ਉਨ੍ਹਾਂ ਪੰਜਾਬ ਨੂੰ ਵਾਪਸ ਪੰਜਾਬ ਦਿੱਤਾ ... - ਸਵਰਾਜਬੀਰ

ਵੱਡੀ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੇ ਕਿਸਾਨ ਸੰਘਰਸ਼ ਨੇ ਪੰਜਾਬ ਨੂੰ ਇਕ ਨਵੀਂ ਪਛਾਣ ਦਿੱਤੀ ਹੈ, ਪੰਜਾਬੀਆਂ ਦੀ ਉਹ ਪਛਾਣ ਜਿਸ ਨੂੰ ਪੰਜਾਬੀਆਂ ਦਾ ਦਿਲ ਕਈ ਦਹਾਕਿਆਂ ਤੋਂ ਤਾਂਘਦਾ ਅਤੇ ਉਸ ਦੀ ਕਲਪਨਾ ਕਰਦਾ ਸੀ ਪਰ ਜਿਹੜੀ ਪੰਜਾਬ ਦੇ ਦਿਸਹੱਦਿਆਂ ਤੋਂ ਬਹੁਤ ਦੂਰ ਦਿਸਦੀ ਸੀ। ਪੰਜਾਬੀ ਸਦੀਆਂ ਤੋਂ ਬਾਹਰ ਦੇ ਹਮਲਾਵਰਾਂ ਅਤੇ ਜਾਬਰਾਂ ਨਾਲ ਲੜਦੇ ਆਏ ਹਨ। ਸਿੱਖ ਗੁਰੂਆਂ ਨੇ ਪੰਜਾਬੀ ਸਮਾਜ ਨੂੰ ਸਮਾਜਿਕ ਬਰਾਬਰੀ ਅਤੇ ਅਨਿਆਂ ਨਾ ਸਹਿਣ ਦਾ ਅਜਿਹਾ ਸੰਦੇਸ਼ ਦਿੱਤਾ ਜਿਸ ਵਿਚ ਸਾਂਝੀਵਾਲਤਾ ਅਤੇ ਨਾਬਰੀ ਦੇ ਜਜ਼ਬੇ ਇਕਮਿੱਕ ਹੋ ਕੇ ਪੰਜਾਬੀਆਂ ਦੀ ਸਮੂਹਿਕ ਪਛਾਣ ਬਣ ਗਏ। ਬਸਤੀਵਾਦ ਦਾ ਲਿਤਾੜਿਆ ਪੰਜਾਬ 1947 ਵਿਚ ਵੰਡਿਆ ਗਿਆ। ਚੜ੍ਹਦਾ ਪੰਜਾਬ 1980ਵਿਆਂ ਦੇ ਸੰਤਾਪ ’ਚੋਂ ਲੰਘਦਿਆਂ ਉਦਾਸੀਨਤਾ ਦੇ ਅਜਿਹੇ ਦੌਰ ਵਿਚ ਦਾਖ਼ਲ ਹੋਇਆ ਜਿਸ ਵਿਚ ਨਸ਼ਿਆਂ ਦੇ ਫੈਲਾਉ, ਬੇਰੁਜ਼ਗਾਰੀ, ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਅਤੇ ਰਿਸ਼ਵਤਖੋਰੀ ਨੇ ਉਸ (ਪੰਜਾਬ) ਦੇ ਸਰੀਰ ’ਤੇ ਡੂੰਘੇ ਪੱਛ ਲਾਏ।
       2020 ਦੇ ਸ਼ੁਰੂਆਤੀ ਮਹੀਨਿਆਂ ਵਿਚ ਕੋਵਿਡ ਦੀ ਮਹਾਮਾਰੀ ਅਤੇ ਅਚਾਨਕ ਹੋਈ ਤਾਲਾਬੰਦੀ ਨੇ ਲੋਕਾਂ ਨੂੰ ਮਾਯੂਸੀ ਦੇ ਡੂੰਘੇ ਆਲਮ ਵਿਚ ਧੱਕ ਦਿੱਤਾ ਸੀ। ਮਾਯੂਸੀ ਦਾ ਇਹ ਆਲਮ ਸਿਰਫ਼ ਪੰਜਾਬੀਆਂ ਦੇ ਸਿਰ ਨਹੀਂ ਸੀ ਢੁੱਕਿਆ ਸਗੋਂ ਸਾਰੇ ਦੇਸ਼ ਦਾ ਨਸੀਬ ਬਣ ਗਿਆ। ਇਹ ਉਹ ਸਮਾਂ ਸੀ ਜਦ ਦੇਸ਼ ਵਾਸੀਆਂ ਨੂੰ ਹਜੂਮੀ ਹਿੰਸਾ ਦੀਆਂ ਖ਼ਬਰਾਂ ਹੈਰਾਨ ਨਹੀਂ ਸਨ ਕਰਦੀਆਂ ਅਤੇ ਦੇਸ਼ ਦੀਆਂ ਵੱਡੀਆਂ ਯੂਨੀਵਰਸਿਟੀਆਂ (ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਜਾਮੀਆ ਮਿਲੀਆ ਯੂਨੀਵਰਸਿਟੀ ਆਦਿ) ਵਿਚ ਗੁੰਡਿਆਂ ਅਤੇ ਪੁਲੀਸ ਦਾ ਆਤੰਕ ਆਪਣੇ ਪੰਜੇ ਫੈਲਾ ਚੁੱਕਾ ਸੀ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ ਤੋਂ ਉੱਠੇ ਅੰਦੋਲਨ ਨੂੰ ਕੁਚਲ ਦਿੱਤਾ ਗਿਆ ਸੀ ਅਤੇ ਇਸ ਅੰਦੋਲਨ ਦੇ ਆਗੂਆਂ ਨੂੰ ਫਰਵਰੀ 2020 ਵਿਚ ਦਿੱਲੀ ਵਿਚ ਹੋਈ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਸਮਿਆਂ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਸੀ :
ਹੁਣ ਦੁਮੇਲਾਂ ਤੋਂ ਕੁਝ ਨਾ ਉਦੈ ਹੁੰਦਾ
ਜਾਦੂ ਸ਼ਾਮਾਂ ’ਤੇ ਕਿਸੇ ਦਾ ਛਾਉਂਦਾ ਨਾ
ਚਿਹਰਿਆਂ ਉੱਤੇ ਰਾਜ ਪੱਤਝੜਾਂ ਦਾ
ਫ਼ਸਲ ਹਾਸਿਆਂ ਦੀ ਕੋਈ ਲਾਉਂਦਾ ਨਾ
ਤੁਰਦੇ ਬੱਦਲਾਂ ਦੀ ਸੱਜਰੀ ਛਾਂ ਹੇਠਾਂ
ਮੰਜਾ ਸੱਜਣ ਕੋਈ ਆਪਣਾ ਡਾਹੁੰਦਾ ਨਾ
ਉਨ੍ਹਾਂ ਸਮਿਆਂ ਵਿਚ ਹੀ ਸਿਆਸੀ ਜਮਾਤ ਨੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਵਰਗਾਂ ਦੇ ਲੋਕਾਂ ’ਤੇ ਹਮਲੇ ਤੇਜ਼ ਕੀਤੇ। ਚਾਰ ਕਿਰਤ ਕੋਡ ਬਣਾ ਕੇ ਸਨਅਤੀ ਮਜ਼ਦੂਰਾਂ ਦੇ ਹੱਕ ਸੀਮਤ ਕਰ ਦਿੱਤੇ ਗਏ ਅਤੇ 5 ਜੂਨ 2020 ਨੂੰ ਆਰਡੀਨੈਂਸ ਜਾਰੀ ਕਰਕੇ ਖੇਤੀ ਖੇਤਰ ਨੂੰ ਕਾਰਪੋਰੇਟ ਅਦਾਰਿਆਂ ਨੂੰ ਸੌਂਪਣ ਦਾ ਰਾਹ ਪੱਧਰਾ ਕੀਤਾ ਗਿਆ। ਉਪਰਾਮਤਾ ਸਮੇਂ ਦਾ ਚਿੰਨ੍ਹ ਬਣ ਗਈ :
ਹੁਣ ਰਾਤ ਹੈ ਹੈਂਕੜੀ ਤੁਰੀ ਫਿਰਦੀ
ਪੱਲੇ ਚਾਂਦਨੀ ਦੀ ਨਾ ਚਿੱਪ ਹੁੰਦੀ
ਹੁਣ ਤਾਰਿਆਂ ਕੋਲੋਂ ਨਾ ਹੱਸ ਹੁੰਦਾ
ਬੁੱਲ੍ਹਾਂ ’ਤੇ ਮੁਸਕਾਨ ਨਾ ਲਿੱਪ ਹੁੰਦੀ
ਜਿੱਥੇ ਛਾਂ ਮੰਗੀਏ, ਉਥੇ ਨਾ ਛਾਂ ਮਿਲਦੀ
ਡਾਢੇ ਅੰਬਰਾਂ ਕੋਲ ਨਾ ਧੁੱਪ ਹੁੰਦੀ
ਬੋਲ ਭਰੇ ਨੇ ਗਿੱਦੜ-ਰੌਲ਼ਿਆਂ ਨਾਲ
ਸੰਸਿਆਂ ਨਾਲ ਪਈ ਭਾਰੀ ਚੁੱਪ ਹੁੰਦੀ।
ਬੋਲਣਾ ਤੇ ਚੁੱਪ ਰਹਿਣਾ ਦੋਵੇਂ ਮੁਸ਼ਕਲ ਹੋ ਗਏ ਸਨ। ਉਸ ਸਮੇਂ ਇਉਂ ਲੱਗਦਾ ਸੀ ਜਿਉਂ ਵੇਲੇ ਦੇ ਪੈਰ ਥਿੜਕ ਰਹੇ ਹੋਣ, ਲੋਕਾਈ ਦੀ ਆਤਮਾ ਕੋਹੀ ਜਾ ਰਹੀ ਸੀ, ਪ੍ਰੇਸ਼ਾਨ ਸੀ, ਇਉਂ ਲੱਗਦਾ ਸੀ ਜਿਵੇਂ ਉਹ ਸਮਿਆਂ ਨੂੰ ਇਹ ਸਵਾਲ ਕਰ ਰਹੀ ਹੋਵੇ:
ਦਰਦ ਕੀਹਦੀਆਂ ਅੱਖਾਂ ਦੀ ਲਾਲੀ ਹੈ
ਪਿਆਰ ਕੀਹਦੇ ਹੋਠਾਂ ਤੇ ਜੜ੍ਹਾਂ ਲੈਂਦਾ ਸਾਗਰ
ਗਰਦਿਸ਼ ਦੀ ਪੈੜ ਦਾ ਕੀਹਨੂੰ ਪਤਾ ਹੈ
ਭੁੱਖ ਨਾਲ ਜ਼ਖ਼ਮੀ ਖੇਤਾਂ ਲਈ
ਕੀਹਦੇ ਕੋਲ ਹੈ
ਉਮੰਗਾਂ ਦੀ ਮਲ੍ਹਮ
ਕੀਹਨੂੰ ਆਉਂਦਾ ਹੈ
ਝੱਖੜ ਦੀਆਂ ਨੀਹਾਂ ’ਤੇ
ਘਰ ਬਣਾਉਣ ਦਾ ਵੱਲ?
ਝੱਖੜਾਂ ਦੀਆਂ ਨੀਹਾਂ ’ਤੇ ਘਰ ਬਣਾਉਣਾ ਜਾਣਦੇ ਪੰਜਾਬ ਦੇ ਕਿਸਾਨਾਂ ਨੇ ਖੇਤੀ ਆਰਡੀਨੈਂਸਾਂ (ਜੋ ਬਾਅਦ ਵਿਚ ਕਾਨੂੰਨ ਬਣ ਗਏ) ਦੇ ਕਿਸਾਨ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਖ਼ਾਸੇ ਨੂੰ ਪਛਾਣਿਆ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਆਰਡੀਨੈਂਸਾਂ ਵਿਰੁੱਧ ਲੜਾਈ ਦਾ ਬਿਗਲ ਵਜਾਇਆ। ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਨੇ ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਅਤੇ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਕਿਸਾਨ ਜਥੇਬੰਦੀਆਂ ਨੇ 26 ਨਵੰਬਰ 2020 ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ। ਉਸ ਵੇਲੇ ਮੌਜੂਦਾ ਕੇਂਦਰ ਸਰਕਾਰ ਨਾਲ ਖੁੱਲ੍ਹੀ ਟੱਕਰ ਲੈਣ ਬਾਰੇ ਸੋਚਣਾ ਬਹੁਤ ਮੁਸ਼ਕਲ ਸੀ ਪਰ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀਆਂ ਰੂਹਾਂ ਵਿਚ ਆਇਆ ਤੂਫ਼ਾਨ ਸਭ ਹੱਦਾਂ-ਬੰਨੇ ਤੋੜ ਕੇ ਦਿੱਲੀ ਦੀਆਂ ਹੱਦਾਂ ’ਤੇ ਪਹੁੰਚ ਗਿਆ ਅਤੇ ਉਨ੍ਹਾਂ ਨੇ ਸਿੰਘੂ ਅਤੇ ਟਿੱਕਰੀ ਵਿਚ ਜਾ ਡੇਰੇ ਲਾਏ :
ਏਥੇ ਗਗਨ ਦਮਾਮਾ ਵੱਜਿਆ ਜਦ
ਉਸ ਵੇਲੇ ਪਏ ਉਹ ਪੰਧ ਮੀਆਂ।
ਚਿੜੀਆਂ ਚੂਕੀਆਂ ਰੂਹ ਦੇ ਅੰਬਰਾਂ ਵਿਚ
ਟੱਪ ਗਏ ਹਰ ਫਾਹੀ ਤੇ ਫੰਦ ਮੀਆਂ।
ਡੇਰੇ ਟਿੱਕਰੀ ਸਿੰਘੂ ’ਤੇ ਜਾ ਲਾਏ
ਤੁਰੀਆਂ ਮਾਵਾਂ-ਭੈਣਾਂ ਭਾਈਬੰਦ ਮੀਆਂ।
ਚਾਦਰ ਹਿੰਦ ਦੀ ਮੁੜ ਬੁਣਨੇ ਨੂੰ
ਕੱਢੀ ਤੰਦਾਂ ’ਚੋਂ ਉਨ੍ਹਾਂ ਨੇ ਤੰਦ ਮੀਆਂ।
ਥਾਂ ਥਾਂ ’ਤੇ ਸਾਂਝ ਦੀ ਰੁੱਤ ਮੌਲੀ
ਵਣ ਕੰਬਿਆ ਚਮਕਿਆ ਚੰਦ ਮੀਆਂ।
ਉਨ੍ਹਾਂ ਜਾ ਵੰਗਾਰਿਆ ਜਾਬਰਾਂ ਨੂੰ
ਮੂੰਹੋਂ ਬੋਲ ਕੇ ਪ੍ਰੇਮ ਦੇ ਛੰਦ ਮੀਆਂ।
