ਅਫ਼ਗ਼ਾਨਿਸਤਾਨ ’ਚ ਅਮਰੀਕਾ ਦੀ ਨਾਕਾਮੀ ਦੇ ਮਾਅਨੇ  - ਅਭੀਜੀਤ ਭੱਟਾਚਾਰੀਆ

ਆਸਟਰੀਆ ਦੇ ਚਾਂਸਲਰ ਮੈਟਰਨਿਕ ਨੇ ਉੱਨੀਵੀਂ ਸਦੀ ’ਚ ਯੂਰਪ ਦੇ ਧੁਰ ਅੰਦਰ ਨਿਰੰਕੁਸ਼ ਹੈਬਸਬਰਗ ਅਰਧ ਸੁਤੰਤਰ ਰਾਜ ਦੀ ਰਾਖੀ ਦੀ ਆਪਣੀ ਬਦਨਾਮ ਮਹਾ ਯੋਜਨਾ ਦਾ ਖ਼ਾਕਾ ਉਲੀਕਦਿਆਂ ਕਿਹਾ ਸੀ ‘‘ਜਦੋਂ ਫਰਾਂਸ ਨੂੰ ਠੰਢ ਲੱਗਦੀ ਹੈ ਤਾਂ ਬਾਕੀ ਯੂਰਪ ਨੂੰ ਜ਼ੁਕਾਮ ਹੋ ਜਾਂਦਾ ਹੈ।’’ ਇੱਕੀਵੀਂ ਸਦੀ ਦੇ ਏਸ਼ੀਆ ਵਿਚ ਇਸ ਨਾਕਾਮ ਯੋਜਨਾ ਨੂੰ ਅਮਲ ’ਚ ਲਿਆਉਣ ਦੀ ਇਹ ਕਿਹੋ ਜਿਹੀ ਬੱਜਰ ਮਿਸਾਲ ਹੈ ਜਦੋਂ ਡਾਲਰ ਦੀ ਧਾਂਕ ਨੂੰ ਬਚਾਉਣ ਅਤੇ ‘ਦਹਿਸ਼ਤਵਾਦ ਖਿਲਾਫ਼ ਲੜਾਈ’ (ਜਿਸ ਉਪਰ 21 ਖਰਬ ਡਾਲਰ ਤੇ 20 ਸਾਲ ਖਪਾ ਦਿੱਤੇ ਗਏ) ਦੇ ਨਾਂ ’ਤੇ ਅਫ਼ਗ਼ਾਨਿਸਤਾਨ ਵਿਚ ਲੋਕਤੰਤਰ ਥੋਪਣ ਦੀ ਕੋਸ਼ਿਸ਼ ਵਿਚ ਅਮਰੀਕਾ ਨੇ ਆਪਣੇ ਆਪ ਨੂੰ ਆਸਟਰੀਆ ਜਿਹੀ ਸਥਿਤੀ ਵਿਚ ਲੈ ਗਿਆ ਹੈ।
        ਜੇ ਉੱਨੀਵੀਂ ਸਦੀ ਦੀ ਸਥਿਤੀ ਦਾ ਅੱਜ ਅੰਦਾਜ਼ਾ ਲਾਇਆ ਜਾਵੇ ਤਾਂ ਇਹ ਕੁਝ ਇਸ ਤਰ੍ਹਾਂ ਨਜ਼ਰ ਆਵੇਗੀ : ਜਦੋਂ ਅਫ਼ਗ਼ਾਨਿਸਤਾਨ ਨੂੰ ਨਿੱਛ ਆਉਂਦੀ ਹੈ ਤਾਂ ਅਮਰੀਕਾ ਦੀ ਅਗਵਾਈ ਵਾਲੇ ਪੱਛਮ ਨੂੰ ਜ਼ੁਕਾਮ ਹੋ ਜਾਂਦਾ ਹੈ। ਕੀ ਅਮਰੀਕਾ ਦੇ ਸਭ ਤੋਂ ਸੀਨੀਅਰ ਜਨਰਲ ਮਾਰਕ ਮਾਇਲੀ ਨੇ ਜਨਤਕ ਤੌਰ ’ਤੇ ਇਹ ਪ੍ਰਵਾਨ ਨਹੀਂ ਕੀਤਾ ਕਿ ਅਮਰੀਕਾ ਨੂੰ 20 ਸਾਲ ਲੰਮੀ ਇਸ ਲੜਾਈ ਵਿਚ ਲੱਕ ਤੋੜਵੀਂ ਹਾਰ ਦਾ ਮੂੰਹ ਦੇਖਣਾ ਪਿਆ ਹੈ? ‘‘ਇਹ ਗੱਲ ਸਾਫ਼ ਹੈ... ਅਫ਼ਗ਼ਾਨਿਸਤਾਨ ਵਿਚ ਲੜਾਈ ਉਸ ਤਰੀਕੇ ਨਾਲ ਖ਼ਤਮ ਨਹੀਂ ਹੋਈ ਜਿਵੇਂ ਅਸੀਂ ਚਾਹੁੰਦੇ ਸਾਂ, ਨਾਲ ਹੀ ਤਾਲਿਬਾਨ ਕਾਬੁਲ ਦੀ ਸੱਤਾ ’ਚ ਆ ਗਏ। ਇਹ ਇਕ ਰਣਨੀਤਕ ਨਾਕਾਮੀ ਹੈ।’’
     ਇਸ ਸਿਰਮੌਰ ਫ਼ੌਜੀ ਕਮਾਂਡਰ ਨੇ ਪਿਛਲੇ ਮਹੀਨੇ ਅਮਰੀਕੀ ਕਾਨੂੰਨਸਾਜ਼ਾਂ ਸਨਮੁੱਖ ਤਾਲਿਬਾਨ ਦੇ ਹੱਥੋਂ ਮਹਾਸ਼ਕਤੀ ਦੀ ਬੇਮਿਸਾਲ ਹਾਰ ਦਾ ਹੈਰਤਅੰਗੇਜ਼ ਇਕਬਾਲ ਕੀਤਾ ਸੀ ਜਿਸ ਤੋਂ ਰਾਸ਼ਟਰਪਤੀ ਅਮਰੀਕੀ ਰਾਸ਼ਟਰਪਤੀ ਬਾਇਡਨ ਵੱਲੋਂ ਲੰਘੀ 8 ਜੁਲਾਈ ਨੂੰ ਦਿੱਤਾ ਭਰੋਸਾ ਹੁਣ ਮਜ਼ਾਕ ਨਜ਼ਰ ਆਉਂਦਾ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ : ਅਫ਼ਗ਼ਾਨ ਫ਼ੌਜ ਵਿਚ ਚੰਗੀ ਤਰ੍ਹਾਂ ਹਥਿਆਰਾਂ ਨਾਲ ਲੈਸ ਦਸਤੇ ਹਨ... ਤਾਲਿਬਾਨ ਦੇ ਸਮੁੱਚੇ ਦੇਸ਼ ’ਤੇ ਕਾਬਜ਼ ਹੋਣ ਦੇ ਆਸਾਰ ਬਹੁਤ ਹੀ ਘੱਟ ਜਾਪਦੇ ਹਨ।’’ ਉਦੋਂ ਜਦੋਂ ਤਾਲਿਬਾਨ ਕਾਬੁਲ ਫ਼ਤਹਿ ਕਰਨ ਤੋਂ ਮਹਿਜ਼ ਛੇ ਕੁ ਦਿਨ ਦੂਰ ਸਨ ਤਦ ਨੌਂ ਅਗਸਤ ਤੱਕ ਵੀ ਪੈਂਟਾਗਨ ਨੂੰ ਸੱਪ ਸੁੰਘ ਗਿਆ ਸੀ। ਅਮਰੀਕੀ ਰੱਖਿਆ ਮੰਤਰੀ ਨੂੰ ਵੀ ਇਹੋ ਯਕੀਨ ਸੀ ਕਿ ‘‘ਅਫ਼ਗ਼ਾਨ ਫ਼ੌਜ ਕੋਲ ਅਜਿਹੀ ਸਮੱਰਥਾ ਤੇ ਸ਼ਕਤੀ ਹੈ ਜਿਸ ਨਾਲ ਤਾਲਿਬਾਨ ਖਿਲਾਫ਼ ਰਣ ਖੇਤਰ ਦਾ ਪਾਸਾ ਪਲਟ ਸਕਦਾ ਹੈ।’’ ਜਦੋਂ ਕਾਬੁਲ ’ਤੇ ਤਾਲਿਬਾਨ ਕਾਬਜ਼ ਹੋ ਗਏ ਤਾਂ ਅਮਰੀਕੀ ਫ਼ੌਜ ਨੂੰ ਭਾਜੜਾਂ ਪੈ ਗਈਆਂ ਅਤੇ ਅਫ਼ਗ਼ਾਨ ਨੈਸ਼ਨਲ ਆਰਮੀ ਨੇ ਬਿਨਾਂ ਲੜੇ ਆਤਮ ਸਮਰਪਣ ਕਰ ਦਿੱਤਾ ਤੇ ਇੰਝ ਸਭ ਦੇ ਸਾਹਮਣੇ ਦੁਨੀਆ ਦੀ ਇਕਲੌਤੀ ਮਹਾਸ਼ਕਤੀ ਦੀ ਸਭ ਤੋਂ ਮਹਾਨ ਫ਼ੌਜ ਦੇ ਅਪਮਾਨ ਦੀ ਇਬਾਰਤ ਲਿਖੀ ਗਈ। ਹਾਲਾਂਕਿ ਚਾਰੋਂ ਖਾਨੇ ਚਿੱਤ ਹੋਇਆ ਅਮਰੀਕਾ ਆਪਣੀ ਸ਼ਰਮਨਾਕ ਹਾਰ ਦਾ ਠੀਕਰਾ ਇਕ ‘ਟੁੱਟੇ ਭੱਜੇ ਰਾਜਪ੍ਰਬੰਧ’ ਅਤੇ ਅਫ਼ਗ਼ਾਨ ਫ਼ੌਜ ਦੇ ‘ਕਾਇਰ ਫ਼ੌਜੀਆਂ’ ਸਿਰ ਭੰਨ੍ਹ ਰਿਹਾ ਸੀ।
       ਅਮਰੀਕਾ ਦਾ ਇਹ ਤਰਕ ਕਿ ਘਟਨਾਵਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਕਿ ਉਹ ਇਨ੍ਹਾਂ ਦਾ ਅੰਦਾਜ਼ਾ ਹੀ ਨਾ ਲਾ ਸਕੇ, ਕਿੰਨਾ ਅਟਪਟਾ ਹੈ ? ਅਖੇ, ਅਫ਼ਗ਼ਾਨ ਸਿਆਸੀ ਆਗੂ ਇਸ ਲਈ ਨਾ ਟਿਕ ਸਕੇ ਤੇ ਦੇਸ਼ ਛੱਡ ਕੇ ਦੌੜ ਗਏ ਕਿਉਂਕਿ ਅਫ਼ਗ਼ਾਨ ਫ਼ੌਜ ਨੇ ਬਿਨਾਂ ਲੜੇ ਹਥਿਆਰ ਸੁੱਟ ਦਿੱਤੇ ਸਨ। ਅਤੇ ਇਹ ਕਿ ਅਮਰੀਕਾ ਨੇ ਉਨ੍ਹਾਂ ਨੂੰ ਆਪਣੇ ਭਵਿੱਖ ਦਾ ਫ਼ੈਸਲਾ ਲੈਣ ਦਾ ਹਰ ਸੰਭਵ ਮੌਕਾ ਦਿੱਤਾ, ਪਰ ਉਹ ਉਨ੍ਹਾਂ ਅੰਦਰ ਭਵਿੱਖ ਲਈ ਲੜਨ ਦੀ ਇੱਛਾ ਨਾ ਜਗਾ ਸਕਿਆ?
