ਦਰਿਆ ਅਗਨ ਦਾ ਤਰਨਾ ਹੈ - ਸਵਰਾਜਬੀਰ

ਉਨ੍ਹਾਂ ਦੇ ਨਾਮ ਲਵਪ੍ਰੀਤ ਸਿੰਘ, ਨਛੱਤਰ ਸਿੰਘ, ਦਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਸਨ। ਉਹ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਖੀਰੀ ਵਿਚ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ ਸਨ। ਉਨ੍ਹਾਂ ਦੇ ਜਿਸਮਾਂ ਵਿਚ ਲਰਜ਼ਸ਼ ਸੀ ਅਤੇ ਉਹ ਕਿਸਾਨਾਂ ਨਾਲ ਹੋ ਰਹੇ ਅਨਿਆਂ ਵਿਰੁੱਧ ਨਾਅਰੇ ਲਗਾਉਂਦੇ ਹੋਏ ਆਪਣੇ ਤਣੇ ਹੋਏ ਮੁੱਕਿਆਂ ਨੂੰ ਹਵਾ ਵਿਚ ਲਹਿਰਾ ਰਹੇ ਸਨ। ਉਨ੍ਹਾਂ ਦੇ ਮਨਾਂ ਵਿਚ ਜਬਰ ਵਿਰੁੱਧ ਲੜਨ ਦਾ ਜਜ਼ਬਾ ਅਤੇ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਜਿਊਣ ਦੀਆਂ ਆਸਾਂ, ਉਮੀਦਾਂ ਤੇ ਉਮੰਗਾਂ ਸਨ। ਉਹ ਮਾਵਾਂ ਦੇ ਲਾਡਲੇ ਪੁੱਤ ਸਨ, ਪੰਜਾਬੀ ਕਵੀ ਪਾਸ਼ ਦੇ ਸ਼ਬਦ ਵਰਤਦਿਆਂ ਅਸੀਂ ਕਹਿ ਸਕਦੇ ਹਾਂ ਕਿ ਉਹ ਜ਼ਿੰਦਗੀ ਦੇ ਸਾਊ ਪੁੱਤ ਸਨ ਜੋ ਲੋਕ-ਯੁੱਧ ਵਿਚ ਹਿੱਸਾ ਲੈ ਰਹੇ ਸਨ। ਫ਼ਿਜ਼ਾ ਵਿਚ ਗੂੰਜਦੀ ਹੋਈ ਉਨ੍ਹਾਂ ਦੇ ਨਾਅਰਿਆਂ ਦੀ ਆਵਾਜ਼ ਇਕ ਮਹਾਨਾਦ ਬਣ ਰਹੀ ਸੀ। ਉਨ੍ਹਾਂ ਦੇ ਪੈਰਾਂ ਵਿਚ ਥਰਥਰਾਹਟ ਸੀ ਅਤੇ ਮਨਾਂ ਵਿਚ ਲੋਕ-ਯੁੱਧ ਵਿਚ ਹਿੱਸਾ ਲੈਣ ਦਾ ਚਾਅ ਤੇ ਗੌਰਵ। ਉਨ੍ਹਾਂ ਨੇ ਇਹ ਯੁੱਧ ਜਿੱਤ ਕੇ ਘਰਾਂ ਨੂੰ ਪਰਤਣਾ ਸੀ। ਉਨ੍ਹਾਂ ਦੀਆਂ ਮਾਵਾਂ, ਭੈਣਾਂ, ਭਰਾ, ਪਿਤਾ, ਰਿਸ਼ਤੇਦਾਰ, ਸਭ ਉਨ੍ਹਾਂ ਨੂੰ ਉਡੀਕ ਰਹੇ ਸਨ, ਪਰ ਉਹ ਨਹੀਂ ਪਰਤੇ। ਸੱਤਾਧਾਰੀਆਂ ਦੀਆਂ ਦਨਦਨਾਉਂਦੀਆਂ ਗੱਡੀਆਂ ਨੇ ਉਨ੍ਹਾਂ ਨੂੰ ਦਰੜ ਕੇ ਥਾਂ ’ਤੇ ਹੀ ਖ਼ਤਮ ਕਰ ਦਿੱਤਾ। ‘‘ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ।।’’