ਇਹ ਸਫ਼ਰ ਪ੍ਰੇਮ ਦਾ ਸਫ਼ਰ ਸੀ ਜਿਸ ਵਿਚ ਸਾਂਝੀਵਾਲਤਾ ਅਤੇ ਭਾਈਚਾਰੇ ਦੇ ਜਜ਼ਬੇ ਮੌਲੇ। ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ; ਇਨ੍ਹਾਂ ਸ਼ਬਦਾਂ ਦੇ ਅਰਥ ਬਹੁਤ ਵੱਡੇ ਹਨ, ਗੁਰੂ ਨਾਨਕ ਦੇਵ ਜੀ ਦੁਆਰਾ ਬਾਬਰ ਦੇ ਹਮਲੇ ਦੌਰਾਨ ਬੋਲੇ ਗਏ ਸ਼ਬਦਾਂ ‘‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ’’।। ਨਾਲ ਜੁੜਦੇ ਹੋਏ। ਲੋਕਾਈ ਦੀ ਚਾਦਰ ਨੂੰ ਬੁਣਨ ਲਈ ਜਾਬਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਅੰਦੋਲਨ ਨੇ ਵੀ ਇਹੀ ਕੀਤਾ। ਇਸ ਅੰਦੋਲਨ ਵਿਚ ਪੰਜਾਬ ਦੇ ਕਲਾਕਾਰਾਂ, ਗਾਇਕਾਂ, ਰੰਗਕਰਮੀਆਂ, ਲੇਖਕਾਂ, ਵਿਦਿਆਰਥੀਆਂ ਤੇ ਨੌਜਵਾਨਾਂ ਨੇ ਵੱਡਾ ਹਿੱਸਾ ਪਾਇਆ। ਕਿਸਾਨਾਂ ਨੂੰ ਹੋਰ ਵਰਗਾਂ ਦੇ ਲੋਕਾਂ ਤੋਂ ਹਮਾਇਤ ਹਾਸਲ ਹੋਈ ਪਰ ਮੁੱਖ ਤੌਰ ’ਤੇ ਇਹ ਅੰਦੋਲਨ ਕਿਸਾਨਾਂ ਦੀ ਹਿੰਮਤ, ਹੌਸਲੇ, ਸਬਰ, ਸਿਦਕ, ਸਿਰੜ ਤੇ ਜੇਰੇ ਦੀ ਬੁਨਿਆਦ ’ਤੇ ਉੱਸਰਿਆ। ਔਰਤਾਂ ਨੇ ਇਸ ਅੰਦੋਲਨ ਵਿਚ ਬੇਮਿਸਾਲ ਭੂਮਿਕਾ ਨਿਭਾਈ। ਇਨ੍ਹਾਂ ਸਭ ਨੇ ਕੁਝ ਇਸ ਤਰ੍ਹਾਂ ਦਾ ਕੀਤਾ :
ਉਨ੍ਹਾਂ ਬੰਨ੍ਹ ਲਿਆ ਖੱਫ਼ਣ ਪਾਣੀਆਂ ਦਾ
ਮਿੱਟੀ ਆਪਣੀ ਸ੍ਵਾਵੇਂ ਜਾ ਖੜ੍ਹੇ ਹੋਏ
ਲੀਰੋ ਲੀਰ ਝੱਗੇ ਪੱਗਾਂ ਪਾਟੀਆਂ ਸਨ
ਨਗੀਨੇ ਪਰ ਜਾਂਬਾਜ਼ੀ ਤੇ ਜੜੇ ਹੋਏ
ਲਿਆ ਚੁੱਲ੍ਹਿਆਂ ਤੋਂ ਸੇਕ ਤੇ ਤਾਅ ਸਾਰਾ
ਤੂਫ਼ਾਨ ਸਨ ਸਾਹਵਾਂ ਦੇ ਚੜ੍ਹੇ ਹੋਏ
ਉਹ ਅੱਗ ਦੇ ਹਰਫ਼ਾਂ ਦਾ ਹਲਫ਼ ਹੈਸਨ
ਤੇ ਇਬਾਰਤ ਖੇਤਾਂ ਦੀ ਪੜ੍ਹੇ ਹੋਏ।
ਖੇਤਾਂ ਦੀ ਇਬਾਰਤ ਪੜ੍ਹੇ ਹੋਏ ਕਿਸਾਨਾਂ ਦੇ ਇਸ ਅੰਦੋਲਨ ਸਦਕਾ ਪੰਜਾਬ ਵਿਚ ਜਿਊਣ ਵਿਚ ਯਕੀਨ ਕਰਨ ਤੇ ਸੁਪਨੇ ਲੈਣ ਦਾ ਚੰਬਾ ਫਿਰ ਮਹਿਕਿਆ। ਪਰਵਾਸ ਅਜੇ ਵੀ ਪੰਜਾਬੀਆਂ ਦਾ ਸੁਪਨਾ ਹੈ ਪਰ ਹੁਣ ਪੰਜਾਬੀਆਂ ਨੂੰ ਇਹ ਵੀ ਪਤਾ ਹੈ ਕਿ ਅਸਲੀ ਲੜਾਈ ਆਪਣੀ ਧਰਤੀ ’ਤੇ ਲੜਨੀ ਪੈਣੀ ਹੈ। ਉਹ ਜਾਣਦੇ ਹਨ ਕਿ :
ਝਨਾਂ ਹੋਵੇ ਜਾਂ ਸਤਲੁਜ ਦਾ ਕੰਢਾ
ਕਈ ਵਾਰ ਯਾਰੋ ਮਰਨਾ ਪੈਂਵਦਾ ਏ
ਮੰਗਣੀ ਪੈਂਦੀ ਅੱਗ ਚੇਤਿਆਂ ਤੋਂ
ਭਲਕ ਦੀ ਚੁੱਪ ਵਿਚ ਸੜਨਾ ਪੈਂਵਦਾ ਏ
ਰਾਹ ਰਣਭੂਮੀ ਦਾ ਕੋਈ ਦੱਸਦਾ ਨਾ
