ਨੌਜਵਾਨ ਸਿਆਸਤਦਾਨਾਂ ਲਈ ਅਜ਼ਮਾਇਸ਼ ਦਾ ਵੇਲਾ - ਅਵਿਜੀਤ ਪਾਠਕ

ਸੱਤਾ ਉਤੇ ਜਿਸ ਤਰੀਕੇ ਨਾਲ ਕਬਜ਼ਾ ਕੀਤਾ ਜਾਂਦਾ ਹੈ, ਜਿਵੇਂ ਸੱਤਾ ਦਾ ਪਸਾਰ ਹੁੰਦਾ ਹੈ ਤੇ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਸ ਸਭ ਕੁਝ ਦੀ ਘੋਖ ਕਰਨੀ ਅਤੇ ਨਾਲ ਹੀ ਜਿਸ ਤਰ੍ਹਾਂ ਪ੍ਰਚਲਿਤ ਸਿਆਸਤ ਉਸ ਸਮਾਜਿਕ-ਸੱਭਿਆਚਾਰਕ ਭੂ-ਦ੍ਰਿਸ਼ ਜਿਸ ਉਤੇ ਅਸੀਂ ਰਹਿੰਦੇ ਹਾਂ, ਦੇ ਸੁਭਾਅ ਨੂੰ ਪ੍ਰਗਟਾਉਂਦੀ ਹੈ, ਉਸ ਨੂੰ ਪ੍ਰਤੀਬਿੰਬਤ ਕਰਨਾ ਅਹਿਮ ਹੁੰਦਾ ਹੈ। ਇਸ ਲਈ ਜਦੋਂ ਕਨ੍ਹੱਈਆ ਕੁਮਾਰ ਅਤੇ ਜਿਗਨੇਸ਼ ਮੇਵਾਣੀ ਵਰਗੇ ਆਗੂ ਕਾਂਗਰਸ ਪਾਰਟੀ ਵਿਚ ਸ਼ਾਮਲ ਹੁੰਦੇ ਹਨ ਤਾਂ ਇਹ ਘਟਨਾ ਦਿਲਚਸਪੀ ਪੈਦਾ ਕਰਦੀ ਹੈ। ਖ਼ੈਰ, ਇਹ ਫ਼ੈਸਲਾ ਤਾਂ ਪੇਸ਼ੇਵਰ ਸਿਆਸੀ ਟਿੱਪਣੀਕਾਰਾਂ ਨੇ ਕਰਨਾ ਹੈ ਕਿ ਕੀ ਇਸ ਤਰੀਕੇ ਨਾਲ ਰਾਹੁਲ ਗਾਂਧੀ ਵੱਲੋਂ ਕਾਂਗਰਸ ਦਾ ਚਰਿੱਤਰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੀ ਉਹ ਨੌਜਵਾਨ/ਖੱਬੇਪੱਖੀ ਸੋਚ ਵਾਲੇ ਲੋਕਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਪਾਰਟੀ ਵਿਚ ਨਵੀਂ ਰੂਹ ਫੂਕਣਾ ਚਾਹੁੰਦਾ ਹੈ, ਜਾਂ ਫਿਰ ਕੀ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਆਪਣੇ ਕੇਂਦਰੀਕ੍ਰਿਤ ਰੰਗ-ਢੰਗ ਕਾਰਨ ਕਨ੍ਹੱਈਆ ਕੁਮਾਰ ਵਰਗੇ ਨੌਜਵਾਨ ਆਗੂ ਦੀ ਰਚਨਾਤਮਕਤਾ ਦਾ ਲਾਹਾ ਲੈਣ ਵਿਚ ਨਾਕਾਮ ਰਹੀ, ਜਾਂ ਫਿਰ ਕੀ ਇਹ ਨੌਜਵਾਨ ਆਗੂ ਹੀ ਸਿਆਸੀ ਸੱਤਾ ਦਾ ਸੁਆਦ ਚੱਖਣਾ ਚਾਹੁੰਦੇ ਹਨ ਅਤੇ ਉਹ ‘ਲਾਲਸਾ ਵੱਸ’ ਇਸ ਪਾਸੇ ਨੂੰ ਤੁਰੇ ਹਨ। ਇਸ ਦੇ ਬਾਵਜੂਦ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਦੇਖੇ ਜਾਣ ਦੀ ਲੋੜ ਹੈ, ਉਹ ਇਹ ਕਿ ਕੀ ਇਨ੍ਹਾਂ ਨੌਜਵਾਨਾਂ ਦੀ ਸੋਚ ਦੇਸ਼ ਵਿਚ ਜਾਰੀ ਸਿਆਸੀ ਸੱਭਿਆਚਾਰ ਦੇ ਚਰਿੱਤਰ ਵਿਚ ਕੋਈ ਮਿਆਰੀ ਤਬਦੀਲੀ ਕਰਨ ਦੇ ਸਮਰੱਥ ਹੈ ਜਾਂ ਨਹੀਂ।
      ਸ਼ੁਰੂਆਤ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇਸ ਨਾਲ ਸਬੰਧਤ ਅਸੰਤੁਸ਼ਟੀਆਂ-ਸ਼ਿਕਾਇਤਾਂ ਚੇਤੇ ਕਰਾਉਣੀਆਂ ਚਾਹੀਦੀਆਂ ਹਨ। ਪਹਿਲਾ, ਸਾਡੇ ਵਿਚੋਂ ਬਹੁਤੇ ਅੱਜ ਆਪਣੇ ਆਪ ’ਚ ਇਕ ਨਿੰਦਕ ਦੌਰ ਵਿਚ ਜੀਅ ਰਹੇ ਪਾਉਂਦੇ ਹਾਂ। ਜਦੋਂ ਤੁਸੀਂ ਮੁੱਖਧਾਰਾ ਸਿਆਸਤ (ਮੇਰਾ ਮਤਲਬ ਵੱਡੀਆਂ ਪਾਰਟੀਆਂ ਦੀ ਚੋਣ ਸਿਆਸਤ) ਨੂੰ ਇਖ਼ਲਾਕ ਦੇ ਮਾੜੇ-ਮੋਟੇ ਨਾਮੋ-ਨਿਸ਼ਾਨ ਤੋਂ ਵੀ ਵਾਂਝਾ ਦੇਖਦੇ ਹੋ ਤਾਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ? ਜਦੋਂ ਟੀਚਾ ਬਹੁਤ ਹੀ ਸਨਕੀ ਢੰਗ ਨਾਲ ਇੰਨਾ ਮਸ਼ੀਨੀ ਜਿਹਾ ਹੈ - ਪੁਰਾਣੀ ਹੰਕਾਰ ਭਰੀ ਲਾਲਸਾ, ਸੱਤਾ ਦੀ ਭੁੱਖ, ਕਿਸੇ ਵੀ ਕੀਮਤ ’ਤੇ ਚੋਣ ਜਿੱਤਣਾ - ਤਾਂ ਕੁਝ ਵੀ ਸੰਭਵ ਹੈ : ਜਿਵੇਂ, ਕੈਪਟਨ ਅਮਰਿੰਦਰ ਸਿੰਘ ਅਤੇ ਅਮਿਤ ਸ਼ਾਹ ਦਰਮਿਆਨ ‘ਦੋਸਤੀ’ ਦੇ ਸੰਕੇਤ, ਉੱਤਰ ਪ੍ਰਦੇਸ਼ ਵਿਚ ਯੋਗੀ ਅਦਿੱਤਿਆਨਾਥ ਦੀਆਂ ‘ਪ੍ਰਾਪਤੀਆਂ’ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੇ ਵੱਡੇ-ਵੱਡੇ ਬੋਰਡ ਜਾਂ ਬਸਪਾ ਮੁਖੀ ਮਾਇਆਵਤੀ ਵੱਲੋਂ ਖ਼ੁਦ ਨੂੰ ‘ਬ੍ਰਾਹਮਣ-ਦਲਿਤ ਗੱਠਜੋੜ’ ਦੇ ਰੱਖਿਅਕ ਵਜੋਂ ਪੇਸ਼ ਕਰਨਾ। ਇਹ ਇਕ ਤਰ੍ਹਾਂ ਮੌਕਾਪ੍ਰਸਤੀ ਦੇ ਸਿਧਾਂਤ ਨੂੰ ਆਮ ਦਸਤੂਰ ਬਣਾ ਦੇਣ ਵਾਲੀ ਗੱਲ ਹੈ। ਕੀ ਸਾਨੂੰ ਕਿਵੇਂ ਵੀ ਵਰਤਿਆ ਜਾ ਸਕਦਾ ਹੈ ? ਜਾਂ ਕੀ ਇੰਝ ਹੈ ਕਿ ਅਜਿਹੀ ਸਿਆਸਤ ਤੋਂ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਹੋ ਜਿਹੇ ਹਾਂ? ਜਾਂ ਇੰਝ ਕਿ ਆਪਣੀ ਰੋਜ਼ਾਨਾ ਸਮਾਜਿਕ ਜ਼ਿੰਦਗੀ ਵਿਚ ਤੁਸੀਂ ਤੇ ਮੈਂ ਵੀ ਬਹੁਤ ਜ਼ਿਆਦਾ ‘ਵਿਹਾਰਕ’, ਮੌਕਾਪ੍ਰਸਤ ਅਤੇ ਖ਼ਪਤਵਾਦੀ ਹੋ ਗਏ ਹਾਂ? ਕੀ ਅਜਿਹਾ ਹੈ ਕਿ ਅਸੀਂ ਵੀ ਇਨ੍ਹਾਂ ਸਿਆਸਤਦਾਨਾਂ ਵਰਗੇ ਹੀ ਬਣਨਾ ਚਾਹੁੰਦੇ ਹਾਂ - ਜ਼ਾਹਰਾ ਤੌਰ ’ਤੇ ‘ਤਾਕਤਵਰ’, ਸੁਰੱਖਿਆ ਗਾਰਡਾਂ ਦੇ ਪਹਿਰੇ ਹੇਠ ਵਿਚਰਦੇ ਹੋਏ ਤੇ ਚਾਪਲੂਸਾਂ ਦੀ ਭੀੜ ਵਿਚ ਘਿਰੇ ਹੋਏ?
