ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ  - ਉਜਾਗਰ ਸਿੰਘ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਫਰਵਰੀ 2022 ਦੇ ਪਹਿਲੇ ਹਫ਼ਤੇ ਹੋਣੀਆਂ ਹਨ। ਕਾਂਗਰਸ ਹਾਈ ਕਮਾਂਡ ਨੇ ਚੋਣਾ ਤੋਂ ਸਿਰਫ਼ 4 ਮਹੀਨੇ ਪਹਿਲਾਂ ਮੁੱਖ ਮੰਤਰੀ ਬਦਲਕੇ ਮਾਸਟਰ ਸਟਰੋਕ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਤਜ਼ਵੀਜ਼ ‘ਤੇ ਫੁੱਲ ਚੜ੍ਹਾਉਂਦਿਆਂ ਅਗਲੀਆਂ ਵਿਧਾਨ ਸਭਾ ਚੋਣਾ ਜਿੱਤਣ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਵਟੋਰਨ ਦਾ ਪੈਂਤੜਾ ਚਲਿਆ ਹੈ। ਕਾਂਗਰਸ ਹਾਈ ਕਮਾਂਡ ਆਮ ਤੌਰ ‘ਤੇ ਮੰਤਰੀਆਂ ਦੇ ਫ਼ੈਸਲੇ ਕਰਨ ਵਿੱਚ ਦੇਰੀ ਕਰ ਦਿੰਦੀ ਹੈ ਪ੍ਰੰਤੂ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁਕਣ ਤੋਂ ਇਕ ਹਫ਼ਤਾ ਬਾਅਦ ਕਾਂਗਰਸ ਹਾਈ ਕਮਾਂਡ ਨੇ ਪੂਰੇ ਮੰਤਰੀ ਮੰਡਲ ਦੇ ਗਠਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਵਾਂ ਮੰਤਰੀ ਮੰਡਲ ਬਣਾਉਣ ਲਈ ਸਲਾਹ ਕਰਨ ਵਾਸਤੇ ਚਰਨਜੀਤ ਸਿੰਘ ਚੰਨੀ ਨੂੰ 4 ਦਿਨਾ ਵਿੱਚ 3 ਵਾਰ ਦਿੱਲੀ ਸੱਦਿਆ ਗਿਆ। ਇੱਕ ਵਾਰ ਰਾਹੁਲ ਗਾਂਧੀ ਨੇ ਵੀਡੀਓ ਕਾਨਫ਼ਰੰਸ ਕਰਕੇ ਸਲਾਹ ਮਸ਼ਵਰਾ ਕੀਤਾ ਹੈ। ਦਿੱਲੀ ਜਾਣ ਸਮੇਂ ਮੁੱਖ ਮੰਤਰੀ ਦੇ ਸਹਿਯੋਗੀ ਸੱਗੀ ਨਾਲ ਪਰਾਂਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਪ ਮੁੱਖ ਮੰਤਰੀ ਗਏ ਸਨ। ਪ੍ਰੰਤੂ ਜਦੋਂ ਮੰਤਰੀ ਮੰਡਲ ‘ਤੇ ਹਾਈ ਕਮਾਂਡ ਨੇ ਆਖ਼ਰੀ ਮੋਹਰ ਲਗਾਈ ਉਦੋਂ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਦਰਬਾਰ ਨੇ ਨਹੀਂ ਬੁਲਾਇਆ। ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਹਈ ਕਮਾਂਡ ਮੁੱਖ ਮੰਤਰੀ ਨੂੰ ਫਰੀ ਹੈਂਡ ਦੇਣਾ ਚਾਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਬਤ ਕਰਨ ਸਮੇਂ ਇਕਮੁੱਠਤਾ ਦਾ ਸਬੂਤ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦਰਮਿਆਨ ਨਵੇਂ ਮੰਤਰੀਆਂ ਦੀ ਚੋਣ ਵਿੱਚ ਵਖਰੇਵੇਂ ਦੀਆਂ ਕਨਸੋਆਂ ਆ ਰਹੀਆਂ ਹਨ। ਨਵੇਂ ਮੰਤਰੀ ਮੰਡਲ ਉਪਰ ਕਾਂਗਰਸ ਹਾਈ ਕਮਾਂਡ ਦੀ ਛਾਪ ਸਾਫ਼ ਵਿਖਾਈ ਦਿੰਦੀ ਹੈ। ਨਵਜੋਤ ਸਿੰਘ ਸਿੱਧੂ ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਓਮ ਪ੍ਰਕਾਸ਼ ਸੋਨੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਵਾਉਣ ਵਿੱਚ ਸਫਲ ਹੋਏ ਹਨ। ਬਾਕੀ ਸਾਰੇ ਮੰਤਰੀ ਸੋਨੀਆਂ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਦੀ ਚੋਣ ਹਨ। ਮੰਤਰੀਆਂ ਦੀ ਸੂਚੀ ਤੋਂ ਪਤਾ ਲਗਦਾ ਹੈ ਕਿ ਕਾਂਗਰਸ ਦੇ ਕਿਸੇ ਇਕ ਧੜੇ ਦਾ ਨਿੱਜੀ ਪ੍ਰਭਾਵ ਬਹੁਤਾ ਵਿਖਾਈ ਨਹੀਂ ਦਿੰਦਾ। ਨਵੇਂ 7 ਮੰਤਰੀਆਂ ਵਿੱਚ ਰਾਜ ਕੁਮਾਰ ਵੇਰਕਾ ਨੂੰ ਛੱਡਕੇ ਕਾਕਾ ਰਣਦੀਪ ਸਿੰਘ, ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ ਅਤੇ ਸੰਗਤ ਸਿੰਘ ਗਿਲਜੀਆਂ ਸਾਰੇ ਹੀ 50 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨ ਹਨ। ਪੁਰਾਣੇ ਮੰਤਰੀਆਂ ਵਿੱਚ ਵਿਜੈ ਇੰਦਰ ਸਿੰਗਲਾ ਵੀ ਨੌਜਵਾਨਾ ਵਿੱਚ ਹੀ ਆਉਂਦੇ ਹਨ। ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ ਦਾ ਮਿਲਣਾ ਵੀ ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ ਅਤੇ ਸੋਨੀਆਂ ਗਾਂਧੀ ਦੀ ਸਿਆਣਪ ਦਾ ਪ੍ਰਤੀਕ ਹੈ। ਕਾਂਗਰਸ ਹਾਈ ਕਮਾਂਡ ਵੱਲੋਂ ਸਾਰੇ ਵਰਗਾਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੰਗਤ ਸਿੰਘ ਗਿਲਜੀਆਂ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਰਜਕਾਰੀ ਪ੍ਰਧਾਨ ਬਣਾਏ ਗਏ ਸਨ। ਪ੍ਰਗਟ ਸਿੰਘ ਵੀ ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਨਜ਼ਦੀਕੀ ਦੋਸਤ ਹਨ, ਉਹ ਉਨ੍ਹਾਂ ਦੇ ਕੋਟੇ ਵਿੱਚੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਵੀ ਹਨ। ਇਨ੍ਹਾਂ 2 ਦੇ ਮੰਤਰੀ ਬਣਨ ਨਾਲ ਕੀ ਉਹ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ੇ ਦੇਣਗੇ? ਕਾਂਗਰਸ ਪਾਰਟੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੇਂ ਅਹੁਦੇਦਾਰ ਬਣਾਏ ਜਾਣਗੇ ਕਿ ਨਹੀਂ, ਇਹ ਵੀ ਅਜੇ ਸ਼ਪਸ਼ਟ ਨਹੀਂ ਹੈ? ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ 5 ਮੰਤਰੀਆਂ ਦੀ ਛਾਂਟੀ ਕਰ ਦਿੱਤੀ ਗਈ ਹੈ, ਉਨ੍ਹਾਂ ਵਿੱਚ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਸ਼ਾਮਲ ਹਨ। ਛਾਂਟੀ ਕੀਤੇ ਗਏ 2 ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸ਼ੁੰਦਰ ਸ਼ਾਮ ਅਰੋੜਾ ਅੰਬਿਕਾ ਸੋਨੀ ਦੇ ਨਜ਼ਦੀਕੀ  ਹਨ। ਦੋ ਜੱਟ ਸਿੱਖ ਮੰਤਰੀਆਂ ਨੂੰ ਬਾਹਰ ਦਾ ਰਸਤਾ ਵਿਖਾਕੇ 5 ਜੱਟ ਸਿੱਖ ਮੰਤਰੀ ਬਣਾਏ ਗਏ ਹਨ। ਹੁਣ ਨਵੇਂ ਮੰਤਰੀ ਮੰਡਲ ਵਿੱਚ 9 ਜੱਟ ਸਿੱਖ ਮੰਤਰੀ ਹਨ। ਰਾਣਾ ਗੁਰਜੀਤ ਸਿੰਘ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਮੰਤਰੀ ਸਨ ਪ੍ਰੰਤੂ ਰੇਤ ਦੀਆਂ ਖੱਡਾਂ ਦੇ ਵਾਦਵਿਵਾਦ ਕਰਕੇ ਉਨ੍ਹਾਂ ਨੇ ਮੰਤਰੀ ਮੰਡਲ ਵਿੱਚੋਂ ਅਸਤੀਫ਼ਾ ਦੇ ਦਿੱਤਾ ਸੀ। 2 ਖੱਤਰੀਆਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸ਼ੁੰਦਰ ਸ਼ਾਮ ਅਰੋੜਾ ਦੀ ਛਾਂਟੀ ਕੀਤੀ ਗਈ ਹੈ ਪ੍ਰੰਤੂ ਪਛੜੀਆਂ ਸ਼੍ਰੇਣੀਆਂ ਵਿੱਚੋਂ ਸੰਗਤ ਸਿੰਘ ਗਿਲਜੀਆਂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਪਛੜੀਆਂ ਸ਼੍ਰੇਣੀਆਂ ਨੂੰ ਪ੍ਰਤੀਨਿਧਤਾ ਨਹੀਂ ਮਿਲੀ ਸੀ। 4 ਹਿੰਦੂ ਅਤੇ ਇਕ ਮੁਸਲਿਮ ਭਾਈਚਾਰੇ ਦੇ ਮੰਤਰੀ ਹਨ।
   ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚੋਂ ਇਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ 10  ਮੰਤਰੀ ਦੁਬਾਰਾ ਲਏ ਗਏ ਹਨ, ਜਿਨ੍ਹਾਂ ਵਿੱਚ ਦੋ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓਮ ਪ੍ਰਕਾਸ਼ ਸੋਨੀ, ਮੰਤਰੀ ਬ੍ਰਹਮ ਮਹਿੰਦਰਾ, ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਵਿਜੈ ਇੰਦਰ ਸਿੰਗਲਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਰਜ਼ੀਆ ਸੁਲਤਾਨਾ, ਭਾਰਤ ਭੂਸ਼ਣ ਆਸ਼ੂ ਅਤੇ ਅਰੁਣਾ ਚੌਧਰੀ ਸ਼ਾਮਲ ਹਨ। ਅਨੁਸੂਚਿਤ ਜਾਤੀਆਂ ਵਿੱਚੋਂ ਸਾਧੂ ਸਿੰਘ ਧਰਮਸੋਤ ਦੀ ਥਾਂ ‘ਤੇ ਰਾਜ ਕੁਮਾਰ ਵੇਰਕਾ ਨੂੰ ਸ਼ਾਮਲ ਕੀਤਾ ਗਿਆ ਹੈ, ਇਸ ਤਰ੍ਹਾਂ ਅਨੁਸੂਚਿਤ ਜਾਤੀਆਂ ਦੀ ਪ੍ਰਤੀਨਿਧਤਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗ਼ਾਬਤ ਕਰਨ ਵਾਲਿਆਂ ਵਿੱਚੋਂ ਇਕ ਮੁੱਖ ਮੰਤਰੀ, ਇਕ ਡਿਪਟੀ ਮੁੱਖ ਮੰਤਰੀ ਅਤੇ 3 ਮੰਤਰੀ ਬਣ ਗਏ ਹਨ। ਭਾਵ ਬਗ਼ਾਬਤ ਕਰਨ ਵਾਲੇ 5 ਮੰਤਰੀਆਂ ਨੂੰ ਹੀ ਹਾਈ ਕਮਾਂਡ ਨੇ ਅਹੁਦੇ ਦੇ ਕੇ ਨਿਵਾਜਿਆ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਹਾਈ ਕਮਾਂਡ ਦੇ ਇਸ਼ਾਰੇ ‘ਤੇ ਹੀ ਬਗ਼ਾਬਤ ਹੋਈ ਸੀ। ਇਹ ਵੀ ਧਿਆਨ ਰੱਖਿਆ ਗਿਆ ਹੈ ਕਿ ਕੈਪਟਨ ਅਮਰਿੰਦਰ ਧੜੇ ਨੂੰ ਨਰਾਜ਼ ਨਾ ਕੀਤਾ ਜਾਵੇ, ਇਸ ਕਰਕੇ ਕੈਪਟਨ ਦੇ ਵਿਸ਼ਵਾਸ਼ ਪਾਤਰਾਂ ਓਮ ਪ੍ਰਕਾਸ਼ ਸੋਨੀ, ਬ੍ਰਹਮ ਮਹਿੰਦਰਾ, ਵਿਜੈ ਇੰਦਰ ਸਿੰਗਲਾ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਭਾਰਤ ਭੂਸ਼ਣ ਆਸ਼ੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਮੰਤਰੀ ਬਣਾਇਆ ਗਿਆ ਹੈ। ਰਜ਼ੀਆ ਸੁਲਤਾਨਾ ਭਾਵੇਂ ਨਵਜੋਤ ਸਿੰਘ ਸਿੱਧੂ ਦੇ ਰਣਨੀਤੀਕਾਰ ਮੁਹੰਮਦ ਮੁਸਤਫ਼ਾ ਦੀ ਪਤਨੀ ਹਨ ਪ੍ਰੰਤੂ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹਨ। ਇਸੇ ਤਰ੍ਹਾਂ ਭਾਰਤ ਭੂਸ਼ਣ ਆਸ਼ੂ ਅਤੇ ਨਵਜੋਤ ਸਿੰਘ ਸਿੱਧੂ ਦਾ 36 ਦਾ ਅੰਕੜਾ ਸੀ ਪ੍ਰੰਤੂ ਭਾਰਤ ਭੂਸ਼ਣ ਆਸ਼ੂ ਸੋਨੀਆਂ ਗਾਂਧੀ ਦੇ ਕੋਟੇ ਵਿੱਚੋਂ ਮੰਤਰੀ ਬਣੇ ਹਨ। ਮੰਤਰੀ ਮੰਡਲ ਵਿੱਚੋਂ ਕੁਝ ਮੰਤਰੀਆਂ ਨੂੰ ਕੱਢਣ ਲਗਿਆਂ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਜਿਹੜੇ ਮੰਤਰੀਆਂ ਉਪਰ ਕਥਿਤ ਭਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ, ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚੋਂ ਕੱਢ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਉਪਰ ਅਨੁਸੂਚਿਤ ਜ਼ਾਤੀਆਂ ਦੇ ਵਿਦਿਆਰਥੀਆਂ ਦੇ ਵਜ਼ੀਫਿਆਂ ਵਿਚ ਕਥਿਤ ਘਪਲੇ ਦੇ ਦੋਸ਼ ਲੱਗੇ ਸਨ, ਸਨਅਤ ਮੰਤਰੀ ਸੁੰਦਰ ਸ਼ਾਮ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉਪਰ ਵੀ ਅਜਿਹੇ ਇਲਜ਼ਾਮ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹੇ ਸਨ। ਕੁਝ ਕਥਿਤ ਦੋਸ਼ਾਂ ਵਾਲੇ ਮੰਤਰੀ ਅਜੇ ਵੀ ਆਪਣੀ ਕੁਰਸੀ ਬਚਾਉਣ ਵਿੱਚ ਸਫਲ ਹੋ ਗਏ ਹਨ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨੂੰ ਪ੍ਰਤੀਨਿਧਤਾ ਦੇ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰ  ਪੰਜਾਬ ਦੇ 3 ਖਿਤਿਆਂ ਮਾਲਵਾ ਵਿੱਚੋਂ 9, ਦੁਆਬਾ ਵਿੱਚੋਂ 3 ਅਤੇ ਮਾਝਾ ਵਿੱਚੋਂ 6 ਮੰਤਰੀ ਲੈ ਕੇ ਸੁਚੱਜੀ ਪ੍ਰਤੀਨਿਧਤਾ ਦਿੱਤੀ ਗਈ ਹੈ। ਮੁੱਖ ਮੰਤਰੀ ਮਾਲਵੇ ‘ਚੋਂ ਅਤੇ ਦੋਵੇਂ ਡਿਪਟੀ ਮੁੱਖ ਮੰਤਰੀ ਮਾਝੇ ਵਿੱਚੋਂ ਲਏ ਹਨ। ਮਾਝੇ ਵਿੱਚੋਂ ਹੁਣ ਤੱਕ ਇਕੋ ਇਕ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਣੇ ਸਨ ਅਤੇ ਉਨ੍ਹਾਂ ਤੋਂ 57 ਸਾਲ ਬਾਅਦ ਮਾਝੇ ਵਿੱਚੋਂ ਦੋ ਡਿਪਟੀ ਮੁੱਖ ਮੰਤਰੀ ਬਣੇ ਹਨ। ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤਾਂ ਪਹਿਲਾਂ ਵੀ ਮਾਝੇ ਵਿੱਚੋਂ ਬਣਦੇ ਰਹੇ ਹਨ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਭ ਤੋਂ ਵੱਧ ਪੜ੍ਹੇ ਲਿਖੇ ਹਨ। ਉਤਰੀ ਭਾਰਤ ਦੇ ਸਿਆਸੀ ਜੀਵਨ ਵਿੱਚ ਅਨੁਸੂਚਿਤ ਜਾਤੀਆਂ ਦੇ ਸਰਗਰਮ ਸਿਆਸਤਦਾਨਾ ਵਿੱਚੋਂ ਚੰਨੀ ਸਭ ਤੋਂ ਵੱਧ ਪੜ੍ਹੇ ਲਿਖੇ ਮੁੱਖ ਮੰਤਰੀ ਹਨ। ਉਨ੍ਹਾਂ ਦੇ ਮੰਤਰੀ ਮੰਡਲ ਵਿੱਚ 11 ਗ੍ਰੈਜੂਏਟ, 3 ਲਾਅ ਗ੍ਰੈਜੂਏਟ, ਰਾਜ ਕੁਮਾਰ ਵੇਰਕਾ ਪਲੱਸ ਟੂ ਅਤੇ ਰਜ਼ੀਆ ਸੁਲਤਾਨਾ, ਓਮ ਪ੍ਰਕਾਸ਼ ਸੋਨੀ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਾਣਾ ਗੁਰਜੀਤ ਸਿੰਘ ਦਸਵੀਂ ਪਾਸ ਹਨ। ਸੰਗਤ ਸਿੰਘ ਗਿਲਜੀਆਂ ਅੰਡਰ ਮੈਟਰਿਕ ਹਨ। ਮੰਤਰੀ ਮੰਡਲ ਵਿੱਚ 10 ਮੰਤਰੀ ਕਿਸਾਨੀ ਪਰਿਵਾਰਾਂ ਨਾਲ ਸੰਬੰਧਤ ਹਨ। ਵੇਖਣ ਵਾਲੀ ਗੱਲ ਹੈ ਕਿ ਇਹ ਕਿਸਾਨੀ ਕਿਤੇ ਨਾਲ ਸੰਬੰਧਤ ਮੰਤਰੀ ਵਰਤਮਾਨ ਕਿਸਾਨ ਅੰਦੋਲਨ ਦੇ ਚਲਦਿਆਂ ਕਿਸਾਨੀ ਦੇ ਹੱਕ ਵਿੱਚ ਪੰਜਾਬ ਸਰਕਾਰ ਤੋਂ ਕੋਈ ਫ਼ੈਸਲੇ ਕਰਵਾਉਣ ਵਿੱਚ ਸਫ਼ਲ ਹੋਣਗੇ ਜਾਂ ਨਹੀਂ। 2022 ਦੀਆਂ ਵਿਧਾਨ ਸਭਾ ਚੋਣਾ ਦੇ ਨਤੀਜਿਆਂ ਵਿੱਚ ਕਿਸਾਨੀ ਅੰਦੋਲਨ ਦਾ ਪ੍ਰਭਾਵ ਵੇਖਣ ਨੂੰ ਮਿਲੇਗਾ। ਨਵੇਂ ਮੰਤਰੀਆਂ ਨੂੰ ਪ੍ਰਬੰਧਕੀ ਪ੍ਰਣਾਲੀ ਨੂੰ ਸਮਝਣ ਵਿੱਚ ਵੀ ਥੋੜ੍ਹਾ ਸਮਾਂ ਲੱਗੇਗਾ। ਇਸ ਲਈ ਨਵੇਂ ਮੰਤਰੀਆਂ ਲਈ ਵਿਭਾਗਾਂ ਦੀ ਆਪਣੀ ਕਾਰਗੁਜ਼ਾਰੀ ਦੇ ਨਤੀਜੇ ਵਿਖਾਉਣਾ ਇਕ ਚੁਣੌਤੀ ਹੋਵੇਗੀ। ਚਰਨਜੀਤ ਸਿੰਘ ਚੰਨੀ ਨੇ ਅਧਿਕਾਰੀਆਂ ਦੀ ਚੋਣ ਹੁਣ ਤੱਕ ਤਾਂ ਮੈਰਿਟ ‘ਤੇ ਕੀਤੀ ਹੈ, ਜਿਨ੍ਹਾਂ ਵਿੱਚ ਮੁੱਖ ਸਕੱਤਰ ਅਨੁਰਿਧ ਤਿਵਾੜੀ, ਡਾਇਰੈਕਟਰ ਜਨਰਲ ਪੁਲਿਸ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਪਿ੍ਰੰਸੀਪਲ ਸਕੱਤਰ ਮੁੱਖ ਮੰਤਰੀ ਹੁਸਨ ਲਾਲ ਤੋਂ ਇਲਾਵਾ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਤਾਇਨਾਤ ਅਧਿਕਾਰੀ ਸਾਰੇ ਹੀ ਇਮਾਨਦਾਰ ਅਤੇ ਕਾਰਜਕੁਸ਼ਲ ਹਨ।  

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com