ਲੋਕਾਂ ਨੇ ਹਾਕਮਾਂ ਨੂੰ ਸ਼ੀਸ਼ਾ ਦਿਖਾਇਆ  - ਚੰਦ ਫਤਿਹਪੁਰੀ

ਦੀਵਾਲੀ ਤੋਂ ਦੋ ਦਿਨ ਪਹਿਲਾਂ 13 ਸੂਬਿਆਂ ਦੀਆਂ 29 ਵਿਧਾਨ ਸਭਾ ਤੇ 3 ਲੋਕ ਸਭਾ ਸੀਟਾਂ ਦੇ ਆਏ ਨਤੀਜਿਆਂ ਨੇ ਭਾਜਪਾ ਵਾਲਿਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ । ਭਾਜਪਾ ਨੂੰ ਵਿਧਾਨ ਸਭਾ ਦੀਆਂ ਸਿਰਫ਼ 7 ਤੇ ਲੋਕ ਸਭਾ ਦੀ ਇੱਕ ਸੀਟ ਹੀ ਮਿਲ ਸਕੀ ਹੈ । ਕਾਂਗਰਸ ਤੇ ਖੇਤਰੀ ਪਾਰਟੀਆਂ ਨੇ ਵੱਖੋ-ਵੱਖ ਲੜਨ ਦੇ ਬਾਵਜੂਦ ਭਾਜਪਾ ਨੂੰ ਗਹਿਰੀ ਚੋਟ ਪੁਚਾਈ ਹੈ । ਨਤੀਜੇ ਸਪੱਸ਼ਟ ਕਰਦੇ ਹਨ ਕਿ ਭਾਜਪਾ ਦੀ ਵੰਡਵਾਦੀ ਸਿਆਸਤ ਦਾ ਮੁਲੰਮਾ ਉਤਰਨਾ ਸ਼ੁਰੂ ਹੋ ਗਿਆ ਹੈ ।
       ਭਾਜਪਾ ਨੂੰ ਸਭ ਤੋਂ ਵੱਡਾ ਝਟਕਾ ਇਸ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਦੇ ਗ੍ਰਹਿ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਲੱਗਾ ਹੈ, ਜਿੱਥੇ ਇਸ ਨੂੰ ਲੋਕ ਸਭਾ ਦੀ ਇੱਕ ਤੇ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਉੱਤੇ ਕਾਂਗਰਸ ਹੱਥੋਂ ਹਾਰ ਝੱਲਣੀ ਪਈ ਹੈ । ਮੰਡੀ ਲੋਕ ਸਭਾ ਸੀਟ ਭਾਜਪਾ ਨੇ 2019 ਦੀਆਂ ਚੋਣਾਂ ਸਮੇਂ 4 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ । ਇਸ ਵਾਰ ਭਾਜਪਾ ਨੇ ਕਾਂਗਰਸ ਉਮੀਦਵਾਰ ਪ੍ਰਤਿਭਾ ਸਿੰਘ ਦੇ ਮੁਕਾਬਲੇ ਕਾਰਗਿਲ ਜੰਗ ਦੇ ਹੀਰੋ ਖੁਸ਼ਹਾਲ ਠਾਕੁਰ ਨੂੰ ਖੜ੍ਹਾ ਕੀਤਾ ਸੀ । ਭਾਜਪਾ ਦਾ ਇਹ ਦਾਅ ਵੀ ਨਾ ਚੱਲ ਸਕਿਆ ਤੇ ਖੁਸ਼ਹਾਲ ਦੇ ਜੰਗੀ ਕੌਸ਼ਲ ਨੂੰ ਕਾਂਗਰਸੀ ਉਮੀਦਵਾਰ ਅੱਗੇ ਗੋਡੇ ਟੇਕਣੇ ਪਏ । ਵਿਧਾਨ ਸਭਾ ਦੀਆਂ ਅਰਕੀ, ਫਤਿਹਪੁਰ ਤੇ ਜੁੱਬਲ -ਕੋਟਖਾਈ ਸੀਟਾਂ 'ਤੇ ਵੀ ਕਾਂਗਰਸ ਨੇ ਭਾਜਪਾ ਨੂੰ ਹਰਾ ਦਿੱਤਾ । ਜੁੱਬਲ-ਕੋਟਖਾਈ ਵਿੱਚ ਤਾਂ ਭਾਜਪਾ ਦੀ ਉਮੀਦਵਾਰ ਨੂੰ ਸਿਰਫ਼ 2444 ਵੋਟਾਂ ਮਿਲੀਆਂ ਤੇ ਉਸ ਦੀ ਜ਼ਮਾਨਤ ਜ਼ਬਤ ਹੋ ਗਈ । ਹਿਮਾਚਲ ਵਿੱਚ 1 ਲੋਕ ਸਭਾ ਸੀਟ ਵਿੱਚ 17 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ । ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਕਾਂਗਰਸ ਨੇ 20 ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਉਤੇ ਬੜ੍ਹਤ ਬਣਾ ਲਈ ਹੈ । ਹਿਮਾਚਲ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ।
       ਭਾਜਪਾ ਨੂੰ ਹਿਮਾਚਲ ਨਾਲੋਂ ਵੀ ਵੱਧ ਮਾਂਜਾ ਪੱਛਮੀ ਬੰਗਾਲ ਵਿੱਚ ਫਿਰਿਆ ਹੈ । ਇਥੋਂ ਦੀਆਂ 4 ਵਿਧਾਨ ਸਭਾ ਸੀਟਾਂ ਉੱਤੇ ਹੋਈ ਚੋਣ ਵਿੱਚ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਹੈ । ਇਨ੍ਹਾਂ ਚਾਰਾਂ ਵਿੱਚੋਂ ਦੋ ਸੀਟਾਂ ਉਹ ਸਨ, ਜਿਹੜੀਆਂ ਭਾਜਪਾ ਵਿਧਾਇਕਾਂ ਵੱਲੋਂ ਅਸਤੀਫ਼ੇ ਦੇਣ ਕਾਰਨ ਖਾਲੀ ਹੋਈਆਂ ਸਨ । ਇਨ੍ਹਾਂ ਚਾਰਾਂ ਵਿੱਚੋਂ ਤਿੰਨਾਂ ਉੱਤੇ ਤਾਂ ਭਾਜਪਾਈ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ । ਇਨ੍ਹਾਂ ਚੋਣਾਂ ਵਿੱਚ ਖੱਬੇ ਫਰੰਟ ਲਈ ਰਾਹਤ ਵਾਲੀ ਖ਼ਬਰ ਹੈ । ਸੀ ਪੀ ਆਈ (ਐੱਮ) ਉਮੀਦਵਾਰ ਸ਼ਾਂਤੀਪੁਰ ਤੇ ਖਰਦਾਹਾ ਸੀਟਾਂ ਉੱਤੇ ਲੱਗਭੱਗ ਭਾਜਪਾ ਉਮੀਦਵਾਰਾਂ ਦੇ ਬਰਾਬਰ ਢੁਕਣ ਵਿੱਚ ਸਫ਼ਲ ਰਹੇ ਹਨ । ਸ਼ਾਂਤੀਪੁਰ ਸੀਟ ਉੱਤੇ ਤਾਂ ਸੀ ਪੀ ਆਈ ਐੱਮ ਉਮੀਦਵਾਰ 20 ਫ਼ੀਸਦੀ ਵੋਟਾਂ ਲੈਣ ਵਿੱਚ ਕਾਮਯਾਬ ਰਿਹਾ ਹੈ । ਇਸ ਤੋਂ ਸੰਦੇਸ਼ ਮਿਲਦਾ ਹੈ ਕਿ ਖੱਬੇ-ਪੱਖੀ ਵੋਟਰ ਵਾਪਸ ਮੁੜ ਰਿਹਾ ਹੈ ।
ਹਿੰਦੀ ਪੱਟੀ ਦੇ ਇੱਕ ਹੋਰ ਸੂਬੇ ਰਾਜਸਥਾਨ ਦੀਆਂ 2 ਵਿਧਾਨ ਸਭਾ ਸੀਟਾਂ ਉੱਤੇ ਵੀ ਭਾਜਪਾ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਧਰਿਆਵਾੜ ਵਿੱਚ ਭਾਜਪਾ ਉਮੀਦਵਾਰ ਤੀਜੇ ਨੰਬਰ 'ਤੇ ਰਿਹਾ ਅਤੇ ਵੱਲਭਨਗਰ ਵਿੱਚ ਭਾਜਪਾ ਉਮੀਦਵਾਰ ਚੌਥੇ ਸਥਾਨ ਉੱਤੇ ਰਹਿ ਕੇ ਆਪਣੀ ਜ਼ਮਾਨਤ ਜ਼ਬਤ ਕਰਵਾ ਬੈਠਾ । ਦੋਵੇਂ ਸੀਟਾਂ ਉੱਤੇ ਕਾਂਗਰਸ ਜੇਤੂ ਰਹੀ ਹੈ ।
      ਹਰਿਆਣਾ ਦੀ ਇੱਕ ਸੀਟ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਅਭੈ ਚੌਟਾਲਾ ਜੇਤੂ ਰਹੇ ਹਨ । ਮਹਾਰਾਸ਼ਟਰ ਦੀ ਦੇਗਪੁਰ ਸੀਟ ਕਾਂਗਰਸ ਨੇ ਭਾਜਪਾ ਨੂੰ ਹਰਾ ਕੇ ਵੱਡੇ ਫ਼ਰਕ ਨਾਲ ਜਿੱਤ ਲਈ ਹੈ । ਮੱਧ ਪ੍ਰਦੇਸ਼ ਦੀਆਂ ਤਿੰਨ ਸੀਟਾਂ ਵਿੱਚੋਂ 2 ਭਾਜਪਾ ਤੇ 1 ਕਾਂਗਰਸ ਦੇ ਪੱਲੇ ਪਈਆਂ ਹਨ । ਕਰਨਾਟਕ ਦੀਆਂ ਚੋਣਾਂ ਵਿੱਚੋਂ ਇੱਕ 'ਤੇ ਭਾਜਪਾ ਤੇ ਇੱਕ ਉੱਤੇ ਕਾਂਗਰਸੀ ਉਮੀਦਵਾਰ ਜੇਤੂ ਰਿਹਾ ਹੈ । ਤੇਲੰਗਾਨਾ ਵਿੱਚ ਟੀ ਆਰ ਐੱਸ ਨੂੰ ਝਟਕਾ ਲੱਗਾ ਹੈ, ਜਿੱਥੇ ਭਾਜਪਾ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ । ਮੱਧ ਪ੍ਰਦੇਸ਼ ਵਿੱਚ ਲੋਕ ਸਭਾ ਦੀ ਖੰਡਵਾ ਸੀਟ ਤੋਂ ਭਾਜਪਾ ਨੇ ਜਿੱਤ ਦਰਜ ਕੀਤੀ ਹੈ । ਦਾਦਰ, ਨਗਰ, ਹਵੇਲੀ ਹਲਕੇ ਵਿੱਚ ਸ਼ਿਵ ਸੈਨਾ ਨੇ ਭਾਜਪਾ ਨੂੰ ਹਰਾ ਕੇ ਮਹਾਰਾਸ਼ਟਰ ਤੋਂ ਬਾਹਰ ਹਾਜ਼ਰੀ ਲਵਾਈ ਹੈ । ਬਿਹਾਰ ਦੀਆਂ ਦੋ ਸੀਟਾਂ ਉੱਤੇ ਜਨਤਾ ਦਲ (ਯੂ) ਨੇ ਰਾਜਦ ਨੂੰ ਹਰਾ ਕੇ ਤੇਜਸਵੀ ਯਾਦਵ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ । ਜੇਕਰ ਉਹ ਹਉਮੈ ਨੂੰ ਤਿਆਗ ਕੇ ਮਹਾਂਗਠਜੋੜ ਨੂੰ ਟੁੱਟਣ ਨਾ ਦਿੰਦਾ ਤਦ ਘੱਟੋ-ਘੱਟ ਤਾਰਾਪੁਰ ਵਾਲੀ ਸੀਟ ਜਿੱਤੀ ਜਾ ਸਕਦੀ ਸੀ । ਆਂਧਰਾ ਪ੍ਰਦੇਸ਼ ਦੀ ਇੱਕੋ-ਇੱਕ ਸੀਟ ਵਾਈ ਐੱਸ ਆਰ ਦੇ ਪੱਲੇ ਪਈ ਹੈ।
