ਲੋਕ ਕੀ ਕਹਿਣਗੇ? -ਡਾ: ਹਰਸ਼ਿੰਦਰ ਕੌਰ

ਜੇ ਕੋਈ ਬਜ਼ੁਰਗ ਚੁੱਪਚਾਪ ਘਰ ਦੇ ਕਿਸੇ ਕੋਨੇ ਵਿਚ ਬਹਿ ਜਾਵੇ ਤਾਂ ਘਰ ਆਉਣ-ਜਾਣ ਵਾਲੇ "ਧਰਤੀ ਉੱਤੇ ਭਾਰ" ਕਹਿਣ ਲੱਗ ਪੈਂਦੇ ਹਨ।ਜੇ ਉਹ ਤਿਆਰ ਹੋ ਕੇ, ਟਾਈ ਲਾ ਕੇ ਬਾਹਰ ਘੁੰਮਣ ਨਿਕਲੇ ਤਾਂ ਲੋਕ "ਬੁੱਢੇ ਨੂੰ ਚੜ੍ਹੀ ਜਵਾਨੀ" ਕਹਿ ਕੇ ਲੰਘ ਜਾਂਦੇ ਹਨ।
    ਜੇ ਔਰਤ ਘਰ ਦਾ ਕੰਮ ਹੀ ਕਰੇ ਤਾਂ "ਨਿੰਕਮੀ" ਤੇ ਜੇ ਬਾਹਰ ਕੰਮ ਕਰਨ ਲੱਗ ਪਵੇ ਤਾਂ "ਅਵਾਰਾ"।ਜੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਨੇ ਪਾਓ ਤਾਂ ਲੋਕ ਕਹਿੰਦੇ ਨੇ "ਨਾਲਾਇਕ ਹੋਵੇਗਾ"।ਪਰ ਜੇ ਵਿੱਤੋਂ ਬਾਹਰ ਜਾ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨੇ ਪਾਓ ਤਾਂ "ਅਮੀਰੀ ਵਿਖਾਉਂਦੇ ਨੇ" ਕਿਹਾ ਜਾਂਦਾ ਹੈ।
    ਕਹਿਣ ਦਾ ਭਾਵ ਇਹ ਹੈ ਕਿ ਜੰਮਣ ਤੋਂ ਮਰਨ ਤੱਕ ਲੋਕਾਂ ਨੇ ਕੁੱਝ ਤਾਂ ਕਹਿਣਾ ਹੀ ਹੁੰਦਾ ਹੈ।ਇਸ "ਕਹਿਣ" ਉੱਤੇ ਅਣਗਿਣਤ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ ਕਿਉਂਕਿ ਬਹੁਗਿਣਤੀ ਲੋਕ ਆਪਣੀ ਮਰਜ਼ੀ ਤਿਆਗ ਕੇ ਸਿਰਫ਼ ਹੋਰਨਾਂ ਦੇ ਕਹੇ ਅਨੁਸਾਰ ਜਾਂ ਦੂਜਿਆਂ ਵੱਲੋਂ ਮਿਲੇ "ਕੁਮੈਂਟ" ਉੱਤੇ ਹੀ ਆਧਾਰਿਤ ਝੂਠ ਦੀ ਜ਼ਿੰਦਗੀ ਬਤੀਤ ਕਰਦੇ ਰਹਿੰਦੇ ਹਨ।
    ਝੂਠ ਦੇ ਗਿਲਾਫ਼ ਹੇਠ ਅੱਜ ਦੇ ਦਿਨ ਲੱਖਾਂ ਲੋਕ ਆਪਣੀਆਂ ਸੱਧਰਾਂ ਦੱਬ ਕੇ ਜ਼ਿੰਦਗੀ ਲੰਘਾ ਰਹੇ ਹਨ।ਬਥੇਰੇ ਤਣਾਓ ਸਹੇੜ ਕੇ ਸਰੀਰ ਅਤੇ ਮਨ ਨੂੰ ਰੋਗੀ ਬਣਾ ਰਹੇ ਹਨ।
    ਸੰਨ 2014 ਵਿਚ "ਪਿਊ ਰਿਸਰਚ ਸੈਂਟਰ" ਵਿਚ ਸਪਸ਼ਟ ਹੋਇਆ ਕਿ ਹਰ ਪੰਜ ਇੰਟਰਨੈੱਟ ਵਰਤਣ ਵਾਲਿਆਂ ਵਿੱਚੋਂ ਇੱਕ ਜ਼ਰੂਰ ਮਾੜੇ "ਕੁਮੈਂਟ" ਸਦਕਾ ਢਹਿੰਦੀ ਕਲਾ ਵੱਲ ਜਾ ਰਿਹਾ ਹੈ।
ਲੋਕ ਕੀ ਕਹਿਣਗੇ ਆਖ਼ਰ ਦਿਮਾਗ਼ ਨੂੰ ਘੇਰਦਾ ਕਿਵੇਂ ਹੈ:-
"ਲੋਕ" ਵਿਚ ਅਣਗਿਣਤ ਅਣਪਛਾਤੇ ਲੋਕ ਸ਼ਾਮਲ ਹੁੰਦੇ ਹਨ।
ਉਨ੍ਹਾਂ "ਲੋਕਾਂ" ਨੂੰ ਚੁੱਪ ਕਰਵਾਉਣਾ ਅਸੰਭਵ ਹੁੰਦਾ ਹੈ।
ਇਹ "ਲੋਕ" ਸਾਡੇ ਕਾਬੂ ਵਿਚ ਨਹੀਂ ਹੁੰਦੇ।
ਇਹੀ "ਲੋਕ" ਆਪਣੀਆਂ ਖ਼ਾਮੀਆਂ ਨੂੰ ਲੁਕਾਉਣ ਲਈ ਦਿਲ ਦੀ ਭੜਾਸ ਕੱਢਦੇ ਰਹਿੰਦੇ ਹਨ ਤੇ ਹੋਰਨਾਂ ਨੂੰ ਭੰਡਦੇ ਰਹਿੰਦੇ ਹਨ।
ਕੁੱਝ ਲੋਕ ਕਿਸੇ ਹੋਰ ਦਾ ਗੁੱਸਾ ਕੱਢਣ ਲਈ ਵੀ ਥਾਂ ਭਾਲਦੇ ਹੁੰਦੇ ਹਨ ਅਤੇ ਕਿਸੇ ਵੀ ਦੂਜੇ ਨੂੰ ਨੀਵਾਂ ਵਿਖਾ ਕੇ ਮਨ ਸ਼ਾਂਤ ਕਰ ਲੈਂਦੇ ਹਨ।
ਅਜਿਹੇ "ਕੁਮੈਂਟ" ਵਿਚ ਬਹੁਤ ਡੂੰਘਿਆਈ ਨਹੀਂ ਹੁੰਦੀ।ਇਹ ਸਿਰਫ਼ ਬੇਕਾਬੂ ਜ਼ਬਾਨ ਦਾ ਹੀ ਤਿਲਕਣਾ ਮੰਨਿਆ ਗਿਆ ਹੈ।
ਬਹੁਤੀ ਵਾਰ ਇਹ "ਲੋਕ" ਆਪ ਵੀ ਸਧਰਾਂ ਘੁੱਟ ਕੇ ਜੀਅ ਰਹੇ ਹੁੰਦੇ ਹਨ ਤੇ ਕਿਸੇ ਹੋਰ ਵਿਰੁੱਧ ਬੋਲ ਕੇ ਟੈਸਟ ਕਰ ਰਹੇ ਹੁੰਦੇ ਹਨ ਕਿ ਇਹ ਵੀ ਸਾਡੇ ਵਾਂਗ ਹੀ ਚੱਲੇਗਾ ਜਾਂ ਆਪਣੀ ਮਰਜ਼ੀ ਕਰਨ ਦੀ ਖੁੱਲ ਲੈ ਲਵੇਗਾ।ਜੇ ਖੁੱਲ ਲੈ ਲਵੇ ਤਾਂ ਬਥੇਰੀ ਵਾਰ ਕੂਮੈਂਟ ਕੱਸਣ ਵਾਲਾ ਆਪ ਵੀ ਆਪਣੀ ਮਰਜ਼ੀ ਕਰਨ ਦੀ ਖੁੱਲ ਲੈਣ ਲੱਗ ਪੈਂਦਾ ਹੈ ਤੇ "ਲੋਕ ਕੀ ਕਹਿਣਗੇ" ਤੋਂ ਘਬਰਾਉਣਾ ਛੱਡ ਦਿੰਦਾ ਹੈ।
ਜ਼ਿਆਦਾਤਰ ਕੂਮੈਂਟ ਕੱਸਣ ਵਾਲੇ ਘੱਟ ਪੜ੍ਹੇ-ਲਿਖੇ ਅਤੇ ਘੱਟ ਸੂਝ ਵਾਲੇ ਹੁੰਦੇ ਹਨ।ਬਥੇਰੀ ਵਾਰ ਬਹੁਤਾ ਕੰਮਕਾਰ ਨਾ ਹੋਣ ਕਾਰਨ ਵਿਹਲੇ ਵੀ ਹੁੰਦੇ ਹਨ।
ਦਿਮਾਗ਼ ਉੱਤੇ ਅਸਰ ਕੀ ਪੈਂਦਾ ਹੈ?
