ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

30 Nov. 2021

400 ਸਾਲ ਤੋਂ ਪਟਿਆਲਾ ਸਾਡੇ ਨਾਲ਼ ਰਿਹੈ, ਮੈਂ ਪਟਿਆਲ਼ੇ ਤੋਂ ਹੀ ਚੋਣ ਲੜਾਂਗਾ- ਕੈਪਟਨ
ਪਟਾਕਾ ਪੈ ਗਿਆ ਪਟਿਆਲ਼ੇ, ਤੇਰੇ ਮੇਅਰ ਨੂੰ ਕੱਢ ਕੇ ਲਾ ‘ਤੇ ਤਾਲ਼ੇ।


ਵਿਧਾਨ ਸਭਾ ਚੋਣਾਂ ਨਾ ਹੁੰਦੀਆਂ ਤਾਂ ਖੇਤੀ ਕਾਨੂੰਨ ਵਾਪਸ ਨਾ ਹੁੰਦੇ- ਸ਼ਰਦ ਪਵਾਰ
ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ।


ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਹਿਤੈਸ਼ੀ ਨਹੀਂ- ਪ੍ਰਕਾਸ਼ ਸਿੰਘ ਬਾਦਲ
ਨੌਂ ਸੌ ਚੂਹਾ ਕੇ ਬਿੱਲੀ ਹੱਜ ਨੂੰ ਚੱਲੀ।


ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਦੀ ਰਕਮ ਤੁਰਤ ਦੇਵੇ ਸਰਕਾਰ- ਪ੍ਰਮਿੰਦਰ ਢੀਂਡਸਾ
ਕੀ ਗੱਲ ਤੁਹਾਡੇ ਵੇਲੇ ਖ਼ਜ਼ਾਨੇ ਦੀਆਂ ਚਾਬੀਆਂ ਗੁਆਚੀਆਂ ਹੋਈਆਂ ਸੀ!


ਸੁਖਬੀਰ ਬਾਦਲ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਨਾਲ਼ ਦਿਤੀ ਗ੍ਰਿਫ਼ਤਾਰੀ- ਇਕ ਖ਼ਬਰ
ਸੁਖਬੀਰ ਸਿਆਂ ਇਹ ਧਰਨੇ ਧੁਰਨੇ ਵਿਹਲੇ ਬੰਦਿਆਂ ਦੇ ਕੰਮ ਹੁੰਦੇ ਆ, ਛੱਡ ਪੁਠੇ ਕੰਮ।


ਰਾਮੂਵਾਲੀਆ ਨੇ ‘ਲੋਕ ਭਲਾਈ ਪਾਰਟੀ’ ਮੁੜ ਸੁਰਜੀਤ ਕੀਤੀ- ਇਕ ਖ਼ਬਰ
ਬੇਹੀ ਕੜ੍ਹੀ ਵਿਚ ਉਬਾਲ਼।


ਸੂਬਿਆਂ ਦੇ ਅਧਿਕਾਰ ਖੇਤਰ ’ਚ ਵਧ ਰਹੀ ਦਖ਼ਲਅੰਦਾਜ਼ੀ ਪੁਆੜੇ ਦੀ ਜੜ੍ਹ- ਚੰਦੂਮਾਜਰਾ
ਜਦੋਂ ਬੀ. ਜੇ. ਪੀ. ਨਾਲ਼ ਨਜ਼ਾਰੇ ਲੈਂਦੇ ਸੀ ਉਦੋਂ ਦਖ਼ਲਅੰਦਾਜ਼ੀ ਨਹੀਂ ਦਿਸੀ ਤੁਹਾਨੂੰ।


