ਹੋਰਨੀਮਾਨ ਜਿਹਾ ਕੋਈ ਹੋਰ ਨਹੀਂ ਹੋਣਾ - ਰਾਮਚੰਦਰ ਗੁਹਾ

ਸਾਲ 1995 ਵਿਚ ਜਦੋਂ ਬੰਬਈ ਦਾ ਨਾਂ ਬਦਲ ਕੇ ਮੁੰਬਈ ਕਰ ਦਿੱਤਾ ਗਿਆ ਸੀ ਤਾਂ ਸ਼ਹਿਰ ਦੀਆਂ ਇਮਾਰਤਾਂ, ਗਲੀਆਂ, ਪਾਰਕਾਂ ਤੇ ਰੇਲਵੇ ਸਟੇਸ਼ਨਾਂ ਦੇ ਨਾਂ ਬਦਲਣ ਦੀ ਹੋੜ ਲੱਗ ਗਈ ਸੀ। ਫਿਰ ਵੀ ਫ਼ੌਤ ਹੋ ਚੁੱਕੇ ਕੁਝ ਕੁ ਵਿਦੇਸ਼ੀ ਅਜਿਹੇ ਸਨ ਜਿਨ੍ਹਾਂ ਦਾ ਨਾਂ ਇਤਿਹਾਸ ਦੇ ਕੂੜੇਦਾਨ ਵਿਚ ਸੁੱਟਣ ਤੋਂ ਬਚ ਗਿਆ ਸੀ। ਇਨ੍ਹਾਂ ’ਚੋਂ ਇਕ ਐਨੀ ਬੇਸੈਂਟ ਸੀ ਜਿਸ ਦੇ ਨਾਂ ’ਤੇ ਸੈਂਟਰਲ ਮੁੰਬਈ ਦਾ ਇਕ ਵੱਡਾ ਮਾਰਗ ਅਜੇ ਵੀ ਕਾਇਮ ਹੈ ਅਤੇ ਉਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਦੱਖਣੀ ਹਿੱਸੇ ਵਿਚ ਦਰੱਖਤਾਂ ਨਾਲ ਹਰੇ ਭਰੇ ਅਤੇ ਕਈ ਪੁਰਾਣੀਆਂ ਇਮਾਰਤਾਂ ਨਾਲ ਘਿਰੇ ਹੋਏ ਇਕ ਪਾਰਕ ਦੇ ਬੋਰਡ ’ਤੇ ਬੀ.ਜੀ. ਹੋਰਨੀਮਾਨ ਦੇ ਨਾਂ ਦਾ ਬੋਰਡ ਜਿਉਂ ਦਾ ਤਿਉਂ ਮੌਜੂਦ ਹੈ।
       ਮੇਰਾ ਖ਼ਿਆਲ ਹੈ ਕਿ ਮੁੰਬਈ ਅਤੇ ਬਾਕੀ ਦੇਸ਼ ਵਿਚ ਵੀ ਹੋਰਨੀਮਾਨ ਦੇ ਮੁਕਾਬਲੇ ਬੇਸੈਂਟ ਦਾ ਨਾਂ ਕਿਤੇ ਜ਼ਿਆਦਾ ਜਾਣਿਆ ਪਛਾਣਿਆ ਹੈ। ਬੇਸੈਂਟ ਨੇ ਮਦਨ ਮੋਹਨ ਮਾਲਵੀਆ ਨਾਲ ਮਿਲ ਕੇ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਬਾਲ ਗੰਗਾਧਰ ਤਿਲਕ ਨਾਲ ਮਿਲ ਕੇ ਇੰਡੀਅਨ ਹੋਮ ਰੂਲ ਲਹਿਰ ਦੀ ਨੀਂਹ ਰੱਖੀ ਸੀ ਤੇ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਮਹਿਲਾ ਪ੍ਰਧਾਨ ਸਨ ਤੇ ਉਂਝ ਵੀ ਸਕੂਲੀ ਪਾਠ ਪੁਸਤਕਾਂ ਤੇ ਆਮ ਗਿਆਨ ਦੇ ਮੁਕਾਬਲਿਆਂ ਵਿਚ ਉਨ੍ਹਾਂ ਦੇ ਨਾਂ ਦਾ ਅਕਸਰ ਜ਼ਿਕਰ ਆਉਂਦਾ ਰਹਿੰਦਾ ਹੈ। ਹੋਰਨੀਮਾਨ ਦਾ ਨਾਂ ਮੁੰਬਈ ਦੇ ਕੁਝ ਹਲਕਿਆਂ ਤੱਕ ਹੀ ਮਹਿਦੂਦ ਹੈ ਹਾਲਾਂਕਿ ਉਨ੍ਹਾਂ ਦੀ ਘਾਲਣਾ ਸਾਡੇ ਸਮਿਆਂ ਵਿਚ ਸ਼ਾਇਦ ਜ਼ਿਆਦਾ ਪ੍ਰਸੰਗਕ ਹੈ।
        ਸੰਨ 1913 ਵਿਚ ਹਿੰਦੋਸਤਾਨ ਦੇ ਉਦਾਰਵਾਦੀਆਂ ਦੇ ਇਕ ਸਮੂਹ ਨੇ ਇਕ ਅਖ਼ਬਾਰ ਦੀ ਸ਼ੁਰੂਆਤ ਕੀਤੀ ਜਿਸ ਦਾ ਨਾਂ ਸੀ ‘ਬੌਂਬੇ ਕਰੋਨੀਕਲ’। ਇਹ ਉਦੋਂ ਅੰਗਰੇਜ਼ੀ ਰਾਜ ਪੱਖੀ ਅਖ਼ਬਾਰ ‘ਟਾਈਮਜ਼ ਆਫ ਇੰਡੀਆ’ ਦੇ ਮੁਕਾਬਲੇ ਦੇਸ਼ਭਗਤਾਂ ਦਾ ਤਰਜਮਾਨ ਬਣ ਕੇ ਉਭਰਿਆ ਸੀ। ਬੀ.ਜੀ. ਹੋਰਨੀਮਾਨ ਉਦੋਂ ਕਲਕੱਤੇ ਤੋਂ ਛਪਦੇ ‘ਦਿ ਸਟੇਟਸਮੈਨ’ ਵਿਚ ਸਹਾਇਕ ਸੰਪਾਦਕ ਸਨ। ਉੱਥੋਂ ਉਹ ਬੰਬਈ ਆ ਗਏ ਤੇ ‘ਬੌਂਬੇ ਕਰੋਨੀਕਲ’ ਦੇ ਪਹਿਲੇ ਸੰਪਾਦਕ ਬਣ ਗਏ। ਹੋਰਨੀਮੈਨ ਨਸਲੀ ਹੱਦਬੰਦੀਆਂ ਨੂੰ ਮੇਸਣ ਲਈ ਜਾਣੇ ਜਾਂਦੇ ਸਨ। ਜਦੋਂ ਬੰਗਾਲ ਦੀ ਵੰਡ ਨੂੰ ਮੇਟਣ ਵਾਸਤੇ ਲੋਕ ਲਹਿਰ ਉੱਠੀ ਸੀ ਤਾਂ ਹੋਰਨੀਮਾਨ ਨੇ ਇਸ ਦੇ ਹੱਕ ਵਿਚ ਡਟਵਾਂ ਸਟੈਂਡ ਲਿਆ। ਇਕ ਸੱਚੇ ਹਿੰਦੋਸਤਾਨੀ ਦੀ ਤਰ੍ਹਾਂ ਉਹ ਬੰਗਾਲੀਆਂ ਦੇ ਦੁੱਖ ਦਰਦਾਂ ਵਿਚ ਸ਼ਰੀਕ ਹੁੰਦਿਆਂ ਚਿੱਟੀ ਧੋਤੀ ਤੇ ਕੁੜਤਾ ਪਹਿਨ ਕੇ ਕਲਕੱਤੇ ਦੀਆਂ ਸੜਕਾਂ ’ਤੇ ਨੰਗੇ ਪੈਰੀਂ ਤੁਰੇ ਸਨ।
        ਦੋ ਕੁ ਸਾਲ ਬਾਅਦ ‘ਬੌਂਬੇ ਕਰੋਨੀਕਲ’ ਦੀ ਵਾਗਡੋਰ ਸੰਭਾਲਦਿਆਂ ਹੋਰਨੀਮਾਨ ਨੇ ਕੰਮਕਾਜੀ ਪੱਤਰਕਾਰਾਂ ਦੀ ਜਥੇਬੰਦੀ ‘ਪ੍ਰੈਸ ਐਸੋਸੀਏਸ਼ਨ ਆਫ ਇੰਡੀਆ’ ਦੀ ਸਥਾਪਨਾ ਕੀਤੀ ਜੋ ਆਪਹੁਦਰੇ ਕਾਨੂੰਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੱਤਰਕਾਰਾਂ ਦੀ ਰਾਖੀ ਕਰਦੀ ਸੀ ਅਤੇ ਇਸੇ ਤਰ੍ਹਾਂ ਪੱਤਰਕਾਰਾਂ ਦੇ ਆਜ਼ਾਦਾਨਾ ਕੰਮਕਾਜ ਵਿਚ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਦੀ ਦਖ਼ਲਅੰਦਾਜ਼ੀ ਦੀਆਂ ਹਰ ਕਿਸਮ ਦੀਆਂ ਕੋਸ਼ਿਸ਼ਾਂ ਨੂੰ ਰੋਕਦੀ ਸੀ ਤੇ ਇੰਝ ਦੇਸ਼ ਅੰਦਰ ਪ੍ਰੈਸ ਦੀ ਆਜ਼ਾਦੀ ਯਕੀਨੀ ਬਣਾਉਣਾ ਇਸ ਦਾ ਮੂਲ ਮਨੋਰਥ ਸੀ। ਇਹ ਭਾਰਤ ਵਿਚ ਕੰਮਕਾਜੀ ਪੱਤਰਕਾਰਾਂ ਦੀ ਪਹਿਲੀ ਟਰੇਡ ਯੂਨੀਅਨ ਸੀ ਜਿਸ ਦੇ ਪ੍ਰਧਾਨ ਦੇ ਤੌਰ ’ਤੇ ਹੋਰਨੀਮਾਨ ਨੇ ਪ੍ਰੈਸ ਦੀ ਆਜ਼ਾਦੀ ਲਈ ਡਟ ਕੇ ਲੜਾਈ ਲੜੀ ਸੀ। ਉਨ੍ਹਾਂ ਵਾਇਸਰਾਏ ਅਤੇ ਗਵਰਨਰ ਨੂੰ ਪਟੀਸ਼ਨਾਂ ਭੇਜ ਕੇ ਸਰਕਾਰ ਵੱਲੋਂ ਪ੍ਰੈਸ ਐਕਟ ਦੀ ਦੁਰਵਰਤੋਂ ਦਾ ਵਿਰੋਧ ਕੀਤਾ ਸੀ ਜਿਸ ਕਰਕੇ ਡਿਫੈਂਸ ਆਫ ਇੰਡੀਆ ਐਕਟ ਲਿਆਂਦਾ ਗਿਆ ਸੀ। ਅੰਗਰੇਜ਼ ਹਾਕਮ ਸਿਆਸੀ ਕਾਰਕੁਨਾਂ ਨੂੰ ਜੇਲ੍ਹਾਂ ਵਿਚ ਡੱਕਣ ਲਈ ਪਹਿਲੀ ਆਲਮੀ ਜੰਗ ਦੀ ਆੜ ਲੈ ਰਿਹਾ ਸੀ ਜਿਸ ਕਰਕੇ ਹੋਰਨੀਮਾਨ ਨੇ ਲਿਖਿਆ ਕਿ ‘ਸਰਕਾਰੀ ਤੰਤਰ ਅਜਿਹੇ ਪੜਾਅ ’ਤੇ ਪਹੁੰਚ ਗਿਆ ਹੈ ਜਿੱਥੇ ਇਹ ਲੋਕਾਂ ਨੂੰ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿਚ ਡੱਕ ਅਤੇ ਬੋਲਣ ਦੀ ਆਜ਼ਾਦੀ ਦੀ ਸੰਘੀ ਘੁੱਟ ਕੇ ਆਪਣੀ ਸੁਰੱਖਿਆ ਸਮਝਦਾ ਹੈ ਤੇ ਇਹ ਸਰਕਾਰੀ ਤੰਤਰ ਦੀਵਾਲੀਆ ਹੋ ਚੁੱਕਿਆ ਹੈ ਤੇ ਇਸ ਵਿਚ ਤਿੱਖੇ ਸੁਧਾਰਾਂ ਦੀ ਲੋੜ ਹੈ।’
        ‘ਬੌਂਬੇ ਕਰੋਨੀਕਲ’ ਅੰਗਰੇਜ਼ੀ ਵਿਚ ਛਪਦਾ ਸੀ ਪਰ ਇਹ ਅਖ਼ਬਾਰ ਸ਼ਹਿਰ ਦੇ ਦੱਬੇ ਕੁਚਲੇ ਤੇ ਮਹਿਰੂਮ ਵਰਗਾਂ ਦੇ ਹੱਕ ਵਿਚ ਲਿਖਦਾ ਸੀ ਹਾਲਾਂਕਿ ਉਹ ਲੋਕ ਨਾ ਉਹ ਅੰਗਰੇਜ਼ੀ ਪੜ੍ਹਦੇ ਸਨ ਤੇ ਨਾ ਹੀ ਬੋਲਦੇ ਸਨ। ਇਤਿਹਾਸਕਾਰ ਸੰਦੀਪ ਹਜ਼ਾਰੀਸਿਹੁੰ ਲਿਖਦੇ ਹਨ ਕਿ ਹੋਰਨੀਮਾਨ ਦੇ ਅਖ਼ਬਾਰ ਨੇ ‘ਸ਼ਹਿਰ ਦੇ ਅਧਿਕਾਰਤ ਸਮਾਜ ਸ਼ਾਸ਼ਤਰ ਦਾ ਮੁਹਾਂਦਰਾ ਬਦਲ ਕੇ ਇਸ ਵਿਚ ਕਾਮਿਆਂ ਤੇ ਸ਼ਹਿਰੀ ਗ਼ਰੀਬ ਵਰਗਾਂ ਨੂੰ ਥਾਂ ਦਿਵਾਈ ਸੀ। ਅਖ਼ਬਾਰ ਨੇ ਮਿੱਲ ਕਾਮਿਆਂ, ਦਿਹਾੜੀਦਾਰਾਂ, ਰੇਲਵੇ ਕਾਮਿਆਂ ਸਮੇਤ ਮਜ਼ਦੂਰਾਂ ਦੇ ਵੱਖ ਵੱਖ ਸਮੂਹਾਂ ਦੀ ਵਿਥਿਆ ਨੂੰ ਉਭਾਰਿਆ ਸੀ ਤੇ ਇਸ ਦੇ ਨਾਲ ਹੀ ਸਰਕਾਰ, ਮਿਉਂਸਿਪਲ ਅਤੇ ਪ੍ਰਾਈਵੇਟ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਘੱਟ ਉਜਰਤਾਂ ਵਾਲੇ ਕਾਮਿਆਂ ਦੀ ਮੰਦਹਾਲੀ ਨੂੰ ਉਜਾਗਰ ਕੀਤਾ ਸੀ ਜੋ ਜੰਗ ਦੇ ਜ਼ਮਾਨੇ ਵਿਚ ਮਹਿੰਗਾਈ ਅਤੇ ਚੀਜ਼ਾਂ ਦੀ ਥੁੜ ਦੀ ਮਾਰ ਸਹਿੰਦੇ ਰਹਿੰਦੇ ਸਨ।’
