ਧਾਰਮਿਕ ਕੱਟੜਤਾ ਦਾ ਪਸਾਰ  - ਸਵਰਾਜਬੀਰ

ਸਮਾਜ ਵਿਚ ਧਾਰਮਿਕ ਭਾਈਚਾਰਿਆਂ ਵਿਚ ਇਹ ਮੁਕਾਬਲਾ ਹਮੇਸ਼ਾਂ ਚੱਲਦਾ ਰਿਹਾ ਹੈ ਕਿ ਉਨ੍ਹਾਂ ਦੇ ਧਰਮਾਂ ਦੇ ਲੋਕਾਂ ਦੀ ਗਿਣਤੀ ਵਧੇ। ਇਹੀ ਨਹੀਂ, ਦੁਨੀਆਂ ਦੇ ਵੱਡੇ ਧਰਮਾਂ ਵਿਚ ਕਈ ਸ਼ਾਖਾਵਾਂ ਪਣਪੀਆਂ ਅਤੇ ਹਰ ਸ਼ਾਖਾ ਯਤਨ ਕਰਦੀ ਰਹੀ ਹੈ ਕਿ ਪ੍ਰਚਾਰ ਅਤੇ ਪਸਾਰ ਵਿਚ ਉਹ ਆਪਣੇ ਅਕੀਦੇ ਦੀਆਂ ਦੂਸਰੀਆਂ ਸ਼ਾਖਾਵਾਂ ਤੋਂ ਅੱਗੇ ਨਿਕਲ ਜਾਵੇ। ਬੁੱਧ, ਇਸਾਈ ਅਤੇ ਇਸਲਾਮ ਧਰਮ ਦੇ ਪ੍ਰਚਾਰਕ ਦੁਨੀਆਂ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਆਪੋ-ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਗਏ। ਬੁੱਧ ਧਰਮ ਮੱਧ ਏਸ਼ੀਆ ਤੋਂ ਜਾਪਾਨ ਤਕ ਫੈਲਿਆ ਅਤੇ ਅੱਜ ਵੀ ਪੱਛਮ ਵਿਚ ਲੋਕਾਂ ਦੀ ਖਿੱਚ ਦਾ ਕੇਂਦਰ ਹੈ। ਸੂਫ਼ੀ ਸੰਤਾਂ ਅਤੇ ਪੀਰਾਂ-ਫ਼ਕੀਰਾਂ ਨੇ ਇਸਲਾਮ ਦੇ ਫੈਲਾਉ ਵਿਚ ਵੱਡੀ ਭੂਮਿਕਾ ਨਿਭਾਈ। ਇਸਾਈ ਧਰਮ ਦੇ ਪ੍ਰਚਾਰਕਾਂ ਨੇ ਵਿੱਦਿਆ, ਸਿਹਤ, ਯਤੀਮ ਬੱਚਿਆਂ ਦੀ ਦੇਖ-ਭਾਲ ਅਤੇ ਲੋਕ ਭਲਾਈ ਦੇ ਹੋਰ ਖੇਤਰਾਂ ਵਿਚ ਕੰਮ ਕਰ ਕੇ ਆਪਣੇ ਧਾਰਮਿਕ ਪ੍ਰਚਾਰ ਨੂੰ ਪ੍ਰਭਾਵਸ਼ਾਲੀ ਬਣਾਇਆ।
        ਜਦੋਂ ਵੀ ਕੋਈ ਧਰਮ ਕਿਸੇ ਖ਼ਿੱਤੇ ਵਿਚ ਦਾਖ਼ਲ ਹੁੰਦਾ ਹੈ ਤਾਂ ਕੁਝ ਲੋਕ ਉਸ ਤੋਂ ਪ੍ਰਭਾਵਿਤ ਹੁੰਦੇ ਹੋਏ ਧਰਮ ਤਬਦੀਲੀ ਕਰਦੇ ਹਨ। ਭਾਰਤ ਵਿਚ ਅਨੇਕਾਂ ਧਰਮਾਂ ਅਤੇ ਪੰਥਾਂ ਦੇ ਹੁੰਦਿਆਂ ਲਗਭਗ ਦੋ ਹਜ਼ਾਰ ਸਾਲ ਪਹਿਲਾਂ ਬੁੱਧ ਅਤੇ ਹਿੰਦੂ ਧਰਮ ਇਸ ਖ਼ਿੱਤੇ ਦੇ ਪ੍ਰਮੁੱਖ ਧਰਮ ਬਣੇ ਪਰ ਬਾਅਦ ਵਿਚ ਬੁੱਧ ਧਰਮ ਹਿੰਦੋਸਤਾਨੀ ਬਰੇ-ਸਗੀਰ (ਉੱਪ ਮਹਾਂਦੀਪ) ’ਚੋਂ ਲਗਭਗ ਖ਼ਤਮ ਹੋ ਗਿਆ ਅਤੇ ਜੈਨ ਧਰਮ ਵੀ ਆਪਣੀ ਵੱਡੀ ਪਛਾਣ ਨਾ ਬਣਾ ਸਕਿਆ। ਇਸਲਾਮ ਭਾਰਤ ਦੇ ਕੁਝ ਹਿੱਸਿਆਂ ਵਿਚ ਫੈਲਿਆ ਅਤੇ ਜ਼ਿਆਦਾ ਕਰਕੇ ਦੱਬੇ-ਕੁਚਲੇ ਲੋਕ ਇਸ ਵੱਲ ਖਿੱਚੇ ਗਏ। ਸਿੱਖ ਧਰਮ 16ਵੀਂ ਸਦੀ ਵਿਚ ਜਨਮਿਆ ਅਤੇ ਇਸ ਦਾ ਫੈਲਾਉ ਦੇਸ਼ ਦੇ ਪੱਛਮੀ ਹਿੱਸੇ ਵਿਚ ਹੋਇਆ। ਇਸਾਈ ਧਰਮ ਦੀ ਦੱਖਣੀ ਭਾਰਤ ਵਿਚ 2000 ਸਾਲ ਪਹਿਲਾਂ ਆਮਦ ਹੋਈ (ਸੰਤ ਥਾਮਸ ਰਾਹੀਂ ਜਿਹੜੇ ਕੇਰਲ ਵਿਚ 52 ਈਸਵੀ ਵਿਚ ਆਏ) ਪਰ ਇਸ ਦਾ ਜ਼ਿਆਦਾ ਫੈਲਾਉ ਬਸਤੀਵਾਦ ਤੋਂ ਬਾਅਦ ਹੋਇਆ। ਇਸ ਸਮੇਂ ਹਿੰਦੂ ਧਰਮ ਦੇਸ਼ ਦਾ ਪ੍ਰਮੁੱਖ ਧਰਮ ਹੈ ਅਤੇ ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 81 ਫ਼ੀਸਦੀ ਲੋਕ ਇਸ ਧਰਮ ਅਤੇ 19 ਫ਼ੀਸਦੀ ਲੋਕ ਘੱਟਗਿਣਤੀ ਧਰਮਾਂ/ਫ਼ਿਰਕਿਆਂ (ਮੁਸਲਮਾਨ, ਇਸਾਈ, ਸਿੱਖ, ਪਾਰਸੀ, ਬੋਧੀ, ਜੈਨੀ ਆਦਿ) ਨਾਲ ਸਬੰਧ ਰੱਖਦੇ ਹਨ। ਸਪੱਸ਼ਟ ਹੈ ਕਿ ਇਤਿਹਾਸ ਦੇ ਹਜ਼ਾਰਾਂ ਸਾਲਾਂ ਦੇ ਵਹਿਣ ਦੌਰਾਨ ਭਾਰਤ ਵਿਚ ਹਿੰਦੂ ਧਰਮ ਦੀ ਪ੍ਰਮੁੱਖਤਾ ਕਾਇਮ ਰਹੀ ਹੈ।
