ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ


10 OCT. 2021

 

ਕੀ ਲਖੀਮਪੁਰ ਖੀਰੀ ਦੇ ਕਿਸਾਨਾਂ ਨਾਲ ਹੋਏ ਜ਼ੁਲਮ ‘ਤੇ ਪ੍ਰਧਾਨ ਮੰਤਰੀ ਨੂੰ ਕੋਈ ਦੁਖ ਨਹੀਂ?-ਆਪ ਪਾਰਟੀ ਦਾ ਸਵਾਲ

ਯਾਰ ਪ੍ਰਧਾਨ ਮੰਤਰੀ ਨੂੰ ਕੰਮ ਦਾ ਸਵਾਲ ਪੁੱਛੋ, ਉਹਦੇ ਮੋਰ ਕੀ ਖਾਂਦੇ, ਉਹਦੇ ਤੋਤੇ ਕੀ ਖਾਂਦੇ। 

 

ਭਾਜਪਾ ਆਪਣੇ ਆਗੂਆਂ ਦੇ ਅਪਰਾਧ ਲੁਕੋ ਲੈਂਦੀ ਹੈ-ਅਖਿਲੇਸ਼

ਭਗਤੇ ਨੂੰ ਖੰਡ ਪਾ ਦਿਉ, ਐਰ ਗ਼ੈਰ ਨੂੰ ਸ਼ੱਕਰ ਦਾ ਦਾਣਾ। 

 

ਰਾਜ ਧਰਮ ਨਿਭਾਉਂਦਿਆਂ ਪ੍ਰਧਾਨ ਮੰਤਰੀ ਅਜੈ ਮਿਸ਼ਰਾ ਨੂੰ ਵਜ਼ਾਰਤ ‘ਚੋਂ ਲਾਂਭੇ ਕਰੇ- ਕਾਂਗਰਸ

ਰਾਜ ਧਰਮ ਤਾਂ ਮਰਹੂਮ ਵਾਜਪਾਈ ਨੇ ਵੀ ਸਮਝਾਇਆ ਸੀ ਪਰ ਖਾਨੇ ਨਹੀਂ ਸੀ ਪਿਆ। 

 

ਸੜਕਾਂ ਦੀ ਬਜਾਇ ਭਾਜਪਾ ਨੇਤਾਵਾਂ ਦੇ ਘਰਾਂ ਦੀ ਸਫ਼ਾਈ ਕਰਦੇ ਨੇ ਸਫ਼ਾਈ ਕਰਮਚਾਰੀ- ‘ਆਪ’ ਵਿਧਾਇਕ

75 ਸਾਲਾਂ ਤੋਂ ਇਹੀ ਹੋ ਰਿਹੈ, ਪਹਿਲਾਂ ਕਾਂਗਰਸੀਆਂ ਦੇ ਹੁਣ ਭਾਜਪਾ ਦੇ ਘਰਾਂ ‘ਚ।  

   

ਮੰਤਰੀ ਦੇ ਹਲਕੇ ਵਿਚ ਖੜ੍ਹੇ ਪਾਣੀ ਵਿਚ ਹੀ ਬਣਾ ਦਿਤੀ ਸੜਕ- ਇਕ ਖ਼ਬਰ

ਸ਼ੁਕਰ ਐ ਪਾਣੀ ‘ਚ ਬਣਾਈ ਇਥੇ ਤਾਂ ਹਵਾ ਵਿਚ ਵੀ ਸੜਕਾਂ ਬਣਾ ਦਿੰਦੇ ਆ ਅਗਲੇ। 

 

ਪੰਜਾਬ ਪੁਲਿਸ ਵਲੋਂ ਜ਼ਬਤ ਡਰੱਗ ਨੂੰ ਨਸ਼ਟ ਨਾ ਕਰਨ ‘ਤੇ ਹਾਈ ਕੋਰਟ ਸਖ਼ਤ- ਇਕ ਖ਼ਬਰ

ਹਾਈ ਕੋਰਟ ਜੀ ਜੇ ਡਰੱਗ ਨਸ਼ਟ ਕਰ ਦਿੱਤੀ ਤਾਂ ਉਸ ਦੀ ਰੀਸਾਈਕਲਿੰਗ ਕਿਵੇਂ ਹੋਵੇਗੀ?

