ਜ਼ਿੰਦਗੀ 'ਚ ਅਹਿਮ ਮੁਕਾਮ ਹਾਸਲ ਕਰਨ ਲਈ ਮਹੱਤਵਪੂਰਨ ਭੂਮੀਕਾ ਨਿਭਾਉਂਦੀ ਹੈ  ਭਾਸ਼ਣ ਦੇਣ ਦੀ ਕਲਾ - ਪ੍ਰੋਫ਼ੈਸਰ ਮਨਜੀਤ ਤਿਆਗੀ

   ਹਰੇਕ ਵਿਅਕਤੀ ਚਾਹੁੰਦਾ ਹੈ ਕਿ ਜਦੋਂ ਉਹ ਬੋਲੇ ਤਾਂ ਲੋਕ ਉਸਨੂੰ ਉਤਸੁਕਤਾ ਨਾਲ ਸੁਣਨ।ਹਰੇਕ ਵਿਅਕਤੀ ਸਟੇਜ਼ 'ਤੇ ਜਾ ਕੇ ਮਾਈਕ ਵਿਚ ਬੋਲਣਾ ਚਾਹੁੰਦਾ ਹੈ।ਪਰ ਉਸਦੇ ਅੰਦਰ ਬੈਠਾ ਡਰ ਉਸਨੂੰ ਗੂੰਗਾ ਬਣਾਈ ਰੱਖਦਾ ਹੈ।ਭਾਸ਼ਣ ਦੇਣਾ ਇਕ ਕਲਾ ਹੈ।ਅਭਿਆਸ ਕਰਕੇ ਇਸ ਕਲਾ ਵਿੱਚ ਨਿਪੁੰਨ ਹੋਇਆ ਜਾ ਸਕਦਾ ਹੈ।ਭਾਸ਼ਣ ਦੇਣਾ ਸਿੱਖਣ ਲਈ ਕਿਸੇ ਅਕਾਦਮਿਕ ਡਿਗਰੀ ਦੀ ਲੋੜ ਨਹੀਂ ਹੁੰਦੀ।ਸਾਡੇ ਸਾਹਮਣੇ ਅਨੇਕਾਂ ਪ੍ਰਸਿੱਧ ਵਿਅਕਤੀਆਂ ਦੀਆਂ ਮਿਸਾਲਾਂ ਹਨ ਜੋ ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਕ ਚੰਗਾ ਬੁਲਾਰਾ ਬਣੇ ਤੇ ਆਪਣੇ ਖੇਤਰ ਵਿਚ ਪ੍ਰਸਿੱਧੀ ਹਾਸਿਲ ਕੀਤੀ।ਹਰਕ੍ਰਿਸ਼ਨ ਸੁਰਜੀਤ ਵੀ ਅਜਿਹੇ ਵਿਅਕਤੀਆਂ ਵਿੱਚੋਂ ਇਕ ਸਨ, ਜੋ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਆਪਣੀ ਭਾਸ਼ਣ ਕਲਾ ਦੇ ਦਮ ਤੇ ਰਾਜਨੀਤਿਕ ਖ਼ੇਤਰ ਵਿਚ ਇੱਕ ਅਹਿਮ ਸਥਾਨ ਬਣਾਉਣ ਵਿਚ ਸਫ਼ਲ ਰਹੇ।ਰਾਜਨੀਤੀ ਦੇ ਖ਼ੇਤਰ ਵਿਚ ਉਹ ਨੇਤਾ ਜਲਦੀ ਸਫ਼ਲ ਹੋ ਜਾਂਦੇ ਹਨ ਜੋ ਚੰਗਾ ਭਾਸ਼ਣ ਕਰਨਾ ਜਾਣਦੇ ਹਨ। ਜਿਵੇਂ  ਬਲਵੰਤ ਸਿੰਘ ਰਾਮੂਵਾਲੀਆ ਅਤੇ ਨਰਿੰਦਰ ਮੋਦੀ ਜੀ, ਜਦੋਂ  ਬੋਲਦੇ ਹਨ ਤਾਂ ਸੁਣਨ ਵਾਲੇ ਨੂੰ ਆਨੰਦ ਆ ਜਾਂਦਾ ਹੈ। ਅਜਿਹੇ ਬੁਲਾਰੇ ਆਪਣੀ ਭਾਸ਼ਣ ਕਲਾ ਦੇ ਦਮ 'ਤੇ ਲੋਕਾਂ ਦੇ ਵੱਡੇ ਇਕੱਠਾਂ ਨੂੰ ਵੀ ਕੀਲ ਲੈਂਦੇ ਹਨ।
    ਭਾਸ਼ਣ ਦੇਣ ਦੀ ਕਲਾ ਵਿੱਚ ਨਿਖ਼ਾਰ ਲਿਆਉਣ ਲਈ ਪ੍ਰੈਕਟਿਸ ਦੀ ਲੋੜ ਹੁੰਦੀ ਹੈ।ਜ਼ਰੂਰੀ ਨਹੀਂ ਕਿ ਹਰੇਕ ਵਿਅਕਤੀ ਇੱਕ ਚੰਗਾ ਬੁਲਾਰਾ ਹੋਵੇ।ਭੀੜ ਨੂੰ ਦੇਖ਼ਕੇ ਕਈ ਵਾਰ ਚੰਗੇ ਚੰਗਿਆਂ ਦੇ ਹੋਸ਼ ਉਡ ਜਾਂਦੇ ਹਨ।ਇੰਗਲੈਂਡ ਵਿੱਚ ਇਕ ਵਾਰ ਕੋਬਡੇਨ ਨਾਂ ਦੇ ਵਿਅਕਤੀ ਨੇ ਲੋਕਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇੱਕ ਸ਼ਬਦ ਵੀ ਨਾ ਬੋਲ ਸਕਿਆ।ਉਸਦੀ ਜੀਭ ਨੂੰ ਜਿਵੇਂ ਤਾਲਾ ਹੀ ਲੱਗ ਗਿਆ ਹੋਵੇ।ਕਿਸੇ ਦਾ ਮਖੌਲ ਉਡਾਉਣਾ ਤਾਂ ਮਨੁੱਖ ਦੀ ਜਮਾਂਦਰੂ ਪ੍ਰਵਿਰਤੀ ਹੈ।ਇਸ ਲਈ ਲੋਕਾਂ ਉਸਨੂੰ ਟਿੱਚਰਾਂ ਕਰਨੀਆਂ ਸੁਰੂ ਕਰ ਦਿੱਤੀਆਂ ਲੋਕ ਉਨੀ ਦੇਰ ਤੱਕ ਉਸਦਾ ਮਜ਼ਾਕ ਉਡਾਉਂਦੇ ਰਹੇ ਜਦੋਂ ਤੱਕ ਉਹ ਮੰਚ ਤੋਂ ਉਤਰ ਕੇ ਦੂਰ ਨਹੀਂ ਗਿਆ। ਇਸ ਘਟਨਾ ਪਿੱਛੋ ਕੋਬਡੇਨ ਘਰ ਗਿਆ।ਉਹ ਸਾਰੀ ਰਾਤ ਬੇਚੈਨ ਰਿਹਾ ਤੇ ਇੱਕ ਪਲ ਵੀ ਨਾ ਸੌਂ ਸਕਿਆ।ਸਵੇਰ ਹੋਣ 'ਤੇ ਉਸਨੇ ਸ਼ੀਸ਼ੇ ਮੂਹਰੇ ਖੜ੍ਹ ਕੇ ਉੱਚੀ-ਉੱਚੀ ਬੋਲਣ ਦਾ ਅਭਿਆਸ ਸ਼ੁਰੂ ਕਰ ਦਿੱਤਾ।ਉਹ ਹਰ ਰੋਜ਼ ਸ਼ੀਸ਼ੇ ਅੱਗੇ ਖੜ੍ਹ ਕੇ ਬੋਲਦਾ ਰਿਹਾ।ਥੋੜੇ ਦਿਨਾਂ ਮਗਰੋਂ ਹੀ ਉਹ ਆਪਣੇ ਦੋਸਤਾਂ ਦੀਆਂ ਮੀਟਿੰਗਾ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲੱਗ ਗਿਆ।ਜਲਦੀ ਹੀ ਉਸਦੇ ਦਿਮਾਗ ਵਿੱਚੋਂ ਭੀੜ ਅਤੇ ਸਟੇਜ਼ ਦਾ ਡਰ ਖ਼ਤਮ ਹੋ ਗਿਆ।ਅਭਿਆਸ ਕਰਦੇ ਕਰਦੇ ਉਸਦੇ ਅਨੇਕਾਂ ਤੁਕਾਂ, ਸ਼ੇਅਰ, ਘਟਨਾਵਾਂ, ਤੱਥ ਯਾਦ ਹੋ ਗਏ।ਆਪਣੇ ਆਤਮ ਵਿਸ਼ਵਾਸ਼ ਅਤੇ ਅਭਿਆਸ ਸਦਕਾ ਕੋਬਡੇਨ ਇਕ ਦਿਨ ਇੰਗਲੈਂਡ ਦਾ ਮਹਾਨ ਬੁਲਾਰਾ ਬਣਿਆ।
