ਯਾਦਾਂ ਦੇ ਝਰੋਖੇ 'ਚੋਂ ਪਟਿਆਲੇ ਜਿਲ੍ਹੇ ਦੀ ਨੌਕਰੀ - ਹਰਦੇਵ ਸਿੰਘ ਧਾਲੀਵਾਲ

7-8 ਮਈ 1971 ਨੂੰ ਮੇਰੀ ਸਬ-ਇੰਸਪੈਕਟਰ ਦੀ ਤਰੱਕੀ ਹੋ ਗਈ ਤੇ ਜਿਲ੍ਹਾ ਪਟਿਆਲਾ ਮਿਲ ਗਿਆ। ਉਸ ਸਮੇਂ ਸ. ਭਗਵਾਨ ਸਿੰਘ ਦਾਨੇਵਾਲੀਆ ਪਟਿਆਲਾ ਰੇਂਜ ਦੇ ਡੀ.ਆਈ.ਜੀ. ਸਨ, ਉਨ੍ਹਾਂ ਨੇ ਹੁਕਮ ਕੀਤਾ ਕਿ ਪਟਿਆਲਾ ਸਿਵਲ ਲਾਈਨ ਦਾ ਮੁੱਖ ਅਫਸਰ ਗਰੈਜੂਏਟ ਹੋਏਗਾ। ਕਿਉਂਕਿ ਉਹ ਪੜ੍ਹੇ ਲਿਖੇ ਲੋਕਾਂ ਦਾ ਏਰੀਆ ਸੀ। ਮੇਰੇ ਜਾਣ ਤੋਂ ਪਹਿਲਾਂ ਹੀ ਮੈਨੂੰ ਮੁੱਖ ਅਫਸਰ ਸਿਵਲ ਲਾਈਨ ਲਾ ਦਿੱਤਾ, ਜਦੋਂ ਕਿ ਮੇਰੀ ਪਹਿਲੀ ਸਰਵਿਸ ਦਿਹਾਤੀ ਥਾਣਿਆਂ ਦੀ ਸੀ। ਮੈਂ ਸ਼ਹਿਰੀ ਥਾਣਿਆ ਤੋਂ ਕੰਨੀ ਕਤਰਾਉਂਦਾ ਰਿਹਾ ਹਾਂ। ਦਾਨੇਵਾਲੀਆ ਗਿਆਨੀ ਕਰਤਾਰ ਸਿੰਘ ਦੇ ਪੁੱਤਰਾਂ ਸਮਾਨ ਹੀ ਸਨ। ਮੈਂ 2 ਦਿਨ ਦੀ ਛੁੱਟੀ ਲੈ ਕੇ ਗਿਆਨੀ ਜੀ ਕੋਲ ਚੰਡੀਗੜ੍ਹ ਗਿਆ। ਉਹ 16 ਸੈਕਟਰ ਦੇ ਹਸਪਤਾਲ ਵਿੱਚ ਪਏ ਸਨ। ਮੈਂ ਇਹ ਗੱਲ ਦੱਸੀ ਕਿ ਮੈਨੂੰ ਸ਼ਹਿਰੀ ਥਾਣੇ ਦੀ ਥਾਂ ਪੇਂਡੂ ਥਾਣੇ ਦੀ ਬਦਲੀ ਕਰਵਾ ਦਿਓ। ਉਨ੍ਹਾਂ ਨੇ ਕਿਹਾ ਕਿ ਦਾਨੇਵਾਲੀਆ ਮੇਰੇ ਕੋਲ ਆਉਣ ਵਾਲੇ ਹਨ ਤੇ ਮੈਂ ਬੈਠਾਂ ਰਹਾਂ।
ਮੇਰੀ ਦਰਵਾਜੇ ਵੱਲ ਪਿੱਠ ਸੀ, ਤਾਂ ਦਾਨੇਵਾਲੀਆ ਸਾਹਿਬ ਨੂੰ ਆਉਦਿਆਂ ਗਿਆਨੀ ਜੀ ਨੇ ਦੇਖ ਲਿਆ ਤੇ ਕਹਿਣ ਲੱਗੇ ਤੂੰ ਕੁਰਸੀ ਛੱਡ ਦੇ ਭਗਵਾਨ ਸਿੰਘ ਆਉਂਦਾ ਹੈ। ਮੈਂ ਗਿਆਨੀ ਜੀ ਦੇ ਪੈਰਾਂ ਵੱਲ ਬੈਠ ਗਿਆ। ਉਨ੍ਹਾਂ ਨੇ ਗਿਆਨੀ ਜੀ ਦਾ ਹਾਲ-ਚਾਲ ਪੁੱਛਿਆ। 5-7 ਮਿੰਟ ਬਾਅਦ ਗਿਆਨੀ ਜੀ ਨੇ ਕਿਹਾ, ''ਇਹ ਲੜਕਾ ਗਿਆਨੀ ਸ਼ੇਰ ਸਿੰਘ ਦਾ ਭਤੀਜਾ ਹੈ, ਯੇ ਆਪ ਕੀ ਤਰ੍ਹਾਂ ਮੇਰਾ ਅਜੀਜ ਹੈ, ਆਪ ਕੋ ਪਤਾ ਹੈ ਕਿ ਮੇਰੇ ਦਿਲ ਮੇਂ ਗਿਆਨੀ ਸ਼ੇਰ ਸਿੰਘ ਕੇ ਲੀਏ ਬਹੁਤ ਸਤਿਕਾਰ ਹੈ।'' ਫੇਰ ਪੰਜਾਬੀ ਵਿੱਚ ਬੋਲ ਪਏ, ਆਪ ਨੇ ਇਸ ਨੂੰ ਪਟਿਆਲੇ ਸਿਵਲ ਲਾਈਨ ਸ਼ਹਿਰੀ ਥਾਣੇ ਵਿੱਚ ਲਗਵਾ ਦਿੱਤਾ ਹੈ। ਇਹਨੂੰ ਪੇਂਡੂ ਥਾਣਾ ਦਵਾਓ। ਤਾਂ ਦਾਨੇਵਾਲੀਆ ਕਹਿਣ ਲੱਗੇ, ਗਿਆਨੀ ਜੀ ਆਪ ਕਹਿੰਦੇ ਹੋ ਕਿ ਇਹ ਰਿਸ਼ਵਤ ਨਹੀਂ ਲੈਂਦਾ ਫੇਰ ਇਸ ਨੂੰ ਕੀ ਫਰਕ ਪੈਂਦਾ ਹੈ, ਥਾਣਾ ਪੇਂਡੂ ਹੋਵੇ ਜਾਂ ਸ਼ਹਿਰੀ। ਤਾਂ ਗਿਆਨੀ ਜੀ ਨੇ ਮੈਨੂੰ ਕਿਹਾ ਕਿ ਲੱਕੜ ਦੀ ਢੂੰਹ ਲਾ ਦਿਆਂ। ਮੈਂ ਲਾ ਦਿੱਤੀ। ਫੇਰ ਬੋਲੇ ਤੂੰ ਡੀ.ਆਈ.ਜੀ. ਪੀ.ਏ.ਪੀ. ਜਾਂ ਡੀ.ਆਈ.ਜੀ. ਪੁਲਿਸ ਰੂਲਜ਼ ਕਿਉਂ ਨਹੀਂ ਲੱਗ ਜਾਂਦਾ, ਹਰ ਆਦਮੀ ਚੰਗੀ ਤੈਨਾਤੀ ਚਾਹੁੰਦਾ, ਚੰਗੀ ਤੈਨਾਤੀ ਰਿਸ਼ਵਤ ਵਾਸਤੇ ਨਹੀਂ ਹੁੰਦੀ। ਆਦਮੀ ਦੇ ਮਾਣ ਦੀ ਗੱਲ ਹੁੰਦੀ ਹੈ। ਉਹ ਚਲੇ ਗਏ।
ਮੈਂ ਗਿਆਨੀ ਜੀ ਨੂੰ ਪੁੱਛਿਆ, ਗਿਆਨੀ ਜੀ, ਆਪ ਨੇ ਬਹੁਤ ਲੀਡਰ ਬਣਾਏ ਹਨ, ਜਿਵੇਂ ਸ. ਅਮਰ ਸਿੰਘ ਦੋਸਾਂਝ, ਸ. ਅਮਰ ਸਿੰਘ ਅੰਬਾਲਵੀ, ਸ. ਜਸਵੰਤ ਸਿੰਘ ਦਾਨੇਵਾਲੀਆ, ਸ. ਰਾਜਿੰਦਰ ਸਿੰਘ ਸੰਗਰੂਰ, ਸ. ਗੁਰਮੀਤ ਸਿੰਘ ਤੇ ਸੰਧੂ ਵਰਗੇ ਹੋਰ ਬਹੁਤ ਹੋਣਗੇ। ਸ. ਪ੍ਰਕਾਸ਼ ਸਿੰਘ ਬਾਦਲ ਹੁਣ ਦੇ ਮੁੱਖ ਮੰਤਰੀ ਤੁਹਾਡੇ ਸ਼ਗਿਰਦ ਹਨ, ''ਕੀ ਇਹ ਤੁਹਾਡੀ ਰਹਿ ਲੈਂਦੇ ਹਨ?'' ਤਾਂ ਕਹਿਣ ਲੱਗੇ, ''ਹਰਦੇਵ ਜੇਕਰ ਕੋਈ ਆਦਮੀ ਉਸ ਥਾਂ ਤੇ ਪਹੁੰਚ ਜਾਵੇ ਜਿਸ ਦੇ ਉਹ ਯੋਗ ਨਾ ਹੋਵੇ, ਉਹ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ। (ਇਹ ਗੱਲ 1971 ਦੀ ਹੈ) ਹੁਣ ਤਾਂ ਬਾਦਲ ਸਾਹਿਬ ਘਾਗ ਸਿਆਸਤਦਾਨ ਤੇ ਵੱਡੇ ਲੀਡਰ ਬਣ ਚੁੱਕੇ ਹਨ। ਉਸ ਦਿਨ ਤਕਰੀਬਨ 1 ਵਜੇ ਪੰਜਾਬ ਅਸੈਂਬਲੀ ਭੰਗ ਹੋ ਗਈ ਤੇ ਮੇਰੀ ਬਦਲੀ ਸਦਰ ਨਾਭੇ ਦੀ ਹੋ ਗਈ। ਸਿਵਲ ਲਾਈਨ ਦੀ ਜੇਕਰ ਇੱਕ ਗੱਲ ਜਿਕਰਯੋਗ ਹੈ, ਸ. ਹਰਜੀਤ ਸਿੰਘ ਰੰਧਾਵਾ ਦੂਜੀ ਵਾਰ ਐਸ.ਐਸ.ਪੀ. ਲੱਗ ਕੇ ਆਏ। ਉਹ ਪੂਰੇ ਇਮਾਨਦਾਰ ਸਨ, ਆਉਂਦੇ ਹੀ ਉਨ੍ਹਾਂ ਨੇ ਸਾਰੇ ਜਿਲ੍ਹਾ ਦੇ ਖਾਈਵਾਲ ਚੁਕਵਾ ਲਏ ਤੇ ਮੈਨੂੰ ਦਫਤਰ ਸੱਦ ਕੇ ਸਾਬਾਸ ਦਿੱਤੀ ਤੇ ਕਿਹਾ ਕਿ ਉਹ ਮੇਰੇ ਕੰਮ ਤੋਂ ਬਹੁਤ ਖੁਸ਼  ਹਨ। ਮੈਨੂੰ ਸਮਝ ਨਾ ਆਈ ਕਿ ਕਿਸ ਗੱਲੋਂ ਖੁਸ਼ ਹਨ। ਮੈਂ ਬਾਹਰ ਆਇਆ, ਉਨ੍ਹਾਂ ਦਾ ਲੀਡਰ ਲੇਖੀ ਖੜ੍ਹਾ ਸੀ। ਉਸ ਨੇ ਖੁਸ਼ ਹੋਣ ਦੀ ਗੱਲ ਦੱਸੀ ਕਿ ਸਾਰੇ ਮੁੱਖ ਅਫਸਰਾਂ ਵਿੱਚੋਂ ਸੱਟੇਵਾਲਿਆਂ ਤੋਂ ਪੈਸੇ ਨਾ ਲੈਣ ਵਾਲਿਆਂ ਵਿੱਚ ਸਿਰਫ ਤੇਰਾ ਨਾ ਹੀ ਹੈ, ਬਾਕੀ ਸਭ ਦੇ ਨਾਂ ਬੋਲਦੇ ਹਨ। ਇਹ ਗੱਲ ਸਪੱਸ਼ਟ ਹੋ ਗਈ ਕਿ ਸਿਵਲ ਲਾਈਨ ਦੇ ਪੈਸੇ ਪਏ ਹਨ। ਉਹ ਮੈਨੂੰ ਸਿਵਲ ਲਾਈਨ ਰੱਖਣਾ ਚਾਹੁੰਦੇ ਸੀ, ਪਰ ਦਾਨੇਵਾਲੀਆ ਦੇ ਕਹਿਣ ਕਰਕੇ ਸਦਰ ਨਾਭੇ ਦੀ ਹੋ ਗਈ।