       ਹਿੰਦੀ ਕਵੀ ਆਲੋਕ ਧਨਵਾ ਦੀ ਕਵਿਤਾ ‘ਬਰੂਨੋ ਕੀ ਬੇਟੀਆਂ’ ’ਚੋਂ ਉੱਠੇ ਸਵਾਲਾਂ ਜਿਹੇ ਸਵਾਲ ਹਵਾ ਵਿਚ ਗੂੰਜ ਰਹੇ ਹਨ : ਉਨ੍ਹਾਂ ਦੇ ਹੋਣ ਵਿਚ ਕੀ ਸੀ ਕਿ ਉਨ੍ਹਾਂ ਨੂੰ ਏਨੀ ਦਰਿੰਦਗੀ ਨਾਲ ਖ਼ਤਮ ਕੀਤਾ ਗਿਆ ?... ਉਨ੍ਹਾਂ ਦੇ ਹੋਣ ਵਿਚ ਕੀ ਸੀ ਕਿ ਸੱਤਾਧਾਰੀਆਂ ਨੂੰ ਉਨ੍ਹਾਂ ਨੂੰ ਤੇਜ਼ ਰਫ਼ਤਾਰ ਗੱਡੀਆਂ ਨਾਲ ਕੁਚਲਣਾ ਪਿਆ ?... ਉਨ੍ਹਾਂ ਦੀ ਹੋਂਦ ਨੂੰ ਕਿਉਂ ਖ਼ਤਮ ਕੀਤਾ ਗਿਆ, ਇਕ ਅਜਿਹੇ ‘ਦੇਸ਼ ਵਿਚ, ਜਿੱਥੇ ਸੰਸਦ ਲੱਗਦੀ ਹੈ’, ਜਿੱਥੇ ਸੰਵਿਧਾਨ ਹੈ, ਜਿੱਥੇ ਸ਼ਾਸਕਾਂ ਦੇ ਕਹਿਣ ਅਨੁਸਾਰ ‘ਰਾਮ ਰਾਜ’ ਲਿਆਂਦਾ ਜਾ ਰਿਹਾ ਹੈ ਤਾਂ ਕੀ ਸੀ ਉਨ੍ਹਾਂ ਦੇ ਹੋਣ ਵਿਚ ਕਿ ਉਨ੍ਹਾਂ ਦੇ ਜਿਊਂਦੇ ਰਹਿਣ ਨੂੰ ਬਰਦਾਸ਼ਤ ਨਹੀਂ ਸੀ ਕੀਤਾ ਜਾ ਸਕਦਾ ?
       ਉਨ੍ਹਾਂ ਦੇ ਹੋਣ ਵਿਚ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਚਲੀ ਸੂਖ਼ਮ ਹਿੰਸਾ ਵਿਰੁੱਧ ਲਗਾਤਾਰ ਲੜਨ ਦਾ ਜਜ਼ਬਾ ਸੀ, ਦਸ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਉਨ੍ਹਾਂ ਦੀ ਲੜਾਈ ਲੋਕ-ਮਨ ਦੇ ਸਿਰੜ ਤੇ ਸੰਜਮ ਦਾ ਪ੍ਰਤੀਕ ਬਣ ਗਈ ਹੈ, ਉਨ੍ਹਾਂ ਦੇ ਹੋਣ ਵਿਚ ਕਿਸਾਨਾਂ ਵਿਚ ਕੇਂਦਰ ਸਰਕਾਰ ਵਿਰੁੱਧ ਉੱਠ ਰਹੇ ਰੋਹ ਦਾ ਖ਼ਮੀਰ ਸੀ, ਜਬਰ ਵਿਰੁੱਧ ਲੜਨ ਦਾ ਹੱਠ ਸੀ, ਸਾਰੇ ਦੇਸ਼ ਵਿਚ ਫੈਲ ਰਹੀ ਗੁੱਸੇ ਦੀ ਲਹਿਰ ਦੀ ਅਗਨੀ ਸੀ। ਉਨ੍ਹਾਂ ਦੇ ਹੋਣ ਵਿਚ ਸਾਂਝੀਵਾਲਤਾ ਦਾ ਜਲੌਅ ਸੀ।
         ਕਿਸਾਨ ਅੰਦੋਲਨ ਦਾ ਅਜਿਹਾ ਸੰਜਮ, ਸਿਰੜ ਤੇ ਸਾਂਝੀਵਾਲਤਾ ਬਹੁਤ ਦੇਰ ਤੋਂ ਸੱਤਾਧਾਰੀਆਂ ਦੇ ਮਨਾਂ ਵਿਚ ਚੁਭ ਰਹੇ ਹਨ। ਅੰਦੋਲਨਕਾਰੀਆਂ ਦਾ ਸਿਦਕ ਅਤੇ ਸ਼ਾਂਤਮਈ ਰਹਿ ਕੇ ਦੁੱਖ ਸਹਿਣ ਦੀ ਸਮਰੱਥਾ ਉਨ੍ਹਾਂ (ਸੱਤਾਧਾਰੀਆਂ) ਲਈ ਵੱਡੀ ਲਲਕਾਰ ਹੈ। ਤਾਨਾਸ਼ਾਹੀ ਸ਼ਕਤੀਆਂ ਇਹ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੁੰਦੀਆਂ ਕਿ ਲੋਕ-ਆਵਾਜ਼ ਉਨ੍ਹਾਂ ਨੂੰ ਵੰਗਾਰੇ, ਜਾਬਰਾਂ ਨੂੰ ਇਹ ਗੱਲ ਨਹੀਂ ਪਚਦੀ ਕਿ ਲੋਕ ਉਨ੍ਹਾਂ ਸਾਹਮਣੇ ਸਿਰ ਚੁੱਕਣ। ਇਸੇ ਲਈ ਕੇਂਦਰ ਦਾ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਇਹ ਕਹਿ ਰਿਹਾ ਸੀ ਕਿ ਉਹ ਪਲੀਆ ਤੋਂ ਲਖੀਮਪੁਰ ਖੀਰੀ ਤਕ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦੋ ਮਿੰਟਾਂ ਵਿਚ ਖਦੇੜ ਦੇਵੇਗਾ, ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੀ ਪਾਰਟੀ ਦੇ ਲੋਕਾਂ ਨੂੰ ਡੰਡੇ ਚੁੱਕਣ ਲਈ ਤਿਆਰ ਕਰ ਰਿਹਾ ਸੀ।
        ਲੋਕ-ਆਵਾਜ਼ ਵਿਰੁੱਧ ਸੱਤਾਧਾਰੀ ਪ੍ਰਵਚਨ ਹਮੇਸ਼ਾਂ ਚੱਲਦਾ ਰਿਹਾ ਹੈ, ਕੁਝ ਵਰ੍ਹਿਆਂ ਤੋਂ ਇਹ ਪ੍ਰਵਚਨ ਹੋਰ ਹਿੰਸਕ ਅਤੇ ਹਮਲਾਵਰ ਹੋਇਆ ਹੈ। ਲੋਕ ਹਿੱਤਾਂ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਟੁਕੜੇ ਟੁਕੜੇ ਗੈਂਗ, ਸ਼ਹਿਰੀ ਨਕਸਲੀ, ਦੇਸ਼-ਧ੍ਰੋਹੀ, ਅੰਦੋਲਨਜੀਵੀ ਤੇ ਕਈ ਹੋਰ ਲਕਬ ਦਿੱਤੇ ਗਏ ਹਨ। ਭੀਮਾ-ਕੋਰੇਗਾਉਂ ਕੇਸ ਵਿਚ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ, ਫਰਵਰੀ 2020 ਵਿਚ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਸਮਾਜਿਕ ਕਾਰਕੁਨਾਂ ਅਤੇ ਵਿਦਿਆਰਥੀ ਆਗੂਆਂ ਦੀ ਗ੍ਰਿਫ਼ਤਾਰੀ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਤੇ ਜਾਮੀਆ ਮਿਲੀਆ ਯੂਨੀਵਰਸਿਟੀ ਵਿਚ ਹੋਇਆ ਤਸ਼ੱਦਦ, ਕਈ ਵਰ੍ਹਿਆਂ ਤੋਂ ਹੋ ਰਹੀ ਹਜੂਮੀ ਹਿੰਸਾ, ਭਾਈਚਾਰਿਆਂ ਨੂੰ ਵੰਡਣ ਅਤੇ ਇਕ-ਦੂਜੇ ਵਿਰੁੱਧ ਖੜ੍ਹੇ ਕਰਨ ਦੀਆਂ ਕੋਸ਼ਿਸ਼ਾਂ, ਸਭ ਉਸ ਸਾਜ਼ਿਸ਼ ਦਾ ਹਿੱਸਾ ਹਨ ਜੋ ਲੋਕ-ਆਵਾਜ਼ ਉਠਾਉਣ ਵਿਰੁੱਧ ਰਚੀ ਗਈ ਹੈ ਅਤੇ ਅਸੀਂ ਸਭ ਜਾਣਦੇ ਹਾਂ ਕਿ ਇਹ ਸਾਜ਼ਿਸ਼ ਕਿਸ ਨੇ ਰਚੀ ਹੈ।
        2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਸ਼ਾਸਕਾਂ ਨੂੰ ਯਕੀਨ ਹੋ ਗਿਆ ਸੀ ਕਿ ਉਹ ਕੁਝ ਵੀ ਕਰ ਸਕਦੇ ਹਨ। 5 ਅਗਸਤ 2019 ਨੂੰ ਉਨ੍ਹਾਂ ਨੇ ਸੰਵਿਧਾਨ ਦੀ ਧਾਰਾ 370 ਮਨਸੂਖ਼ ਕਰ ਕੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ, ਵੱਡੀ ਪੱਧਰ ’ਤੇ ਸਿਆਸੀ ਆਗੂਆਂ ਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ, ਇੰਟਰਨੈੱਟ ਤੇ ਸੰਚਾਰ ਦੇ ਹੋਰ ਸਾਧਨਾਂ ਅਤੇ ਸਿਆਸੀ ਸਰਗਰਮੀਆਂ ’ਤੇ ਪਾਬੰਦੀ ਲਗਾਈ ਗਈ, ਦਸੰਬਰ 2019 ਵਿਚ ਨਾਗਰਿਕਤਾ ਸੋਧ ਕਾਨੂੰਨ ਬਣਾਇਆ ਗਿਆ, 2019-20 ਵਿਚ ਹੀ ਸਨਅਤੀ ਮਜ਼ਦੂਰਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਵਾਲੇ 29 ਕਾਨੂੰਨਾਂ ਨੂੰ ਖ਼ਤਮ ਕਰਕੇ ਉਨ੍ਹਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਲਈ ਚਾਰ ਕਿਰਤ ਕੋਡ ਬਣਾਏ ਗਏ, 5 ਜੂਨ 2020 ਨੂੰ ਕਾਰਪੋਰੇਟ ਅਦਾਰਿਆਂ ਦਾ ਖੇਤੀ ਖੇਤਰ ਵਿਚ ਦਾਖ਼ਲਾ ਪੱਧਰਾ ਕਰਨ ਲਈ ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਅਤੇ 20 ਸਤੰਬਰ 2020 ਨੂੰ ਰਾਜ ਸਭਾ ਵਿਚ ਸੀਨਾਜ਼ੋਰੀ ਕਰਦੇ ਹੋਏ ਉਨ੍ਹਾਂ ਖੇਤੀ ਕਾਨੂੰਨਾਂ ਸਬੰਧੀ ਬਿਲਾਂ ਨੂੰ ਪਾਸ ਕਰਾ ਕੇ ਕਾਨੂੰਨ ਬਣਾਏ ਗਏ। ਸੰਵਿਧਾਨ ਨੂੰ ਮਧੋਲਿਆ ਗਿਆ। ਸੱਤਾਧਾਰੀਆਂ ਦੇ ਮਨਾਂ ਵਿਚ ਵਿਸ਼ਵਾਸ ਸੀ ਕਿ ਉਨ੍ਹਾਂ ਵਿਰੁੱਧ ਕੋਈ ਆਵਾਜ਼ ਨਹੀਂ ਉਠਾਏਗਾ ਅਤੇ ਜੇ ਕੁਝ ਲੋਕ ਉਠਾਉਣਗੇ ਤਾਂ ਸੱਤਾ ਦੇ ਸਾਧਨ ਵਰਤ ਕੇ ਉਨ੍ਹਾਂ ਨੂੰ ਚੁੱਪ ਕਰਾ ਦਿੱਤਾ ਜਾਵੇਗਾ।
        ... ਪਰ ਏਦਾਂ ਨਾ ਹੋਇਆ ... ਲਵਪ੍ਰੀਤ ਸਿੰਘ, ਨਛੱਤਰ ਸਿੰਘ, ਦਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਜਿਹੇ ਵੀਰ ਮੈਦਾਨ ਵਿਚ ਨਿੱਤਰੇ, ਉਨ੍ਹਾਂ ਦੀਆਂ ਭੈਣਾਂ, ਭਰਾ, ਪਿਉ, ਦਾਦੇ, ਨਾਨੀਆਂ, ਦਾਦੀਆਂ, ਤਾਈਆਂ, ਚਾਚੀਆਂ, ਦੋਸਤ, ਸਾਥੀ, ਸਭ ਮੈਦਾਨ ਵਿਚ ਨਿੱਤਰੇ ਤੇ ਉਨ੍ਹਾਂ ਨੇ ਸਿੱਧ ਕੀਤਾ ਕਿ ਸੱਤਾਧਾਰੀਆਂ ਦੀ ਨਿਰੰਕੁਸ਼ਤਾ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਸੱਤਾਧਾਰੀ, ਜੋ ਇਹ ਸਮਝਦੇ ਸਨ ਕਿ ਉਹ ਲੋਕ-ਆਵਾਜ਼ ਨੂੰ ਦਬਾ ਸਕਦੇ ਹਨ, ਬੇਵਸ ਹੋ ਗਏ। ਉਹ ਗੁੱਸੇ ਵਿਚ ਤਿਲਮਿਲਾਏ ਤੇ ਛਟਪਟਾਏ, ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਕਦੇ ਨਕਸਲੀ ਕਿਹਾ, ਕਦੇ ਖਾਲਿਸਤਾਨੀ ਤੇ ਕਦੇ ਪਾਕਿਸਤਾਨੀ ਪਰ ਕਿਸਾਨ ਅੰਦੋਲਨ ਨੇ ਸੰਜਮ ਤੇ ਧੀਰਜ ਦਾ ਪੱਲਾ ਨਾ ਛੱਡਿਆ। ਲੋਕ-ਆਵਾਜ਼ ਪੂਰੀ ਦ੍ਰਿੜ੍ਹਤਾ ਨਾਲ ਗੂੰਜੀ ਅਤੇ ਇਹਦੀ ਗੂੰਜ ਸਾਰੀ ਦੁਨੀਆ ਵਿਚ ਸੁਣਾਈ ਦਿੱਤੀ। ਸੱਤਾਧਾਰੀਆਂ ਨੇ ਆਪਣੀ ਛਟਪਟਾਹਟ ਵਿਚ ਇਹ ਸਵਾਲ ਪੁੱਛੇ ਕਿ ਕਿਸਾਨ ਭੀਮਾ-ਕੋਰੇਗਾਉਂ ਕੇਸ ਵਿਚ ਗ੍ਰਿਫ਼ਤਾਰ ਕੀਤੇ ਸਮਾਜਿਕ ਕਾਰਕੁਨਾਂ ਦੀ ਰਿਹਾਈ ਕਿਉਂ ਮੰਗ ਰਹੇ ਹਨ, ਇਨ੍ਹਾਂ ਦਾ ਉਨ੍ਹਾਂ ਨਾਲ ਕੀ ਰਿਸ਼ਤਾ ਹੈ?
        ਇਸ ਗੱਲ ਨੂੰ ਕਿਵੇਂ ਬਿਆਨ ਕੀਤਾ ਜਾਵੇ ਕਿ ਭੀਮਾ-ਕੋਰੇਗਾਉਂ ਕੇਸ ਵਿਚ ਨਜ਼ਰਬੰਦ ਕੀਤੇ ਗਏ ਸਟੈਨ ਸਵਾਮੀ, ਸੁਧਾ ਭਾਰਦਵਾਜ, ਗੌਤਮ ਨਵਲੱਖਾ, ਆਨੰਦ ਤੈਲਤੁੰਬੜੇ ਤੇ ਹੋਰ ਸਮਾਜਿਕ ਕਾਰਕੁਨਾਂ ਅਤੇ ਇਨ੍ਹਾਂ ਮਰਜੀਵੜਿਆਂ (ਲਵਪ੍ਰੀਤ, ਨਛੱਤਰ, ਦਲਜੀਤ ਤੇ ਗੁਰਵਿੰਦਰ) ਵਿਚ ਕੀ ਰਿਸ਼ਤਾ ਹੈ, ਇਹ ਰਿਸ਼ਤਾ ਅਨਿਆਂ ਵਿਰੁੱਧ ਲੜਨ ਦੇ ਜਜ਼ਬੇ, ਮਨੁੱਖਤਾ ਤੇ ਸਾਂਝੀਵਾਲਤਾ ਦਾ ਰਿਸ਼ਤਾ ਹੈ, ਜ਼ੁਲਮ ਵਿਰੁੱਧ ਲੜਦਿਆਂ ਇਕੱਠੇ ਰਹਿਣ ਅਤੇ ਦੁੱਖ ਸਹਿਣ ਦਾ ਰਿਸ਼ਤਾ ਹੈ। ਜਾਬਰ ਲੋਕ-ਸੰਗਰਾਮੀਆਂ ਵਿਚਲੇ ਇਸ ਰਿਸ਼ਤੇ ਦੀ ਪਾਵਨਤਾ ਨੂੰ ਨਹੀਂ ਸਮਝ ਸਕਦੇ। ਉਹ ਨਹੀਂ ਸਮਝ ਸਕਦੇ ਕਿ ਜਦ ਗਗਨ ਦਮਾਮੇ ਵੱਜਦੇ ਹਨ ਤਾਂ ਸੂਰਮੇ ਲੋਕ-ਯੁੱਧਾਂ ਵਿਚ ਜੂਝਣ ਲਈ ਮੈਦਾਨ ਵਿਚ ਕੁੱਦਦੇ ਹਨ। ਉਨ੍ਹਾਂ ਨੂੰ ਪੁਰਜਾ ਪੁਰਜਾ ਹੋ ਕੇ ਕੱਟ ਮਰਨਾ ਮਨਜ਼ੂਰ ਹੁੰਦਾ ਹੈ ਪਰ ਉਹ ਸੰਘਰਸ਼ ਦੇ ਮੈਦਾਨ ਵਿਚ ਪਿੱਠ ਨਹੀਂ ਦਿਖਾਉਂਦੇ।
         ਸਾਡੇ ਕੋਲ ਇਨ੍ਹਾਂ ਵੀਰਾਂ ਦੀ ਸ਼ਹਾਦਤ ’ਚੋਂ ਉਪਜਿਆ ਅਪਾਰ ਦੁੱਖ ਹੈ, ਉਨ੍ਹਾਂ ਦੇ ਪਰਿਵਾਰ ਕੀਰਨੇ ਪਾ ਰਹੇ ਹਨ, ਮਾਵਾਂ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ। ਕਿਸਾਨ ਜਥੇਬੰਦੀਆਂ ਅਤੇ ਅੰਦੋਲਨਕਾਰੀਆਂ ਸਾਹਮਣੇ ਚੁਣੌਤੀ ਹੈ ਕਿ ਇਸ ਦੁੱਖ ਅਤੇ ਕੁਰਬਾਨੀ ਦੀ ਅਜ਼ਮਤ ਨੂੰ ਕਾਇਮ ਰੱਖਦਿਆਂ ਕਿਸਾਨ ਅੰਦੋਲਨ ਨੂੰ ਸ਼ਾਂਤਮਈ ਲੀਹਾਂ ’ਤੇ ਚਲਾਉਂਦੇ ਹੋਏ ਇਸ ਨੂੰ ਹੋਰ ਸੰਗਰਾਮਮਈ ਤੇਵਰ ਦਿੱਤੇ ਜਾਣ। ਕਿਸਾਨ ਜਥੇਬੰਦੀਆਂ ਸਾਹਮਣੇ ਕਿਸਾਨ ਅੰਦੋਲਨ ਦੀ ਏਕਤਾ ਨੂੰ ਕਾਇਮ ਰੱਖਣ ਦੀ ਚੁਣੌਤੀ ਹੈ। ਚੁਣੌਤੀ ਸਮੂਹ ਦੇਸ਼ ਵਾਸੀਆਂ ਸਾਹਮਣੇ ਵੀ ਹੈ ਕਿ ਉਹ ਕਿਸਾਨਾਂ ਦੀ ਆਵਾਜ਼ ਵਿਚ ਆਪਣੀ ਆਵਾਜ਼ ਕਿਵੇਂ ਮਿਲਾਉਣ। ਇਸ ਸ਼ਹਾਦਤ ਨੇ ਕਿਸਾਨ ਅੰਦੋਲਨ ਨੂੰ ਨਵਾਂ ਵੇਗ ਦਿੱਤਾ ਹੈ, ਕਿਸਾਨ ਆਗੂਆਂ ਨੇ ਇਸ ਵੇਗ ਨੂੰ ਸੰਜਮਮਈ ਸੇਧ ਦੇਣੀ ਹੈ।
        ਜਦ ਕੋਈ ਆਪਣਾ ਮਰਦੈ ਤਾਂ ਉਸ ਦਾ ਪਰਿਵਾਰ, ਦੋਸਤ ਤੇ ਸਾਥੀ ਬਹੁਤ ਇਕੱਲੇ ਮਹਿਸੂਸ ਕਰਦੇ ਹਨ, ਅਜਿਹਾ ਇਕਲਾਪਾ, ਜਿਸ ਵਿਚ ਦਿਲ ਵਲੂੰਧਰਨ ਵਾਲੀਆਂ ਭਾਵਨਾਵਾਂ ਹੁੰਦੀਆਂ ਨੇ, ਜਿਸ ਵਿਚ ਤਰਕ ਕੋਈ ਦਖ਼ਲ ਨਹੀਂ ਦੇ ਸਕਦਾ, ਅਜਿਹੇ ਸਮੇਂ ਹਰ ਚੇਤਾ ਨੰਗਾ ਤੇ ਨਿਤਾਣਾ ਹੋ ਜਾਂਦੈ, ਕਿਸੇ ਯਾਦ ਓਹਲੇ ਲੁਕਿਆ ਨਹੀਂ ਜਾਂਦਾ। ਬੇਵਸੀ ਤੇ ਲਾਚਾਰੀ ਉੱਭਰਦੀ ਹੈ, ਸਭ ਕੁਝ ਅਰਥਹੀਣ ਲੱਗਦਾ ਹੈ... ਪਰ ਮਨੁੱਖ ਨੂੰ ਅੱਗੇ ਤੁਰਨਾ ਅਤੇ ਜੀਵਨ ਦੀਆਂ ਤਲਖ਼ੀਆਂ ਨਾਲ ਜੂਝਣਾ ਪੈਂਦਾ ਹੈ। ਇਨ੍ਹਾਂ ਵੀਰਾਂ ਦੇ ਪਰਿਵਾਰਾਂ, ਦੋਸਤਾਂ ਤੇ ਸਾਥੀਆਂ ਨੂੰ ਵੀ ਜੂਝਣਾ ਪੈਣਾ ਹੈ, ਇਨ੍ਹਾਂ ਕੁਰਬਾਨੀਆਂ ਨਾਲ ਉਹ ਦੇਸ਼ ਦੇ ਜੂਝਦੇ ਪਰਿਵਾਰਾਂ ਦਾ ਅਟੁੱਟ ਹਿੱਸਾ ਬਣ ਗਏ ਹਨ; ਜੂਝਦੀ ਲੋਕਾਈ ਦਾ ਹਿੱਸਾ। ਕਿਸਾਨ ਅੰਦੋਲਨ ਵਿਚ 