ਹਰ ਪਾਸੇ ਖਿੱਲਰੀ ਹੋਈ ਹੈ /ਗ਼ਜ਼ਲ  - ਮਹਿੰਦਰ ਸਿੰਘ ਮਾਨ

ਹਰ ਪਾਸੇ ਖਿੱਲਰੀ ਹੋਈ ਹੈ ਫੁੱਲਾਂ ਦੀ ਖੁਸ਼ਬੋ,
ਲ਼ੱਗਦਾ ਹੈ ਮਾਲੀ ਦੀ ਮਿਹਨਤ ਸਫਲ ਗਈ ਹੈ ਹੋ।

ਚੁੱਪ ਕਰਕੇ ਸ਼ੇਅਰਾਂ ਦੀ ਰਚਨਾ ਕਰਦੇ ਸ਼ਾਇਰ ਜੋ,
ਉਹ ਲੋਕਾਂ ਵਿੱਚ ਹਰਮਨ ਪਿਆਰੇ ਆਪੇ ਜਾਂਦੇ ਹੋ।

ਵੱਡੀ ਔਕੜ ਨਾ' ਉਸ ਨੇ ਕੀ ਮੱਥਾ ਹੈ ਲਾਣਾ,
ਨਿੱਕੀ ਔਕੜ ਤੱਕ ਕੇ ਹੀ ਜੋ ਪੈਂਦਾ ਹੈ ਰੋ ।
       
ਸੀ ਐੱਫ ਐੱਲ਼ ਬਲਬਾਂ ਲੱਗੇ ਘਰ ਵਾਲੇ ਨੂੰ,
ਕਿੱਦਾਂ ਚੰਗੀ ਲੱਗੂ ਦੀਵੇ ਦੀ ਮੱਧਮ ਜਹੀ ਲੋ।

ਉਸ ਤੋਂ ਸਾਰੇ ਰੋਗ ਬਣਾਈ ਰੱਖਦੇ ਨੇ ਦੂਰੀ,
ਕੰਮ ਕਰਦੇ ਸਮੇਂ ਜਿਸ ਦੇ ਤਨ ਚੋਂ ਮੁੜ੍ਹਕਾ ਪੈਂਦਾ ਚੋ।

ਅੱਖਾਂ ਦੇ ਹੰਝੂਆਂ ਨੂੰ ਐਂਵੇਂ ਨਾ ਸੁੱਟ ਯਾਰਾ,
ਇਹਨਾਂ ਦੇ ਨਾ' ਦਾਗ ਦਿਲਾਂ ਦੇ ਹੋ ਜਾਂਦੇ ਨੇ ਧੋ।

'ਮਾਨ' ਸਮਝਦਾ ਹੋਣਾ ਹੱਕ ਮੇਰੇ ਉੱਤੇ ਆਪਣਾ,
ਤਾਂ ਹੀ ਉਸ ਫੋਟੋ ਖਿਚਵਾਈ ਮੇਰੇ ਨਾਲ ਖਲੋ।