    ਕਿਸੇ ਵੱਲੋਂ ਮਿਲੀ ਤਰੀਫ਼ ਸਾਡੇ ਦਿਮਾਗ਼ ਅੰਦਰਲੀ ਡੋਪਾਮੀਨ ਨੂੰ ਵਧਾ ਕੇ ਸਾਨੂੰ ਇਸ ਦੀ ਆਦੀ ਬਣਾ ਦਿੰਦੀ ਹੈ ਜੋ ਸਾਨੂੰ ਨਿੱਕੀ ਮੋਟੀ ਖ਼ੁਸ਼ੀ ਨਾਲ ਭਰ ਦਿੰਦੀ ਹੈ।ਇੰਜ ਹੀ ਮਾੜਾ ਸੁਣਨਾ ਸਾਨੂੰ ਦੁਖੀ ਕਰ ਦਿੰਦਾ ਹੈ।
    ਇਹੀ ਕਾਰਨ ਹੈ ਕਿ ਨਿੱਕੀ ਜਿਹੀ ਖ਼ੁਸ਼ੀ, ਭਾਵੇਂ ਝੂਠ-ਮੂਠ ਦੀ ਤਾਰੀਫ਼ ਹੀ ਹੋਵੇ, ਸਾਨੂੰ ਲੈਣ ਵਿਚ ਮਜ਼ਾ ਆਉਣ ਲੱਗ ਪੈਂਦਾ ਹੈ।ਜੇ ਲਗਾਤਾਰ ਮਾੜਾ ਬੋਲਿਆ ਜਾਵੇ ਤਾਂ ਬੰਦਾ ਦੋ ਤਰੀਕੇ ਸਹਿੰਦਾ ਹੈ--ਪਹਿਲਾ, ਦੂਜੇ ਮੂੰਹੋਂ ਤਾਰੀਫ਼ ਸੁਣਨ ਲਈ ਉਸ ਅਨੁਸਾਰ ਆਪਣੀ ਜ਼ਿੰਦਗੀ ਢਾਲ ਕੇ ਆਪਣੀ ਮਰਜ਼ੀ ਖ਼ਤਮ ਕਰ ਲਈ ਜਾਵੇ ਤੇ ਦੂਜਾ, ਢੱਠੇ ਖੂਹ ਵਿਚ ਜਾਣ, ਮੈਨੂੰ ਕੀ, ਮੈਂ ਤਾਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਣੀ ਹੈ।
    ਜਿਹੜੇ ਦੂਜੇ ਅਨੁਸਾਰ ਹੀ ਕਪੜੇ ਪਾਉਣੇ, ਤੁਰਨਾ, ਖਾਣਾ ਆਦਿ ਕਰਨ ਲੱਗ ਪੈਣ, ਉਨ੍ਹਾਂ ਨੂੰ ਘਬਰਾਹਟ, ਧਿਆਨ ਨਾ ਲਾ ਸਕਣਾ, ਤਣਾਓ, ਵਾਰ-ਵਾਰ ਕਾਹਲ ਪੈਣ ਲੱਗ ਜਾਣੀ, ਇੱਕੋ ਗੱਲ ਉੱਤੇ ਅੜੇ ਰਹਿਣਾ, ਚੀਜ਼ਾਂ ਬਾਰੇ ਭੁੱਲਣ ਲੱਗ ਪੈਣਾ, ਧਿਆਨ ਨਾਲ ਕੰਮ ਨਾ ਕਰ ਸਕਣਾ ਵਰਗੇ ਲੱਛਣ ਹੋਣ ਲੱਗ ਪੈਂਦੇ ਹਨ।
    ਕੁੱਝ ਜਣੇ ਭਾਰ ਘਟਾਉਣ ਲਈ ਉੱਕਾ ਹੀ ਖਾਣਾ ਛੱਡ ਦਿੰਦੇ ਹਨ ਤੇ ਕੁੱਝ ਖਾਣ ਬਾਅਦ ਸੰਘ ਵਿਚ ਉਂਗਲ ਮਾਰ ਕੇ ਉਲਟੀ ਕਰ ਦਿੰਦੇ ਹਨ
    ਕੁੱਝ ਨਸ਼ੇ ਕਰਨ ਲੱਗ ਪੈਂਦੇ ਹਨ ਅਤੇ ਕੁੱਝ ਲੋੜੋਂ ਵੱਧ ਸਮਾਂ ਸਿਰਫ਼ ਸ਼ੀਸ਼ੇ ਅੱਗੇ ਖਲੋ ਕੇ ਆਪਣੀ ਦਿੱਖ ਵਧੀਆ ਬਣਾਉਣ ਵਿਚ ਹੀ ਲੱਗੇ ਰਹਿ ਜਾਂਦੇ ਹਨ।
ਕਿਵੇਂ ਨਜਿੱਠੀਏ?
           ਕੁੱਝ ਲੋਕਾਂ ਦੀ ਹੋਂਦ ਹੀ ਸਿਰਫ਼ ਦੂਜੇ ਨੂੰ ਮਾੜਾ ਕਹਿਣ ਵਾਲੀ ਹੁੰਦੀ ਹੈ ਕਿਉਂਕਿ ਉਨ੍ਹਾਂ ਨੇ ਜ਼ਿੰਦਗੀ ਭਰ ਨਾ ਕੁੱਝ ਹਾਸਲ ਕੀਤਾ ਹੁੰਦਾ ਹੈ ਤੇ ਨਾ ਹੀ ਕਰ ਸਕਣਾ ਹੁੰਦਾ ਹੈ।ਅਜਿਹੇ ਲੋਕਾਂ ਨੂੰ ਇੱਕ ਵਾਰ ਸੁਣ ਕੇ, ਮੁਸਕਰਾ ਕੇ ਦੁਬਾਰਾ ਆਪਣਾ ਦਿਮਾਗ਼ ਨਹੀਂ ਮਲਣ ਦੇਣਾ ਚਾਹੀਦਾ।ਉਨ੍ਹਾਂ ਨੂੰ ਤਰਸ ਦਾ ਪਾਤਰ ਮੰਨ ਕੇ ਆਪਣੇ ਦਿਮਾਗ਼ ਨੂੰ ਸਹਿਜ ਕਰ ਲੈਣਾ ਚਾਹੀਦਾ ਹੈ।ਕਿਸੇ ਹੋਰ ਅਨੁਸਾਰ ਆਪਣੀ ਬੇਸ਼ਕੀਮਤੀ ਜ਼ਿੰਦਗੀ ਬਿਲਕੁਲ ਨਹੀਂ ਜੀਣੀ ਚਾਹੀਦੀ।
ਆਪਣੇ ਆਪ ਨੂੰ ਸਵਾਲ ਪੁੱਛੋ :-
          ਕੀ ਮੇਰੇ ਅਤੇ ਮੇਰੇ ਵਿਰੁੱਧ ਬੋਲਣ ਵਾਲੇ ਦੇ ਨੱਕ, ਕੰਨ ਦੀ ਬਣਤਰ, ਭਾਰ, ਵਾਲ, ਨੌਕਰੀ, ਘਰ, ਰਿਸ਼ਤੇਦਾਰ, ਸਭ ਇੱਕੋ ਜਿਹੇ ਹਨ? ਜੇ ਨਹੀਂ ਤਾਂ ਸੋਚ ਇੱਕ ਕਿਵੇਂ ਹੋ ਸਕਦੀ ਹੈ? ਜੇ ਮੈਨੂੰ ਲਾਲ ਰੰਗ ਪਸੰਦ ਹੈ ਤਾਂ ਦੂਜੇ ਨੂੰ ਨੀਲਾ ਪਸੰਦ ਹੋ ਸਕਦਾ ਹੈ।ਮੈਨੂੰ ਚਿੱਟੇ ਵਾਲ ਪਸੰਦ ਹਨ ਤਾਂ ਦੂਜੇ ਨੂੰ ਕਾਲੇ ਪਸੰਦ ਹੋ ਸਕਦੇ ਹਨ।
        ਮੈਂ ਭਲਾ ਦੂਜੇ ਦੀ ਪਸੰਦ ਕਿਉਂ ਆਪਣੇ ਉੱਪਰ ਲੱਦਾਂ? ਮੈਨੂੰ ਕੁੜਤੇ ਪਜਾਮੇ ਵਿੱਚ ਬਾਹਰ ਨਿਕਲਣਾ ਚੰਗਾ ਲੱਗਦਾ ਹੈ ਤਾਂ ਜ਼ਰੂਰ ਕਿਉਂ ਟਾਈ ਪਾ ਕੇ ਨਿਕਲਾਂ? ਮੈਨੂੰ ਸਲਵਾਰ ਪਸੰਦ ਹੈ ਤਾਂ ਜ਼ਰੂਰ ਜੀਨ ਕਿਉਂ ਪਾਵਾਂ? ਕੀ ਮੈਨੂੰ ਕੁਮੈਂਟ ਕੱਸਣ ਵਾਲਾ ਕਦੇ ਮੇਰੀ ਪਸੰਦ ਅਨੁਸਾਰ ਆਪਣੇ ਆਪ ਨੂੰ ਢਾਲ ਸਕਿਆ ਹੈ? ਜੇ ਨਹੀਂ ਤਾਂ ਮੈਂ ਕਿਉਂ ਉਸ ਅਨੁਸਾਰ ਚੱਲਾਂ?
              ਜੇ ਕੋਈ ਮਾੜਾ ਬੋਲ ਰਿਹਾ ਹੈ ਤਾਂ ਉਸ ਨੂੰ ਧੰਨਵਾਦ ਜ਼ਰੂਰ ਕਹੋ।ਇੰਜ ਆਪ ਮਾੜੀ ਸ਼ਬਦਾਵਲੀ ਬੋਲਣ ਤੋਂ ਪਰਹੇਜ਼ ਹੋ ਜਾਂਦਾ ਹੈ ਅਤੇ ਦੂਜਾ ਵੀ ਸ਼ਰਮਿੰਦਾ ਹੋ ਜਾਂਦਾ ਹੈ।
"ਤੁਹਾਡੇ ਸੁਝਾਓ ਲਈ ਧੰਨਵਾਦ" ਕਹਿਣ ਨਾਲ ਆਪਣੇ ਦਿਮਾਗ਼ ਉੱਤੇ ਵਾਧੂ ਬੋਝ ਪੈਣ ਤੋਂ ਵੀ ਬਚਾਓ ਹੋ ਜਾਂਦਾ ਹੈ।
         ਵੱਖ ਰਸਤਾ ਚੁਣਨ ਵਾਲੇ ਹਮੇਸ਼ਾ ਹੀ ਵਿਰੋਧ ਸਹਿੰਦੇ ਰਹੇ ਹਨ ਪਰ ਉਨ੍ਹਾਂ ਤੇ ਪਿੱਛੇ ਚੱਲਣ ਵਾਲੇ ਵੀ ਹਰ ਸਦੀ ਵਿਚ ਪੈਦਾ ਹੁੰਦੇ ਰਹੇ ਹਨ।ਜੇ ਬਜ਼ੁਰਗ ਹੋ ਤੇ ਗੂੜ੍ਹੇ ਰੰਗ ਪਾਉਣੇ ਪਸੰਦ ਹਨ ਤਾਂ ਜ਼ਰੂਰ ਪਾਓ।ਹੁਣ ਤਾਂ ਬਜ਼ੁਰਗਾਂ ਲਈ ਖ਼ਾਸ ਤੌਰ ਉੱਤੇ ਕਪੜਿਆਂ ਦੇ ਸਟੋਰ ਖੁੱਲ੍ਹ ਚੁੱਕੇ ਹਨ ਜਿੱਥੇ ਗੂੜ੍ਹੇ ਰੰਗ ਦੇ ਕਪੜੇ ਹੀ ਮਿਲਦੇ ਹਨ।