ਰਾਹ ਆਪੇ ਉਹ ਫੜਨਾ ਪੈਂਵਦਾ ਏ
ਰਾਹ ਫੜ ਲਈਏ ਤੋਰ ਮਟਕਾਅ ਲਈਏ
ਰਾਹਵਾਂ ਵਿਚ ਰਾਤਾਂ ਨੂੰ ਤਰਨਾ ਪੈਂਵਦਾ ਏ
ਆਪਣੀਆਂ ਮੰਜ਼ਿਲਾਂ ਤਕ ਪਹੁੰਚਣ ਲਈ ਪੰਜਾਬੀ ਮੁਸ਼ਕਿਲਾਂ ਤੇ ਤਕਲੀਫ਼ਾਂ ਦੀਆਂ ਝਨਾਵਾਂ ਤਰਦੇ ਆਏ ਹਨ। ਉਨ੍ਹਾਂ ਨੂੰ ਆਪਣੇ ਅਕੀਦੇ ’ਤੇ ਯਕੀਨ ਹੋਵੇ ਤਾਂ ਉਹ ਕੱਚੇ ਘੜਿਆਂ ’ਤੇ ਵੀ ਦਰਿਆਵਾਂ ਵਿਚ ਕੁੱਦ ਜਾਂਦੇ ਹਨ। ਰਾਹ ਤੇ ਮੰਜ਼ਿਲ ਦੇ ਸਹੀ ਹੋਣ ਦੇ ਯਕੀਨ ਦੀ ਅੱਗ ਕੱਚੇ ਘੜਿਆਂ ਨੂੰ ਵੀ ਪੱਕੇ ਕਰ ਦਿੰਦੀ ਹੈ ਤੇ ਕੁਝ ਅਜਿਹਾ ਹੀ ਇਸ ਅੰਦੋਲਨ ਨਾਲ ਵਾਪਰਿਆ।
ਇਸ ਅੰਦੋਲਨ ਨੂੰ ਕਈ ਪੱਖਾਂ ਤੋਂ ਭੰਡਣ ਦੀ ਕੋਸ਼ਿਸ਼ ਕੀਤੀ ਗਈ। ਇਸ ਨੂੰ ਕਦੇ ਖਾਲਿਸਤਾਨੀ, ਕਦੇ ਅਤਿਵਾਦੀ ਅਤੇ ਕਦੇ ਨਕਸਲਵਾਦੀ ਕਿਹਾ ਗਿਆ। 26 ਜਨਵਰੀ 2021 ਨੂੰ ਵੀ ਕੁਝ ਤੱਤਾਂ ਨੇ ਇਸ ਸ਼ਾਂਤਮਈ ਅੰਦੋਲਨ ਨੂੰ ਲੀਹਾਂ ਤੋਂ ਲਾਹੁਣ ਦੀ ਕੋਸ਼ਿਸ਼ ਕੀਤੀ। ਫ਼ਿਰਕਾਪ੍ਰਸਤ ਅਤੇ ਵੰਡ-ਪਾਊ ਸਿਆਸਤ ਕਿਸਾਨ ਅੰਦੋਲਨ ਨੂੰ ਜ਼ਰਬ ਇਸ ਲਈ ਨਹੀਂ ਪਹੁੰਚਾ ਸਕੀ ਕਿਉਂਕਿ :
ਜੇਸ ਕੋਲ ਹੋਵੇ ਜੋਹੋ ਜੇਹਾ ਸੂਰਜ
ਓਹੋ ਜੇਹਾ ਹੀ ਓਸ ਦਾ ਸੁਫ਼ਨ ਹੁੰਦਾ
ਓਨੇ ਲੰਮੇ ਹੀ ਓਸ ਦੇ ਸਫ਼ਰ ਹੁੰਦੇ
ਜੇਰਾ ਓਸਦਾ ਕਦੇ ਨਾ ਦਫ਼ਨ ਹੁੰਦਾ
ਰਣਭੂਮੀ ’ਚੋਂ ਕੋਈ ਨਾ ਪਰਤ ਸਕਦਾ
ਪਾਣੀ ਪੀਣ ਲਈ ਵੀ ਨਾ ਰੁਕਣ ਹੁੰਦਾ
ਅੱਗ ਜੀਣ ਦੀ ਜੇ ਸਹੇੜ ਲਈਏ
ਸਾਰੀ ਉਮਰ ਫੇਰ ਓਸ ’ਚ ਧੁਖਣ ਹੁੰਦਾ।
ਸਿਰ ਉੱਚਾ ਕਰ ਕੇ ਜਿਊਣ ਦੀ ਅੱਗ ਵਿਚ ਧੁਖ਼ ਰਹੇ ਇਨ੍ਹਾਂ ਕਿਸਾਨਾਂ ਨੂੰ ਪਰਿੰਦੇ ਤੇ ਉਨ੍ਹਾਂ ਦੇ ਸੰਘਰਸ਼ ਨੂੰ ਪਰਵਾਜ਼ ਦੇ ਬਿੰਬਾਂ ਰਾਹੀਂ ਚਿਤਰਿਆ ਗਿਆ ਤਾਂ ਇਸ ਸੰਘਰਸ਼ ਦੇ ਨਕਸ਼ ਕੁਝ ਏਦਾਂ ਦੇ ਬਣੇ :
ਪਰਿੰਦੇ
ਤਲੀਆਂ ਤੋਂ ਚੁਗ਼ਦੇ ਨੇ ਚੋਗ
ਦਰਿਆਵਾਂ ਤੋਂ ਲੈਂਦੇ ਦੁੱਖਾਂ ਦੀ ਸਾਰ
ਖੇਤਾਂ ’ਚੋਂ ਧਾਰਦੇ ਨੇ ਜੋਗ
ਉੱਡਣਾ ਕੀ ਹੈ
ਅੰਬਰ ਨੂੰ ਜਾਗਦੇ ਰੱਖਣਾ
ਧਰਤੀ ਦੀ ਨੀਂਦ ਨੂੰ ਸੁਫ਼ਨੇ ਦੇਣਾ
ਮਸ਼ਾਲ ਮਸ਼ਾਲ ਹੋਇਆ ਜਨੂੰਨ ਹੈ
ਜਾਂ ਲੜਦਾ ਹੋਇਆ ਸਕੂਨ ਹੈ?