        ਇਸ ਗੱਲ ’ਤੇ ਅਫ਼ਸੋਸ ਹੁੰਦਾ ਹੈ। ਇਹ ਭਾਸ਼ਾ ਤੇ ਤਰਕ ਕਿਸੇ ਇਕਲੌਤੀ ਮਹਾਸ਼ਕਤੀ ਦੇ ਰੁਤਬੇ ਨੂੰ ਸੋਭਾ ਨਹੀਂ ਦਿੰਦੇ ਕਿ ਆਪਣੇ ਕਿਸੇ ਅਜਿਹੇ ਭਿਆਲ ’ਤੇ ਇਹੋ ਜਿਹੇ ਬਚਗਾਨਾ ਦੋਸ਼ ਮੜ੍ਹੇ ਜਾਣ ਜੋ ਬੇਹੱਦ ਗ਼ਰੀਬ ਤੇ ਸਮਾਜਿਕ ਤੌਰ ’ਤੇ ਪਾਟੋਧਾੜ ਹੋਵੇ ਅਤੇ ਜਿਸ ਦਾ ਇਲਾਕਾ ਬਹੁਤ ਹੀ ਚੁਣੌਤੀਪੂਰਨ ਤੇ ਗੜਬੜਜ਼ਦਾ ਹੋਵੇ। ਹਾਰ ਤੋਂ ਬਾਅਦ ਦੂਸ਼ਣਬਾਜ਼ੀ ਹੁੰਦੀ ਹੀ ਹੈ। ਕੁਝ ਵੀ ਹੋਵੇ, 2021 ਵਿਚ ਕਾਬੁਲ ਦੀ ਹਾਰ ਲਈ ਅਮਰੀਕਾ ਵੱਲੋਂ ਅਫ਼ਗ਼ਾਨਿਸਤਾਨ ਨੂੰ ਕਸੂਰਵਾਰ ਠਹਿਰਾਉਣਾ ਬਿਲਕੁਲ ਠੀਕ ਨਹੀਂ ਹੈ। ਅਮਰੀਕਾ ਨੇ ਆਪਣੀ ਮਰਜ਼ੀ ਦਾ ਰਾਹ ਚੁਣਿਆ ਸੀ। ਕੀ ਵਾਸ਼ਿੰਗਟਨ ਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਸ਼ੁਰੂ ਤੋਂ ਹੀ ਗੜਬੜ ਹੁੰਦੀ ਆ ਰਹੀ ਸੀ? ਕੀ ਅਮਰੀਕੀ ਮਹਾਸ਼ਕਤੀ ਨੇ ‘ਜੇਨਜ਼ ਵਰਲਡ ਆਰਮੀਜ਼ 2005’ ਵੱਲੋਂ ਸੁਝਾਏ ਜ਼ਮੀਨੀ ਹਾਲਾਤ ਦਾ ਕਦੇ ਜਾਇਜ਼ਾ ਨਹੀਂ ਲਿਆ ਸੀ? ‘‘ਅਫ਼ਗ਼ਾਨ ਨੈਸ਼ਨਲ ਆਰਮੀ ਖੜ੍ਹੀ ਕਰਨ ਦੀਆਂ ਜ਼ਿਆਦਾਤਰ ਕੋਸ਼ਿਸ਼ਾਂ ਨਾਕਸ ਸਨ ਹਾਲਾਂਕਿ ਸਰਕਾਰੀ ਰਿਪੋਰਟਾਂ ਲਗਾਤਾਰ ਉਤਸ਼ਾਹਜਨਕ ਹੀ ਹੁੰਦੀਆਂ ਸਨ ਜਦੋਂਕਿ ਭਰਤੀ ਤੇ ਪੁਨਰ ਨਿਯੁਕਤੀ (ਰਿਟੇਂਸ਼ਨ) ਨੂੰ ਲੈ ਕੇ ਸੰਭਾਵੀ ਤੌਰ ’ਤੇ ਸਮੱਸਿਆਵਾਂ ਬਣੀਆਂ ਹੋਈਆਂ ਸਨ।’’
       2008 ਤੱਕ ਅਫ਼ਗ਼ਾਨ ਨੈਸ਼ਨਲ ਆਰਮੀ ਦੀਆਂ ਅੱਠ ਕੋਰਾਂ ਕਾਬੁਲ, ਗਰਦੇਜ਼, ਕੰਧਾਰ, ਹੇਰਾਤ ਅਤੇ ਮਜ਼ਾਰ-ਏ-ਸ਼ਰੀਫ਼ ਵਿਚ ਤਾਇਨਾਤ ਕਰ ਦਿੱਤੀਆਂ ਗਈਆਂ ਸਨ, ਪਰ ਇਸ ਦੀਆਂ ਜਨਮਜਾਤ ਸਮੱਸਿਆਵਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਰਿਪੋਰਟਾਂ ਆਈਆਂ ਸਨ ਕਿ ‘‘ਇਸ ਦੀ ਕਾਬਲੀਅਤ ਮੁਤੱਲਕ ਦੇਸ਼ ਦੇ ਅੰਦਰੋਂ ਕੋਈ ਆਜ਼ਾਦਾਨਾ ਜਾਇਜ਼ਾ ਨਹੀਂ ਲਿਆ ਗਿਆ ਤੇ ਕੁਝ ਵਿਦੇਸ਼ੀ ਅਫ਼ਸਰਾਂ ਨੇ ਅਫ਼ਗ਼ਾਨ ਯੂਨਿਟਾਂ ਦੀ ਲੜਾਕੂ ਕਾਬਲੀਅਤ ਬਾਰੇ ਸੰਦੇਹ ਪ੍ਰਗਟਾਏ ਸਨ।’’ ਅਫ਼ਗ਼ਾਨ ਸਰਕਾਰੀ ਪੁਜ਼ੀਸ਼ਨ ਜ਼ਿਆਦਾ ਚਿੰਤਾਜਨਕ ਸੀ: ‘‘ਭਗੌੜੇ ਹੋਣ ਅਤੇ ਔਖੀ ਭਰਤੀ ਦੀਆਂ ਵਾਰ-ਵਾਰ ਸਮੱਸਿਆਵਾਂ ਆ ਰਹੀਆਂ ਹਨ। ਬਹਰਹਾਲ, ਸਭ ਤੋਂ ਮਾੜੀ ਗੱਲ ਇਹ ਸੀ ਜੋ ਸਭ ਜਾਣਦੇ ਸਨ ਕਿ 2008 ਵਿਚ 1600 ਤੋਂ ਲੈ ਕੇ 2000 ਤੱਕ ਗ਼ੈਰਕਾਨੂੰਨੀ ਹਥਿਆਰਬੰਦ ਗਰੁੱਪ ਮੌਜੂਦ ਸਨ ਜਿਨ੍ਹਾਂ ਨੇ ਸਮੁੱਚੇ ਅਫ਼ਗ਼ਾਨਿਸਤਾਨ ਅੰਦਰ ਘਮਸਾਣ ਮਚਾ ਰੱਖਿਆ ਸੀ ਅਤੇ ਇਨ੍ਹਾਂ ਅਨਸਰਾਂ ਵੱਲੋਂ ਖ਼ਾਸ ਤੌਰ ’ਤੇ ਫ਼ੌਜ ਤੇ ਪੁਲੀਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ।’’
        ਅਫ਼ਗ਼ਾਨ ਨੈਸ਼ਨਲ ਆਰਮੀ ਨੂੰ ਦਰਪੇਸ਼ ਇਨ੍ਹਾਂ ਮੂਲ ਖ਼ਤਰਿਆਂ ਦਾ ਕਦੇ ਵੀ ਨਿਵਾਰਨ ਨਾ ਹੋ ਸਕਿਆ। ਦਰਅਸਲ, ਹਰ ਰੋਜ਼ ਖ਼ਤਰੇ ਵਧਦੇ ਹੀ ਜਾ ਰਹੇ ਸਨ ਜਿਸ ਕਰਕੇ ਅਮਰੀਕਾ ਦੀ ਅਗਵਾਈ ਹੇਠਲੀ 48 ਦੇਸ਼ਾਂ ਦੀ ਕੌਮਾਂਤਰੀ ਸੁਰੱਖਿਆ ਸਹਾਇਤਾ ਬਲ (ਆਈਐੱਸਏਐਫ) ਭਾਵੇਂ ਟਿਕੀ ਰਹਿੰਦੀ ਜਾਂ ਨਾ ਰਹਿੰਦੀ, ਅਫ਼ਗ਼ਾਨ ਫ਼ੌਜ ਦਾ ਮਨੋਬਲ ਟੁੱਟ ਚੁੱਕਿਆ ਸੀ। ਅਮਰੀਕੀ ਅਗਵਾਈ ਵਾਲੇ ਯੂਰਪ ਨੇ ਅਫ਼ਗ਼ਾਨਿਸਤਾਨ ਦੀ ਹਕੀਕਤ ਨੂੰ ਸਹੀ ਢੰਗ ਨਾਲ ਨਹੀਂ ਜਾਣਿਆ। ਅਫ਼ਗ਼ਾਨਿਸਤਾਨ ਜੰਗ ਦਾ ਮਾਰਿਆ ਮੁਲ਼ਕ ਹੈ ਜਿਸ ਦੇ ਹਰ ਗਲੀ ਕੋਨੇ ’ਚ ਲਾਚਾਰ, ਵਿਕਲਾਂਗ, ਵਿਧਵਾਵਾਂ, ਯਤੀਮ ਬੱਚੇ ਨਜ਼ਰੀਂ ਪੈਂਦੇ ਰਹਿੰਦੇ ਹਨ ਅਤੇ ਵਿਦੇਸ਼ੀ ਫ਼ੌਜੀਆਂ ਦੀ ਇਕ ਝਲਕ ਹੀ ਉਨ੍ਹਾਂ ਅੰਦਰ ਨਫ਼ਰਤ ਪੈਦਾ ਕਰ ਦਿੰਦੀ ਸੀ ਤੇ ਉਹ ਬਦਲਾ ਲੈਣ ’ਤੇ ਉਤਾਰੂ ਹੋ ਜਾਂਦੇ ਸਨ ਜਿਸ ਕਰਕੇ ਅਫ਼ਗ਼ਾਨ ਨੈਸ਼ਨਲ ਆਰਮੀ ਦੀ ਜਿੱਤ ਸੰਭਵ ਨਹੀਂ ਸੀ। ਇਸ ਵੱਲੋਂ ਵਿਦੇਸ਼ੀ ਫ਼ੌਜ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਆਜ਼ਾਦ ਖ਼ਿਆਲ ਅਫ਼ਗ਼ਾਨ ਕਦੇ ਵੀ ਸਹਿਣ ਨਹੀਂ ਕਰ ਸਕਦੇ ਸਨ। ਆਖ਼ਰੀ ਗੱਲ ਇਹ ਹੈ ਕਿ ਅਮਰੀਕਾ ਅਫ਼ਗ਼ਾਨਿਸਤਾਨ ਵਿਚ ਕਮਾਂਡਰ ਵਜੋਂ ਵਿਚਰ ਰਿਹਾ ਸੀ ਜਦੋਂਕਿ ਅਫ਼ਗ਼ਾਨ ਨੈਸ਼ਨਲ ਆਰਮੀ ਵਾਸ਼ਿੰਗਟਨ ਦੀਆਂ ਹਦਾਇਤਾਂ ’ਤੇ ਹੀ ਚਲਦੀ ਸੀ।
       ਲਿਹਾਜ਼ਾ, ਅਮਰੀਕੀ ਰਾਸ਼ਟਰਪਤੀ ਲਈ ਸਾਰਾ ਦੋਸ਼ ਕਾਬੁਲ ਛਾਉਣੀ ’ਤੇ ਮੜ੍ਹਨਾ ਸੋਭਾ ਨਹੀਂ ਦਿੰਦਾ। ਕੀ ਇਹ ਕਹਾਵਤ ‘ਫ਼ੌਜੀ ਕੋਈ ਮਾੜਾ ਨਹੀਂ ਹੁੰਦਾ, ਮਾੜੇ ਕਮਾਂਡਰ ਹੁੰਦੇ ਹਨ’ ਸਚਾਈ ਬਿਆਨ ਨਹੀਂ ਕਰਦੀ? ਆਪੋ ਵਿਚ ਲੜਦੇ ਤੇ ਖਹਿਬਾਜ਼ੀ ਹੋਣ ਦੇ ਬਾਵਜੂਦ ਅਫ਼ਗ਼ਾਨ ਧਰਮ, ਪਰਿਵਾਰ ਤੇ ਆਜ਼ਾਦੀ ਦੀ ਖ਼ਾਤਰ ਵਿਦੇਸ਼ੀ ਖਿਲਾਫ਼ ਜੂਝਦੇ ਰਹਿੰਦੇ ਹਨ। ਦੂਜੀ ਇਹ ਕਿ ਜਿਵੇਂ ਅਮਰੀਕੀ ਗੱਡੀਆਂ ਵੇਚਦੇ ਹਨ, ਉਵੇਂ ਹੀ ਅਫ਼ਗ਼ਾਨ ਹਥਿਆਰਾਂ ਦੀ ਖਰੀਦੋ-ਫਰੋਖ਼ਤ ਕਰਦੇ ਹਨ। ਮੁੱਢ ਤੋਂ ਹੀ ਉਨ੍ਹਾਂ ਨੂੰ ਕਾਇਲ ਕਰਨਾ ਔਖਾ ਕੰਮ ਹੈ ਅਤੇ ਜੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਨਾ ਰੱਖਿਆ ਜਾਵੇ ਤਾਂ ਉਹ ਸਭਨਾਂ ਲਈ ਬੋਝ ਬਣ ਜਾਂਦੇ ਹਨ ਅਤੇ ਮੰਦੇਭਾਗੀਂ ਅਮਰੀਕਾ ਅਜਿਹਾ ਭਰੋਸਾ ਪੈਦਾ ਕਰਨ ’ਚ ਨਾਕਾਮ ਰਿਹਾ ਹੈ।
      ਅਫ਼ਗ਼ਾਨ ਨੈਸ਼ਨਲ ਆਰਮੀ ’ਤੇ ਦੋਸ਼ ਲਾਉਣ ਤੋਂ ਪਹਿਲਾਂ ਅਮਰੀਕਾ ਨੂੰ 1978-79 ਦੀ ਸੋਵੀਅਤ-ਅਫ਼ਗ਼ਾਨ ਜੰਗ ਦੀ ਰਿਪੋਰਟ ਪੜ੍ਹ ਲੈਣੀ ਚਾਹੀਦੀ ਸੀ ਜੋ ਕਿਸੇ ਵੇਲੇ ਇਸ ਨਾਲ ਘਿਓ ਖਿਚੜੀ ਰਹੀ ਆਈਐੱਸਆਈ ਵੱਲੋਂ ਤਿਆਰ ਕੀਤੀ ਗਈ ਸੀ: ‘‘ਅਫ਼ਗ਼ਾਨ ਫ਼ੌਜ ਬਿਲਕੁਲ ਵੀ ਭਰੋਸੇ ਦੇ ਲਾਇਕ ਨਹੀਂ ਹੈ।’’ ਮਾੜੀਆਂ ਕੰਮਕਾਜੀ ਹਾਲਤਾਂ, ਘਰੇਲੂ ਮੁਹਾਜ਼ ’ਤੇ ਹਿੰਸਾ ਦਾ ਖ਼ਤਰਾ ਜਿੱਥੇ ਤਾਲਿਬਾਨ ਹੱਥੋਂ ਪਰਿਵਾਰਕ ਮੈਂਬਰਾਂ ਲਈ ਹਮੇਸ਼ਾ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ, ਆਪਣੇ ਹੀ ਤਾਲਿਬਾਨ ਭਰਾਵਾਂ ਹੱਥੋਂ ਬਹੁਤ ਜ਼ਿਆਦਾ ਤਾਦਾਦ ਵਿਚ ਮੌਤਾਂ ਦਾ ਜੋਖ਼ਮ ਅਤੇ ਕਈ ਹੋਰ ਅੰਦਰੂਨੀ ਕਾਰਕਾਂ ਕਰਕੇ ਇਕ ਅਫ਼ਗ਼ਾਨ ਫ਼ੌਜੀ ਤਾਲਿਬਾਨ ਲੜਾਕਿਆਂ ਦੇ ਮੁਕਾਬਲੇ ਮਾੜਾ ਖਿਡਾਰੀ ਸਾਬਿਤ ਹੁੰਦਾ ਹੈ। ਫ਼ੌਜ ਦੇ ਘੜੇ ਘੜਾਏ ਸਿਧਾਂਤ ਅਫ਼ਗ਼ਾਨ ਫ਼ੌਜੀ ਮਾਨਸਿਕਤਾ ਨੂੰ ਨਹੀਂ ਪੋਂਹਦੇ। ਇਲਾਕਾ ਤੇ ਜ਼ਮੀਨ ਵੀ ਮਾਸਕੋ ਤੇ ਵਾਸ਼ਿੰਗਟਨ ਨੂੰ ਰਾਸ ਨਹੀਂ ਆ ਸਕੇ। ਮੁਕਾਮੀ ਲੜਾਕੇ ਇਨ੍ਹਾਂ ਦੋਵਾਂ ਦਾ ਬਿਹਤਰ ਇਸਤੇਮਾਲ ਕਰਦੇ ਹਨ।
