ਸਾਹਿਤ, ਅਨੁਵਾਦ ਤੇ ਬਾਹਰਲੇ ਅਸਮਾਨ ਵੱਲ ਖੁਲ੍ਹਦੇ ਝਰੋਖੇ - ਸੁਕੀਰਤ

ਹਰ ਲੇਖਕ, ਲੇਖਕ ਬਣਨ ਤੋਂ ਬਹੁਤ ਪਹਿਲਾਂ ਪਾਠਕ ਹੁੰਦਾ ਹੈ। ਸਗੋਂ ਬਹੁਤ ਸਾਰੇ ਵੱਡੇ ਲੇਖਕਾਂ ਦਾ ਮੰਨਣਾ ਹੈ ਕਿ ਲੇਖਕ ਲਈ ਹੋਰਨਾਂ ਦਾ ਲਿਖਿਆ ਹੋਇਆ ਪੜ੍ਹਨਾ ਓਨਾ ਹੀ ਜ਼ਰੂਰੀ ਹੈ, ਜਿੰਨਾ ਆਪ ਲਿਖਣਾ।
      ਲੇਖਕ ਤਾਂ ਮੈਂ ਆਪਣੇ ਆਪ ਨੂੰ ਔਸਤ ਦਰਜੇ ਦਾ ਮੰਨਦਾ ਹਾਂ, ਪਰ ਪਾਠਕ ਦੇ ਤੌਰ ’ਤੇ ਬੜਾ ਅਮੀਰ ਮਹਿਸੂਸ ਕਰਦਾ ਹਾਂ। ਇਕ ਨਹੀਂ, ਚਾਰ ਜ਼ਬਾਨਾਂ ਦਾ ਸਾਹਿਤ ਮੈਂ ਤਕਰੀਬਨ ਇਕੋ ਜਿਹੀ ਮੁਹਾਰਤ ਨਾਲ ਪੜ੍ਹ, ਤੇ ਸੋਖ ਸਕਦਾ ਹਾਂ: ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਰੂਸੀ ਦਾ। ਉਮਰ ਦੇ ਵੀਹਵੇਂ ਵਰ੍ਹੇ ਤੀਕ ਮੈਂ ਇਨ੍ਹਾਂ ਚਾਰੇ ਭਾਸ਼ਾਵਾਂ ਵਿਚ ਓਨੀ ਮੁਹਾਰਤ ਨਾਲ ਲੈਸ ਹੋ ਚੁੱਕਾ ਸਾਂ ਜਿੰਨੀ ਕਿਸੇ ਬੋਲੀ ਵਿਚ ਰਚਿਆ ਸਾਹਿਤ ਪੜ੍ਹ ਤੇ ਸਮਝ ਸਕਣ ਲਈ ਲੋੜੀਂਦੀ ਹੈ। ਤੇ ਫੇਰ ਜਦੋਂ ਤੁਸੀਂ ਕਿਸੇ ਬੋਲੀ ਵਿਚ ਪੜ੍ਹਨਾ ਸ਼ੁਰੂ ਕਰ ਦੇਂਦੇ ਹੋ, ਤਾਂ ਉਸ ਦਾ ਸ਼ਬਦ ਭੰਡਾਰ ਹਰ ਨਵੇਂ ਪੜ੍ਹੇ ਨਾਲ ਤੁਹਾਡੇ ਲਈ ਹੋਰ ਤੋਂ ਹੋਰ ਮੋਕਲਾ ਹੋਈ ਜਾਂਦਾ ਹੈ। ਆਪਣੀ ਮਾਂ ਬੋਲੀ ਪੰਜਾਬੀ ਤੋਂ ਲੈ ਕੇ, ਰੂਸ ਵਿਚ ਜਾ ਕੇ ਸਿੱਖੀ ਰੂਸੀ ਤਕ, ਹਰ ਜ਼ਬਾਨ ਨਾਲ ਮੁੱਢਲੀ ਪਛਾਣ ਭਾਵੇਂ ਅਧਿਆਪਕਾਂ ਦੀ ਮਦਦ ਨਾਲ ਹੋਈ - ਜਿਸ ਲਈ ਮੈਂ ਉਨ੍ਹਾਂ ਦਾ ਹਮੇਸ਼ਾ ਰਿਣੀ ਹਾਂ - ਪਰ ਉਸ ਵਿਚ ਡੂੰਘੀਆਂ ਚੁੱਭੀਆਂ ਲਾ ਸਕਣ ਦਾ ਹੁਨਰ ਮੈਨੂੰ ਉਨ੍ਹਾਂ ਭਾਸ਼ਾਵਾਂ ਦੇ ਸਾਹਿਤ ਦੀ ਲਗਾਤਾਰ ਪੜ੍ਹਤ ਨੇ ਹੀ ਬਖ਼ਸ਼ਿਆ।