       ਆਪਣੇ ਸੰਪਾਦਕੀਆਂ ਵਿਚ ਹੋਰਨੀਮਾਨ ਨੇ ਅੰਗਰੇਜ਼ ਦੁਕਾਨਦਾਰਾਂ ਤੇ ਵਪਾਰੀਆਂ ਦੀ ਤਿੱਖੀ ਨੁਕਤਾਚੀਨੀ ਕੀਤੀ ਕਿ ਉਨ੍ਹਾਂ ਦੀ ਹਿੰਦੋਸਤਾਨ ਦੇ ਲੋਕਾਂ ਦੀ ਭਲਾਈ ਵਿਚ ਕੋਈ ਦਿਲਚਸਪੀ ਨਹੀਂ ਹੈ, ਪਰ ਉਹ ਮੁਨਾਫ਼ਾ ਕਮਾਉਣ ਲਈ ਭਾਰਤ ਆ ਗਏ ਸਨ ਅਤੇ ਚੋਖੀ ਕਮਾਈ ਕਰ ਕੇ ਵਾਪਸ ਜਾ ਕੇ ਉਨ੍ਹਾਂ ਕਲਾਫਮ ਜਾਂ ਡੁੰਡੀ ਵਿਚ ਜਾ ਵੱਸਣਗੇ।’ ਉਨ੍ਹਾਂ 1918 ’ਚ ਖੇੜਾ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਡਟਵਾਂ ਸਟੈਂਡ ਲਿਆ ਅਤੇ ਬੰਧੂਆ ਮਜ਼ਦੂਰ ਪ੍ਰਥਾ ਦਾ ਤਿੱਖਾ ਵਿਰੋਧ ਕੀਤਾ ਜਿਸ ਦੇ ਤਹਿਤ ਭਾਰਤੀ ਮਜ਼ਦੂਰਾਂ ਨੂੰ ਸਮੁੰਦਰੀ ਜਹਾਜ਼ਾਂ ਵਿਚ ਭਰ ਕੇ ਫਿਜੀ ਤੇ ਕੁਝ ਕੈਰੇਬਿਆਈ ਮੁਲਕਾਂ ਵਿਚ ਲਿਜਾਇਆ ਜਾਂਦਾ ਸੀ।
          ਅਪਰੈਲ 1919 ਦੇ ਪਹਿਲੇ ਹਫ਼ਤੇ ਹੋਰਨੀਮਾਨ ਬੰਬਈ ਵਿਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਰੌਲੈੱਟ ਐਕਟ ਖਿਲਾਫ਼ ਕੀਤੇ ਗਏ ਮੁਜ਼ਾਹਰੇ ਵਿਚ ਸ਼ਾਮਲ ਹੋਏ ਸਨ। ਉਸੇ ਮਹੀਨੇ ਦੇ ਅਖ਼ੀਰ ਵਿਚ ਉਨ੍ਹਾਂ ਦੇ ਅਖ਼ਬਾਰ ਨੇ ਅੰਮ੍ਰਿਤਸਰ ਦੇ ਜੱਲ੍ਹਿਆਂਵਾਲੇ ਬਾਗ਼ ਵਿਚ ਹੋਏ ਘਿਣਾਉਣੇ ਕਤਲੇਆਮ ਅਤੇ ਪੰਜਾਬ ਭਰ ਵਿਚ ਕੀਤੇ ਜਾ ਰਹੇ ਦਮਨ ਦੇ ਪਾਜ ਉਧੇੜ ਦਿੱਤੇ ਸਨ। ਇਸ ਤੋਂ ਬੰਬਈ ਸਰਕਾਰ ਬਹੁਤ ਖਫ਼ਾ ਹੋ ਗਈ ਤੇ ਉਸ ਨੇ ਹੋਰਨੀਮਾਨ ਨੂੰ ਜਬਰੀ ਇਕ ਜਹਾਜ਼ ’ਤੇ ਚੜ੍ਹਾ ਕੇ ਇੰਗਲੈਂਡ ਵਾਪਸ ਭੇਜ ਦਿੱਤਾ ਸੀ। ਇਸ ’ਤੇ ਇਕ ਗੁਜਰਾਤੀ ਅਖ਼ਬਾਰ ਨੇ ਟਿੱਪਣੀ ਕੀਤੀ ਸੀ ਕਿ ‘ਹੋਰਨੀਮਾਨ ਨੂੰ ਦੇਸ਼ਬਦਰ ਕਰਨ ਪਿੱਛੇ ਜਮਾਤੀ ਤੇ ਨਸਲੀ ਹਿੱਤ ਕੰਮ ਕਰ ਰਹੇ ਸਨ ਕਿਉਂਕਿ ਸ੍ਰੀ ਹੋਰਨੀਮਾਨ ਦਾ ਨਾਂ ਸੁਣ ਕੇ ਅਫ਼ਸਰਸ਼ਾਹੀ ਅਤੇ ਮਤਲਬੀ ਐਂਗਲੋ-ਇੰਡੀਅਨ ਵਪਾਰੀਆਂ ਨੂੰ ਕੰਬਣੀ ਛਿੜ ਜਾਂਦੀ ਹੈ।’
