ਪਲੀਤ ਭਗਵਾਨ - ਰਵਿੰਦਰ ਸਿੰਘ ਕੁੰਦਰਾ

ਹਾਹਾਕਾਰ ਹੈ  ਸ਼ਹਿਰ ਦੇ  ਅੰਦਰ।
ਪਲੀਤ ਹੋ ਗਿਆ ਰੱਬ ਦਾ ਮੰਦਰ।

ਕਰਤੂਤ ਹੈ ਕਿਸੇ ਨੀਚ ਬਾਲਕ ਦੀ,
ਪੈਦਾ ਕੀਤਾ ਜਿਸ ਨੇ ਇਹ ਮੰਜ਼ਰ।

ਜ਼ਿਦ ਕਰ ਬੈਠਾ ਆਕੀ  ਹੋ ਗਿਆ,
ਰੱਬ ਦੇ ਪਿਆਰ ਦੀ ਮਹਿਮਾ ਅੰਦਰ।

ਮਿਲਣਾ   ਚਾਹੇ   ਚੁੰਮਣਾ  ਚਾਹੇ,
ਜੋ  ਵਸਦਾ ਹੈ ਹਰ  ਦਿਲ ਅੰਦਰ।

ਸੋਹਣਾ ਪਿਆਰਾ ਬੁੱਤ ਇਹ ਰੱਬ ਦਾ,
ਪੈਦਾ ਹੋਇਆ ਉਸਦੇ ਘਰ ਅੰਦਰ।

ਉਦੋਂ  ਇਹ  ਰੱਬ  ਇੱਕ  ਪੱਥਰ  ਸੀ,
ਅਣਘੜਤ  ਕਿਸੇ ਸਿਲ ਦੇ ਅੰਦਰ।

ਉਸ ਦੇ ਬਾਪ ਨੇ ਘੜ ਘੜ ਇਸ ਨੂੰ,
ਰੱਬ ਬਣਾਇਆ ਆਪਣੇ ਘਰ ਅੰਦਰ।

ਬਾਲਕ  ਦੀਆਂ  ਅੱਖਾਂ  ਦੇ  ਸਾਹਮੇਂ,
ਵਰਤਿਆ ਸੀ ਇਹ ਅਜਬ ਅਡੰਬਰ।

ਪੱਥਰ  ਤੋਂ  ਭਗਵਾਨ  ਦਾ  ਰੁਤਬਾ,
ਸਾਕਾਰ ਹੋਇਆ ਉਸ ਦੇ ਘਰ ਅੰਦਰ।

ਚਰਮ ਸੀਮਾਂ ਤੱਕ ਪਹੁੰਚ ਗਿਆ ਸੀ,
ਰੱਬ ਨਾਲ ਪਿਆਰ ਵੀ ਉਸ ਦੇ ਅੰਦਰ।

ਅਚਾਨਕ ਰੱਬ ਫਿਰ ਗਾਇਬ ਹੋ ਕੇ,
ਪਰਗਟ ਹੋ ਗਿਆ ਮੰਦਰ ਅੰਦਰ।

ਬਹਿਬਲ ਹੋ ਕੇ ਬਾਲਕ ਤੜਪਿਆ,
ਹੰਝੂਆਂ ਦਾ ਵਗ  ਗਿਆ ਸਮੁੰਦਰ।

ਸ਼ਾਂਤ  ਬਾਪ  ਵੀ  ਕਰ  ਨਾ ਸਕਿਆ,
ਉਬਲਦਾ  ਲਾਵਾ  ਬਾਲਕ  ਅੰਦਰ।

ਬਾਪ ਨੇ ਬਾਲਕ  ਨੂੰ  ਸਮਝਾਇਆ,
ਹੁਣ ਉਹ ਵਸਦਾ ਹੈ ਮੰਦਰ ਅੰਦਰ।

ਹੁਣ ਉਹ ਸਾਡਾ ਕੁੱਝ ਨਹੀਂ ਲੱਗਦਾ,
ਉਸਦਾ ਸਾਡਾ ਹੁਣ ਬਹੁਤ ਹੈ ਅੰਤਰ।

ਪਰ ਨਾਦਾਨ  ਸਮਝ  ਨਾ  ਸਕਿਆ,
ਅਜੀਬ  ਜਿਹਾ  ਇਹ  ਕੋਝਾ ਅੰਤਰ।

ਅੱਖ ਬਚਾ ਕੇ ਬਾਲਕ ਇੱਕ ਦਿਨ,
ਜਾ ਵੜਿਆ ਉਸ ਮੰਦਰ ਅੰਦਰ।

ਰੋ  ਰੋ  ਰੱਬ  ਨੂੰ  ਜੱਫੀਆਂ  ਪਾਈਆਂ,
ਸ਼ਾਂਤ ਕਰਨ ਲਈ ਆਪਣਾ ਅੰਦਰ।

ਹੁਣ  ਉਹ  ਉਸ ਦਾ ਰੱਬ ਨਹੀਂ ਸੀ,
ਊਚਾਂ  ਦਾ  ਉਹ  ਕਲਾ  ਕਲੰਦਰ।

ਲਾਲ  ਪੀਲਾ  ਹੋ ਗਿਆ  ਪੁਜਾਰੀ,
ਦੇਖ ਕੇ ਸਾਰਾ ਅਜੀਬ ਇਹ ਮੰਜ਼ਰ।

ਹਾਹਾਕਾਰ   ਮਚਾਈ   ਉਸ   ਨੇ,
ਚੁੱਕ ਲਿਆ ਸਿਰ 'ਤੇ ਸਾਰਾ ਮੰਦਰ।

ਹਾਇ ਓਏ ਨੀਚ ਪਲੀਤ ਕਰ ਗਿਆ,
ਪਾਕ ਪਵਿੱਤਰ ਸਾਡਾ ਇਹ ਮੰਦਰ।

ਕੱਢੋ  ਨੀਚਾਂ   ਨੂੰ  ਸ਼ਹਿਰ  ਤੋਂ,
ਜਾਂ ਕਰ ਦੇਵੋ ਸਭ ਨੂੰ ਅੰਦਰ।

ਕਰੋ ਜੁਰਮਾਨਾ ਜਾਂ ਲਾ ਦਿਓ ਫਾਹੇ,
ਕਰੋ ਸਭ  ਮਿੰਟ  ਸਕਿੰਟਾਂ  ਅੰਦਰ।

ਫਰਮਾਨ ਹੋਇਆ ਫੇਰ ਉਪਰੋਂ ਜਾ ਕੇ,
ਮਹਾਂ  ਯੱਗ  ਕਰੋ  ਵਿੱਚ  ਮੰਦਰ।

ਸੱਖਤ ਸਰਕਾਰੀ ਪਹਿਰਾ ਲਾ ਦਿਓ,
ਵੜੇ ਕੋਈ ਨੀਚ ਨਾ ਮੰਦਰ ਅੰਦਰ।

ਹੋਵੇ  ਨਾ  ਫਿਰ  ਮੁੜ  ਇਹ  ਕਾਰਾ,
ਪਿੱਟ ਦਿਓ ਡੌਂਡੀ ਸ਼ਹਿਰ ਦੇ ਅੰਦਰ।

ਹਾਹਾਕਾਰ ਹੈ  ਸ਼ਹਿਰ  ਦੇ ਅੰਦਰ,
ਪਲੀਤ ਹੋ ਗਿਆ ਰੱਬ ਦਾ ਮੰਦਰ।

ਰਵਿੰਦਰ ਸਿੰਘ ਕੁੰਦਰਾ