       ਦੂਜਾ, ਮੌਜੂਦਾ ਮੁੱਖਧਾਰਾਈ ਸਿਆਸਤ ਦਾ ਇਕ ਅਹਿਮ ਪੱਖ ਇਹ ਹੈ - ਖ਼ਾਸਕਰ ਹਾਕਮ ਸਥਾਪਤੀ ਦੀ ਸਿਆਸਤ ਦਾ - ਕਿ ਇਹ ਸਿਰਫ਼ ਆਪਣੇ ਆਪ ਨੂੰ ਹੀ ਪਿਆਰ ਤੇ ਸਵੈ-ਪੂਜਾ ਕਰਨ ਉੱਤੇ ਆਧਾਰਿਤ ਹੈ। ਇਹ ਆਪਣੇ ਵਿਸ਼ਾਲ ਪ੍ਰਚਾਰ ਤੰਤਰ ਰਾਹੀਂ ਆਪਣੇ ਆਪ ਨੂੰ ਕਾਇਮ ਰੱਖਦੀ ਹੈ। ਇਸ ਦੌਰਾਨ ਸਿਖਰਲੇ ਆਗੂ ਦੇ ਸ਼ਾਨਦਾਰ ਤੇ ਨਾਟਕੀ ਕਾਰਗੁਜ਼ਾਰੀ ਵਾਲੇ ਅਕਸ ਦੇ ਕਦੇ ਵੀ ਖ਼ਤਮ ਨਾ ਹੋਣ ਵਾਲੇ ਪ੍ਰਚਾਰ ਦਾ ਪਸਾਰ ਕੀਤਾ ਜਾਂਦਾ ਹੈ ਅਤੇ ਇਸ ਤੋਂ ਵੀ ਵੱਧ ਇਹ ਵਿਸ਼ਵਾਸ ਪੱਕਾ ਕੀਤਾ ਜਾਂਦਾ ਹੈ ਕਿ ਇਹ ਆਗੂ, ਤੁਹਾਡਾ ਤੇ ਮੇਰਾ ਨੁਮਾਇੰਦਾ ਹੋਣ ਤੋਂ ਵੀ ਕਿਤੇ ਵੱਧ ਲਾਜ਼ਮੀ ਤੌਰ ’ਤੇ ਇਕ ਮਸੀਹਾ ਹੈ, ਜਿਸ ਨੂੰ ਕੋਈ ਵੀ ਸਵਾਲ ਨਹੀਂ ਕੀਤਾ ਜਾ ਸਕਦਾ। ਇਸ ਸਵੈ-ਪੂਜਾ ਦੇ ਪੰਥ, ਰਾਸ਼ਟਰਵਾਦ ਪ੍ਰਤੀ ਜਨੂੰਨ ਅਤੇ ਇਸ਼ਤਿਹਾਰਬਾਜ਼ੀ ਦੇ ਨਵ-ਉਦਾਰਵਾਦੀ ਸਿਧਾਂਤ ਅਤੇ ਇੱਥੋਂ ਤੱਕ ਕਿ ਸਿਆਸਤ ਨੂੰ ਵੀ ਇਕ ਖ਼ਪਤ ਕੀਤੇ ਜਾਣ ਵਾਲੇ ਉਤਪਾਦ ਵਾਂਗ ਵੇਚੇ ਜਾਣ ਦੇ ਅਮਲ ਨੇ ਇਕ ਅਜਿਹਾ ਸੱਭਿਆਚਾਰ ਪੈਦਾ ਕਰ ਦਿੱਤਾ ਹੈ, ਜਿਹੜਾ ਸਾਡੀ ਨਜ਼ਰ ਨੂੰ ਹੀ ਧੁੰਦਲੀ ਕਰ ਦਿੰਦਾ ਹੈ। ਹਿੰਦੂ-ਮੁਸਲਿਮ ਦੀ ਇਸ ਬਣਾਈ ਜਾ ਰਹੀ ਬਣਤ ਦੌਰਾਨ ਅਸੀਂ ਇਹ ਦੇਖਣ ਤੇ ਸਮਝਣ ਵਿਚ ਨਾਕਾਮ ਰਹੇ ਹਾਂ ਕਿ ਕਿਵੇਂ ਨਵ-ਉਦਾਰਵਾਦੀ ਕਾਰਪੋਰੇਟ ਸਰਮਾਏਦਾਰੀ ਅਤੇ ਅਤਿਵਾਦੀ ਰਾਸ਼ਟਰਵਾਦ ਦਾ ਨਾਪਾਕ ਗੱਠਜੋੜ ਸਾਨੂੰ ਕਮਜ਼ੋਰ ਕਰ ਰਿਹਾ ਹੈ, ਨਾਲ ਹੀ ਇਹ ਸਮਾਜਿਕ-ਆਰਥਿਕ ਨਾਬਰਾਬਰੀਆਂ ਨੂੰ ਵਧਾਉਂਦਾ ਅਤੇ ਤਕਨੀਕੀ-ਕਾਰਪੋਰੇਟ ਚਸ਼ਮੇ ਦੀ ਚਮਕ ਵਿਚ ਵਿਕਾਸ ਨੂੰ ਘਟਾਉਂਦਾ ਹੈ, ਫਿਰ ਇਹ ਭਾਵੇਂ ਸੈਂਟਰਲ ਵਿਸਟਾ ਪ੍ਰਾਜੈਕਟ ਹੋਵੇ ਜਾਂ ਦਿੱਲੀ-ਮੁੰਬਈ ਐਕਸਪ੍ਰੈਸਵੇਅ।
      ਤੀਜਾ, ਜਾਪਦਾ ਹੈ ਕਿ ਅਸੀਂ ਆਪਣੇ ਆਪ ਨੂੰ ਮੁੜ-ਪ੍ਰੀਭਾਸ਼ਿਤ ਕਰਨ ਅਤੇ ਨਾਲ ਹੀ ਜਾਤ ਤੇ ਧਰਮ ਵਰਗੀਆਂ ਸੀਮਤ ਪਛਾਣਾਂ ਤੋਂ ਪਾਰ ਦੇਖ ਪਾਉਣ ਦੇ ਅਸਮਰੱਥ ਹੋ ਗਏ ਹਾਂ। ਅਸੀਂ ਲਗਾਤਾਰ ਆਪਣੇ ਆਪ ਨੂੰ ਅਤੇ ਨਾਲ ਹੀ ਆਪਣੇ ਸਿਆਸਤਦਾਨਾਂ ਨੂੰ ਵੀ ਜਾਤ ਦੇ ਚਸ਼ਮੇ ਰਾਹੀਂ ਦੇਖਦੇ ਆ ਰਹੇ ਹਾਂ - ਕਿ ਉਹ ਦਲਿਤ, ਉਹ ਯਾਦਵ, ਜੱਟ, ਬ੍ਰਾਹਮਣ, ਮੁਸਲਿਮ ਅਤੇ ਸਿੱਖ ਆਦਿ ਵੱਖੋ-ਵੱਖ ਧਰਮਾਂ ਤੇ ਜਾਤਾਂ ਨਾਲ ਸਬੰਧਤ ਹੈ। ਪ੍ਰਚਲਿਤ ਸਿਆਸਤ ਇਹ ਚਾਹੁੰਦੀ ਹੀ ਨਹੀਂ ਕਿ ਅਸੀਂ ਇਨ੍ਹਾਂ ਪਛਾਣ ਨਿਸ਼ਾਨਾਂ ਤੋਂ ਉਰੇ-ਪਰ੍ਹੇ ਦੇਖੀਏ ਅਤੇ ਆਪਣੇ ਆਪੇ ਨੂੰ ਬਰਾਬਰੀ, ਭਾਈਚਾਰੇ, ਨਿਆਂ, ਇਮਾਨਦਾਰੀ ਅਤੇ ਸਹਿ-ਹੋਂਦ ਆਧਾਰਿਤ ਸਾਂਝੇ ਇਨਸਾਨੀ ਸਰੋਕਾਰਾਂ ਦੇ ਵਾਤਾਵਰਨ ਰਾਹੀਂ ਮੁੜ-ਪ੍ਰੀਭਾਸ਼ਿਤ ਕਰੀਏ। ਇਸ ਲਈ ਇਕ ਕੱਟੜ ਅੰਬੇਡਕਰਵਾਦੀ ਯਕੀਨਨ ਕਨ੍ਹੱਈਆ ਕੁਮਾਰ ਨੂੰ ਹੋਰ ਕੁਝ ਨਹੀਂ ਬਸ ‘ਇਕ ਉੱਚੀ ਜਾਤ ਦੇ ਭੂਮੀਹਾਰ’ ਵਜੋਂ ਹੀ ਦੇਖਦਾ ਰਹੇਗਾ, ਇਸੇ ਤਰ੍ਹਾਂ ਸਾਨੂੰ ਚਰਨਜੀਤ ਸਿੰਘ ਚੰਨੀ ਦੇ ਰੂਪ ਵਿਚ ਇਕ ਅਖੌਤੀ ‘ਦਲਿਤ’ ਮੁੱਖ ਮੰਤਰੀ ਨੂੰ ਦੇਖਣ ਲਈ ਕਿਹਾ ਜਾਵੇਗਾ, ਅਤੇ ਸਾਡੇ ਦਰਮਿਆਨ ਅਜਿਹੇ ਬੁੱਧੀਜੀਵੀ ਵੀ ਹਨ, ਜਿਹੜੇ ਮਹਾਤਮਾ ਗਾਂਧੀ ਦੀ ਸਿਰਫ਼ ‘ਜਾਤ’ ਦੇਖਦੇ ਹਨ, ਉਨ੍ਹਾਂ ਦੇ ਸੱਚ ਦੇ ਤਜਰਬੇ ਨਹੀਂ। ਖ਼ੈਰ, ਜਾਤ ਆਧਾਰਿਤ ਊਚ-ਨੀਚ ਹਾਲੇ ਵੀ ਕਾਇਮ ਹੈ, ਪਰ ਇਸ ਨੂੰ ਖ਼ਤਮ ਕਰਨ ਵਾਲੀ ਸਿਆਸਤ ਦਾ ਕੰਮ ਇਸ ਨੂੰ ਹੋਰ ਹੁਲਾਰਾ ਦੇਣਾ ਜਾਂ ਇਸ ਨੂੰ ਮੁੜ ਤੋਂ ਪੇਸ਼ ਕਰਨਾ ਨਹੀਂ ਹੈ ਸਗੋਂ ਉਸ ਦਾ ਕੰਮ ਲੋਕਾਂ ਨੂੰ ਇਸ ਜ਼ਹਿਰੀਲੀ ਚੇਤਨਾ ਤੋਂ ਆਜ਼ਾਦ ਕਰਨਾ ਹੈ। ਸਾਨੂੰ ਕਦੋਂ ਇਹ ਅਹਿਸਾਸ ਹੋਵੇਗਾ ਕਿ ਜਾਤ ਆਧਾਰਿਤ ਊਚ-ਨੀਚ ਨਾਲ ਜਾਤ ਦੇ ਤਰਕ ਰਾਹੀਂ ਨਾ ਤਾਂ ਲੜਿਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ ?
          ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਹਾਲੀਆ ਸਮੇਂ ਦੌਰਾਨ, ਸਾਡੇ ਕੁਝ ਨੌਜਵਾਨ ਆਗੂਆਂ - ਜਿਹੜੇ ਯੂਨੀਵਰਸਿਟੀਆਂ ਵਿਚ ਪੜ੍ਹੇ ਹਨ, ਸਿਆਸੀ ਫਿਲਾਸਫੀਆਂ ਵਿਚ ਮਾਹਿਰ ਹਨ ਅਤੇ ਉਤਸ਼ਾਹੀ ਆਦਰਸ਼ਵਾਦ ਨਾਲ ਗੜੁੱਚ ਹਨ - ਨੇ ਗ਼ੈਰਮਾਮੂਲੀ ਦਲੇਰੀ ਦਾ ਮੁਜ਼ਾਹਰਾ ਕੀਤਾ ਹੈ। ਉਨ੍ਹਾਂ ਜੱਦੋਜਹਿਦ ਕੀਤੀ, ਆਪਣੀ ਵਿਰੋਧ ਤੇ ਅਸੰਤੁਸ਼ਟੀ ਦੀ ਆਵਾਜ਼ ਉਠਾਈ ਅਤੇ ਨਾਲ ਹੀ ਅਜਿਹੀ ਸਿਆਸਤ ਖ਼ਿਲਾਫ਼ ਲੜਾਈ ਲੜੀ, ਜਿਹੜੀ ਲੋਕਾਂ ਵਿਚ ਫੁੱਟ ਪਾਉਂਦੀ ਹੈ, ਉਨ੍ਹਾਂ ’ਚ ਨਫ਼ਰਤ ਪੈਦਾ ਕਰਦੀ ਹੈ ਤੇ ਉਨ੍ਹਾਂ ਦੀ ਸੋਚ ਦਾ ਫ਼ਿਰਕੂਕਰਨ ਕਰਦੀ ਹੈ ਅਤੇ ਭਾਰਤ ਦੇ ਵਿਚਾਰ ਨੂੰ ਵਿਗਾੜਦੀ ਹੈ। ਤਾਕਤਵਰ ਸਟੇਟ/ਰਿਆਸਤ ਦਾ ਕੋਈ ਵੀ ਸੰਵਾਦ ਨਾ ਕਰਨ ਵਾਲਾ ਚਰਿੱਤਰ, ਦੇਸ਼ਧਰੋਹ ਦੇ ਮੁਕੱਦਮਿਆਂ ਦੀ ਮਹਾਂਮਾਰੀ ਅਤੇ ਹਰ ਤਰ੍ਹਾਂ ਦੇ ਡਰਾਵੇ ਤੇ ਧਮਕਾਵੇ ਹਾਲੇ ਤੱਕ ਉਨ੍ਹਾਂ ਨੂੰ ਇਸ ਸਰਬ-ਸੱਤਾਵਾਦ ਦੇ ਵਿਰੋਧ ਵਾਲੀ ਸਿਆਸਤ ਦੇ ਰੋਹ ਤੋਂ ਥਿੜਕਾਉਣ ਵਿਚ ਨਾਕਾਮ ਰਹੇ ਹਨ। ਇਕ ਤਰ੍ਹਾਂ ਕਨ੍ਹੱਈਆ ਕੁਮਾਰ ਅਤੇ ਜਿਗਨੇਸ਼ ਮੇਵਾਣੀ ਵਰਗੇ ਆਗੂ ਇਸੇ ਸਿਆਸੀ-ਸੱਭਿਆਚਾਰਕ ਤਲਾਸ਼ ਵਿਚੋਂ ਹੀ ਉਭਰੇ ਹਨ। ਉਨ੍ਹਾਂ ਦੀ ਬੌਧਿਕ ਸਪਸ਼ਟਤਾ ਅਤੇ ਆਮ ਲੋਕਾਂ ਨਾਲ ਜੁੜਨ ਦੀ ਉਨ੍ਹਾਂ ਦੀ ਸਮਰੱਥਾ ਉਨ੍ਹਾਂ ਨੂੰ ਸਿਆਸਤਦਾਨਾਂ ਦੀ ਉਸ ਕਿਸਮ, ਜਿਹੜੀ ਅਸੀਂ ਆਮ ਦੇਖਦੇ ਹਾਂ, ਨਾਲੋਂ ਤਾਜ਼ਗੀ ਭਰਪੂਰ ਢੰਗ ਨਾਲ ਵੱਖ ਕਰਦੀ ਹੈ। ਇੰਝ ਉਹ ਇਕ ਤਰ੍ਹਾਂ ਨੌਜਵਾਨਾਂ ਦੀ ਭਾਵਨਾ ਦਾ ਹੀ ਫੈਲਾਅ ਕਰਦੇ ਹਨ – ਜਿਹੜੀ ਭਾਵਨਾ ਜਾਤ/ਜਮਾਤ/ਲਿੰਗ ਆਧਾਰਤ ਊਚ-ਨੀਚ ਤੋਂ ਮੁਕਤ ਨਵੇਂ ਸੰਸਾਰ ਦੇ ਸੁਪਨੇ ਦੇਖਦੀ ਹੈ। ਸੰਭਵ ਹੈ ਕਿ ਵੱਖੋ-ਵੱਖ ਵੰਨ-ਸੁਵੰਨੇ ਆਦਰਸ਼ਾਂ - ਗਾਂਧੀ, ਅੰਬੇਡਕਰ, ਮਾਰਕਸ ਅਤੇ ਭਗਤ ਸਿੰਘ - ਨੇ ਹੀ ਸੰਸਾਰ ਨੂੰ ਦੇਖਣ ਦੇ ਉਨ੍ਹਾਂ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਹੋਵੇ।
