੰ ਮਿਲਦੀ ਹੋਵੇ।
        ਦਰਜਾਬੰਦੀ ਦੇ ਇਸ ਖ਼ਬਤ ਦੇ ਮਾਹੌਲ ਵਿਚ ਸਾਡੀਆਂ ਯੂਨੀਵਰਸਿਟੀਆਂ ਨੂੰ ਦਰਪੇਸ਼ ਅਸਲ ਚੁਣੌਤੀਆਂ ਤੋਂ ਅੱਖੀ ਮੀਟੀ ਬੈਠੇ ਹਾਂ ਤੇ ਇਨ੍ਹਾਂ ਵਿਚ ਕੁਝ ਉਹ ਪਹਿਲੂ ਵੀ ਸ਼ਾਮਲ ਹਨ ਜਿੱਥੇ ਐੱਨਆਈਆਰਐੱਫ ਪੈਮਾਨੇ ਤੇ ਚੰਗੇ ਅੰਕ ਹਾਸਲ ਕੀਤੇ ਗਏ ਹਨ। ਕੀ ਅਸੀਂ ਇਹ ਪ੍ਰਵਾਨ ਕਰਨ ਦੀ ਦਲੇਰੀ ਦਿਖਾ ਸਕਦੇ ਹਾਂ ਕਿ ਹਾਲੀਆ ਸਮਿਆਂ ਦੌਰਾਨ ਸਾਡੀਆਂ ਜਨਤਕ ਯੂਨੀਵਰਸਿਟੀਆਂ ਨੂੰ ਗਹਿਰੀ ਸੱਟ ਵੱਜੀ ਹੈ? ਜਾਮੀਆ ਮਿਲੀਆ ਇਸਲਾਮੀਆ, ਵਿਸ਼ਵ ਭਾਰਤੀ ਜਾਂ ਜੇਐੱਨਯੂ ਦੇ ਕੈਂਪਸ ਵਿਚ ਘੁੰਮ ਫਿਰ ਕੇ ਦੇਖੋ। ਤੁਹਾਨੂੰ ਮਹਿਸੂਸ ਹੋਵੇਗਾ ਕਿ ਹਰ ਕੰਧ ਕੁਰਲਾ ਰਹੀ ਹੈ; ਤੁਹਾਨੂੰ ਗਹਿਰੀ ਪੀੜ ਮਹਿਸੂਸ ਹੋਵੇਗੀ, ਕਿਸੇ ਚੀਜ਼ ਦੇ ਟੁੱਟਣ ਦਾ ਅਹਿਸਾਸ ਅਤੇ ਹਰ ਪਾਸੇ ਡਰ, ਭੈਅ ਤੇ ਸ਼ੱਕ ਦਾ ਮਾਹੌਲ। ਇਹ ਸੰਭਵ ਹੈ ਕਿ ਪ੍ਰੋਫੈਸਰ ਆਪਣੇ ਪੇਪਰ ਪ੍ਰਕਾਸ਼ਤ ਕਰਦੇ ਹਨ ਅਤੇ ਕੌਮਾਂਤਰੀ ਕਾਨਫਰੰਸਾਂ ਵਿਚ ਸ਼ਿਰਕਤ ਕਰਦੇ ਹਨ, ਵਿਦਿਆਰਥੀ ਇਮਤਿਹਾਨਾਂ ਵਿਚ ਬੈਠਦੇ ਹਨ ਅਤੇ ਕਾਨਵੋਕੇਸ਼ਨ ਸਮਾਗਮਾਂ ਵਿਚ ਹਿੱਸਾ ਲੈਂਦੇ ਹਨ ਪਰ ਯੂਨੀਵਰਸਿਟੀ ਦੀ ਇਕ ਰੂਹ ਹੁੰਦੀ ਹੈ ਜੋ ਕੁਝ ਸਿੱਖਣ ਜਾਂ ਸਿੱਖਿਆ ਹੋਇਆ ਤਿਆਗਣ ਦੀ ਖੁਸ਼ੀ ਬਖ਼ਸ਼ਦੀ ਹੈ, ਸੱਚ ਦਾ ਅਨੁਭਵ ਕਰਨ ਦਾ ਹੌਸਲਾ ਦਿੰਦੀ ਹੈ ਅਤੇ ਸਭਿਆਚਾਰਕ ਬਹੁਲਤਾ ਦੀ ਜਾਚ ਸਿਖਾਉਂਦੀ ਹੈ ਤੇ ਸਭ ਤੋਂ ਉਪਰ ਵਿਹਾਰਕ, ਆਲੋਚਨਾਤਮਿਕ ਮੁਕਤੀਦਾਤੀ ਸੋਚ ਨੂੰ ਪਿਆਰਦੀ ਹੈ। ਇੰਝ, ਜਾਪਦਾ ਹੈ ਕਿ ਇਸ ਰੂਹ ਦਾ ਕਤਲ ਕਰ ਦਿੱਤਾ ਗਿਆ ਹੈ। ਸੰਭਵ ਹੈ, ਅਕਾਦਮਿਕ ਨੌਕਰਸ਼ਾਹੀ ਨੂੰ ਇਹ ਹੁਕਮ ਚਾੜ੍ਹਿਆ ਹੋਵੇ ਕਿ ਭੂਤਰੇ ਰਾਸ਼ਟਰਵਾਦ ਨੂੰ ਕਿਸੇ ਵੀ ਕਿਸਮ ਦੀ ਚੁਣੌਤੀ ਨਹੀਂ ਮਿਲਣੀ ਚਾਹੀਦੀ ਤੇ ਇਸ ਤੇ ਕੋਈ ਸਵਾਲ ਨਹੀਂ ਉੱਠਣ ਦਿੱਤਾ ਜਾਣਾ ਚਾਹੀਦਾ। ਸਿਆਸੀ, ਸਭਿਆਚਾਰਕ ਤੇ ਦਾਰਸ਼ਨਿਕ ਅਸਹਿਮਤੀ ਨੂੰ ਅਪਰਾਧ ਕਰਾਰ ਦੇ ਦਿੱਤਾ ਗਿਆ ਹੈ ਜਿਸ ਕਰ ਕੇ ਸਾਡੀਆਂ ਯੂਨੀਵਰਸਿਟੀਆਂ ਅੰਦਰ ਹੁਣ ਹਰ ਥਾਈਂ ਪੁਲੀਸ ਬੈਰੀਕੇਡ ਨਜ਼ਰ ਆਉਂਦੇ ਹਨ ਤੇ ਉਪਰੋਕਤ ਹੁਕਮ ਦੀ ਤਾਮੀਲ ਨਾ ਕਰਨ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਬਰਖ਼ਾਸਤਗੀਆਂ ਤੇ ਮੁਅੱਤਲੀਆਂ ਦਾ ਦੌਰ ਚੱਲ ਰਿਹਾ ਹੈ, ਮਸਲਨ, ਐੱਨਆਈਆਰਐੱਫ ਦੇ ਪੈਮਾਨੇ ’ਤੇ ਜੇਐੱਨਯੂ ਨੂੰ ਭਾਵੇਂ ਸਿਰਮੌਰ ਦਰਜਾਬੰਦੀ ਵਾਲੀਆਂ ਯੂਨੀਵਰਸਿਟੀਆਂ ਵਿਚ ਸ਼ੁਮਾਰ ਕਰ ਲਿਆ ਜਾਵੇ ਪਰ ਸਚਾਈ ਤਾਂ ਇਹ ਹੈ ਕਿ ਇਸ ਦੀ ਰੂਹ ਛਲਣੀ ਹੋਈ ਪਈ ਹੈ। ਕੀ ਇਸ ਦੇ ਜ਼ਖ਼ਮਾਂ ਨੂੰ ਮਾਪਣ ਦਾ ਕੋਈ ਪੈਮਾਨਾ ਬਣਾਇਆ ਗਿਆ ਹੈ?
       ਇਕ ਹੋਰ ਸੰਕਟ ਦਾ ਅਹਿਸਾਸ ਕਰੋ ਜੋ ਨਵਉਦਾਰਵਾਦ ਦੇ ਪ੍ਰਵਚਨ ਵਿਚੋਂ ਉਪਜ ਰਿਹਾ ਹੈ। ਮੰਡੀ ਸੇਧਤ ਮੁਨਾਫ਼ੇ ਦਾ ਸੰਦਮੂਲਕ ਤਰਕ ਸਿੱਖਿਆ ਦੇ ਖੇਤਰ ਦਾ ਬਸਤੀਕਰਨ ਕਰ ਰਿਹਾ ਹੈ। ਸਿੱਟੇ ਵਜੋਂ ਇਹ ਸੋਚ ਪੈਦਾ ਹੋ ਰਹੀ ਹੈ ਕਿ ਯੂਨੀਵਰਸਿਟੀਆਂ ਨੂੰ ਉਤਪਾਦਕ ਅਤੇ ਲਾਹੇਵੰਦ ਬਣਨਾ ਚਾਹੀਦਾ ਹੈ, ਯੁਵਾ ਵਿਦਿਆਰਥੀਆਂ ਨੂੰ ਇਹੋ ਜਿਹੇ ਹੁਨਰ ਮੁਹੱਈਆ ਕਰਵਾਏ ਜਾਣ ਜਿਨ੍ਹਾਂ ਸਦਕਾ ਉਹ ਅਜਿਹੇ ਸੰਭਾਵੀ ਕਰਿੰਦੇ ਬਣ ਸਕਣ ਜਿਹੋ ਜਿਹੇ ਕਾਰਪੋਰੇਟ ਸਾਮਰਾਜ ਨੂੰ ਲੋੜੀਂਦੇ ਹਨ। ਇਸ ਨਾਲ ਦੋ ਕਿਸਮ ਦੇ ਨੁਕਸਾਨ ਹੋ ਰਹੇ ਹਨ। ਪਹਿਲਾ, ਇਹ ਫਿਲਾਸਫੀ, ਧਰਮ ਵਿਦਿਆ, ਸੰਗੀਤ, ਭੌਤਿਕ ਸ਼ਾਸਤਰ, ਗਣਿਤ, ਇਤਿਹਾਸ, ਸਾਹਿਤ ਜਾਂ ਰਚਨਾਕਾਰੀ ਕਲਾਵਾਂ ਜਿਹੀਆਂ ਗਿਆਨ ਦੀਆਂ ਬਹੁਭਾਂਤੀਆਂ ਤੇ ਵੱਖੋ ਵੱਖਰੀਆਂ ਰਵਾਇਤਾਂ ਦੇ ਯੂਨੀਵਰਸਿਟੀ ਦੇ ਸੰਕਲਪ ਨੂੰ ਮਲੀਆਮੇਟ ਕਰ ਰਿਹਾ ਹੈ ਅਤੇ ਟੈਕਨੋ-ਕਾਰਪੋਰੇਟ ਦੇ ‘ਉਪਯੋਗਤਾ’ ਦੀ ਧਾਰਨਾ ਤੋਂ ਪਰ੍ਹੇ ਕੁਝ ਵੀ ਨਹੀਂ ਦੇਖਦਾ। ਦੂਜਾ, ਇਹ ਸਿੱਖਿਆ ਦੇ ਮੰਤਵ ਨੂੰ ਮਹਿਜ਼ ਹੁਨਰ ਸਿੱਖਣ ਨਾਲ ਰਲਗੱਡ ਕਰ ਕੇ ਬੁਨਿਆਦੀ ਭੁੱਲ ਕਰ ਰਿਹਾ ਹੈ ਅਤੇ ਇੰਝ ਆਲੋਚਨਾਤਮਿਕ ਸਿੱਖਿਆ ਨੂੰ ਰੱਦ ਕਰਦਾ ਹੈ। ਇਹ ਉਹ ਸਿੱਖਿਆ ਹੈ ਜੋ ਸਾਨੂੰ ਸੱਤਾ ਦੇ ਬਿਰਤਾਂਤ ਅਤੇ ਯਥਾਸਥਿਤੀ ਦੇ ਅਪਵਾਦਾਂ ਬਾਰੇ ਅੰਤਰਝਾਤ ਮਾਰਨਾ ਸਿਖਾਉਂਦੀ ਹੈ ਅਤੇ ਇਨ੍ਹਾਂ ਦੇ ਬਦਲ ਲੱਭਣ ਲਈ ਪ੍ਰੇਰਦੀ ਹੈ। ਅਫ਼ਸੋਸ, ਨਵਉਦਾਰਵਾਦੀ ਬਿਰਤਾਂਤ ਦੇ ਹੱਲੇ ਨੇ ਪਾਠਕ੍ਰਮ ਦੀ ਫਿਤਰਤ, ਸਾਡੀਆਂ ਯੂਨੀਵਰਸਿਟੀਆਂ ਤੇ ਖ਼ਾਸਕਰ ਫੈਂਸੀ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਤਕਨਾਲੋਜੀ ਤੇ ਪ੍ਰਬੰਧਨ ਦੇ ਸੰਸਥਾਨਾਂ ਵਿਚ ਸਿੱਖਿਆ ਦੇ ਸਭਿਆਚਾਰ ਅਤੇ ਆਪਸੀ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।
        ਦੇਖੋ ਅਸੀਂ ਕਿਹੋ ਜਿਹੀ ਦੁਨੀਆ ਵਿਚ ਜੀਅ ਰਹੇ ਹਾਂ। ਇਹ ਬਹੁਤ ਹੀ ਨਾ-ਬਰਾਬਰੀ ਭਰੀ ਦੁਨੀਆ ਹੈ ਜਿੱਥੇ ਹਰ ਪਾਸੇ ਹਿੰਸਾ ਦਾ ਬੋਲਬਾਲਾ ਹੈ- ਭਾਵੇਂ ਆਲਮੀ ਪੂੰਜੀਵਾਦ ਦੀ ਹਿੰਸਾ ਦਾ ਬੋਲਬਾਲਾ ਹੋਵੇ ਜਾਂ ਫਿਰ ਚੇਤਨਾ ਉੱਤੇ ਤਾਲਿਬਾਨ ਵਾਲੇ ਅਸਰ ਦੀ ਹਿੰਸਾ ਦਾ ਬੋਲਬਾਲਾ। ਵਾਤਾਵਰਨ ਦੇ ਸੰਕਟ ਅਤੇ ਜੰਗ, ਦਹਿਸ਼ਤਗਰਦੀ, ਪਰਮਾਣੂ ਕਿਰਨਾਂ ਦੇ ਰਿਸਾਓ ਅਤੇ ਹਰ ਤਰ੍ਹਾਂ ਦੀਆਂ ਸਿਹਤ ਦੀਆਂ ਖਰਾਬੀਆਂ ਕਰ ਕੇ ਇਹ ‘ਜੋਖ਼ਮ ਭਰਪੂਰ ਸਮਾਜ’ ਬਣ ਗਿਆ ਹੈ। ਕੀ ਅਜਿਹੇ ਮਾਹੌਲ ਵਿਚ ਯੂਨੀਵਰਸਿਟੀ ਦੇ ਨਵੇਂ ਵਾਤਾਵਰਨ ਪੱਖੀ, ਸਰਬਸਾਂਝੇ, ਸਮਤਾਵਾਦੀ ਅਤੇ ਸਾਰਥਕ ਅੰਤਰ-ਰਾਸ਼ਟਰਵਾਦੀ ਵਿਚਾਰ ਦੀ ਕਲਪਨਾ ਹੋ ਸਕਦੀ ਹੈ? ਕੀ ਐੱਨਆਈਆਰਐੱਫ ਦੇ ਮਾਹਿਰ ਇਸ ਕਿਸਮ ਦਾ ਚਿੰਤਨ ਮੰਥਨ ਕਰਨ ਦੇ ਸਮਰੱਥ ਹਨ?
* ਲੇਖਕ ਸਮਾਜ ਸ਼ਾਸਤਰੀ ਹੈ।