    ਜਿਹੜਾ ਵਿਆਕਤੀ ਕਿਤਾਬਾਂ ਜਾਂ ਰਸਾਲੇ ਪੜ ਕੇ ਭਾਸ਼ਣ ਕਰਨਾ ਸਿੱਖਣਾ ਚਾਹੁੰਦਾ ਹੈ, ਉਸ ਦੀ ਸਥਿਤੀ ਉਸ ਭਲਵਾਨ ਵਾਂਗ ਹੈ ਜੋ ਦੰਗਲ ਦੇ ਬਾਹਰ ਖੜ੍ਹਾ ਡੰਡ-ਬੈਠਕਾਂ ਤਾਂ ਮਾਰੀ ਜਾਂਦਾ ਹੈ ਪਰ ਅਖ਼ਾੜੇ ਵਿੱਚ ਨਹੀਂ ਕੁੱਦ ਰਿਹਾ।ਅਭਿਆਸ ਤੋਂ ਬਿਨ੍ਹਾਂ ਕੁੱਝ ਨਹੀਂ ਹੋਣ ਲੱਗਿਆ।ਜੇਕਰ ਤੁਸੀਂ ਵੀ ਇੱਕ ਵਧੀਆ ਬੁਲਰਾ ਬਣਨਾ ਚਾਹੁੰਦੇ ਹੋਂ ਤਾਂ ਅੱਜ ਹੀ ਹੇਠ ਦਿੱਤੇ ਸੁਝਾਵਾਂ 'ਤੇ ਅਮਲ ਕਰਦੇ ਹੋਏ ਅਭਿਆਸ ਸ਼ੁਰੂ ਕਰ ਦਿਉ।
    ਭਾਸ਼ਣ ਦਾ ਸ਼ੁਰੂਆਤੀ ਭਾਗ ਰੋਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੀ ਨਿੱਜ਼ੀ ਜ਼ਿੰਦਗੀ ਵਿੱਚੋਂ ਵਿਸ਼ੇ ਨਾਲ ਸਬੰਧਤ ਕੋਈ ਘਟਨਾ, ਕੋਈ ਸ਼ੇਅਰ, ਤੁਕਾਂ, ਅਖਾਣ, ਕੋਈ ਸਨਸ਼ਨੀਖੇਜ਼ ਤੱਥ, ਜਾਂ ਗੁਰਬਾਣੀ ਦੇ ਕਿਸੇ ਸ਼ਬਦ ਦੀ ਵਰਤੋਂ ਕਰੋ ਕਿਉਂਕਿ ਪਹਿਲੀਆਂ ਦਸ ਕੁ ਲਾਈਨਾਂ ਸੁਣ ਕੇ ਲੋਕ ਅੰਦਾਜ਼ਾ ਲਗਾਉਣ ਲੱਗਦੇ ਹਨ ਕਿ ਬਾਕੀ ਦਾ ਭਾਸ਼ਣ ਕਿਸ ਤਰਾ੍ਹਂ ਦਾ ਹੋਵੇਗਾ। ਸਰੋਤਿਆਂ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਕ੍ਰਮਬੱਧ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।ਕਈ ਵਾਰ ਵਿਚਾਰ ਬਹੁਤ ਦਮਦਾਰ ਹੁੰਦੇ ਹਨ ਪਰ ਬੇਤਰਤੀਬੇ ਢੰਗ ਨਾਲ ਪੇਸ਼ ਕਰਨ ਕਾਰਨ ਸਰੋਤਿਆਂ 'ਤੇ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ।ਕਈ ਵਾਰ ਤੁਸੀ ਸੱਚੀ ਭਾਵਨਾ ਨਾਲ ਦੂਜਿਆ ਦਾ ਭਲਾ ਕਰਨ ਦੀ ਗੱਲ ਕਰਦੇ ਹੋ ਪਰ ਆਤਮ ਵਿਸ਼ਵਾਸ਼ ਦੀ ਘਾਟ ਹੋਣ ਕਾਰਨ  ਲੋਕ ਤੁਹਾਡੀਆਂ ਗੱਲਾਂ ਦਾ ਮਤਲਬ ਉਲਟ ਹੀ ਸਮਝਦੇ ਹਨ।ਅਜਿਹੇ ਬੁਲਾਰਿਆਂ ਨੂੰ ਉਨਾ ਸਤਿਕਾਰ ਨਹੀਂ ਮਿਲਦਾ ਜਿੰਨੇ ਦੇ ਉਹ ਹੱਕਦਾਰ ਹੁੰਦੇ ਹਨ।ਇਕ ਗੱਲ ਤਾਂ ਸਪੱਸ਼ਟ ਹੈ ਕਿ ਉਸ ਸਮੇਂ ਹੀ ਬੁਲਾਰੇ ਦੀ ਗੱਲ ਜਾਂ ਵਿਚਾਰ ਲੋਕਾਂ ਦੇ ਦਿਲ ਨੂੰ ਛੂੰਹਦੇ ਹਨ ਜਦੋਂ ਉਹ ਵਿਚਾਰ ਪੂਰੇ ਆਤਮ ਵਿਸ਼ਵਾਸ਼ ਨਾਲ ਪ੍ਰਗਟ ਕੀਤੇ ਜਾਣ। ਜੇਕਰ ਸੋਚ ਅਤੇ ਵਿਚਾਰਾਂ ਨੂੰ ਆਵਾਜ਼ ਦੇਣ ਸਮੇਂ ਘਬਰਾਹਟ ਮਹਿਸੂਸ ਹੁੰਦੀ ਹੈ ਤਾਂ ਲੰਮੇ ਸਾਹ ਲੈ ਕੇ ਘਬਰਾਹਟ 'ਤੇ ਕਾਬੂ ਪਾਇਆ ਜਾ ਸਕਦਾ ਹੈ। ਜੋ ਗੱਲ ਦ੍ਰਿੜ ਇਰਾਦੇ ਨਾਲ ਕਹੀ ਜਾਵੇ ਉਸ ਦਾ ਅਸਰ ਚਿਰ ਸਥਾਈ ਹੁੰਦਾ ਹੈ।ਭਾਸ਼ਣ ਕਰਦੇ ਸਮੇਂ ਇਕ ਗ਼ੱਲ ਦਾ ਖ਼ਾਸ ਖ਼ਿਆਲ ਰੱਖੋ ਕਿ ਤੁਹਾਡੇ ਵੱਲੋਂ ਬੋਲੇ ਹਰੇਕ ਸ਼ਬਦ ਦਾ ਉਚਾਰਣ ਸਹੀ ਅਤੇ ਸਾਫ਼ ਹੋਵੇ।ਹੜਬੜੀ ਜਾਂ ਕਾਹਲ ਨਾ ਦਿਖਾਉ ਸਗੋਂ ਹੌਲੀ-ਹੌਲੀ ਆਤਮ ਵਿਸਵਾਸ਼ ਨਾਲ ਉਦਾਹਰਣਾਂ ਅਤੇ ਤੱਥਾਂ ਦਾ ਹਵਾਲਾ ਦਿੰਦੇ ਬੋਲਦੇ ਜਾਉ।ਇੱਕ ਵਾਰ ਹਿਟਲਰ ਨੂੰ ਸੱਦਾ ਪੱਤਰ ਦਿੰਦਿਆਂ ਸਮਾਗਮ ਦੇ ਪ੍ਰਬੰਧਕਾਂ ਨੇ ਬੇਨਤੀ ਕੀਤੀ,
''ਤੁਸੀਂ ਸਮਾਗਮ 'ਚ ਦੋ ਮਿੰਟ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨਾ।'' ਹਿਟਲਰ ਨੇ ਹੈਰਾਨ ਹੁੰਦਿਆਂ ਕਿਹਾ, ''ਜੇ ਦੋ ਮਿੰਟ ਲਈ ਬੋਲਣਾ ਹੈ ਤਾਂ ਘੱਟੋ ਘੱਟ ਇੱਕ ਮਹੀਨੇ ਪਹਿਲਾਂ ਦੱਸਣਾ ਸੀ।ਮੈਂ ਤਿਆਰੀ ਤਾਂ ਕਰ ਲੈਂਦਾ, ਹਾਂ ਜੇ ਸਾਰਾ ਦਿਨ ਬੋਲਣਾ ਹੈ ਤਾਂ ਹੁਣੇ ਹੀ ਚੱਲਦੇ ਹਾਂ !''
    ਭਾਵ ਜੇ ਦੋ ਮਿੰਟ ਲਈ ਬੋਲਣਾ ਹੈ ਤਾਂ ਹਰ ਇੱਕ ਸ਼ਬਦ ਅਰਥ ਭਰਪੂਰ ਹੋਣਾ ਚਾਹੀਦਾ ਹੈ।ਜੇ ਅਵਾ-ਤਵਾ ਹੀ ਬੋਲਣਾ ਹੈ ਤਾਂ ਚਾਹੇ ਸਾਰਾ ਦਿਨ ਮਗਜ਼ ਮਾਰੀ ਜਾਉ ਉਸਦਾ ਕੋਈ ਫ਼ਾਇਦਾ ਨਹੀਂ।ਕਿਸੇ ਵੀ ਵਿਸ਼ੇ 'ਤੇ ਭਾਸ਼ਣ ਕਰਦੇ ਸਮੇਂ ਸ਼ਬਦਾਂ ਦੀ ਚੋਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।ਸ਼ਬਦ ਸੁੱਤੀਆਂ ਸ਼ਕਤੀਆਂ ਨੂੰ ਜਗਾਉਣ ਦੀ ਸਮਰੱਥਾ ਰੱਖਦੇ ਹਨ। 'ਬੋਲੇ ਸੋ ਨਿਹਾਲ' ਦੇ ਜੈਕਾਰੇ ਨੇ ਸਵਾ ਲੱਖ ਨਾਲ ਇੱਕ ਲੜਾਉਣ ਵਾਲੇ ਕਥਨ ਨੂੰ ਸੱਚ ਕਰ ਦਿਖਾਇਆ।ਜੰਗ ਦੇ ਮੈਦਾਨ ਵਿੱਚ ਉੱਚੀ-ਉੱਚੀ ਬੋਲ ਕੇ ਲਾਏ ਨਾਹਰੇ ਜਵਾਨਾਂ ਵਿੱਚ ਅੰਤਾਂ ਦਾ ਜੋਸ਼ ਭਰ ਦਿੰਦੇ ਹਨ।ਇਸੇ ਤਰ੍ਹਾਂ ਇੱਕ ਸਫ਼ਲ ਬੁਲਾਰਾ ਆਪਣੇ ਵਿਚਾਰਾਂ ਨਾਲ ਸਰੋਤਿਆਂ ਵਿੱਚ ਨਵੀਂ ਰੂਹ ਫੂਕ ਕੇ ਉਤਸ਼ਾਹ ਨਾਲ ਉਨ੍ਹਾਂ ਦੇ ਖ਼ੂਨ ਦਾ ਦੌਰਾ ਤੇਜ਼ ਕਰਨ ਦੇ ਸਮਰੱਥ ਹੁੰਦਾ ਹੈ।ਬੋਲਣਾ ਹੈ ਇਸ ਕਰਕੇ ਹੀ ਨਾ ਬੋਲੋ।ਇਸ ਦਾ ਬਹੁਤ ਮਾੜਾ ਪ੍ਰਭਾਵ ਪੈ ਸਕਦਾ।ਸਟੇਜ ਤੋਂ ਜੋ ਵੀ ਬੋਲਣਾ ਹੈ ਉਤਸ਼ਾਹ ਨਾਲ ਬੋਲੋ।ਜੇ ਤੁਸੀਂ ਥੱਕੇ-ਥੱਕੇ ਤੇ ਸੁਸਤ ਜਿਹੇ ਲੱਗ ਰਹੇ ਹੋ ਤਾਂ ਕੁੱਝ ਵੀ ਚੰਗਾ ਨਹੀਂ ਹੋਣ ਲੱਗਿਆ ਕਿਉਂਕਿ ਬੁਝਿਆ ਦੀਵਾਂ ਹੋਰ ਦੀਵੇ ਨਹੀਂ ਜਲਾ ਸਕਦਾ। ਕਿਸੇ ਵੀ ਮੰਚ ਤੋਂ ਸੰਬੋਧਨ ਕਰਦੇ ਸਮੇਂ ਜ਼ਰੂਰੀ ਹੈ ਕਿ ਤੁਹਾਡੇ ਚਿਹਰੇ ਦੇ ਹਾਵ-ਭਾਵ ਤੁਹਾਡੇ ਵੱਲੋਂ ਪ੍ਰਗਟ ਕੀਤੇ ਜਾ ਰਹੇ ਵਿਚਾਰ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ।ਸਟੇਜ਼ ਦੇ ਕਲਾਕਾਰ ਵਾਂਗ ਕਲਾਤਮਕ ਤਰੀਕੇ ਨਾਲ ਆਵਾਜ਼ ਵਿੱਚ ਉਤਰਾਅ-ਚੜ੍ਹਾਅ ਲਿਆ ਕੇ ਸਰੋਤਿਆਂ ਦਾ ਧਿਆਨ ਖਿੱਚਿਆ ਜਾ ਸਕਦਾ ਹੈ।