        ‘ਬੌਂਬੇ ਕਰੋਨੀਕਲ’ ਦੇ ਸੰਪਾਦਕ ਨਾਲ ਹੋਏ ਇਸ ਵਹਿਸ਼ੀ ਸਲੂਕ ਖਿਲਾਫ਼ ਮਹਾਤਮਾ ਗਾਂਧੀ ਨੇ ਵੀ ਇਕ ਬਿਆਨ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਸੀ : ‘ਸ੍ਰੀ ਹੋਰਨੀਮਾਨ ਬਹੁਤ ਹੀ ਦਲੇਰ ਤੇ ਦਿਆਲੂ ਅੰਗਰੇਜ਼ ਹਨ। ਉਨ੍ਹਾਂ ਸਾਨੂੰ ਉਦਾਰਤਾ ਦਾ ਮੰਤਰ ਦਿੱਤਾ ਹੈ। ਉਨ੍ਹਾਂ ਜਦੋਂ ਵੀ ਕਦੇ ਕੋਈ ਗ਼ਲਤ ਕੰਮ ਦੇਖਿਆ ਤਾਂ ਉਸ ਨੂੰ ਪੂਰੇ ਜ਼ੋਰ ਨਾਲ ਬੇਨਕਾਬ ਕੀਤਾ ਤੇ ਇੰਝ ਉਹ ਜਿਸ ਨਸਲ ਨਾਲ ਜੁੜ ਗਏ ਹਨ, ਉਸ ਲਈ ਗਹਿਣਾ ਬਣ ਗਏ ਹਨ ਅਤੇ ਇਸ ਦੀ ਭਰਵੀਂ ਸੇਵਾ ਕੀਤੀ ਹੈ। ਹਿੰਦੋਸਤਾਨ ਲਈ ਕੀਤੀ ਉਨ੍ਹਾਂ ਦੀ ਸੇਵਾ ਨੂੰ ਹਰ ਭਾਰਤੀ ਚੰਗੀ ਤਰ੍ਹਾਂ ਜਾਣਦਾ ਹੈ।’
       ਸ੍ਰੀ ਹੋਰਨੀਮਾਨ ਕਈ ਸਾਲ ਪਾਸਪੋਰਟ ਹਾਸਲ ਕਰ ਕੇ ਵਾਪਸ ਬੰਬਈ ਪਰਤਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ, ਪਰ ਜਦੋਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਤਾਂ ਉਹ ਇਕ ਸਮੁੰਦਰੀ ਜਹਾਜ਼ ਵਿਚ ਸਵਾਰ ਹੋ ਕੇ ਜਨਵਰੀ 1926 ਵਿਚ ਭਾਰਤ ਦੇ ਇਕ ਦੱਖਣੀ ਤੱਟ ’ਤੇ ਪਹੁੰਚ ਗਏ। ਆਖ਼ਰ ਉਨ੍ਹਾਂ ਨੂੰ ਹਿੰਦੋਸਤਾਨ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਅਤੇ ਆਪਣੀ ਜ਼ਿੰਦਗੀ ਦੇ ਬਾਕੀ ਬਚੇ ਸਾਲ ਉਨ੍ਹਾਂ ਨੇ ਹਿੰਦੋਸਤਾਨੀਆਂ ਦੀ ਮਾਲਕੀ ਵਾਲੇ ਅਖ਼ਬਾਰਾਂ ਦੇ ਸੰਪਾਦਨ ਦੇ ਲੇਖੇ ਲਾ ਦਿੱਤੇ ਜਿਨ੍ਹਾਂ ਵਿਚ ‘ਬੌਂਬੇ ਕਰੌਨੀਕਲ’, ‘ਇੰਡੀਅਨ ਨੈਸ਼ਨਲ ਹੈਰਲਡ’ (ਜੋ ਬਹੁਤਾ ਚਿਰ ਨਾ ਚੱਲ ਸਕਿਆ) ਤੇ ਸ਼ਾਮ ਨੂੰ ਛਪਣ ਵਾਲਾ ‘ਬੌਂਬੇ ਸੈਂਟੀਨਲ’ ਸ਼ਾਮਲ ਸਨ।