ਉੱਡਣਾ ਆਰੰਭ ਹੈ,
ਇਨ੍ਹਾਂ ਦਾ।
ਉੱਡਣਾ ਅਖ਼ੀਰ ਹੈ
ਉੱਡਣ ਦੀਆਂ ਛੈਣੀਆਂ ਨਾਲ
ਘੜਦੇ ਨੇ ਇਹ
ਦਸਤਕਾਂ ਦੀ ਪਹੁ ਦਾ ਚਿਹਰਾ
ਸਧਰਾਏ ਨੈਣਾਂ ਦੀ ਨੀਝ ਨਾਲ
ਪੜ੍ਹਦੇ ਨੇ ਇਹ
ਪਾਣੀਆਂ ਨੇ ਮਿੱਟੀ ’ਤੇ
ਲਿਖਿਐ ਹੁੰਦੈ ਜੋ
ਇਹੀ ਤਾਂ ਬਣਾਉਂਦੇ ਨੇ
ਅੱਗ ਵਿਚ ਪਰ ਤੋਲਦੀ ਚਾਂਦਨੀ ’ਚ ਘਰ
ਇਹੀ ਤਾਂ ਹੱਸਦੇ ਨੇ
ਤੂਫ਼ਾਨਾਂ ਦਾ ਆਖ਼ਰੀ ਹਾਸਾ
ਇਹੀ ਤਾਂ ਵੱਸਦੇ ਨੇ
ਆਸਾਂ ਦੇ ਅੰਬਰਾਂ ਵਿਚ
ਉਮਰ ਦੇ ਹੱਠ ਦੀ ਹਰ ਸ਼ਾਖ ’ਤੇ
ਇਨ੍ਹਾਂ ਦਾ ਆਲ੍ਹਣਾ ਹੈ
ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਵਿਚ ਪਏ ਉਨ੍ਹਾਂ ਦੇ ਹੱਠ ਦੇ ਆਲ੍ਹਣਿਆਂ ਨੇ ਸਾਰੀ ਦੁਨੀਆ ਨੂੰ ਰੌਸ਼ਨੀ ਦਿਖਾਈ। ਦਿੱਲੀ ਦੀਆਂ ਹੱਦਾਂ ’ਤੇ ਵੱਸੇ ਇਹ ਨਿੱਕੇ ਨਿੱਕੇ ਪਿੰਡ ਕਿਸਾਨਾਂ ਦੇ ਅਨਿਆਂ ਵਿਰੁੱਧ ਯੁੱਧ ਦੇ ਠਿਕਾਣੇ ਬਣੇ। ਮੁਕਤਸਰ ਯੁੱਧਾਂ ਵਿਚ ਹੀ ਵਸਦੇ ਹਨ।
ਇਸ ਸੰਘਰਸ਼ ਦੌਰਾਨ ਮਹਾਨ ਦੁਖਾਂਤ ਵਾਪਰੇ। 670 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਗਈਆਂ। ਇਸੇ ਦੌਰਾਨ ਲਖੀਮਪੁਰ ਖੀਰੀ ਦਾ ਦੁਖਾਂਤ ਵਾਪਰਿਆ ਅਤੇ ਤਿੰਨ ਕਿਸਾਨ ਅਤੇ ਇਕ ਪੱਤਰਕਾਰ ਤੇਜ਼ ਰਫ਼ਤਾਰ ਗੱਡੀਆਂ ਹੇਠ ਦਰੜੇ ਗਏ। ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਹੋਈ ਪਰ ਉਨ੍ਹਾਂ ਨੇ ਕਿਸਾਨ ਵੀਰਾਂ ਦੀ ਸ਼ਹਾਦਤ ਦੇ ਦੁੱਖ ਨੂੰ ਸਹਾਰਦਿਆਂ ਆਪਣੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਤਹੱਈਆ ਕੀਤਾ :
ਯਾਦ ਮੋਇਆਂ ਨੂੰ ਕਰਨਾ ਹੈ
ਦੁੱਖ ਆਪਣਾ ਏਦਾਂ ਜਰਨਾ ਹੈ
ਯਾਦ ਦੀ ਚੰਡੀ ਚੰਡਣੀ ਹੈ
ਜੋ ਟੁੱਟੀ ਹੈ, ਉਹ ਗੰਢਣੀ ਹੈ
ਸਵਾਲ ਜਾਬਰ ਨੂੰ ਕਰਨਾ ਹੈ
ਦਰਿਆ ਅਗਨ ਦਾ ਤਰਨਾ ਹੈ