ਕਸ਼ਮੀਰ ਰੱਖਣਾ ਚਾਹੁੰਦੇ ਹੋ ਤਾਂ ਧਾਰਾ 370 ਬਹਾਲ ਕਰੋ ਤੇ ਕਸ਼ਮੀਰ ਮਸਲਾ ਹੱਲ ਕਰੋ- ਮਹਿਬੂਬਾ ਮੁਫ਼ਤੀ
ਵੇ ਲੈ ਦੇ ਮੈਨੂੰ ਮਖ਼ਮਲ ਦੀ ,ਪੱਖੀ ਘੁੰਗਰੂਆਂ ਵਾਲ਼ੀ।


ਮੁੱਖ ਮੰਤਰੀ ਖੱਟਰ ਨੇ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ- ਇਕ ਖ਼ਬਰ
ਛੜੇ ਬੈਠ ਕੇ ਸਲਾਹਾਂ ਕਰਦੇ, ਕੌਣ ਕੌਣ ਹੋਈਆਂ ਰੰਡੀਆਂ।


ਪੰਜਾਬ ਵਿਰੁੱਧ ਕੀਤੇ ਗਏ ਗੁਨਾਹਾਂ ਦੀ ਕੀਮਤ ਬਾਦਲਾਂ ਨੂੰ ਜ਼ਰੂਰ ਚੁਕਾਉਣੀ ਪਵੇਗੀ- ਚੰਨੀ
ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫਿਰ ਕੀ ਜਵਾਬ ਦੇਵੇਂਗਾ।


ਮਿੱਤਰਾਂ ਨੇ ਹੋਰ ਮਚਾਉਣੇ, ਜਿਹੜੇ ਸਾਥੋਂ ਮਚਦੇ ਆ- ਕੈਪਟਨ ਅਮਰਿੰਦਰ ਸਿੰਘ
ਪਿੱਪਲ ਦਿਆ ਪੱਤਿਆ ਵੇ, ਕੇਹੀ ਖੜ ਖੜ ਲਾਈ ਆ...............


ਸ਼ਰਾਬ, ਰੇਤਾ ਅਤੇ ਕੇਬਲ ਮਾਫ਼ੀਆ ‘ਤੇ ਸਖ਼ਤੀ ਦਾ ਅਸਰ ਕਿਉਂ ਨਹੀਂ ਹੋ ਰਿਹਾ-ਇਕ ਸਵਾਲ
ਕਿਹੜੀ ਸਖ਼ਤੀ ਬਈ? ਕਾਂ ਟੰਗੋ ਦੋ ਚਾਰ, ਦੇਖੋ ਫੇਰ ਅਸਰ ਹੁੰਦਾ।


ਪ੍ਰਦੂਸ਼ਣ ਫ਼ੈਲਾ ਕੇ ਦੁਨੀਆਂ ਨੂੰ ਕੀ ਸੁਨੇਹਾ ਦੇ ਰਹੇ ਹਾਂ ਅਸ਼ੀਂ- ਸੁਪਰੀਮ ਕੋਰਟ
ਕਿ ਅਸੀਂ ਸਵੱਛ ਭਾਰਤ ਅਭਿਆਨ ਚਲਾ ਰਹੇ ਹਾਂ।


ਉਤਰਾਖੰਡ ਤੇ ਯੂ.ਪੀ. ਵਿਚ ਭਾਜਪਾ ਲਈ ਪ੍ਰਚਾਰ ਕਰਾਂਗਾ-ਕੈਪਟਨ ਅਮਰਿੰਦਰ ਸਿੰਘ
ਛਪੜੀ ‘ਚ ਡੁੱਬ ਮਰਿਆ, ਮੁੰਡਾ ਚਹੁੰ ਪੱਤਣਾਂ ਦਾ ਤਾਰੂ।


ਕਿਸੇ ਵੀ ਕੀਮਤ ‘ਤੇ ਹੁਣ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਸਮਝੌਤਾ ਨਹੀਂ ਹੋਵੇਗਾ-ਹਰਜੀਤ ਗਰੇਵਾਲ
ਹੁਣ ਤੇਰੀ ਸਾਡੀ ਬਸ ਵੇ, ਦੱਸ ਕਿੱਥੇ ਗਿਆ ਸੈਂ।