       ਬੀ.ਜੀ. ਹੋਰਨੀਮਾਨ ਲਈ ਪੱਤਰਕਾਰੀ ਹੀ ਸਭ ਕੁਝ ਸੀ ਨਾ ਕਿ ਕਾਰੋਬਾਰ। ਸਤੰਬਰ 1932 ਨੂੰ ਬੰਬਈ ਵਿਚ ਵਿਦਿਆਰਥੀਆਂ ਦੀ ਇਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹੋਰਨੀਮਾਨ ਨੇ ਐਲਾਨ ਕੀਤਾ ਸੀ ਕਿ ‘ਇਕ ਆਦਰਸ਼ ਅਖ਼ਬਾਰ ਉਹੀ ਅਖਵਾਏਗਾ ਜੋ ਇਸ਼ਤਿਹਾਰਾਂ ਜਾਂ ਇਸ ਕਿਸਮ ਦੀਆਂ ਹੋਰਨਾਂ ਕਾਰੋਬਾਰੀ ਗਿਣਤੀਆਂ ਮਿਣਤੀਆਂ ਤੋਂ ਬਿਲਕੁਲ ਆਜ਼ਾਦ ਹੋ ਕੇ ਕੰਮ ਕਰੇ। ਪੱਛਮੀ ਮੀਡੀਆ ਵਿਚ ਤਜਾਰਤੀ ਹਿੱਤ ਦੀ ਅਹਿਮੀਅਤ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਰੋਜ਼ਾਨਾ ਅਖ਼ਬਾਰ ਵਿਗਿਆਪਨ ਦਾਤਿਆਂ ਦੇ ਰਹਿਮੋ-ਕਰਮ ’ਤੇ ਆ ਗਏ ਹਨ।’ ਹੋਰਨੀਮੈਨ ਨੇ ਉਮੀਦ ਜਤਾਈ ਸੀ ਕਿ ਇਹੋ ਜਿਹੇ ਹਾਲਾਤ ਹਿੰਦੋਸਤਾਨ ਵਿਚ ਕਦੇ ਨਹੀਂ ਬਣਨਗੇ।
ਸ੍ਰੀ ਹੋਰਨੀਮਾਨ ਨੇ ਵਿਦਿਆਰਥੀਆਂ ਨੂੰ ਆਖਿਆ ਸੀ ਕਿ ਉਹ ਕਿਸੇ ਅਜਿਹੇ ਵਿਦਿਆਰਥੀ ਨੂੰ ਪੇਸ਼ੇ ਵਜੋਂ ਪੱਤਰਕਾਰੀ ਦੀ ਚੋਣ ਕਰਨ ਦੀ ਸਲਾਹ ਬਿਲਕੁਲ ਨਹੀਂ ਦੇਣਗੇ ਜੋ ਪਦਾਰਥਕ ਪ੍ਰਾਪਤੀਆਂ ਕਰਨ ਦਾ ਬਹੁਤ ਜ਼ਿਆਦਾ ਉਤਸੁਕ ਹੈ। ਦੂਜੇ ਬੰਨੇ, ਜਿਸ ਸ਼ਖ਼ਸ ਦੀ ਜ਼ਿੰਦਗੀ ਦੇ ਉੱਚ ਆਦਰਸ਼ ਹਨ, ਖ਼ਾਸਕਰ ਜੋ ਵੀ ਹਿੰਦੋਸਤਾਨੀ ਨੌਜਵਾਨ ਕੌਮੀ ਹਿੱਤਾਂ ਦੀ ਸੇਵਾ ਕਰਨ ਦਾ ਚਾਹਵਾਨ ਹੋਵੇ, ਉਸ ਨੂੰ ਪੱਤਰਕਾਰੀ ਦਾ ਕਿੱਤਾ ਜ਼ਰੂਰ ਅਪਣਾਉਣਾ ਚਾਹੀਦਾ ਹੈ ਕਿਉਂਕਿ ਹੋਰ ਕਿਸੇ ਵੀ ਸਾਧਨ ਦੇ ਮੁਕਾਬਲੇ ਜਨਤਕ ਅਖ਼ਬਾਰਾਂ ਜ਼ਰੀਏ ਦੇਸ਼ ਦੇ ਹਿੱਤਾਂ ਦੀ ਵਧੇਰੇ ਰਾਖੀ ਕੀਤੀ ਜਾ ਸਕਦੀ ਹੈ ਅਤੇ ਕੌਮੀ ਮੰਤਵ ਨੂੰ ਉਸ ਦਿਸ਼ਾ ਵਿਚ ਵਧਾਇਆ ਜਾ ਸਕਦਾ ਹੈ ਜਿਸ ਵਿਚ ਦੇਸ਼ ਵਧਾਉਣਾ ਲੋਚਦਾ ਹੋਵੇ।’