ਤੰਦ ਤਾਂਘ ਦੀ ਫੜਨੀ ਹੈ
ਇਹ ਜੰਗ ਅਸਾਂ ਨੇ ਲੜਨੀ ਹੈ
ਲੋਅ ਸ਼ਬਦ ਦੀ ਕਰਨੀ ਹੈ
ਨੀਂਹ ਵਿਸਾਹ ਦੀ ਧਰਨੀ ਹੈ।
ਕਿਸਾਨਾਂ ਨੇ ਕਾਰਪੋਰੇਟੀ ਅਤੇ ਸੱਤਾਧਾਰੀਆਂ ਦੇ ਬਿਰਤਾਂਤ ਵਿਰੁੱਧ ਆਪਣੇ ਸ਼ਬਦਾਂ ਦੀ ਲੋਅ ਕੀਤੀ, ਮਨੁੱਖਤਾ ਵਿਚ ਵਿਸ਼ਵਾਸ ਨੂੰ ਮੁੜ ਦ੍ਰਿੜ੍ਹ ਕੀਤਾ। 19 ਨਵੰਬਰ ਨੂੰ ਸ਼ਾਸਕ ਨੇ ਹਾਰ ਮੰਨੀ ਅਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਕਿਸਾਨਾਂ ਦੀ ਜਿੱਤ ਹੋਈ, ਇਹ ਮਾਨਵਤਾ, ਸਾਂਝੀਵਾਲਤਾ ਅਤੇ ਜਮਹੂਰੀਅਤ ਦੀ ਜਿੱਤ ਹੈ, ਪੰਜਾਬੀਆਂ, ਹਰਿਆਣਵੀਆਂ, ਉੱਤਰ ਪ੍ਰਦੇਸ਼ ਅਤੇ ਹੋਰ ਦੇਸ਼ ਵਾਸੀਆਂ ਦੀ ਜਿੱਤ ਹੈ। ਪੰਜਾਬ ਲਈ ਇਸ ਦੇ ਮਾਅਨੇ ਖ਼ਾਸ ਅਤੇ ਅਰਥ-ਭਰਪੂਰ ਹਨ ਕਿਉਂਕਿ ਇਸ ਸੰਘਰਸ਼ ਦੀ ਰੀੜ੍ਹ ਦੀ ਹੱਡੀ ਪੰਜਾਬ ਸੀ। ਕਿਸਾਨਾਂ ਦੇ ਦਿਨ-ਰਾਤ ਕੀਤੇ ਸੰਘਰਸ਼ ਦੀਆਂ ਵੱਖ ਵੱਖ ਪਰਤਾਂ ਅਤੇ ਉਨ੍ਹਾਂ ਦੇ ਪੰਜਾਬ ਨਾਲ ਰਿਸ਼ਤੇ ਨੂੰ ਕੁਝ ਏਦਾਂ ਚਿਤਰਿਆ ਜਾ ਸਕਦਾ ਹੈ :
ਰਾਤੀਂ ਕੀਤੀਆਂ ਗੱਲਾਂ ਤਾਰਿਆਂ ਨਾਲ
ਦਿਨੇ ਜਾਬਰਾਂ ਨੂੰ ਨਿੱਤ ਜਵਾਬ ਦਿੱਤਾ।
ਦਿਲਾਂ ਆਪਣਿਆਂ ’ਚੋਂ ਪ੍ਰੇਮ ਦਾ ਚੀਰ ਕੱਢਿਆ
ਨੇਕ ਲੋਕਾਈ ਨੂੰ ਸੁਰ ਸਵਾਬ ਦਿੱਤਾ।
ਲੱਭੀ ਇਸ ਹਯਾਤ ਦੀ ਰਮਜ਼ ਡੂੰਘੀ
ਬੇਖ਼ਾਬ ਹੋਇਆਂ ਨੂੰ ਆਸ ਦਾ ਖ਼ਾਬ ਦਿੱਤਾ।
ਬੇਉਮੀਦੀ ਦੀ ਕੱਲਰੀ ਕੰਧ ਤੋੜੀ
ਦੇਸ਼ ਪੰਜਾਬ ਨੂੰ ਫਿਰ ਪੰਜਾਬ ਦਿੱਤਾ।
ਹਾਂ, ਇਸ ਸੰਘਰਸ਼ ਨੇ ਪੰਜਾਬ ਨੂੰ ਪੰਜਾਬ ਵਾਪਸ ਕੀਤਾ ਹੈ। ਬੇਉਮੀਦੀ ਦੀ ਕੱਲਰੀ ਕੰਧ ਤੋੜ ਕੇ ਬੇਉਮੀਦ ਹੋਏ ਲੋਕਾਂ ਨੂੰ ਆਸਾਂ ਦਾ ਸੰਸਾਰ ਵਾਪਸ ਕੀਤਾ ਹੈ ਅਤੇ ਵਾਪਸ ਕੀਤਾ ਹੈ ਇਹ ਯਕੀਨ ਕਿ ਆਪਣੇ ਹੱਕਾਂ ਲਈ ਲੜਿਆ ਜਾ ਸਕਦਾ ਹੈ।