    ਇਮਾਨਦਾਰੀ ਨਾਲ ਸਰੋਤਿਆਂ ਦੀ ਥੋੜ੍ਹੀ ਜਿਹੀ ਪ੍ਰਸੰਸ਼ਾ ਕਰਕੇ ਉਨਾ੍ਹਂ ਦੇ ਹਿੱਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਪੂਰੀ ਰੁਚੀ ਨਾਲ ਸੁਣਦੇ ਹਨ।ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਮੈਨੂੰ ਇੱਕ ਨੈੱਟਵਰਕ ਕੰਪਨੀ ਦੀਆਂ ਮੀਟਿੰਗਾਂ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।ਮੈਂ ਦੇਖਿਆ ਕਿ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਮੁੱਖ ਵਕਤਾ ਕੋਲ ਇੱਕ ਚਿਟ ਪਹੁੰਚ ਜਾਂਦੀ ਸੀ, ਜਿਸ ਉਪਰ ਮੀਟਿੰਗ ਵਿੱਚ ਸ਼ਾਮਲ ਮੁਲਾਜ਼ਮਾਂ, ਕਿਸਾਨਾਂ ਜਾਂ ਵਪਾਰੀਆਂ ਦੀ ਗਿਣਤੀ ਬਾਰੇ ਲਿਖਿਆ ਹੁੰਦਾ ਸੀ।ਮੁੱਖ ਵਕਤਾ ਉਸ ਸਲਿਪ ਨੂੰ ਅਧਾਰ ਬਣਾ ਕੇ ਮੁਲਾਜ਼ਮਾਂ, ਕਿਸਾਨਾਂ ਅਤੇ ਵਪਾਰੀਆਂ ਦੀਆਂ ਔਕੜਾਂ ਦਾ ਵਰਣਨ ਕਰਦੇ ਹੋਏ ਉਨ੍ਹਾਂ ਦੇ ਹਿੱਤ ਦੀਆਂ ਗੱਲਾਂ ਕਰਕੇ ਉਨ੍ਹਾਂ ਨੂੰ ਆਪਣੀ ਕੰਪਨੀ ਵਿੱਚ ਕੰਮ ਕਰਨ ਲਈ ਪ੍ਰੇਰਦਾ! ਅੱਜ ਅਨੇਕਾਂ ਅੰਤਰਰਾਸ਼ਟਰੀ ਨੈੱਟਵਰਕਿੰਗ ਕੰਪਨੀਆਂ ਸਿਰਫ ਚੰਗੇ ਬੁਲਾਰਿਆਂ ਦੀ ਬਦੌਲਤ ਕਰੋੜਾਂ ਰੁਪਏ ਦਾ ਵਪਾਰ ਕਰ ਰਹੀਆਂ ਹਨ।
    ਜੇ ਤੁਸੀਂ ਕਿਸੇ ਵੱਡੇ ਹਾਲ ਵਿੱਚ ਭਾਸ਼ਣ ਦੇ ਰਹੇ ਹੋਂ ਤਾਂ ਆਪਣੀ ਨਿਗਾਹ ਕਦੇ ਆਖ਼ਰੀ ਕਤਾਰ ਵਿੱਚ ਬੈਠੇ ਲੋਕਾਂ 'ਤੇ ਕਦੇ ਵਿਚਕਾਰ ਤੇ ਕਦੇ ਮੂਹਰਲੀ ਕਤਾਰ ਵਿੱਚ ਬੈਠੇ ਲੋਕਾਂ 'ਤੇ ਘੁਮਾਓ।ਕਿਸੇ ਇੱਕ ਵਿਅਕਤੀ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ 'ਤੇ ਤੁਹਾਡਾ ਧਿਆਨ ਭੰਗ ਹੋ ਸਕਦਾ ਹੈ।ਇਸ ਤੋਂ ਉਲਟ ਜੇ ਤੁਸੀਂ ਸਿਰਫ ਕੰਧਾਂ ਵੱਲ ਨਿਗਾ੍ਹਂ ਮਾਰ ਕੇ ਹੀ ਬੋਲੀ ਜਾ ਰਹੇ ਹੋ ਤਾਂ ਲੋਕ ਤੁਹਾਡੀਆਂ ਗੱਲਾਂ ਤੋਂ ਜਲਦੀ ਹੀ ਬੋਰ ਹੋ ਜਾਣਗੇ। ਸਰੋਤਿਆਂ ਦੇ ਪੱਧਰ ਦੀ ਸ਼ਬਦਾਵਲੀ ਵਰਤੋ ਤਾਂ ਕਿ ਉਹ ਤੁਹਾਡੀ ਗੱਲ ਸੌਖਿਆ ਹੀ ਸਮਝ ਜਾਣ।ਜਦੋਂ ਕੋਈ ਗੁਣਵਾਨ ਬੁਲਾਰਾ ਸਰੋਤਿਆਂ ਦੇ ਬੌਧਿਕ ਪੱਧਰ ਤੋਂ ਉੱਚੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਤਾਂ ਉਹ ਮੱਝਾਂ ਮੂਹਰੇ ਬੀਨ ਹੀ ਬਜਾ ਰਿਹਾ ਹੁੰਦਾ ਹੈ।ਜਿਵੇਂ ਬਾਸੇ ਸਮੋਸੇ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੇ ਉਸੇ ਤਰਾਂ ਬਾਸੀ ਜਾਣਕਾਰੀ ਤੇ ਵਿਚਾਰ ਵੀ ਲੋਕਾਂ ਨੂੰ ਪਸੰਦ ਨਹੀਂ ਆਉਂਦੇ।ਇਸ ਲਈ ਚੰਗੇ ਬੁਲਾਰੇ ਲਈ ਆਪਣੀ ਜਾਣਕਾਰੀ ਨੂੰ ਤਰੋਤਾਜ਼ਾ ਰੱਖਣ ਲਈ ਅਖ਼ਬਾਰ, ਰਸਾਲੇ, ਕਿਤਾਬਾ, ਆਦਿ ਪੜ੍ਹਨਾ ਬਹੁਤ ਜ਼ਰੂਰੀ ਹੈ।ਜੇਕਰ ਕੋਈ ਸਰੋਤਾ ਵਿਸ਼ੇ ਨਾਲ ਸਬੰਧਿਤ ਸਵਾਲ ਪੁੱਛਦਾ ਹੈ ਤਾਂ ਠਰੰਮੇ ਨਾਲ ਬੋਲਦੇ ਹੋਏ ਤਰਕ ਨਾਲ ਸੰਤੁਸ਼ਟੀਜਨਕ ਜਵਾਬ ਦੇਣਾ ਚਾਹੀਦਾ ਹੈ। ਆਪਣੇ ਅਤੇ ਦੂਜਿਆਂ ਦੇ ਸਮੇਂ ਦਾ ਧਿਆਨ ਰੱਖਦੇ ਹੋਏ ਆਪਣਾ ਭਾਸ਼ਣ ਮੁੱਖ ਵਿਸ਼ੇ 'ਤੇ ਕੇਂਦਿਰਤ ਰੱਖੋ।