       ਹੋਰਨੀਮਾਨ ਨੂੰ ਧਨਾਢਾਂ ਤੇ ਪ੍ਰਭਾਵਸ਼ਾਲੀ ਬੰਦਿਆਂ ਨਾਲ ਮੱਥਾ ਲਾਉਣ ਕਰਕੇ ਅਕਸਰ ਕਚਹਿਰੀਆਂ ਦੇ ਚੱਕਰ ਕੱਟਣੇ ਪੈਂਦੇ ਸਨ। ਬੰਬਈ ਦੇ ਇਕ ਅਖ਼ਬਾਰ ਦਾ ਸੰਪਾਦਨ ਕਰਦਿਆਂ ਉਨ੍ਹਾਂ ਨੂੰ ਕਈ ਦੀਵਾਨੀ ਤੇ ਫ਼ੌਜਦਾਰੀ ਕੇਸਾਂ ਦਾ ਸਾਹਮਣਾ ਕਰਨਾ ਪਿਆ ਜੋ ਉਨ੍ਹਾਂ ਲੋਕਾਂ ਵੱਲੋਂ ਦਾਇਰ ਕੀਤੇ ਗਏ ਸਨ ਜੋ ਅਖ਼ਬਾਰ ਦੀਆਂ ਲਿਖਤਾਂ ਤੋਂ ਕਾਫ਼ੀ ਨਾਰਾਜ਼ ਸਨ। ਸੰਪਾਦਕ ਦੀ ਪੈਰਵੀ ਕਰਨ ਵਾਲੇ ਇਕ ਵਕੀਲ ਲਿਖਦੇ ਹਨ ਕਿ ‘ਹੋਰਨੀਮਾਨ ਕੋਈ ਅਜਿਹੇ ਪੱਤਰਕਾਰ ਨਹੀਂ ਸਨ ਜੋ ਕਿਸੇ ਮਾੜੇ ਕੇਸ ਤੋਂ ਕੋਈ ਮਾਮੂਲੀ ਤਕਨੀਕੀ ਨੁਕਤਾ ਬਣਾ ਕੇ ਖਹਿੜਾ ਛੁਡਵਾ ਲੈਂਦੇ ਹੋਣ ਸਗੋਂ ਉਹ ਡਟ ਕੇ ਸਾਹਮਣਾ ਕਰਨ ਵਾਲੇ ਅਤੇ ਇਕ ਇਕ ਹਰਫ਼ ਤੇ ਸ਼ਬਦ ’ਤੇ ਪਹਿਰਾ ਦੇਣ ਵਾਲੇ ਸ਼ਖ਼ਸ ਸਨ। ਮਾੜੇ ਤੋਂ ਮਾੜੇ ਫ਼ੌਜਦਾਰੀ ਕੇਸਾਂ ਖਿਲਾਫ਼ ਲੜਨ ਦਾ ਉਨ੍ਹਾਂ ਦਾ ਜੇਰਾ ਉਨ੍ਹਾਂ ਦੀਆਂ ਸੰਪਾਦਕੀ ਫਰਜ਼ਾਂ ’ਚ ਉਗਮਿਆ ਸੀ ਜਿਸ ਦੀ ਮਿਸਾਲ ਮਿਲਣੀ ਔਖੀ ਸੀ। ਕਦੇ ਕਦਾਈਂ ਜਦੋਂ ਵਕੀਲ ਦਾ ਭਰੋਸਾ ਵੀ ਡੋਲ ਜਾਂਦਾ ਸੀ ਤਾਂ ਉਸ ਬਦਤਰੀਨ ਹਾਲਾਤ ਦਾ ਵੀ ਉਹ ਡਟ ਕੇ ਸਾਹਮਣਾ ਕਰ ਜਾਂਦੇ ਸਨ।’
       ਹੋਰਨੀਮੈਨ ਨੇ ਲੰਮੀ ਉਮਰ ਭੋਗੀ ਤੇ ਹਿੰਦੋਸਤਾਨ ਨੂੰ ਆਜ਼ਾਦ ਹੁੰਦਿਆਂ ਤੱਕਿਆ ਜੋ ਉਦੋਂ ਤੱਕ ਉਨ੍ਹਾਂ ਦਾ ਮੁਲਕ ਹੀ ਬਣ ਚੁੱਕਿਆ ਸੀ। ਅਕਤੂਬਰ 1948 ਵਿਚ ਜਦੋਂ ਉਨ੍ਹਾਂ ਬੰਬਈ ਵਿਚ ਆਖ਼ਰੀ ਸਾਹ ਲਿਆ ਤਾਂ ਕਲਕੱਤਾ, ਮਦਰਾਸ, ਨਵੀਂ ਦਿੱਲੀ ਤੇ ਲਖਨਊ ਦੇ ਅਖ਼ਬਾਰਾਂ ਵਿਚ ਉਨ੍ਹਾਂ ਨਮਿਤ ਸ਼ਰਧਾਂਜਲੀ ਕਾਲਮ ਛਪੇ ਸਨ। ‘ਬੌਂਬੇ ਸੈਂਟੀਨਲ’ ਵਿਚ ਸ੍ਰੀ ਹੋਰਨੀਮਾਨ ਨਮਿਤ ਛਪੇ ਇਕ ਗੁੰਮਨਾਮ ਸ਼ਰਧਾਂਜਲੀ ਕਾਲਮ ਵਿਚ ਲਿਖਿਆ ਗਿਆ ਸੀ ਕਿ ‘ਕਿਸੇ ਨਿਤਾਣੇ ਤੇ ਨਿਮਾਣੇ ਬੰਦੇ ਦਾ ਉਨ੍ਹਾਂ ਤੋਂ ਵੱਡਾ ਅਲੰਬਰਦਾਰ ਲੱਭਣਾ ਮੁਸ਼ਕਲ ਹੈ। ਭਾਵੇਂ ਕੋਈ ਵੀ ਬੰਦਾ ਆਪਣੀ ਹੱਕੀ ਸ਼ਿਕਾਇਤ ਲੈ ਕੇ ਆਵੇ, ਹੋਰਨੀਮਾਨ ਉਸ ਦੀ ਸੁਣਵਾਈ ਜ਼ਰੂਰ ਕਰਦੇ ਸਨ। ਜੇ ਉਨ੍ਹਾਂ ਨੂੰ ਸ਼ਿਕਾਇਤ ਸਹੀ ਹੋਣ ਦਾ ਯਕੀਨ ਹੋ ਜਾਂਦਾ ਤਾਂ ਉਸ ਦੇ ਨਿਪਟਾਰੇ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਸਨ ਤੇ ਅਕਸਰ ਉਨ੍ਹਾਂ ਨੂੰ ਪਤਾ ਵੀ ਹੁੰਦਾ ਸੀ ਕਿ ਇਸ ਕਰਕੇ ਉਨ੍ਹਾਂ ਨੂੰ ਮਾਣਹਾਨੀ ਜਾਂ ਹੋਰ ਕੇਸਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਗੱਲ ਵਿਚ ਇਕ ਸੰਪਾਦਕ ਦੇ ਤੌਰ ’ਤੇ ਹੋਰਨੀਮਾਨ ਦੀ ਮਹਾਨਤਾ ਛੁਪੀ ਹੋਈ ਹੈ। ਇਸ ਕਿਸਮ ਦੇ ਸਿੱਟਿਆਂ ਦੀ ਉਹ ਪਰਵਾਹ ਨਹੀਂ ਕਰਦੇ ਸਨ ਕਿਉਂਕਿ ਉਹ ਜਨਤਕ ਹਿੱਤ ਵਿਚ ਇਨਸਾਫ਼ਪਸੰਦੀ ਦੀ ਪੈਰਵੀ ਕਰਨ ਲਈ ਕੋਈ ਵੀ ਜੋਖ਼ਮ ਉਠਾਉਣ ਲਈ ਤਿਆਰ ਰਹਿੰਦੇ ਸਨ।’
       ਉਸ ਮਹਾਨ ਪੱਤਰਕਾਰ ਨੂੰ ਸਲਾਮ ਕਰਨ ਅਤੇ ਹਾਲਾਤ ਨੂੰ ਮੋੜਾ ਦੇਣ ਲਈ ਅੱਜ ਇਨ੍ਹਾਂ ਸ਼ਬਦਾਂ ਨੂੰ ਪੜ੍ਹਨ ਦੀ ਲੋੜ ਹੈ। ਜਦੋਂ ਅਖ਼ਬਾਰਾਂ ਤੇ ਟੈਲੀਵਿਜ਼ਨ ਚੈਨਲਾਂ ਵੱਲੋਂ ਸਟੇਟ ਦੀ ਬੋਲੀ ਬੋਲੀ ਜਾ ਰਹੀ ਹੋਵੇ, ਜਦੋਂ ਮੌਕੇ ਦੀ ਸਰਕਾਰ ਬਿਨਾਂ ਮੁਕੱਦਮਾ ਚਲਾਏ ਲੋਕਾਂ ਨੂੰ ਜੇਲ੍ਹਾਂ ਵਿਚ ਸੁੱਟ ਰਹੀ ਹੋਵੇ, ਕੂੜ ਪ੍ਰਚਾਰ ਕਰ ਰਹੀ ਹੋਵੇ, ਤੰਗਨਜ਼ਰ ਦਕੀਆਨੂਸੀ ਫੈਲਾਅ ਰਹੀ ਹੋਵੇ ਤਾਂ ਭਾਰਤ ਦੇ ਉਹ ਪੱਤਰਕਾਰ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਤੇ ਜ਼ਮੀਰ ਸਲਾਮਤ ਹੈ, ਇਕ ਅਜਿਹੇ ਸੰਪਾਦਕ ਦੇ ਪੂਰਨਿਆਂ ਤੋਂ ਸੇਧ ਲੈ ਸਕਦੇ ਹਨ ਜਿਸ ਬਾਰੇ ਖ਼ੁਦ ਗਾਂਧੀ ਨੇ ਆਖਿਆ ਸੀ ਕਿ ‘ਉਹ ਜਿੱਥੇ ਕਿਤੇ ਕੋਈ ਗ਼ਲਤ ਕੰਮ ਹੁੰਦਾ ਦੇਖ ਲੈਂਦਾ ਹੈ ਤਾਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਦਾ ਜਦੋਂ ਤੱਕ ਉਸ ਨੂੰ ਸਭਨਾਂ ਦੇ ਸਾਹਮਣੇ ਨਾ ਲੈ ਆਵੇ।’