700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ। ਦੁੱਖ ਅਤੇ ਸੰਘਰਸ਼ ਦਾ ਮੁੱਢ-ਕਦੀਮ ਦਾ ਰਿਸ਼ਤਾ ਹੈ। ਮਨੁੱਖਤਾ ਨੇ ਸਦਾ ਹੱਕ-ਸੱਚ ਦੀ ਲੜਾਈ ਵਿਚ ਕੁਰਬਾਨੀਆਂ ਦਿੱਤੀਆਂ ਅਤੇ ਦੁੱਖ ਝੱਲੇ ਹਨ। ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਮਿਹਨਤਕਸ਼ਾਂ, ਚਿੰਤਕਾਂ, ਵਿਦਵਾਨਾਂ, ਵਿਦਿਆਰਥੀਆਂ, ਨੌਜਵਾਨਾਂ, ਸਭ ਨੂੰ ਦੁੱਖ ਦੀ ਇਸ ਘੜੀ ਵਿਚ ਇਸ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਂਦੇ ਅਤੇ ਆਪਣੇ ਦੁੱਖ ਦਾ ਬੋਝ ਚੁੱਕਦੇ ਹੋਏ, ਲੋਕ-ਏਕਤਾ ਕਾਇਮ ਰੱਖਣੀ ਹੈ ਅਤੇ ਦ੍ਰਿੜ੍ਹਤਾ ਤੇ ਸੰਜਮ ਨਾਲ ਸੰਘਰਸ਼ ਦੀ ਮੰਜ਼ਿਲ ਵੱਲ ਕਦਮ ਵਧਾਉਣੇ ਹਨ। ਜ਼ੁਲਮ ਵਿਰੁੱਧ ਲਿਖੀ ਜਾ ਰਹੀ ਤਹਿਰੀਰ ਵਿਚ ਹਰ ਕਿਸੇ ਨੇ ਹਿੱਸਾ ਪਾਉਣਾ ਹੈ। ਕਿਸਾਨਾਂ ਦੇ ਨਾਲ ਨਾਲ ਇਹ ਸਾਡੇ ਸਾਰਿਆਂ ਲਈ ਅਜ਼ਮਾਇਸ਼ ਦੀ ਘੜੀ ਹੈ, ਇਹ ਸਾਡੇ ਇਮਤਿਹਾਨ ਦਾ ਵੇਲਾ ਹੈ। ਦੁੱਖ ’ਚੋਂ ਲੰਘਦਿਆਂ ਜੋ ਅਸਾਂ ਕਰਨਾ ਹੈ, ਉਹ ਸਾਡੇ ਸਾਹਮਣੇ ਹੈ :
ਯਾਦ ਮੋਇਆਂ ਨੂੰ ਕਰਨਾ ਹੈ
ਦੁੱਖ ਆਪਣਾ ਏਦਾਂ ਜਰਨਾ ਹੈ
ਯਾਦ ਦੀ ਚੰਡੀ ਚੰਡਣੀ ਹੈ
ਜੋ ਟੁੱਟੀ ਹੈ, ਉਹ ਗੰਢਣੀ ਹੈ
ਸਵਾਲ ਜਾਬਰ ਨੂੰ ਕਰਨਾ ਹੈ
ਦਰਿਆ ਅਗਨ ਦਾ ਤਰਨਾ ਹੈ
ਤੰਦ ਤਾਂਘ ਦੀ ਫੜਨੀ ਹੈ
ਇਹ ਜੰਗ ਅਸਾਂ ਨੇ ਲੜਨੀ ਹੈ
ਲੋਅ ਸ਼ਬਦ ਦੀ ਕਰਨੀ ਹੈ
ਨੀਂਹ ਵਿਸਾਹ ਦੀ ਧਰਨੀ ਹੈ।