       ਪਿਛਲੇ ਕੁਝ ਵਰ੍ਹਿਆਂ ਤੋਂ ਇਹ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ ਕਿ ਇਸਲਾਮ ਅਤੇ ਇਸਾਈ ਧਰਮ ਦੇ ਪ੍ਰਚਾਰਕ ਲੋਕਾਂ ਨੂੰ ਆਪਣੇ ਧਰਮਾਂ ਵੱਲ ਖਿੱਚ ਰਹੇ ਹਨ। ਧਰਮ ਪ੍ਰਚਾਰਕ ਇਹ ਕੰਮ ਜ਼ਰੂਰ ਕਰਦੇ ਹਨ ਅਤੇ ਸੰਵਿਧਾਨ ਇਸ ਦੀ ਇਜਾਜ਼ਤ ਵੀ ਦਿੰਦਾ ਹੈ। ਇਹ ਇਲਜ਼ਾਮ ਆਮ ਲਗਾਇਆ ਜਾਂਦਾ ਹੈ ਕਿ ਉਹ ਲੋਕਾਂ ਨੂੰ ਧਨ ਅਤੇ ਵਿਆਹ ਕਰਵਾਉਣ ਦਾ ਲਾਲਚ ਦੇ ਕੇ ਵਰਗਲਾਉਂਦੇ ਹਨ। ਧਰਮ ਤਬਦੀਲੀ ਵਿਰੁੱਧ ਕਾਨੂੰਨ ਵੀ ਬਣਾਏ ਗਏ ਹਨ ਜਿਹੜੇ ਮੁੱਖ ਤੌਰ ’ਤੇ ਇਸਾਈ ਅਤੇ ਇਸਲਾਮ ਧਰਮਾਂ ਦੇ ਪ੍ਰਚਾਰਕਾਂ ਵਿਰੁੱਧ ਸੇਧਿਤ ਹਨ।
       ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਝਬੂਆ ਜ਼ਿਲ੍ਹੇ ਵਿਚ ਇਸ ਵਰਤਾਰੇ ਨੇ ਕੁਝ ਨਵੀਂ ਤਰ੍ਹਾਂ ਨਾਲ ਸਿਰ ਚੁੱਕਿਆ। ਝਬੂਆ ਦੇ ਸਬ ਡਿਵੀਜ਼ਨਲ ਮੈਜਿਸਟਰੇਟ ਅਨੁਸਾਰ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸ਼ਿਕਾਇਤ ਕੀਤੀ ਕਿ ਜ਼ਿਲ੍ਹੇ ਵਿਚ ਗ਼ੈਰ-ਕਾਨੂੰਨੀ ਤੌਰ ’ਤੇ ਧਰਮ ਤਬਦੀਲੀ ਕਰਵਾਈ ਜਾ ਰਹੀ ਹੈ। ਇਸਾਈ ਪਾਦਰੀਆਂ ਅਨੁਸਾਰ ਸਤੰਬਰ ਦੇ ਸ਼ੁਰੂ ਵਿਚ ਕੁਝ ਵਿਅਕਤੀਆਂ ਨੇ ਗਿਰਜਿਆਂ ਵਿਚ ਜਾ ਕੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਇਮਾਰਤਾਂ ਕਹਿੰਦੇ ਹੋਏ ਗਿਰਜਿਆਂ ਨੂੰ ਡੇਗ ਦੇਣ ਲਈ ਆਖਿਆ ਅਤੇ ਪਾਦਰੀਆਂ ’ਤੇ ਧਰਮ ਤਬਦੀਲੀ ਕਰਵਾਉਣ ਦੇ ਦੋਸ਼ ਲਾਏ। ਇਸਾਈ ਪ੍ਰਚਾਰਕਾਂ ਅਨੁਸਾਰ ਝਬੂਆ ਦੇ ਤਹਿਸੀਲਦਾਰ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਹਨ ਕਿ ਉਹ ਨਾ ਸਿਰਫ਼ ਇਹ ਦੱਸਣ ਕਿ ਉਨ੍ਹਾਂ ਨੇ ਲਾਲਚ ਦੇ ਕੇ ਕਿੰਨੇ ਲੋਕਾਂ ਦੀ ਧਰਮ ਤਬਦੀਲੀ ਕਰਵਾਈ ਹੈ ਸਗੋਂ ਇਹ ਵੀ ਸਪੱਸ਼ਟ ਕਰਨ ਕਿ ਉਹ ਖ਼ੁਦ ਇਸਾਈ ਕਿਵੇਂ ਬਣੇ। ਉਨ੍ਹਾਂ ਨੂੰ ਇਸ ਸਬੰਧੀ ਦਸਤਾਵੇਜ਼ੀ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਕਾਰਨ ਇਲਾਕੇ ਦੇ ਇਸਾਈਆਂ ਵਿਚ ਅਸੁਰੱਖਿਆ ਦੀ ਭਾਵਨਾ ਵਧੀ ਹੈ, ਉਨ੍ਹਾਂ ਨੇ ਰਾਸ਼ਟਰਪਤੀ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਤੇ ਮੁੱਖ ਮੰਤਰੀ ਨੂੰ ਪੱਤਰ ਲਿਖੇ ਹਨ ਕਿ ਉਹ ਮਾਮਲੇ ਵਿਚ ਦਖ਼ਲ ਦੇ ਕੇ ਹਾਲਾਤ ਨੂੰ ਵਿਗੜਨ ਤੋਂ ਬਚਾਉਣ।
      ਧਾਰਮਿਕ ਕੱਟੜਤਾ ਕੋਈ ਨਵਾਂ ਵਰਤਾਰਾ ਨਹੀਂ ਹੈ। ਮਨੁੱਖਤਾ ਦੇ ਇਤਿਹਾਸ ਨੇ ਧਾਰਮਿਕ ਕੱਟੜਪੰਥੀ ਦੇ ਭਿਆਨਕ ਦੌਰ ਦੇਖੇ ਹਨ, ਇਸਾਈ ਧਰਮ ਦੇ ਸ਼ੁਰੂਆਤੀ ਦਿਨਾਂ ਵਿਚ ਇਸਾਈਆਂ ਵਿਰੁੱਧ ਫੈਲੀ ਕੱਟੜਤਾ, ਇਸਾਈਆਂ ਅਤੇ ਮੁਸਲਮਾਨਾਂ ਵਿਚ ਧਾਰਮਿਕ ਯੁੱਧ (Crusade), ਮੱਧਕਾਲੀਨ ਸਪੇਨ ਵਿਚ ਕੈਥੋਲਿਕ ਧਰਮ ਦੀ ਸਰਬਉੱਚਤਾ ਕਾਇਮ ਕਰਨ ਲਈ ਕੀਤੀ ਗਈ ਵੱਡੀ ਜਾਂਚ-ਪੜਤਾਲ (The Grand Inquisition), ਮੱਧਕਾਲ ਵਿਚ ਹਿੰਦੋਸਤਾਨ ਵਿਚ ਧਾਰਮਿਕ ਕੱਟੜਤਾ ਦੇ ਦੌਰ, ਵੀਹਵੀਂ ਸਦੀ ਵਿਚ ਅਰਮੀਨੀਅਨ ਅਤੇ ਯਹੂਦੀਆਂ ਦੀ ਨਸਲਕੁਸ਼ੀ ਆਦਿ। ਇਨ੍ਹਾਂ ਸਭ ਵਰਤਾਰਿਆਂ ਵਿਚ ਇਹ ਦੇਖਣ ਨੂੰ ਮਿਲਦਾ ਹੈ ਕਿ ਸ਼ੁਰੂਆਤੀ ਦਿਨਾਂ ਵਿਚ ਹਰ ਧਰਮ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਉੱਠਦਾ ਹੈ ਪਰ ਜਦ ਉਹ ਰਾਜ-ਧਰਮ ਬਣ ਜਾਂਦਾ ਹੈ ਤਾਂ ਹਾਕਮ ਜਮਾਤਾਂ ਤੇ ਵਿਅਕਤੀ ਉਸ ਨੂੰ ਆਪਣਾ ਰਾਜ ਕਾਇਮ ਰੱਖਣ ਦੇ ਵਸੀਲੇ/ਵਿਚਾਰਧਾਰਾ ਵਜੋਂ ਵਰਤਦੇ ਹਨ। ਉਸ ਸਮੇਂ ਧਾਰਮਿਕ ਕੱਟੜਤਾ ਜਨਮ ਲੈਂਦੀ ਹੈ ਅਤੇ ਹਾਕਮ ਇਸ ਵਿਚਾਰਧਾਰਾ ਨੂੰ ਆਪਣਾ ਨਿੱਜੀ ਗ਼ਲਬਾ ਵਧਾਉਣ, ਆਪਣੇ ਧਰਮ ਦੇ ਕੱਟੜਪੰਥੀਆਂ ਨੂੰ ਉਤਸ਼ਾਹਿਤ ਕਰਨ (ਪਰ ਆਪਣੀ ਸੱਤਾ ਬਣਾਈ ਰੱਖਣ ਲਈ ਵਰਤਣ) ਅਤੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਦਬਾਉਣ ਲਈ ਵਰਤਦੇ ਹਨ। ਇਹ ਵਰਤਾਰਾ ਧਾਰਮਿਕ ਕੱਟੜਤਾ ਨੂੰ ਹੋਰ ਵਧਾਉਂਦਾ ਹੈ। ਜਿਨ੍ਹਾਂ ਲੋਕਾਂ ਨੂੰ ਹਿੰਸਾ ਅਤੇ ਜ਼ੋਰ-ਜਬਰ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਉਨ੍ਹਾਂ ਕੋਲ ਵੀ ਆਪਣੇ ਧਰਮ ਦੇ ਮੂਲਵਾਦੀ ਸਿਧਾਂਤਾਂ ਦੀ ਸ਼ਰਨ ਲੈਣ ਤੋਂ ਬਿਨਾਂ ਕੋਈ ਰਾਹ ਨਹੀਂ ਬਚਦਾ ਅਤੇ ਉਹ ਵੀ ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਵਰਤਾਰੇ ਵਿਚੋਂ ਇਨਸਾਨੀਅਤ ਤੇ ਤਰਕ ਮਨਫ਼ੀ ਹੋ ਜਾਂਦੇ ਹਨ, ਤਰਸ, ਦਇਆ, ਭਰਾਤਰੀ-ਭਾਵ ਤੇ ਸਾਂਝੀਵਾਲਤਾ ਜਿਹੇ ਜਜ਼ਬਿਆਂ ਨੂੰ ਮਨੁੱਖੀ ਮਨਾਂ ’ਚੋਂ ਖਾਰਜ ਕਰ ਦਿੱਤਾ ਜਾਂਦਾ ਹੈ।
        ਪੱਤਰਕਾਰ ਡੇਵਿਡ ਬਰੁੱਕਸ ਨੇ 2017 ਵਿਚ ‘ਨਿਊਯਾਰਕ ਟਾਈਮਜ਼’ ਵਿਚ ਲਿਖੇ ਇਕ ਲੇਖ ਵਿਚ ਕਿਹਾ ਸੀ ਕਿ ਅਸੀਂ ‘ਚਿੰਤਾ ਦੇ ਯੁੱਗ (Age of Anxiety)’ ਵਿਚ ਜੀਅ ਰਹੇ ਹਾਂ, ਇਹ ਯੁੱਗ ਕੱਟੜਤਾ ਦਾ ਯੁੱਗ ਵੀ ਹੈ। ਬਰੁੱਕਸ ਦੇ ਕਥਨਾਂ ਅਨੁਸਾਰ ਅਸੀਂ ਕਹਿ ਸਕਦੇ ਹਾਂ ਕਿ ਵੀਹਵੀਂ ਅਤੇ ਇੱਕੀਵੀਂ ਸਦੀ ਵਿਚ ਮਨੁੱਖਤਾ ਨੇ ਹਰ ਤਰ੍ਹਾਂ ਦੀ ਕੱਟੜਤਾ ਦੇਖੀ : ਨਸਲੀ, ਬਸਤੀਵਾਦੀ, ਧਾਰਮਿਕ, ਵਿਚਾਰਧਾਰਕ, ਸੱਭਿਆਚਾਰਕ, ਭਾਸ਼ਾਈ ਆਦਿ। ਬਰੁੱਕਸ ਅਨੁਸਾਰ ਕੱਟੜਤਾ ਨੂੰ ਭੰਡਣ ਦੇ ਨਾਲ ਨਾਲ ਇਸ ਦੇ ਖ਼ਾਸੇ ਅਤੇ ਮੂਲ ਸਰੋਤਾਂ ਨੂੰ ਸਮਝਣਾ ਜ਼ਰੂਰੀ ਹੈ, ਕੱਟੜਤਾ ਸਾਨੂੰ ਚਿੰਤਾ ਤੋਂ ਆਸਾਨ ਮੁਕਤੀ ਦਾ ਰਾਹ ਦੱਸਦੀ ਹੈ। ਕਿਹੜੀ ਚਿੰਤਾ? ਮਨੁੱਖ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ, ਸਮਾਜ ਵਿਚ ਆਪਣੀ ਇੱਜ਼ਤ ਅਤੇ ਸਥਾਨ ਬਣਾਉਣ, ਘਰ-ਬਾਰ ਬਣਾਉਣ ਆਦਿ ਦੇ ਨਾਲ ਨਾਲ ਇਸ ਸੰਸਾਰ ਵਿਚ ਆਪਣੇ ਹੋਣ ਦੇ ਅਰਥ ਤਲਾਸ਼ਣ ਦੀ ਗੰਭੀਰ ਚਿੰਤਾ ਹੁੰਦੀ ਹੈ : ਉਸ ਦੇ ਹੋਣ ਦੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਮਾਅਨੇ ਕੀ ਹਨ? ਧਾਰਮਿਕ ਕੱਟੜਤਾ ਇਨ੍ਹਾਂ ਸਵਾਲਾਂ ਦਾ ਸਰਲ ਹੱਲ ਦੱਸਦੀ ਹੈ : ਉਸ ਦਾ ਧਰਮ ਤੇ ਵਿਰਸਾ ਸਰਬਉੱਚ ਹਨ, ਉਸ ਦੀਆਂ ਸਾਰੀਆਂ ਮੁਸ਼ਕਲਾਂ ਦੂਸਰੇ ਧਰਮਾਂ ਦੇ ਲੋਕਾਂ, ਜੋ ਕੱਟੜਪੰਥੀਆਂ ਅਨੁਸਾਰ ਅਧਰਮੀ, ਜ਼ਾਲਮ, ਬੇਕਿਰਕ ਅਤੇ ਨੁਕਸਾਨ ਪਹੁੰਚਾਉਣ ਵਾਲੇ ਵੈਰੀ ਹੁੰਦੇ ਹਨ, ਕਾਰਨ ਹਨ। ਧਾਰਮਿਕ ਕੱਟੜਤਾ ਦਾ ਸ਼ਿਕਾਰ ਹੋਏ ਬੰਦਿਆਂ ਦੇ ਮਾਨਸਿਕ ਸੰਸਾਰ ਬਹੁਤ ਸਰਲ ਹੋ ਜਾਂਦੇ ਹਨ, ਉਹ ਦੁਨੀਆਂ ਨੂੰ ਆਪਣੇ ਅਤੇ ਬੇਗ਼ਾਨੇ ਧਰਮਾਂ ਦੇ ਲੋਕਾਂ ਵਿਚ ਵੰਡ ਲੈਂਦੇ ਹਨ, ਉਹ ‘ਆਪਣਿਆਂ’ ਨੂੰ ਬਚਾਉਣ ਅਤੇ ‘ਦੂਸਰਿਆਂ’ ਨੂੰ ਕਾਬੂ ਵਿਚ ਰੱਖਣ ਨੂੰ ਆਪਣਾ ਧਾਰਮਿਕ ਫ਼ਰਜ਼ ਸਮਝਦੇ ਹਨ, ਅਜਿਹਾ ਫ਼ਰਜ਼ ਉਨ੍ਹਾਂ ਦੀ ਹੋਂਦ ਨੂੰ ਮਾਅਨੇ ਦਿੰਦਾ ਹੈ ਜਿਸ ਨੂੰ ਨਿਭਾਉਂਦਿਆਂ ਉਹ ਹਿੰਸਾ ਤੇ ਜ਼ੋਰ-ਜਬਰ ਨੂੰ ਜਾਇਜ਼ ਸਮਝਦੇ ਹਨ ਕਿਉਂਕਿ ਉਹ ਇਹ ਸਭ ਕੁਝ ਆਪਣੇ ਧਰਮ ਦੀ ਰੱਖਿਆ ਲਈ ਕਰ ਰਹੇ ਹੁੰਦੇ ਹਨ।
       ਪੰਜਾਬ ਦੇ ਇਤਿਹਾਸ ਵਿਚ ਧਾਰਮਿਕ ਕੱਟੜਤਾ ਦੇ ਦੌਰ ਵੀ ਆਏ ਤੇ ਪੰਜਾਬੀਆਂ ਨੇ ਇਸ ਕੱਟੜਤਾ ਵਿਰੁੱਧ ਲੜਾਈ ਵੀ ਕੀਤੀ। ਮੱਧਕਾਲੀਨ ਸਮਿਆਂ ਵਿਚ ਜਦ ਸ਼ਾਸਕਾਂ ਨੇ ਧਾਰਮਿਕ ਕੱਟੜਤਾ ਨੂੰ ਆਪਣੀ ਸੱਤਾ ਨੂੰ ਮਜ਼ਬੂਤ ਕਰਨ ਦੇ ਸਾਧਨ ਵਜੋਂ ਵਰਤਿਆ ਤਾਂ ਪੰਜਾਬ ਦੇ ਸੂਫ਼ੀਆਂ ਨੇ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ। ਸੁਲਤਾਨ ਬਾਹੂ ਨੇ ਲਿਖਿਆ, ‘‘ਮੀਮ ਮਜ਼ਹਬਾਂ ਵਾਲੇ ਦਰਵਾਜੇ ਉੱਚੇ/ ਰਾਹ ਰਬਾਣਾ ਮੋਰੀ ਹੂ/ ਪੰਡਤਾਂ ਤੇ ਮਲਵਾਣਿਆਂ ਕੋਲੋਂ/ ਛੁਪ ਛੁਪ ਲੰਘੇ ਚੋਰੀ ਹੂ।’’ ਇਸ ਖੇਤਰ ਵਿਚ ਸਭ ਤੋਂ ਉੱਚੀ ਆਵਾਜ਼ ਬੁੱਲ੍ਹੇ ਸ਼ਾਹ ਦੀ ਸੀ ਜਿਸ ਨੇ ਕਰਮਕਾਂਡੀ ਅਤੇ ਕੱਟੜਪੰਥੀ ਧਾਰਮਿਕਤਾ ਦੀ ਥਾਂ ਪ੍ਰਭੂ ਨਾਲ ਪ੍ਰੇਮ ਨੂੰ ਅਸਲੀ ਰਾਹ ਦੱਸਦਿਆਂ ਕਿਹਾ, ‘‘ਇਸ਼ਕ ਸ਼ਰ੍ਹਾ ਦੀ ਲੱਗ ਗਈ ਬਾਜ਼ੀ।’’ ਉਸ ਨੇ ਕਰਮਕਾਂਡ ਅਤੇ ਕੱਟੜਤਾ ਨੂੰ ਭੰਡਿਆ, ‘‘ਫੂਕ ਮੁਸੱਲਾ ਭੰਨ ਸੁੱਟ ਲੋਟਾ, ਨਾ ਫੜ ਤਸਬੀ ਆਸਾ ਸੋਟਾ।’’ ਅਤੇ ਧਾਰਮਿਕ ਵੰਡੀਆਂ ਨੂੰ ਛੱਡਣ ਦੀ ਤਾਕੀਦ ਕੀਤੀ, ‘‘ਧਿਆਨ ਧਰੋ ਇਹ ਕਾਫ਼ਰ ਨਾਹੀ, ਕਿਹ ਹਿੰਦੂ ਕਿਆ ਤੁਰਕ ਕਹਾਵੇ।’’ ਪੰਜਾਬ 1947 ਅਤੇ 1980ਵਿਆਂ ਵਿਚ ਧਾਰਮਿਕ ਕੱਟੜਤਾ ਵਿਚ ਝੁਲਸਿਆ।