ਸਦਰ ਨਾਭੇ ਮੇਰੇ ਕੋਲ ਦੋ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਕੁਲਾਰਾਂ ਤੇ ਸੰਤ ਸ਼ਰਨ ਸਨ। ਕੁਲਾਰਾਂ ਪੁਰਾਣੀ ਸਰਵਿਸ ਦਾ ਸੀ ਤੇ ਆਮ ਕਹਿੰਦਾ ਸੀ ਕਿ ਨਵੇਂ ਮੁੰੰਡੇ ਕੋਲ ਤਫਤੀਸੀ ਲਾਏ ਹਾਂ। ਸੰਤ ਸ਼ਰਨ ਸੁਨਾਮ ਦਾ ਰਹਿਣ ਵਾਲਾ ਸੀ ਤੇ ਪਹਿਲਾਂ ਅਸੀਂ ਮਾਨਸਾ ਇਕੱਠੇ ਰਹੇ ਸੀ। ਚੋਰਾਂ ਤੇ ਖੋਹਾਂ ਦੇ ਗੈਂਗਾਂ ਬਾਰੇ ਬਹੁਤ ਵਾਕਫੀਅਤ ਰੱਖਦਾਂ ਸੀ। ਉਸ ਵਿੱਚ ਇੱਕ ਔਗਣ ਸੀ ਕਿ ਆਥਣੇ ਸ਼ਰਾਬ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ, ਸ਼ਰਾਬ ਪੀਣ ਤੋਂ ਅੱਧਾ ਘੰਟਾ ਬਾਅਦ ਹਰ ਕੰਮ ਦੇ ਸਮਰੱਥ ਹੁੰਦਾ ਤੇ ਕੋਈ ਗਲਤੀ ਨਹੀਂ ਸੀ ਕਰਦਾ। ਉਹਦੀ ਘਰਵਾਲੀ ਇੱਕ ਨੇਕ ਤੇ ਸ਼ਰੀਫ ਔਰਤ ਸੀ, ਪਰ ਉਹ ਸੰਤ ਸ਼ਰਨ ਤੋਂ ਦੁਖੀ ਰਹਿੰਦੀ ਸੀ, ਇੱਕ ਦਿਨ ਅਸੀਂ ਇੱਕ ਕੇਸ ਦੀ ਪੈਰਵੀ ਤੇ ਪਟਿਆਲੇ ਗਏ। ਕਾਰਨਰ ਹੋਟਲ ਵਿੱਚ ਚਾਹ ਪੀ ਰਹੇ ਸੀ, ਤਾਂ ਸੰਤ ਸ਼ਰਨ ਨੇ ਇੱਕ ਵਿਸਕੀ ਦੀ ਬੋਤਲ ਮੰਗਵਾ ਲਈ। ਮੈਂ ਵਰਦੀ ਵਿੱਚ ਸ਼ਰਾਬ ਨਹੀਂ ਸੀ ਪੀਂਦਾ ਤੇ ਨਾ ਹੀ ਵਰਦੀ ਵਾਲੀ ਤੈਨਾਤੀ ਤੇ ਪੀਂਦਾ ਸੀ। ਉਹ ਕਹਿਣ ਲੱਗਿਆ, ਸਰ, ਆਪਾਂ ਅੱਜ ਬਾਹਰ ਹਾਂ, ਆਪ ਇਸ ਵੇਲੇ ਡਿਊਟੀ ਤੇ ਨਹੀਂ ਹੋ, ਉਹਦੇ ਜਿਆਦਾ ਕਹਿਣ ਤੇ ਮੈਂ ਵੀ ਅੱਧਾ ਪਊਆ ਪੀ ਗਿਆ ਹੋਵਾਂਗਾ, ਬਾਕੀ ਸਾਰੀ ਬੋਤਲ ਉਹਦੇ ਹਿੱਸੇ ਆਈ। ਅਸੀਂ ਵਾਪਸ ਥਾਣੇ ਆਏ। ਮੇਰੀ ਵਾਪਸੀ ਮੁਨਸ਼ੀ ਨੇ ਕਰ ਲਈ। ਸੰਤ ਸ਼ਰਨ ਵਾਪਸੀ ਦੇ ਯੋਗ ਨਹੀਂ ਸੀ।
