ਸਿਰੜ ਹੀ ਜਿੱਤ ਦਾ ਜ਼ਾਮਨ  - ਚੰਦ ਫਤਿਹਪੁਰੀ

ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੇ 26 ਅਕਤੂਬਰ 2021 ਨੂੰ ਗਿਆਰਾਂ ਮਹੀਨੇ ਪੂਰੇ ਕਰ ਲਏ ਹਨ । ਇਸ ਅੰਦੋਲਨ ਨੇ ਇਤਿਹਾਸ ਵਿੱਚ ਆਪਣੀ ਨਿਵੇਕਲੀ ਥਾਂ ਬਣਾ ਲਈ ਹੈ । ਇਹ ਅੰਦੋਲਨ ਦੁਨੀਆ ਦੇ ਇਤਿਹਾਸ ਵਿੱਚ ਪੁਰਅਮਨ ਤਰੀਕੇ ਨਾਲ ਚੱਲਣ ਵਾਲਾ ਸਭ ਤੋਂ ਲੰਮਾ ਅੰਦੋਲਨ ਬਣ ਚੁੱਕਾ ਹੈ । ਇਸ ਦੌਰਾਨ ਮਾੜੀਆਂ ਹਾਲਤਾਂ, ਅੱਤ ਦੀ ਸਰਦੀ, ਗਰਮੀ ਤੇ ਬਰਸਾਤਾਂ ਦੀ ਮਾਰ ਝੱਲਦਿਆਂ 700 ਦੇ ਕਰੀਬ ਅੰਦੋਲਨਕਾਰੀ ਸ਼ਹੀਦ ਹੋ ਚੁੱਕੇ ਹਨ ।
        ਤਾਨਾਸ਼ਾਹ ਹਾਕਮਾਂ ਨੇ ਅੰਦੋਲਨ ਨੂੰ ਤੋੜਨ ਲਈ ਹਰ ਹਰਬਾ ਵਰਤਿਆ ਪਹਿਲਾਂ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਸੜਕਾਂ ਪੁੱਟੀਆਂ ਤੇ ਪੁਲਸੀ ਜਬਰ ਦਾ ਸਹਾਰਾ ਲਿਆ ਗਿਆ, ਪਰ ਹਰ ਜ਼ੁਲਮੋ-ਸਿਤਮ ਦਾ ਮੁਕਾਬਲਾ ਕਰਦੇ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਪੁੱਜਣ ਵਿੱਚ ਕਾਮਯਾਬ ਹੋ ਗਏ । ਸਰਕਾਰੀ ਧਿਰ ਵੱਲੋਂ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਅੰਦੋਲਨਕਾਰੀਆਂ ਉਤੇ ਖਾਲਿਸਤਾਨੀ, ਵਿਦੇਸ਼ੀ ਏਜੰਟ ਤੇ ਵਿਰੋਧੀ ਪਾਰਟੀਆਂ ਦੇ ਇਸ਼ਾਰੇ 'ਤੇ ਕੰਮ ਕਰਨ ਦੇ ਦੋਸ਼ ਲਾਏ ਗਏ, ਪਰ ਕਾਮਯਾਬੀ ਨਾ ਮਿਲੀ । ਸਾਜ਼ਿਸ਼ੀ ਤਰੀਕੇ ਨਾਲ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਘਟਨਾ ਨੂੰ ਅੰਜਾਮ ਦਿੱਤਾ ਗਿਆ, ਪਰ ਉਹ ਦਾਅ ਵੀ ਨਾ ਚੱਲਿਆ । ਆਖਰ ਵਿੱਚ ਜਬਰ ਤੇ ਗੁੰਡਾਗਰਦੀ ਰਾਹੀਂ ਅੰਦੋਲਨ ਨੂੰ ਕੁਚਲਣ ਦਾ ਰਾਹ ਫੜ ਲਿਆ ਗਿਆ । ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਇਸ਼ਾਰੇ ਉੱਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਰੋਸ ਪ੍ਰਗਟ ਕਰਕੇ ਵਾਪਸ ਮੁੜ ਰਹੇ ਕਿਸਾਨਾਂ ਉੱਤੇ ਗੱਡੀ ਚਾੜ੍ਹ ਕੇ ਉਨ੍ਹਾਂ ਨੂੰ ਕੁਚਲ ਦਿੱਤਾ । ਇਸ ਕਾਤਲਾਨਾ ਹਮਲੇ ਵਿੱਚ 4 ਕਿਸਾਨ ਤੇ ਇੱਕ ਪੱਤਰਕਾਰ ਸ਼ਹੀਦ ਤੇ ਦਰਜਨ ਤੋਂ ਵੱਧ ਗੰਭੀਰ ਜ਼ਖ਼ਮੀ ਹੋ ਗਏ । ਇਸ ਸਰਕਾਰੀ ਕਾਰੇ ਵਿਰੁੱਧ ਸਮੁੱਚਾ ਦੇਸ਼ ਗੁੱਸੇ ਵਿੱਚ ਉਬਲਣ ਲੱਗ ਪਿਆ । ਸਮੁੱਚੀਆਂ ਵਿਰੋਧੀ ਧਿਰਾਂ ਨੇ ਇੱਕ ਅਵਾਜ਼ ਵਿੱਚ ਇਸ ਘਟਨਾ ਦੀ ਨਿੰਦਾ ਕੀਤੀ । ਹਾਲਾਤ ਵਿਗੜਨ ਦੇ ਡਰੋਂ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਰਾਹੀਂ ਸਮਝੌਤਾ ਸਿਰੇ ਚੜ੍ਹਿਆ । ਅਸ਼ੀਸ਼ ਮਿਸ਼ਰਾ ਤੇ ਉਸ ਦੇ ਮੰਤਰੀ ਬਾਪ ਸਮੇਤ ਸਭ ਦੋਸ਼ੀਆਂ ਉੱਤੇ ਮੁਕੱਦਮੇ ਦਰਜ ਹੋਏ । ਪੀੜਤ ਪਰਵਾਰਾਂ ਨੂੰ 45-45 ਲੱਖ ਰੁਪਏ ਮੁਆਵਜ਼ਾ ਅਤੇ ਪਰਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਜ਼ਖ਼ਮੀਆਂ ਨੂੰ 10-10 ਲੱਖ ਰੁਪਏ ਦੇਣਾ ਤੈਅ ਕੀਤਾ ਗਿਆ ।
       ਇਸ ਸਮਝੌਤੇ ਬਾਅਦ ਦੁਫੇੜਪਾਊ ਸਰਕਾਰੀ ਦੱਲੇ ਫਿਰ ਸਰਗਰਮ ਹੋ ਗਏ । ਉਨ੍ਹਾਂ ਰਾਕੇਸ਼ ਟਿਕੈਤ ਦੇ ਬਿਨਾਂ ਰੋਕ-ਟੋਕ ਘਟਨਾ ਸਥਾਨ ਉੱਤੇ ਪੁੱਜਣ ਤੇ ਸਮਝੌਤੇ ਉਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ । ਮਕਸਦ ਸੀ ਮੋਰਚੇ ਵਿੱਚ ਫੁੱਟ ਪਾਉਣਾ, ਪਰ ਉਨ੍ਹਾਂ ਦੀ ਆਵਾਜ਼ ਕਿਸਾਨਾਂ ਦੇ ਗੁੱਸੇ ਤੇ ਰੋਹ ਹੇਠ ਦੱਬੀ ਗਈ । ਕਿਸਾਨ ਆਗੂਆਂ ਨੇ ਐਲਾਨ ਕਰ ਦਿੱਤਾ ਸੀ ਕਿ ਜੇਕਰ 12 ਅਕਤੂਬਰ ਨੂੰ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਗਮਾਂ ਤੱਕ ਦੋਸ਼ੀ ਮੰਤਰੀ ਪੁੱਤਰ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਵੱਡਾ ਅੰਦੋਲਨ ਸ਼ੁਰੂ ਕਰ ਦਿੱਤਾ ਜਾਵੇਗਾ । ਇਸ ਦੇ ਨਾਲ ਹੀ ਮੰਗ ਕੀਤੀ ਗਈ ਕਿ ਸਰਕਾਰ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰੇ । ਵਧਦੇ ਦਬਾਅ ਅੱਗੇ ਯੂ ਪੀ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਮੰਤਰੀ ਪੁੱਤਰ ਨੂੰ 9 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।
       ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰ ਦਿੱਤਾ ਕਿ ਉਹ ਮੰਤਰੀ ਦੀ ਬਰਖਾਸਤਗੀ ਤੱਕ ਅੰਦੋਲਨ ਨੂੰ ਹੋਰ ਤੇਜ਼ ਕਰਨਗੇ । ਇਸ ਅਧੀਨ 11 ਅਕਤੂਬਰ ਨੂੰ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜ਼ਲੀ ਵਜੋਂ ਮਹਾਂਰਾਸ਼ਟਰ ਮੁਕੰਮਲ ਬੰਦ ਰਿਹਾ । ਸ਼ਹੀਦਾਂ ਦੀ ਅੰਤਮ ਅਰਦਾਸ ਮੌਕੇ 12 ਅਕਤੂਬਰ ਨੂੰ ਪੰਜਾਬ, ਹਰਿਆਣਾ, ਦਿੱਲੀ, ਉਤਰਾਖੰਡ, ਰਾਜਸਥਾਨ ਤੇ ਛਤੀਸਗੜ੍ਹ ਤੋਂ ਕਿਸਾਨਾਂ ਦੇ ਵੱਡੇ ਜੱਥੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ । ਸ਼ਰਧਾਂਜਲੀ ਸਮਾਗਮ ਉਤੇ ਐਲਾਨੇ ਪ੍ਰੋਗਰਾਮ ਮੁਤਾਬਕ 16 ਅਕਤੂਬਰ ਨੂੰ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਅਡਾਨੀ, ਅੰਬਾਨੀ ਕਾਰਪੋਰੇਟਾਂ ਦੇ ਪੁਤਲੇ ਫੂਕੇ ਗਏ । ਇਸ ਦਿਨ ਇਕੱਲੇ ਪੰਜਾਬ ਵਿੱਚ ਹੀ 500 ਤੋਂ ਵੱਧ ਥਾਵਾਂ ਉੱਤੇ ਪੁਤਲਾ ਫੂਕ ਇਕੱਠ ਹੋਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਪਾਇਆ । 18 ਅਕਤੂਬਰ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਤੇ ਸਭ ਵੱਡੇ ਰਾਜਾਂ ਵਿੱਚ ਕਿਸਾਨਾਂ ਨੇ ਰੇਲ ਪਟੜੀਆਂ ਉੱਤੇ ਧਰਨੇ ਦਿੱਤੇ । 24 ਅਕਤੂਬਰ ਨੂੰ ਸ਼ਹੀਦ ਕਿਸਾਨਾਂ ਦੀਆਂ ਕਲਸ ਯਾਤਰਾਵਾਂ ਕੱਢ ਕੇ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ।
      ਇਸੇ ਦੌਰਾਨ ਦੁਸਹਿਰੇ ਵਾਲੇ ਦਿਨ ਸਿੰਘੂ ਬਾਰਡਰ ਉੱਤੇ ਬੈਠੇ ਨਿਹੰਗਾਂ ਦੇ ਇੱਕ ਟੋਲੇ ਨੇ ਆਪਣੇ ਹੀ ਇੱਕ ਸਾਥੀ ਦੀ ਲੱਤ ਤੇ ਬਾਂਹ ਵੱਢ ਕੇ ਉਸ ਨੂੰ ਸਿੰਘੂ ਵਾਲੀ ਸਟੇਜ ਨੇੜੇ ਪੁਲਸ ਬੈਰੀਕੇਡ ਉੱਤੇ ਟੰਗ ਦਿੱਤਾ, ਜਿੱਥੇ ਉਸ ਨੇ ਤੜਫ਼-ਤੜਫ਼ ਕੇ ਜਾਨ ਦੇ ਦਿੱਤੀ । ਇਸ ਘਟਨਾ ਤੋਂ ਬਾਅਦ ਨਿਹੰਗਾਂ ਦੇ ਇਸ ਜਥੇ ਦੇ ਮੁੱਖ ਜਥੇਦਾਰ ਦੀਆਂ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਖਾਣਾ ਖਾਂਦੇ ਤੇ ਸਿਰੋਪਾ ਲੈਂਦੇ ਦੀਆਂ ਫੋਟੋਆਂ ਵਾਇਰਲ ਹੋਣ ਨਾਲ ਇੱਕ ਹੋਰ ਸਰਕਾਰੀ ਸਾਜ਼ਿਸ਼ ਬੇਨਕਾਬ ਹੋ ਗਈ । ਮਕਸਦ ਸਾਫ਼ ਸੀ ਕਿ ਮਰਨ ਵਾਲੇ ਨਵੇਂ ਸਜੇ ਨਿਹੰਗ ਨੂੰ ਕਿਸਾਨ ਤੇ ਬੇਅਦਬੀ ਦਾ ਦੋਸ਼ੀ ਸਿੱਧ ਕਰਕੇ ਅੰਦੋਲਨਕਾਰੀਆਂ ਨੂੰ ਬਦਨਾਮ ਕਰਕੇ ਮੋਰਚਿਆਂ ਵਿੱਚ ਫੁੱਟ ਪਾਈ ਜਾਵੇ, ਪਰ ਕਾਮਯਾਬੀ ਨਾ ਮਿਲ ਸਕੀ ।
     ਅਸੀਂ 13 ਤਰੀਕ ਦੀ ਰਾਤ ਟਿੱਕਰੀ ਬਾਰਡਰ ਉੱਤੇ ਸਾਂ । ਅੰਦੋਲਨਕਾਰੀ ਧਰਤੀ ਪੁੱਤਰ ਪੂਰੇ ਹੌਸਲੇ ਵਿੱਚ ਹਨ । ਉਹ ਪੂਰੀ ਤਰ੍ਹਾਂ ਲੰਮੀ ਲੜਾਈ ਲਈ ਤਿਆਰ ਹਨ । ਉਨ੍ਹਾਂ ਦਾ ਸਿਰੜ ਹੀ ਅੰਦੋਲਨ ਦੀ ਜਿੱਤ ਦਾ ਜ਼ਾਮਨ ਹੈ ।