   ਇੰਜ ਹੀ ਜੇ ਮੋਟਾਪਾ ਹੈ ਤਾਂ ਵੱਡੇ ਸਾਈਜ਼ ਦੇ ਕਪੜੇ ਮਿਲਦੇ ਹਨ।ਜ਼ਰੂਰੀ ਨਹੀਂ ਹੈ ਕਿ ਕਿਸੇ ਦੇ ਕਹਿਣ ਸਦਕਾ ਪਤਲੇ ਹੋਣ ਲਈ ਰੋਟੀ ਖਾਣੀ ਛੱਡ ਦਿੱਤੀ ਜਾਵੇ।ਜੇ ਰੰਗ ਕਾਲਾ ਹੈ ਤਾਂ ਫਿਰ ਕੀ ਹੋਇਆ? ਕਰੀਮਾਂ ਮਲ ਕੇ ਚਿੱਟੇ ਹੋਣ ਦੀ ਲੋੜ ਨਹੀਂ ਹੈ।ਕਾਲਾ ਰੰਗ ਵੀ ਬੇਹਦ ਖ਼ੂਬਸੂਰਤ ਹੋ ਸਕਦਾ ਹੈ।
         ਕਿਸੇ ਦੇ ਮਾੜੇ ਕੂਮੈਂਟ ਨਾਲ ਦਿਲ ਦੁਖਿਆ ਹੋਵੇ ਤਾਂ ਵੀ 24 ਘੰਟੇ ਤੱਕ ਵਾਪਸ ਜਵਾਬ ਨਹੀਂ ਦੇਣਾ ਚਾਹੀਦਾ।ਉਸ ਤੋਂ ਬਾਅਦ ਸੋਚੋ ਕਿ ਅਗਲਾ ਇਸ ਕਾਬਲ ਹੈ ਵੀ ਕਿ ਮੈਂ ਵਾਪਸ ਕੁੱਝ ਬੋਲਾਂ ਜਾਂ ਆਪਣਾ ਵਕਤ ਸਾਰਥਕ ਕੰਮਾਂ ਵੱਲ ਲਾ ਲਵਾਂ।
ਕਈ ਵਾਰ ਲੋਕਾਂ ਵੱਲੋਂ ਕਹੀਆਂ ਗੱਲਾਂ ਜ਼ਿੰਦਗੀ ਦਾ ਬੇਸ਼ਕੀਮਤੀ ਤਜਰਬਾ ਵੀ ਬਣ ਜਾਇਆ ਕਰਦੀਆਂ ਹਨ।ਇਸੇ ਲਈ ਉਨ੍ਹਾਂ ਵਿਚੋਂ ਹੀ ਕਈ ਵਾਰ ਕੁੱਝ ਸਿੱਖਣ ਨੂੰ ਮਿਲ ਜਾਂਦਾ ਹੈ।ਮਿਸਾਲ ਵਜੋਂ, ਜੇ ਮੈਨੂੰ ਇਹ ਸੁਣਨਾ ਮਾੜਾ ਲੱਗਦਾ ਹੈ ਤਾਂ ਮੈਂ ਕਿਸੇ ਹੋਰ ਨੂੰ ਇੰਝ ਨਹੀਂ ਕਹਾਂਗਾ।