        ਅੰਤ ਵਿਚ ਪ੍ਰਾਈਵੇਟ ਅਮਰੀਕੀ ਜੰਗੀ ਠੇਕੇਦਾਰਾਂ ਦੀ ਕੁਝ ਚਰਚਾ ਕਰ ਲੈਂਦੇ ਹਾਂ ਜਿਨ੍ਹਾਂ ਨੇ ਇਕ ਸਮਾਨਾਂਤਰ ਜੰਗੀ ਮਸ਼ੀਨ ਖੜ੍ਹੀ ਕਰ ਲਈ ਸੀ ਅਤੇ ਲੜਾਈ ਦੇ ਮੋਰਚਿਆਂ ਤੱਕ ਹਥਿਆਰ ਤੇ ਸਾਜ਼ੋ-ਸਾਮਾਨ ਪਹੁੰਚਾਉਣ ਵਾਲੀ ਲਾਈਨ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਬੰਦੇ ਲਗਾ ਰੱਖੇ ਸਨ। ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਿਚ ਵਾਸ਼ਿੰਗਟਨ ਤੋਂ ਲੈ ਕੇ ਵਾਰਦਾਕ ਤੱਕ ਅਤੇ ਪੈਂਟਾਗਨ ਤੋਂ ਪੰਜਸ਼ੀਰ ਤੱਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਅਮਰੀਕਾ ਨੇ ਅਰਬਾਂ ਡਾਲਰ ਖਰਚ ਕੀਤੇ ਤੇ ਠੇਕੇਦਾਰਾਂ ਨੇ ਕਰੋੜਾਂ ਦੀ ਕਮਾਈ ਕੀਤੀ ਤੇ ਅਖੀਰ ’ਚ ਅਮਰੀਕੀ ਅਰਬਾਂ ਡਾਲਰ ਦੇ ਮੁੱਲ ਦੇ ਹਥਿਆਰ ਤੇ ਸਾਜ਼ੋ-ਸਾਮਾਨ ਛੱਡ ਕੇ ਚਲੇ ਗਏ ਜਿਨ੍ਹਾਂ ਵਿਚ 33 ਐਮਆਈ-17 ਹੈਲੀਕੌਪਟਰ, 4 ਸੀ-130 ਟਰਾਂਸਪੋਰਟ, 23 ਐਂਬਰਾਇਰ ਅਤੇ ਏ-29 ਸੁਪਰ ਟੁਕੈਨੋ, 28 ਸੈਸਨਾ ਹਵਾਈ ਜਹਾਜ਼ ਅਤੇ 33 ਯੂਐਚ-60 ਬਲੈਕਹਾਕ ਹੈਲੀਕੌਪਟਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਟਰੱਕ, ਰੇਡੀਓ ਸੈੱਟ, ਰਾਈਫਲਾਂ, ਪਿਸਤੌਲ, ਮਸ਼ੀਨਗੰਨਾਂ ਅਤੇ ਤੋਪਾਂ ਵੀ ਤਾਲਿਬਾਨ ਦੇ ਹੱਥਾਂ ਵਿਚ ਚਲੀਆਂ ਗਈਆਂ ਹਨ।