ਜ਼ਿੰਦਗੀ ਸੁੱਖ-ਦੁੱਖ, ਧੁੱਪ-ਛਾਂ ਦਾ ਮੇਲਾ ਹੈ ਅਤੇ ਇਸ ਮੇਲੇ ਵਿਚ ਕਿਸਾਨਾਂ ਨੇ ਮਨੁੱਖਤਾ ਦੀ ਲੋਅ ਨੂੰ ਉੱਚੀ ਰੱਖਿਆ। ਉਨ੍ਹਾਂ ਅਤੇ ਉਨ੍ਹਾਂ ਦੀ ਹਮਾਇਤ ਵਿਚ ਨਿੱਤਰੇ ਲੋਕਾਂ ਨੂੰ ਪਤਾ ਸੀ ਕਿ ਉਹ ਇਕ ਬਹੁਤ ਵੱਡੀ ਲੜਾਈ ਲੜ ਰਹੇ ਹਨ, ਇਹ ਮਨੁੱਖ ਦੀ ਮਨੁੱਖ ਹੋਣ ਦੀ ਲੜਾਈ ਹੈ, ਸਾਡੇ ਦੇਸ਼ ਦੀ ਚਾਦਰ ’ਤੇ ਲਾਏ ਜਾ ਰਹੇ ਅਮਾਨਵਤਾ ਦੇ ਦਾਗਾਂ ਨੂੰ ਧੋਣ ਦੀ ਲੜਾਈ ਲੜਦੇ ਹੋਏ ਉਹ ਜਾਣਦੇ ਸਨ/ਹਨ :
ਦੁਨੀਆ, ਧੁੱਪ ਤੇ ਛਾਂ ਦਾ ਬਲੇ ਦੀਵਾ
ਰੌਸ਼ਨ ਅਸਾਂ ਨੇ ਏਸ ਨੂੰ ਰੱਖਣਾ ਏ
ਪਿੰਡਾਂ ਵਿੱਚ ਵੱਸਣਗੇ ਧੀਆਂ ਪੁੱਤ ਸਾਡੇ
ਮਾਣ ਅਸਾਂ ਉਮਰਾਂ ਦਾ ਦੱਸਣਾ ਏ
ਜ਼ਹਿਰ ਜਿਹਨੂੰ ਸ਼ੌਕ ਦਾ ਤੱਤ ਕਹਿੰਦੇ
ਜ਼ਹਿਰ ਅਸਾਂ ਉਹ ਜੀਭ ’ਤੇ ਚੱਖਣਾ ਏ
ਸਾਡੇ ਨਾਲ ਹੀ ਹੈ ਤੋਰ ਵੇਲਿਆਂ ਦੀ
ਸਾਡੇ ਬਿਨਾ ਜਹਾਨ ਇਹ ਸੱਖਣਾ ਏ।
ਬੰਦਾ ਹੋਣਾ ਹੈ ਇਕ ਜਨੂੰਨ ਯਾਰੋ
ਬੰਦਾ ਹੋਣ ਲਈ ਬੰਦੇ ਨੇ ਮਰਦੇ ਰਹੇ
ਜਿਹੜੇ ਬੈਠ ਸਹੇੜ ਰਾਹ ਦੁਸ਼ਮਣਾਂ ਨੂੰ
ਬੈਠ ਫ਼ਸੀਲਾਂ ’ਤੇ ਰਾਤਾਂ ਨੂੰ ਜਰਦੇ ਰਹੇ
ਜਿਸਮਾਂ ਆਪਣਿਆਂ ਤੀਕ ਨਾ ਰਹੇ ਬਾਕੀ
ਨਕਸ਼ਾਂ, ਖੇਤਾਂ, ਪਹਾੜਾਂ ਲਈ ਲੜਦੇ ਰਹੇ
ਡੁੱਬ ਗਈ ਬਾਤ ਲੰਬੀ ਉਹ ਨਫ਼ਰਤਾਂ ਦੀ
ਪੱਤ ਪ੍ਰੇਮ ਪਰਵਾਜ਼ ਦੇ ਪਰ ਤਰਦੇ ਰਹੇ।
ਕਿਸਾਨ ਸੰਘਰਸ਼ ਜੇਤੂ ਹੋਇਆ ਹੈ। ਇਸ ਦੀਆਂ ਪ੍ਰਾਪਤੀਆਂ ਵੱਡੀਆਂ, ਬਹੁਪਰਤੀ ਅਤੇ ਅਰਥ-ਭਰਪੂਰ ਹਨ ਪਰ ਦੇਸ਼ ਦੇ ਮਿਹਨਤਕਸ਼ਾਂ ਦੀ ਵੱਡੀ ਲੜਾਈ ਅਜੇ ਬਾਕੀ ਹੈ; ਇਹ ਸੰਘਰਸ਼ ਉਸ ਜਮਹੂਰੀ ਲੜਾਈ ਦੀ ਭੂਮਿਕਾ ਹੈ। ਦੇਸ਼ ਦੀਆਂ ਜਮਹੂਰੀ ਸ਼ਕਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ਾਂ ਨੇ ਇਸ ਸੰਘਰਸ਼ ਦੀ ਲੋਅ ਵਿਚ ਆਪਣੇ ਭਵਿੱਖ ਦੀ ਲੜਾਈ ਲੜਨੀ ਹੈ।