ਕਈ ਵਾਰ ਕੰਮ ਵਿਚ ਰੁੱਝਿਆਂ ਕੋਲੋਂ ਕੁੱਝ ਗੱਲਾਂ ਅੱਖੋਂ-ਪਰੋਖੇ ਹੋ ਜਾਂਦੀਆਂ ਹਨ।ਇਸੇ ਲਈ ਲੋਕਾਂ ਵੱਲੋਂ ਕਹੀਆਂ ਗੱਲਾਂ ਵਿੱਚੋਂ ਕੁੱਝ ਅਜਿਹਾ ਲੱਭ ਜਾਏ ਤਾਂ ਆਪਣੇ ਆਪ ਨੂੰ ਰਤਾ ਮਾਸਾ ਤਬਦੀਲ ਕਰ ਕੇ ਵੀ ਬਿਹਤਰ ਕੀਤਾ ਜਾ ਸਕਦਾ ਹੈ।
ਬੇਟੀਆਂ ਲਈ ਤਾਂ ਮੈਂ ਇਹੀ ਕਹਿ ਸਕਦੀ ਹਾਂ:-
ਬੇਟੀ ਤੂੰ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਵੀਂ।
ਜਿਨ੍ਹਾਂ ਨੇ ਤੇਰੇ ਜੰਮਣ ਉੱਤੇ ਸਵਾਲ ਚੁੱਕੇ ਸੀ,
ਉਹੀ ਹੁਣ ਤੈਨੂੰ ਪਰੰਪਰਾਵਾਂ ਵਿਖਾਉਣਗੇ।
ਤੇਰੀਆਂ ਖ਼ੁਸ਼ੀਆਂ ਤੇ ਸਧਰਾਂ ਮਿੱਧ ਕੇ,
ਉਹ ਤੈਨੂੰ ਦੇਵੀ ਬਣਾਉਣਗੇ,
ਤੇ ਫਿਰ ਕੁਰਬਾਨ ਕਰ ਦੇਣਗੇ।
    ਉਨ੍ਹਾਂ ਝੂਠੇ ਦਿਲਾਸਿਆਂ ਵਿਚ,
    ਆਪਣੇ ਹਾਸੇ ਨਾ ਕਦੇ ਵੀ ਗੁਆਈਂ।
    ਜਿਨ੍ਹਾਂ ਰਿਸ਼ਤਿਆਂ ਵਿਚ ਪਿਆਰ ਨਾ ਹੋਵੇ,
    ਉਨ੍ਹਾਂ ਰਿਸ਼ਤਿਆਂ ਲਈ ਸਤੀ ਨਾ ਹੋਈਂ।
    ਇਸ ਝੂਠੇ ਸੰਸਾਰ ਲਈ ਹੰਝੂ ਅਜਾਈਂ ਨਾ ਵਹਾਈਂ,
    ਬੇਟੀ ਤੂੰ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਵੀਂ।
ਸਮਾਜ ਦੇ ਠੇਕੇਦਾਰਾਂ ਨੇ ਰੱਬ ਵੀ ਨਹੀਂ ਛੱਡਿਆ !
ਉਹ ਤੇਰੀ ਹਰ ਚੀਜ਼ ਦਾ ਠੇਕਾ ਲੈਣਗੇ !
        ਤੇਰੇ ਧਰਮ ਦਾ, ਤੇਰੀ ਸ਼ਰਮ ਦਾ,
        ਤੇਰੇ ਪਹਿਰਾਵੇ ਦਾ, ਤੇਰੇ ਜਿਸਮ ਦਾ,
        ਉਨ੍ਹਾਂ ਵੱਲੋਂ ਲਾਈਆਂ ਵਲਗਣਾਂ 'ਤੇ ਦੁਖੀ ਨਾ ਹੋਈਂ !