       ਜਦ ਧਾਰਮਿਕ ਕੱਟੜਤਾ ਹਾਵੀ ਹੁੰਦੀ ਹੈ ਤਾਂ ਵਿਚਾਰਾਂ ਦਾ ਕਾਲ ਪੈ ਜਾਂਦਾ ਹੈ। ਲੋਕ-ਸਮਝ ਵਿਚੋਂ ਦੂਰਅੰਦੇਸ਼ੀ ਅਤੇ ਦੂਰਦ੍ਰਿਸ਼ਟੀ ਮਨਫ਼ੀ ਹੋ ਜਾਂਦੀਆਂ ਹਨ। ਉਪਰੋਕਤ ਵੇਰਵਿਆਂ ਤੋਂ ਸਪੱਸ਼ਟ ਹੈ ਕਿ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਅਤੇ ਇਹ ਪ੍ਰਚਾਰ ਕਿ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਦੀ ਗਿਣਤੀ ਵਧ ਜਾਵੇਗੀ, ਆਧਾਰਹੀਣ ਹੈ। ਇਸ ਪ੍ਰਚਾਰ ਨੂੰ ਇਕ ਖ਼ਾਸ ਕਿਸਮ ਦੀ ਸਿਆਸਤ ਨੂੰ ਪੁਗਾਉਣ ਲਈ ਵਰਤਿਆ ਜਾਂਦਾ ਹੈ। ਲੋਕਾਂ ਨੂੰ ਆਪਣੇ ਧਰਮ ਬਾਰੇ ਦਸਤਾਵੇਜ਼ੀ ਪ੍ਰਮਾਣ ਪੇਸ਼ ਕਰਨ ਲਈ ਕਹਿਣਾ ਸਿਰਫ਼ ਅਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਹੀ ਨਹੀਂ ਹੈ ਸਗੋਂ ਇਹ ਵੀ ਦਰਸਾਉਂਦਾ ਹੈ ਕਿ ਭਾਈਚਾਰਕ ਸਾਂਝ ਤੋੜਨ ਅਤੇ ਫ਼ਿਰਕਾਪ੍ਰਸਤੀ ਤੇ ਨਫ਼ਰਤ ਫੈਲਾਉਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਸਮਾਜ ਲਈ ਘਾਤਕ ਹਨ। ਜਮਹੂਰੀ ਤਾਕਤਾਂ ਅਤੇ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਅਜਿਹੀ ਗੰਧਲੀ ਸਿਆਸਤ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।