 

ਪ੍ਰਿਯੰਕਾ ਪਿੱਛੇ ਨਹੀਂ ਹਟੇਗੀ, ਅਸੀਂ ਅੰਨਦਾਤਾ ਨੂੰ ਜਿਤਾ ਕੇ ਰਹਾਂਗੇ- ਰਾਹੁਲ

ਇਹਨੂੰ ਨਰਮ ਕੁੜੀ ਨਾ ਜਾਣੀ, ਲੜ ਜੂ ਭਰਿੰਡ ਬਣ ਕੇ।

 

ਲਖੀਮਪੁਰ ਖੀਰੀ ਘਟਨਾ ਬਾਰੇ ਸ਼ਾਹ ਨੂੰ ਮਿਲੇਗਾ ਬਾਦਲ ਅਕਾਲੀ ਦਲ ਦਾ ਵਫ਼ਦ- ਇਕ ਖ਼ਬਰ

ਕਿਉਂ ਲਖੀਮਪੁਰ ਜਾਣ ਲਈ ਪੈਰਾਂ ਨੂੰ ਮਹਿੰਦੀ ਲੱਗੀ ਹੋਈ ਐ!

 

ਭਾਰਤ ਅਤੇ ਅਮਰੀਕਾ ਨੂੰ ਜੋੜਨ ਵਾਲੇ ਧਾਗੇ ਬਹੁਤ ਡੂੰਘੇ ਤੇ ਮਜ਼ਬੂਤ- ਸੰਧੂ

ਸੁੱਤੀ ਸੱਸੀ ਨੂੰ ਧੋਖਾ ਇਹ ਦੇ ਜਾਂਦੇ, ਊਠਾਂ ਵਾਲੇ ਨਹੀਂ ਕਿਸੇ ਦੇ ਯਾਰ ਹੁੰਦੇ।

 

ਲਖੀਮਪੁਰ ਖੀਰੀ ਘਟਨਾ ‘ਤੇ ਪੰਜਾਬ ਭਾਜਪਾ ਨੇ ਚੁੱਪ ਧਾਰੀ- ਇਕ ਖ਼ਬਰ

ਚੋਰ ਦੀ ਮਾਂ, ਕੋਠੀ ‘ਚ ਮੂੰਹ।

 

ਕੈਪਟਨ ਅਮਰਿੰਦਰ ਸਿੰਘ ਮੁੜ ਦਿੱਲੀ ਨੂੰ ਗਏ-ਇਕ ਖ਼ਬਰ

ਮੁੜ ਆ ਘਰ ਨੂੰ ਵੇ, ਨਹੀਂ ਲੱਭਣੀ ਪ੍ਰਤਾਪੀ।

 

ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ- ਬੀਬੀ ਜਗੀਰ ਕੌਰ

ਬੀਬੀ ਜੀ, ਸ਼੍ਰੋਮਣੀ ਕਮੇਟੀ ਵਿਚ ਵੀ ਸ਼੍ਰੋਮਣੀ ਨਾਮ ਦੀ ਕੋਈ ਚੀਜ਼ ਨਹੀਂ।

 

ਪੰਜਾਬ ਦੇ ਤਿੰਨ ਵੱਡੇ ਦੂਰਦਰਸ਼ਨ ਟੀ.ਵੀ. ਟਾਵਰਾਂ ਨੂੰ ਕੇਂਦਰ ਵਲੋਂ ਬੰਦ ਕਰਨ ਦੇ ਹੁਕਮ- ਇਕ ਖ਼ਬਰ

ਪੰਜਾਬੀ ਦੇ ਪ੍ਰੋਗਰਾਮ ਉਨ੍ਹਾਂ ਦੀ ਹਿੱਕ ਵਿਚ ਗੋਲ਼ੀ ਵਾਂਗ ਵੱਜਦੇ ਐ ਬਈ। 

 

1300 ਕਰੋੜ ਦੀਆਂ ਏਅਰਪੋਰਟ ਜਾਇਦਾਦਾਂ ਅਡਾਨੀ ਨੂੰ 500 ਕਰੋੜ ‘ਚ ਵੇਚੀਆਂ-ਇਕ ਖ਼ਬਰ

ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

 

ਕਿਸਾਨਾਂ ਦੀਆਂ ਮੌਤਾਂ ਲਈ ਮੋਦੀ ਜ਼ਿੰਮੇਵਾਰ- ਸੁਖਬੀਰ ਬਾਦਲ

ਆਪਣਾ ਨਾਮ ਵੀ ਸ਼ਾਮਲ ਕਰੋ ਨਾਲ ਬਾਦਲ ਸਾਬ੍ਹ।

 

ਬਾਦਲਾਂ ਕਰ ਕੇ ਹੀ ਅੱਜ ਕਿਸਾਨ ਸੰਤਾਪ ਭੋਗ ਰਹੇ ਹਨ- ਜਸਮੀਤ ਸਿੰਘ ਪੀਤਮਪੁਰਾ

ਵਕਤੋਂ ਮੈਂ ਖੁੰਝ ਗਈ, ਘੜਾ ਦੇਖ ਨਾ ਲਿਆ ਟੁਣਕਾ ਕੇ।