ਕੋਈ 7 ਕੁ ਵਜੇ ਨਹਾ ਕੇ ਤੇ ਕੱਪੜੇ ਪਾ ਕੇ ਖੜ੍ਹਾ ਸੀ ਤਾਂ ਸੱਤਿਆਨੰਦ ਐਮ.ਐਚ.ਸੀ. ਨੇ ਮੇਰੇ ਕੁਆਟਰ ਤੇ ਕਿਹਾ ਕਿ ਰੰਧਾਵਾ ਸਾਹਿਬ ਅਚਨਚੇਤ ਚੈਂਕਿੰਗ ਤੇ ਆ ਗਏ ਹਨ। ਮੈਂ ਆਪਣੇ ਆਪ ਨੂੰ ਕੋਸਿਆ ਕਿ 8 ਸਾਲ ਦੀ ਸਰਵਿਸ ਵਿੱਚ ਸ਼ਰਾਬ ਬਿਲਕੁਲ ਨਹੀਂ ਸੀ ਪੀਤੀ, ਅੱਜ ਪਹਿਲੇ ਦਿਨ ਗਲਤੀ ਕੀਤੀ ਹੈ। ਹੌਂਸਲਾ ਕਰਕੇ ਸਿਰ ਤੇ ਪੱਗ ਰੱਖੀ ਤੇ ਖੁੱਲੀ ਦਾੜੀ ਨਾਲ ਹੀ ਸਲੂਟ ਜਾ ਮਾਰਿਆ ਤਾਂ ਰੰਧਾਵਾ ਸਾਹਿਬ ਨੇ ਕਿਹਾ, ''ਆਈ.ਨੋ ਹੀ ਡਜ ਨੋਟ ਡਰਿੰਕ,'' ਸਾਰੇ ਸਿਪਾਹੀ ਤੇ ਹਵਲਦਾਰ ਲਾਈਨ ਵਿੱਚ ਖੜ੍ਹੇ ਸਨ। ਮੇਰਾ ਹੌਂਸਲਾ ਵਧ ਗਿਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਚੈਕ ਕਰਕੇ ਦੇਖੋ ਕਿਸੇ ਨੇ ਸ਼ਰਾਬ ਤਾਂ ਨਹੀਂ ਪੀਤੀ, ਮੈਂ ਚੈਕ ਕਰਕੇ ਕਿਹਾ ਕਿ ਸਰ ਠੀਕ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਤੇਰੇ ਥਾਣੇ ਦੀ ਸਰਸਰੀ ਦੇਖਭਾਲ ਕਰਾਂਗਾ। ਗਾਰਦ ਸਿਟੀ ਤੋਂ ਲਈ ਹੈ ਤੇ 10 ਵਜੇ ਆਵਾਂਗਾ। ਮੈਂ ਆਪਣੇ ਆਪ ਵਿੱਚ ਸੋਚਿਆ ਕਿ ਮੇਰੀ ਸੋਹਰਤ ਨੇ ਅੱਜ ਮੈਨੂੰ ਬਚਾ ਲਿਆ। ਉਹ ਪਹਿਲਾਂ ਥਾਣੇ ਸਿਟੀ ਗਏ, ਉੱਥੇ ਜਸਦੇਵ ਸਿੰਘ ਮੁੱਖ ਅਫਸਰ ਸਨ, ਉਨ੍ਹਾਂ ਨੇ ਸ਼ਰਾਬ ਨਹੀਂ ਸੀ ਪੀਤੀ, ਰੰਧਾਵਾ ਸਾਹਿਬ ਨੇ ਕਿਹਾ ਕਿ ਮੈਂ ਜਾਣਦਾ ਹਾਂ ਤੂੰ ਸ਼ਰਾਬ ਪੀਤੀ ਹੈ, ਉਹਦੀ ਨਾ ਪੀਤੀ, ਪੀਤੀ ਬਣ ਗਈ ਤੇ ਜਾਂਦੇ ਹੋਏ ਮੁਨਸ਼ੀ ਦੀਆਂ ਫੀਤੀਆਂ ਖਿੱਚ ਕੇ ਲੈ ਗਏ।