        ਪੂਰਬੀ ਰਾਜਾਂ ਵਿਚਲੇ ਸਭ ਤੋਂ ਵੱਡੇ ਰਾਜ ਅਸਾਮ ਵਿੱਚ ਭਾਜਪਾ ਸਫ਼ਲਤਾ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ । ਇੱਥੇ ਭਾਜਪਾ ਨੇ ਕਾਂਗਰਸ ਦੇ ਦੋ ਤੇ ਇੱਕ ਯੂ ਡੀ ਐੱਫ ਦੇ ਵਿਧਾਇਕ ਤੋਂ ਅਸਤੀਫ਼ੇ ਦਿਵਾ ਕੇ ਸੀਟਾਂ ਖਾਲੀ ਕਰਵਾਈਆਂ ਸਨ । ਇਹ ਤਿੰਨੇ ਹੁਣ ਭਾਜਪਾ ਦੀ ਟਿਕਟ ਉੱਤੇ ਜਿੱਤ ਗਏ ਹਨ | ਦੋ ਸੀਟਾਂ ਇਸ ਦੀ ਭਾਈਵਾਲ ਯੂ ਪੀ ਪੀ ਨੂੰ ਮਿਲੀਆਂ ਹਨ | ਇਥੇ ਵੱਡੀ ਤਬਦੀਲੀ ਇਹ ਹੋਈ ਹੈ ਕਿ ਉਪਰੀ ਅਸਾਮ ਦੀਆਂ ਦੋ ਸੀਟਾਂ ਵਿੱਚ ਅਖਿਲ ਗੋਗੋਈ ਦੀ ਪਾਰਟੀ ਨੇ ਕਾਂਗਰਸ ਤੋਂ ਉਸ ਦਾ ਅਧਾਰ ਖੋਹ ਲਿਆ ਹੈ ।
       ਗੋਗੋਈ ਦੇ ਉਮੀਦਵਾਰ ਥੌਰਾ ਵਿੱਚ 27 ਫ਼ੀਸਦੀ ਤੇ ਮਰਿਆਨੀ ਵਿੱਚ 17 ਫ਼ੀਸਦੀ ਵੋਟਾਂ ਲੈਣ ਵਿੱਚ ਕਾਮਯਾਬ ਰਹੇ ਹਨ । ਮੇਘਾਲਿਆ ਦੀਆਂ ਤਿੰਨ, ਮਿਜ਼ੋਰਮ ਦੀ ਇੱਕ ਸੀਟ ਸਥਾਨਕ ਪਾਰਟੀਆਂ ਨੇ ਜਿੱਤ ਲਈਆਂ ਹਨ । ਕਾਂਗਰਸ ਲਈ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਚਾਰਾਂ ਵਿੱਚੋਂ ਤਿੰਨ ਉੱਤੇ ਉਹ ਦੂਜੇ ਥਾਂ ਉਤੇ ਰਹੀ ਹੈ ।
ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕ ਹੁਣ ਹਾਕਮਾਂ ਤੋਂ ਹਿਸਾਬ ਲੈਣ ਲਈ ਨਿਤਰਨੇ ਸ਼ੁਰੂ ਹੋ ਗਏ ਹਨ । ਇਨ੍ਹਾਂ ਚੋਣਾਂ ਵਿੱਚ ਮਹਿੰਗਾਈ ਤੇ ਕਿਸਾਨ ਅੰਦੋਲਨ ਦੇ ਮੁੱਦੇ ਮੁੱਖ ਰਹੇ ਹਨ । ਇਸੇ ਦਾ ਨਤੀਜਾ ਹੈ ਕਿ ਕੇਂਦਰ ਸਰਕਾਰ ਨੂੰ ਅਗਲੇ ਹੀ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕੰਟਰੋਲ ਕਰਨ ਲਈ ਕੇਂਦਰੀ ਟੈਕਸ ਘੱਟ ਕਰਨੇ ਪਏ ਹਨ । ਭਾਜਪਾ ਸ਼ਾਸਤ ਰਾਜਾਂ ਨੇ ਵੀ ਵੈਟ ਵਿੱਚ ਕਮੀ ਕਰਕੇ ਲੋਕਾਂ ਨੂੰ ਰਾਹਤ ਪੁਚਾਉਣ ਦਾ ਰਾਹ ਫੜਿਆ ਹੈ । ਆਉਂਦੇ ਦਿਨੀਂ ਇਹ ਨਤੀਜੇ ਸਰਕਾਰ ਨੂੰ ਹੋਰ ਵੀ ਲੋਕ-ਪੱਖੀ ਕਦਮ ਚੁੱਕਣ ਲਈ ਮਜਬੂਰ ਕਰਨਗੇ, ਕਿਉਂਕਿ ਪੰਜ ਰਾਜਾਂ ਦੀਆਂ ਚੋਣਾਂ ਸਿਰ ਉੱਤੇ ਹਨ ।