        ਬੇਟੀ ਤੂੰ ਜ਼ਿੰਦਗੀ ਆਪਣੀ ਜ਼ਿੰਦਗੀ ਮਰਜ਼ੀ ਨਾਲ ਜੀਵੀਂ।
ਸਾਰ :-
    ਜ਼ਿੰਦਗੀ ਇੱਕ ਵਾਰ ਹੀ ਮਿਲਣੀ ਹੈ ਤੇ ਇਸ ਨੂੰ ਖੁੱਲ੍ਹ ਕੇ ਆਪਣੀ ਮਰਜ਼ੀ ਨਾਲ ਜਿਊਣ ਦਾ ਸਭ ਨੂੰ ਅਧਿਕਾਰ ਹੈ।ਚੰਗੇ ਵਿਚਾਰ ਜ਼ਿੰਦਗੀ ਨੂੰ ਖ਼ੁਸ਼ੀ ਨਾਲ ਭਰ ਦਿੰਦੇ ਹਨ।ਜੋ ਸਮਾਂ ਲੰਘ ਗਿਆ, ਵਾਪਸ ਨਹੀਂ ਆਉਣਾ। ਭਵਿੱਖ ਦਾ ਪਤਾ ਨਹੀਂ, ਪਰ ਸਾਡਾ ਅੱਜ ਸਾਡੇ ਹੱਥ ਵਿੱਚ ਹੈ।ਇਸੇ ਲਈ ਆਪਣੇ ਅੱਜ ਨੂੰ ਰੱਜ ਕੇ ਮਾਣ ਲੈਣਾ ਚਾਹੀਦਾ ਹੈ।
    ਜ਼ਿੰਦਗੀ ਦੇ ਸੀਮਤ ਸਮੇਂ ਨੂੰ ਹੋਰਨਾਂ ਨੇ ਮੇਰੇ ਬਾਰੇ ਕੀ ਕਿਹਾ, ਸੋਚ ਕੇ ਅਜਾਈਂ ਨਹੀਂ ਗੁਆਉਣਾ ਚਾਹੀਦਾ।ਲੋਕ ਤਾਂ ਸਾਡੇ ਮਰ ਜਾਣ ਤੋਂ ਬਾਅਦ ਵੀ ਬੋਲਦੇ ਰਹਿਣਗੇ।ਇਸੇ ਲਈ ਆਪਣੀ ਜ਼ਿੰਦਗੀ ਵੱਲ ਧਿਆਨ ਕਰੀਏ ਤੇ ਇਸ ਨੂੰ ਲੋੜਵੰਦਾਂ ਦੀ ਮਦਦ ਕਰ ਕੇ ਆਪਣੇ ਲਈ ਖ਼ੁਸ਼ੀ ਦੇ ਪਲ ਇਕੱਠੇ ਕਰ ਲਈਏ।ਰੱਜ ਕੇ ਹੱਸੀਏ, ਖਿੜਖਿੜਾਈਏ, ਨੱਚੀਏ, ਗਾਈਏ ਤੇ ਰੱਬ ਦਾ ਸ਼ੁਕਰ ਕਰਦੇ ਰਹੀਏ ਪਰ ਕਿਸੇ ਨਿਮਾਣੇ ਦਾ ਦਿਲ ਦੁਖਾ ਕੇ ਨਹੀਂ।ਦੁਖ ਸਿਰਫ਼ ਦੂਜੇ ਨਾਲ ਮੇਚਣ ਉੱਤੇ ਹੀ ਮਹਿਸੂਸ ਹੁੰਦਾ ਹੈ।ਇਸੇ ਲਈ ਦੂਜੇ ਨਾਲ ਤੁਲਨਾ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ।
    ਜੇ ਅਸੀਂ "ਲੋਕ ਕੀ ਕਹਿਣਗੇ" ਨੂੰ ਭੁੱਲ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਹੋਰਨਾਂ ਬਾਰੇ ਕੁੱਝ ਨਾ ਕਹਿਣ ਦਾ ਵੱਲ ਸਿੱਖਣਾ ਪਵੇਗਾ ਤਾਂ ਜੋ ਹੋਰਨਾਂ ਲਈ ਅਸੀਂ ਉਹੀ "ਲੋਕ" ਨਾ ਬਣ ਜਾਈਏ।
    ਸੋ, ਖ਼ੁਸ਼ ਰਹੋ, ਆਬਾਦ ਰਹੋ ਤੇ ਖੇੜੇ ਵੰਡਦੇ ਰਹੋ।

-ਡਾ: ਹਰਸ਼ਿੰਦਰ ਕੌਰ
ਬੱਚਿਆਂ ਦੇ ਰੋਗਾਂ ਦੇ ਮਾਹਰ
ਪਟਿਆਲਾ
ਫ਼ੋਨ : 0175-2216783