ਦੂਜੇ ਦਿਨ ਸਾਡੇ ਡੀ.ਆਈ. ਸ. ਲਾਲ ਸਿੰਘ ਹਾਜ਼ਰ ਸਨ। ਮੇਰੇ ਥਾਣੇ ਦੀ ਦੇਖਭਾਲ ਸ਼ੁਰੂ ਹੋਈ, ਜਿੱਥੇ ਗਲਤੀ ਨਜ਼ਰ ਆਈ ਮੈਨੂੰ ਕੁੱਝ ਨਹੀਂ ਕਿਹਾ, ਸਗੋਂ ਹਦਾਇਤ ਹੀ ਕੀਤੀ। ਥਾਣੇ ਦੀ ਗਲਤੀ ਤੇ ਡੀ.ਆਈ. ਨੂੰ ਕਹਿਣ ਲੱਗੇ ''ਵੱਟ ਟਾਈਪ ਆਫ ਡੀ.ਆਈ. ਯੂ.ਆਰ.?'' ਜੇਕਰ ਫੇਰ ਕੋਈ ਗਲਤੀ ਆਈ ਤਾਂ ਕਹਿਣ ਲੱਗੇ, ਡੀ.ਆਈ. ਅਮੈਂਡ ਯੂਅਰ ਸੈਲਫ। ਘੰਟੇ ਬਾਅਦ ਨਾਲ ਲਿਆਦੀ ਹੋਈ ਚਾਹ ਪੀਣ ਲੱਗ ਗਏ ਤੇ ਅਸੀਂ ਬਾਹਰ ਆ ਗਏ। ਮੈਂ ਹੱਸ ਕੇ ਸ. ਲਾਲ ਸਿੰਘ ਹੋਰਾਂ ਨੂੰ ਕਿਹਾ ਕਿ ਸਰਸਰੀ ਪੜਤਾਲ ਸਾਡੀ ਹੋ ਰਹੀ ਹੈ, ਕਿ ਆਪਦੀ? ਉਹ ਨਿੰਮੋਝੂਨੇ ਜਿਹੇ ਹੋ ਕੇ ਕਹਿਣ ਲੱਗੇ, ''ਆਹੋ ਭਾਈ ਤੇਰੀ ਕਾਹਨੂੰ, ਮੇਰੀ ਹੀ ਹੋ ਰਹੀ ਹੈ।'' ਅਸਲ ਗੱਲ ਇਹ ਕਿ ਸੀ ਪਹਿਲੇ ਮੁੱਖ ਅਫਸਰ ਦੀ ਬਦਲੀ ਤੇ ਸਭ ਨੇ ਸ਼ਰਾਬ ਪੀਤੀ। ਡੀ.ਆਈ. ਕੁੱਝ ਜਿਆਦਾ ਹੀ ਪੀ ਗਏ ਸਨ, ਉਸ ਸਮੇਂ ਮੈਂ ਇਕੱਲਾ ਸੀ, ਜਿਸ ਨੇ ਸ਼ਰਾਬ ਨਹੀਂ ਸੀ ਪੀਤੀ।
ਆਦਮੀ ਦੀ ਸੋਹਰਤ ਵੀ ਕਈ ਵਾਰ ਆਦਮੀ ਦੀ ਕੁਤਾਹੀ ਤੋਂ ਬੱਚਤ ਕਰਵਾ ਦਿੰਦੀ ਹੈ। ਪੁਲਿਸ ਅਫਸਰ ਦੀ ਸੋਹਰਤ ਦੂਰ ਤੱਕ ਜਾਂਦੀ ਹੈ। ਪੁਰਾਣੇ ਪੁਲਿਸ ਅਫਸਰ ਆਪਣੇ ਮੁਤੈਹਤਾਂ ਬਾਰੇ ਹਰ ਜਾਣਕਾਰੀ ਰੱਖਦੇ ਹੁੰਦੇ ਸਨ।

 
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

23 July 2018