ਭਾਸ਼ਣ ਜ਼ਿਆਦਾ ਲੰਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਘੰਟੇ ਮਗਰੋਂ ਮਨੁੱਖ ਦੇ ਦਿਮਾਗ਼ ਵਿੱਚੋਂ ਕੁੱਝ ਰਸਾਇਣ ਨਿਕਲਣ ਕਾਰਨ ਧਿਆਨ ਖੰਡਿਤ ਹੋਣ ਲੱਗਦਾ ਹੈ।ਇਸ ਲਈ ਕਾਲਜ਼ ਅਤੇ ਯੂਨੀਵਰਸਿਟੀਆਂ ਵਿੱਚ ਪੀਰੀਅਡ ਦਾ ਸਮਾਂ ਘੰਟੇ ਤੋਂ ਜ਼ਿਆਦਾ ਨਹੀਂ ਹੁੰਦਾ।
    ਭਾਸ਼ਣ ਦੇ ਅੰਤਲੇ ਭਾਗ ਵਿੱਚ ਪਹਿਲਾਂ ਬੋਲੀਆਂ ਮੁੱਖ ਗੱਲਾਂ ਨੂੰ ਕੁੱਝ ਮਿੰਟਾ ਵਿੱਚ ਦੁਹਰਾਉ ਤੇ ਕੋਈ ਸ਼ੇਅਰ ਸੁਣਾ ਕੇ ਸਰੋਤਿਆਂ 'ਤੇ ਚੰਗਾ ਪ੍ਰਭਾਵ ਛੱਡਿਆ ਜਾ ਸਕਦਾ ਹੈ।ਸਰੋਤਿਆਂ 'ਤੇ ਭਾਸ਼ਣ ਦੇ ਅੰਤਲੇ ਭਾਗ ਵਿੱਚ ਪ੍ਰਗਟ ਕੀਤੇ ਵਿਚਾਰਾਂ ਦਾ ਗਹਿਰਾ ਪ੍ਰਭਾਵ ਪੈਂਦਾ ਹੈ।ਭਾਸ਼ਣ ਦੀ ਸ਼ੁਰੂਆਤ ਭਾਵੇਂ ਬਹੁਤ ਪ੍ਰਭਾਵਸ਼ਾਲੀ ਹੋਵੇ ਪਰ ਜੇ ਅੰਤ ਵਿੱਚ ਬੁਲਾਰਾ ਇੱਕਦਮ ਆਪਣੀ ਗੱਲ ਖ਼ਤਮ ਕਰਕੇ ਮੰਚ ਤੋਂ ਪਰੇ ਹੋ ਜਾਂਦਾ ਹੈ ਤਾਂ ਸਰੋਤਿਆਂ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਕੋਈ ਰੋਚਿਕ ਫ਼ਿਲਮ ਦੇਖ ਰਹੇ ਹੋਣ ਤੇ ਅਚਾਨਕ ਬਿਜਲੀ ਚਲੀ ਜਾਵੇ।ਇਸ ਲਈ ਭਾਸ਼ਣ ਦੇ ਅੰਤਲੇ ਭਾਗ 'ਤੇ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ।ਜੇਕਰ ਭਾਸ਼ਣ ਦਾ ਅੰਤ ਤਾੜੀਆਂ ਦੀ ਗੂੰਜ ਵਿੱਚ ਹੋਵੇ ਤਾਂ ਸਮਝੋ ਸਰੋਤਿਆਂ ਉਪਰ ਬੁਲਾਰੇ ਦਾ ਜਾਦੂ ਚੱਲ ਚੁਕਿਆ ਹੈ।   

ਲੇਖਕ: ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ' 
ਸੰਸਥਾਪਕ: ਮਿਸ਼ਨ 'ਜ਼ਿੰਦਗੀ ਖ਼ੂਬਸੂਰਤ ਹੈ'
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ)  ਫੋਨ 9814096108

21 May 2018