         ਇਸ ਦੇ ਨਾਲ ਹੀ ਉਨ੍ਹਾਂ ਦੋ ਲਾਲਸਾਵਾਂ ਬਾਰੇ ਜਾਗਰੂਕ ਰਹਿਣਾ ਵੀ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦਾ ਇਨ੍ਹਾਂ ਨੌਜਵਾਨ ਸਿਆਸਤਦਾਨਾਂ ਨੂੰ ਸਾਹਮਣਾ ਤੇ ਟਾਕਰਾ ਕਰਨਾ ਹੋਵੇਗਾ। ਸਭ ਤੋਂ ਪਹਿਲਾਂ, ਉਸ ਦੌਰ ਵਿੱਚ ਜਦੋਂ ਮੀਡੀਆ ਦੀ ਸਰਬ-ਵਿਆਪੀ ਮੌਜੂਦਗੀ ਕਿਸੇ ਨੂੰ ਵੀ ‘ਸਟਾਰ’ ਜਾਂ ‘ਸਿਲੈਬ੍ਰਿਟੀ’ (ਮਸ਼ਹੂਰ ਹਸਤੀ) ਬਣਾ ਸਕਦੀ ਹੈ, ਦੌਰਾਨ ਜ਼ਰੂਰੀ ਹੈ ਕਿ ਉਹ ਲਗਾਤਾਰ ਨਿਮਰਤਾ ਨਾਲ ਤੇ ਚੁੱਪ-ਚਾਪ ਕੰਮ ਕਰਦੇ ਰਹਿਣ ਦੀ ਭਾਵਨਾ ਆਪਣੇ ਆਪ ’ਚ ਜਗਾਈ ਰੱਖਣ ਅਤੇ ਰਾਤੋ-ਰਾਤ ਸਿਤਾਰੇ ਬਣਨ ਤੇ ਸਫਲਤਾ ਹਾਸਲ ਕਰਨ ਦੀ ਲਾਲਸਾ ਨੂੰ ਨੇੜੇ ਨਾ ਢੁੱਕਣ ਦੇਣ। ਦੂਜਾ, ਭਾਰੀ ਲਾਲਸਾਵਾਂ ਦੀਆਂ ਲਹਿਰਾਂ ਦੇ ਜਾਲ ਵਿਚ ਫਸਣ ਤੋਂ ਬਚੇ ਰਹਿਣਾ ਆਸਾਨ ਨਹੀਂ ਹੈ, ਅਤੇ ਜਿਵੇਂ ਇਤਿਹਾਸ ਗਵਾਹ ਹੈ, ਇਸ ਨੇ ਤਾਂ ਸੰਤਾਂ ਅਤੇ ਇਨਕਲਾਬੀਆਂ ਨੂੰ ਵੀ ਆਪਣੀ ਖਿੱਚ ਵਿਚ ਫਸਾ ਲਿਆ ਸੀ। ਇਸ ਸੂਰਤ ਵਿਚ ਇਹ ਦੇਖਣਾ ਹੋਵੇਗਾ ਕਿ ਕੀ ਇਹ ਨੌਜਵਾਨ ਇਸ ਅਹਿਮ ਅਜ਼ਮਾਇਸ਼ ਵਿਚੋਂ ਜੇਤੂ ਹੋ ਕੇ ਨਿਕਲਦੇ ਹਨ ਜਾਂ ਨਹੀਂ।
* ਲੇਖਕ ਸਮਾਜ ਸ਼ਾਸਤਰੀ ਹੈ।