      ਦੋ ਜ਼ਬਾਨਾਂ ਮੈਂ ਹੋਰ ਵੀ ਸਿੱਖੀਆਂ। ਬਹੁਤ ਸਾਲ ਪਹਿਲਾਂ ਮੈਂ ਕੁਝ ਚਿਰ ਲਈ ਫ਼ਰਾਂਸੀਸੀ ਸਿੱਖੀ ਸੀ, ਪਰ ਸਾਹਿਤਕ ਮਸ਼ਕ ਲਈ ਸਮਾਂ ਨਾ ਕੱਢ ਸਕਿਆ ਤੇ ਉਸਦੀ ਜਾਣਕਾਰੀ ਬਸ ਡੰਗ ਟਪਾਊ ਹੱਦਾਂ ਵਿਚ ਸੀਮਤ ਹੋ ਕੇ ਰਹਿ ਗਈ ਹੈ। ਤੇ ਬਹੁਤ ਪੱਛੜ ਕੇ, ਪਾਕਿਸਤਾਨ ਦੀਆਂ ਕੁਝ ਲੰਮੀਆਂ ਫੇਰੀਆਂ ਤੋਂ ਬਾਅਦ ਪੰਜਾਬੀ ਲਈ ਓਧਰ ਵਰਤੀ ਜਾਂਦੀ ਲਿਪੀ ਸਿੱਖਣ ਦੀ ਇੱਛਾ ਜਾਗੀ। ਸ਼ਾਹਮੁਖੀ ਪੜ੍ਹ ਸਕਣ ਲਈ ਨਸਤਾਲੀਕ ਸਿੱਖਣੀ ਪਈ, ਉਹ ਲਿਪੀ ਜਿਸ ਵਿਚ ਉਰਦੂ ਵੀ ਲਿਖੀ ਜਾਂਦੀ ਹੈ। ਉਰਦੂ ਦੀ ਸ਼ਾਇਰੀ ਨਾਲ ਦੇਵਨਾਗਰੀ ਰਾਹੀਂ ਵਾਕਫ਼ ਹੋਣ ਕਾਰਨ ਮੇਰਾ ਉਰਦੂ ਸ਼ਬਦ ਭੰਡਾਰ ਪਹਿਲੋਂ ਵੀ ਊਣਾ ਨਹੀਂ ਸੀ, ਪਰ ਹੁਣ ਵਾਰਤਕ ਵੀ ਪੜ੍ਹ ਸਕਣ ਦਾ ਵੱਲ ਆ ਜਾਣ ਨਾਲ ਉਸ ਵਿਚ ਹੋਰ ਇਜ਼ਾਫ਼ਾ ਹੋਣ ਦਾ ਮੁੱਢ ਬੱਝ ਚੁੱਕਾ ਹੈ।
      ਕਹਿੰਦੇ ਨੇ ਹਰ ਨਵੀਂ ਜ਼ਬਾਨ ਇਕ ਨਵੀਂ ਤੇ ਵੱਖਰੀ ਰਹਿਤਲ ਵੱਲ ਖੁਲ੍ਹਦਾ ਝਰੋਖਾ ਹੁੰਦੀ ਹੈ, ਜੋ ਕਿਸੇ ਹੋਰ ਲੋਕਾਈ, ਕਿਸੇ ਹੋਰ ਸਭਿਆਚਾਰ ਨਾਲ ਤੁਹਾਡੀ ਪਛਾਣ ਕਰਾਉਂਦੀ ਹੈ। ਤੇ ਇਸ ਪਛਾਣ ਦਾ ਜ਼ਰੀਆ ਉਸ ਜ਼ਬਾਨ ਦਾ ਸਾਹਿਤ ਬਣਦਾ ਹੈ ਜੋ ਆਪਣੇ ਲੋਕਾਂ ਦੀ ਮਾਨਸਿਕਤਾ ਨਾਲ ਵੀ ਸਾਂਝ ਪੁਆਉਂਦਾ ਹੈ, ਆਪਣੇ ਖਿੱਤੇ ਦੇ ਇਤਿਹਾਸ ਅਤੇ ਉਸਦੀਆਂ ਕੁਦਰਤੀ ਖ਼ਾਸੀਅਤਾਂ ਨਾਲ ਵੀ। ਇਹੋ ਕਾਰਨ ਹੈ ਕਿ ਦੁਨੀਆ ਭਾਵੇਂ ਸਾਡੀ ਸਭਨਾਂ ਦੀ ਇਕੋ ਹੈ, ਰੰਗਤ ਤੇ ਨੈਣ ਨਕਸ਼ਾਂ ਵਿਚਲੇ ਵਖਰੇਵਿਆਂ ਦੇ ਬਾਵਜੂਦ ਮਨੁੱਖਾ ਜਾਤੀ ਵੀ ਸਾਡੀ ਸਾਂਝੀ ਹੈ, ਪਰ ਤਾਂ ਵੀ ਸੋਚਣ, ਵਿਗਸਣ, ਆਪਣੇ ਚੌਗਿਰਦੇ ਨਾਲ ਨਜਿੱਠਣ ਦੇ ਸਾਡੇ ਢੰਗਾਂ ਵਿਚ ਢੇਰ ਅੰਤਰ ਵੀ ਹਨ। ਜਦੋਂ ਕਿਸੇ ਹੋਰ ਜ਼ਬਾਨ ਦੇ ਸਾਹਿਤ ਰਾਹੀਂ ਅਸੀ ਓਥੋਂ ਦੇ ਲੋਕਾਂ ਨਾਲ ਆਪਣੀ ਪਛਾਣ ਵਧਾਉਂਦੇ ਹਾਂ, ਅਸੀਂ ਆਪਣੀ ਸੋਚ ਦਾ ਘੇਰਾ ਵੀ ਮੋਕਲਾ ਕਰ ਰਹੇ ਹੁੰਦੇ ਹਾਂ, ਜ਼ਿੰਦਗੀ ਦੇ ਵਰਤਾਰਿਆਂ ਨੂੰ ਕਿਸੇ ਵੱਖਰੇ ਜ਼ਾਵੀਏ ਤੋਂ ਜੋਖਣ-ਸਮਝਣ ਦਾ ਵੱਲ ਸਿਖ ਰਹੇ ਹੁੰਦੇ ਹਾਂ।
     ਏਸ ਲਈ, ਮੇਰੀ ਜਾਚੇ, ਸਿਰਫ਼ ਲੇਖਕ ਲਈ ਹੀ ਨਹੀਂ, ਹਰ ਜਾਗਰੂਕ ਪਾਠਕ ਲਈ ਵੀ ਜ਼ਰੂਰੀ ਹੈ ਕਿ ਉਹ ਸਿਰਫ਼ ਆਪਣੀ ਬੋਲੀ ਵਿਚ ਰਚਿਆ ਜਾਂਦਾ ਸਾਹਿਤ ਹੀ ਨਹੀਂ, ਵਾਹ ਲਗਦੀ ਹੋਰ ਬੋਲੀਆਂ ਵਿਚ ਰਚਿਆ ਗਿਆ ਸਾਹਿਤ ਵੀ ਵੱਧ ਤੋਂ ਵੱਧ ਪੜ੍ਹੇ।
        ਹੱਥਲੀ ਪੁਸਤਕ ਕੁਝ ਅਜਿਹੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਵੱਖੋ ਵੱਖ ਵੇਲੇ ਮੈਂ ਅੱਡੋ-ਅੱਡ ਜ਼ਬਾਨਾਂ ਵਿਚ ਪੜ੍ਹੀਆਂ, ਤੇ ਜਿਨ੍ਹਾਂ ਨੂੰ ਪੰਜਾਬੀ ਵਿਚ ਉਲਥਾ ਕੇ ਹੋਰਨਾਂ ਮਿੱਤਰਾਂ ਪਾਠਕਾਂ ਨਾਲ ਸਾਂਝਿਆਂ ਕਰਨ ਤੇ ਜੀਅ ਕਰ ਉੱਠਿਆ। ਵਿਸ਼ਿਆਂ, ਨਿਭਾਅ ਤੇ ਕਥਾ-ਜੁਗਤ ਪੱਖੋਂ ਵੀ ਇਹ ਕਹਾਣੀਆਂ ਬਹੁਤ ਵੱਖੋ-ਵੱਖਰੀਆਂ ਹਨ, ਪਰ ਇਨ੍ਹਾਂ ਵਿਚ ਸਾਂਝੀ ਗੱਲ ਇਹ ਹੈ ਕਿ ਇਨ੍ਹਾਂ ਨੇ ਮੈਨੂੰ ਟੁੰਬਿਆ, ਮੁਤਾਸਰ ਕੀਤਾ ਤੇ ਮੇਰੇ ਦਿਸਹੱਦਿਆਂ ਨੂੰ ਮੋਕਲਿਆਂ ਕੀਤਾ - ਬਤੌਰ ਪਾਠਕ ਵੀ, ਤੇ ਬਤੌਰ ਲੇਖਕ ਵੀ। ਸ਼ਾਮਲ ਕਹਾਣੀਆਂ ਦੇ ਲੇਖਕ ਆਪੋ-ਆਪਣੀ ਬੋਲੀ ਵਿਚ ਚੋਖੇ ਜਾਣੇ ਜਾਂਦੇ ਹਨ, ਤੇ ਕੁਝ ਤਾਂ ਹੋਰਨਾਂ ਜ਼ਬਾਨਾਂ ਵਿਚ ਉਲਥਾਏ ਵੀ ਗਏ ਹਨ, ਪਰ ਪੰਜਾਬੀ ਪਾਠਕ ਲਈ ਸ਼ਾਇਦ ਇਹ ਨਵੇਂ ਨਾਂਅ ਹੋਣ। ਸੰਸਾਰ ਸਾਹਿਤ ਵਿਚ ਤਾਰੀਆਂ ਲਾਉਂਦਿਆਂ ਹੱਥ ਆਏ ਇਹ ਮੋਤੀ ਮੈਂ ਲੱਭਣ ਨਹੀਂ ਸਾਂ ਟੁਰਿਆ, ਇਹ ਮੇਰੀਆਂ ਸਾਹਿਤਕ ਅਠਖੇਲੀਆਂ ਦੌਰਾਨ ਅਚਨਚੇਤ ਹੋਈਆਂ ਲੱਭਤਾਂ ਸਨ।
       ਇਸ ਸੰਗ੍ਰਹਿ ਦੀ ਸਭ ਤੋਂ ਲੰਮੀ ਕਹਾਣੀ ਰੂਸੀ ਲੇਖਕ ਅਨਾਤੋਲੀ ਅਲੇਕਸਿਨ ਦੀ ‘ਪੰਜਵੀਂ ਕਤਾਰ ਵਿਚੋਂ ਤੀਜਾ’ ਹੈ। ਕੋਈ ਡਾਹਢੀ ਭੀੜ ਆ ਪੈਣ ’ਤੇ, ਜ਼ਿੰਦਗੀ ਦੀਆਂ ਸਭ ਤੋਂ ਔਖੀਆਂ ਜਾਪਦੀਆਂ ਘੜੀਆਂ ਵਿਚ ਮਨੁੱਖ ਕਿਵੇਂ ਆਸ ਦੀ ਕੰਨੀ ਫੜਦਿਆਂ ਰੱਬ, ਜਾਂ ਰੱਬ ਵਰਗੇ ਕਿਸੇ ਹੋਰ ਦਾ ਸਹਾਰਾ ਭਾਲਦਾ ਹੈ, ਇਹ ਉਸ ਮਨੋ-ਅਵਸਥਾ ਦਾ ਬਹੁ-ਪਰਤੀ ਚਿਤਰਣ ਹੈ। ਇਹ ਕਹਾਣੀ ਜਿੰਨੀ ਲੰਮੀ ਹੈ, ਓਨੀ ਹੀ ਰੌਚਕ ਵੀ ਤੇ ਰਮਜ਼ਾਂ-ਰਹੱਸਾਂ ਨਾਲ ਭਰਪੂਰ ਵੀ।
       ਪੋਲਿਸ਼ ਮੂਲ ਦੇ ਇਜ਼ਰਾਈਲੀ ਲੇਖਕ ਵਲਾਦ ਰੀਵਲਿਨ ਦੀ ਕਹਾਣੀ ‘ਦਾਦਾ’ ਤੇ ਨੌਜਵਾਨ ਸੰਥਾਲ ਲੇਖਕ ਹੰਸਦਾ ਸੌਵੇਂਦ੍ਰ ਸ਼ੇਖਰ ਦੀ ਕਹਾਣੀ ‘ਆਦਿਵਾਸੀ ਨਹੀਂ ਨੱਚੇਗਾ’ ਵਿਚ ਇਹ ਗੱਲ ਸਾਂਝੀ ਹੈ ਕਿ ਇਕ ਆਦਮੀ ਦੇ ਜੀਵਨ ਬਿਓਰੇ ਦੇ ਇਰਦ-ਗਿਰਦ ਘੁੰਮਦਿਆਂ ਇਹ ਦੋਵੇਂ ਰਚਨਾਵਾਂ ਸਹਿਜੇ ਹੀ ਇਕ ਪੂਰੇ ਖਿੱਤੇ ਦੇ ਇਤਿਹਾਸ ਤੇ ਓਥੋਂ ਦੀ ਤ੍ਰਾਸਦੀ ਨੂੰ ਪੇਸ਼ ਕਰ ਜਾਂਦੀਆਂ ਹਨ। ‘ਦਾਦਾ’ ਜੇਕਰ ਫ਼ਲਸਤੀਨ ਦੇ ਦੁਖਾਂਤ ਦਾ ਸਾਹਿਤਕ ਢੰਗ ਨਾਲ ਕੀਤਾ ਗਿਆ ਖੁਲਾਸਾ ਹੈ ਤਾਂ ‘ਆਦਿਵਾਸੀ ਨਹੀਂ ਨੱਚੇਗਾ’ ਸੰਥਾਲ ਕਬਾਇਲੀਆਂ ਨਾਲ ਵਾਪਰ ਰਹੇ ਜਬਰ ਤੇ ਧੋਖੇ ਦੀ ਸਹਿਜ ਢੰਗ ਨਾਲ ਸੁਣਾਈ ਗਈ ਗਾਥਾ। ਇਹ ਦੋਵੇਂ ਕਹਾਣੀਆਂ ਇਸ ਗੱਲ ਦੀ ਮਿਸਾਲ ਹਨ ਕਿ ਹੁਨਰਵਾਨ ਲੇਖਕ ਕਹਾਣੀ ਦੀ ਵਿਧਾ ਰਾਹੀਂ ਵੀ ਉਨ੍ਹਾਂ ਤੱਥਾਂ ਵੱਲ ਧਿਆਨ ਦੁਆ ਕੇ ਪਾਠਕ ਨੂੰ ਸੋਚਣ ਲਈ ਮਜਬੂਰ ਕਰ ਸਕਦਾ ਹੈ ਜੋ ਆਮ ਤੌਰ ’ਤੇ ਸਿਆਸੀ ਅਤੇ ਇਤਿਹਾਸਕ ਲੇਖਾਂ ਰਾਹੀਂ ਹੀ ਸਾਡੇ ਕੋਲ ਪਹੁੰਚਦੇ ਹਨ।
      ਏਸੇ ਤਰ੍ਹਾਂ ਸਾਜਿਦ ਰਸ਼ੀਦ ਦੀ ਉਰਦੂ ਕਹਾਣੀ ‘ਮੌਤ ਲਈ ਇਕ ਅਪੀਲ’ ਤੇ ਹੰਸਦਾ ਸੌਵੇਂਦ੍ਰ ਸ਼ੇਖਰ ਦੀ ਅੰਗਰੇਜ਼ੀ ਵਿਚ ਲਿਖੀ ਸੰਥਾਲ ਕਹਾਣੀ ‘ਉਹ ਮਾਸ ਖਾਂਦੇ ਹਨ’ ਕਹਾਣੀ ਦੀ ਵਿਧਾ ਰਾਹੀਂ ਸਾਡੇ ਦੇਸ ਦੇ ਅਜੋਕੇ ਹਾਲਾਤ, ਬਹੁਗਿਣਤੀਵਾਦ ’ਤੇ ਆਧਾਰਤ ਸਿਆਸਤ ਅਤੇ ਲੋਕਾਂ ਨੂੰ ਵੰਡ-ਲੜਾਉਣ ਵਾਲੇ ਪੈਂਤੜਿਆਂ ਦਾ ਪਾਜ ਖੋਲ੍ਹਦੀਆਂ ਸਾਹਿਤਕ ਕਿਰਤਾਂ ਹਨ। ਦੋਹਾਂ ਕਹਾਣੀਆਂ ਦੇ ਲੇਖਕਾਂ ਦੇ ਹੁਨਰ ਦੀ ਉੱਤਮਤਾ ਇਸ ਗੱਲ ਤੋਂ ਸਿੱਧ ਹੁੰਦੀ ਹੈ ਕਿ ਸਿਆਸੀ ਅਤੇ ਚਲੰਤ ਵਿਸ਼ਿਆਂ ’ਤੇ ਆਧਾਰਤ ਹੋਣ ਦੇ ਬਾਵਜੂਦ ਇਹ ਕਹਾਣੀਆਂ ਕਹਾਣੀਆਂ ਹੀ ਰਹਿੰਦੀਆਂ ਹਨ, ਸਾਹਿਤਕ ਲਬਾਦੇ ਵਿਚ ਪਰੋਸੀ ਗਈ ਪੱਤਰਕਾਰੀ ਦਾ ਝਾਉਲਾ ਨਹੀਂ ਬਣਦੀਆਂ। ਸਾਜਿਦ ਰਸ਼ੀਦ ਦੀ ਕਹਾਣੀ ਦਾ ਜ਼ਿਕਰ ਇਕ ਹੋਰ ਪੱਖੋਂ ਵੀ ਕਰਨਾ ਬਣਦਾ ਹੈ। ਇਕ ਖ਼ਤ ਦੇ ਰੂਪ ਵਿਚ ਸਿਰਜੀ ਗਈ ਇਹ ਕਹਾਣੀ ਉਸ ਸਾਹਿਤਕ ਜ਼੍ਹੌਨਰ ਜਾਂ ਸ਼ੈਲੀ ਦੀ ਵੰਨਗੀ ਹੈ ਜਿਸਨੂੰ ਪੱਤਰਾਤਮਕ (Epistolary) ਵਿਧਾ ਕਿਹਾ ਜਾਂਦਾ ਹੈ। ਪੰਜਾਬੀ ਵਿਚ, ਮੇਰੇ ਪਤੇ ਵਿਚ, ਇਸ ਵਿਧਾ ਦੀ ਸਭ ਤੋਂ ਪਹਿਲੀ ਮਿਸਾਲ ਨਾਨਕ ਸਿੰਘ ਦਾ ਨਾਵਲ ‘ਸੁਮਨ-ਕਾਂਤਾ’ ਹੈ ਜਿਸਦਾ ਆਧਾਰ ਦੋ ਸਹੇਲੀਆਂ ਦੀ ਆਪਸੀ ਪੱਤਰਚਾਰੀ ਹੈ। ਆਪਣੀ ਕਹਾਣੀ ਨੂੰ ਇਕ ਖ਼ਤ ਦੇ ਰੂਪ ਵਿਚ ਸਿਰਜ ਕੇ ਸਾਜਿਦ ਰਸ਼ੀਦ ਆਪਣੇ ਵਿਸ਼ੇ ਨੂੰ ਇਕ ਖਾਸ ਕਿਸਮ ਦੀ ਪ੍ਰਮਾਣਿਕਤਾ ਦੇ ਸਕਣ ਵਿਚ ਵੀ ਸਫ਼ਲ ਹੋਇਆ ਹੈ।
       ਬਰਾਂਕੋ ਆਂਦਰਿਚ ਦੀ ਯੂਗੋਸਲਾਵੀਅਨ ਕਹਾਣੀ ਦਾ ਨਾਂਅ ਭਾਵੇਂ ‘ਕਮਿਊਨਿਸਟ’ ਹੈ, ਪਰ ਇਹ ਕੋਈ ਸਿਆਸੀ ਜਾਂ ਸਿਧਾਂਤ-ਘੋਟਦੀ ਕਹਾਣੀ ਨਹੀਂ। ਸਰੋਦੀ ਸੁਰ ਵਿਚ ਲਿਖੀ ਗਈ ਇਹ ਅਸਲੋਂ ਨਿੱਕੀ ਕਹਾਣੀ ਸਹਿਜੇ ਹੀ ਇਕ ਵੱਡੇ ਸੱਚ ਵੱਲ ਧਿਆਨ ਦਿਵਾਉਂਦੀ ਹੈ ਕਿ ਮਨੁੱਖ ਦੇ ਪਹਿਰਾਵੇ ਨੂੰ ਦੇਖ ਕੇ ਉਸ ਦੇ ਖਾਸੇ ਨੂੰ ਜੋਖਣਾ, ਜਾਂ ਉਸਦੇ ਅਹੁਦੇ ਦੀ ਚੇਪੀ ਦੇ ਆਧਾਰ ਉੱਤੇ ਉਸ ਬਾਰੇ ਕੋਈ ਧਾਰਨਾ ਬਣਾ ਲੈਣਾ ਸਹੀ ਨਹੀਂ ਹੁੰਦਾ। ਇਹ ਰਚਨਾ ਨਿੱਕੀ ਕਹਾਣੀ ਰਾਹੀਂ ਸਹਿਜ-ਸੁਰ ਵਿਚ ਵੱਡੀਆਂ ਗੱਲਾਂ ਕਰ ਸਕਣ ਦੀ ਸਮਰੱਥਾ ਦੀ ਵਧੀਆ ਮਿਸਾਲ ਹੈ।
ਪਾਰਮਿਤਾ ਸਤਪਥੀ ਦੀ ਉੜੀਆ ਕਹਾਣੀ ‘ਪ੍ਰੋਫ਼ੈਸ਼ਨਲ’, ਅਰਫ਼ਾ ਬੁਖ਼ਾਰੀ ਦੀ ਪਾਕਿਸਤਾਨੀ ਉਰਦੂ ਕਹਾਣੀ ‘ਮੁਕਤੀ’ (ਮੂਲ ਨਾਂ ‘ਨਿਜਾਤ’) ਤੇ ਵਿਕਤੋਰੀਆ ਤੋਕਾਰੇਵਾ ਦੀ ਰੂਸੀ ਕਹਾਣੀ ‘ਦੁੱਕੀ ਤਿੱਕੀ ਬੰਦਾ’ ਬੜੇ ਵੱਖੋ-ਵੱਖ ਖਿੱਤਿਆਂ, ਵਿਸ਼ਿਆਂ ਅਤੇ ਪਿਛੋਕੜਾਂ ਦੀਆਂ ਕਹਾਣੀਆਂ ਹਨ, ਪਰ ਇਨ੍ਹਾਂ ਵਿਚ ਇਕ ਗੱਲ ਸਾਂਝੀ ਹੈ : ਤਿੰਨੇ ਕਹਾਣੀਆਂ ਔਰਤ ਲੇਖਕਾਂ ਦੀ ਕਲਮ ਦੀ ਉਪਜ ਹਨ। ਭਾਵੇਂ ਮੈਂ ਉਸ ਧਾਰਨਾ ਦਾ ਹਾਮੀ ਨਹੀਂ ਜੋ ਨਾਰੀ-ਲੇਖਣੀ ਨੂੰ ਇਕ ਵੱਖਰੇ ਖਾਨੇ ਵਿਚ ਰੱਖਦੀ ਹੈ - ਸਾਹਿਤ ਤਾਂ ਸਾਹਿਤ ਹੀ ਹੈ, ਰਚਨਾ ਦਾ ਲਿੰਗ ਭੇਦ ਨਹੀਂ ਹੁੰਦਾ- ਤਾਂ ਵੀ ਮੈਨੂੰ ਜਾਪਦਾ ਹੈ ਕਿ ਇਹ ਕਹਾਣੀਆਂ ਔਰਤ ਕਲਮਾਂ ਹੀ ਸਿਰਜ ਸਕਦੀਆਂ ਸਨ। ਪਾਰਮਿਤਾ ਸਤਪਥੀ ਦੀ ਕਹਾਣੀ ‘ਪ੍ਰੋਫ਼ੈਸ਼ਨਲ’ ਵਿਚ ਬਿਆਨੇ ਗਏ ਨਵੇਂ ਤੇ ਅਜੋਕੇ ਵਰਤਾਰੇ ਬਾਰੇ ਹੋਰ ਕਹਾਣੀਆਂ ਵੀ ਲਿਖੀਆਂ ਗਈਆਂ ਹਨ - ਪੰਜਾਬੀ ਵਿਚ ਵੀ - ਪਰ ਜਿਸ ਪੱਖਪਾਤ-ਰਹਿਤ ਦ੍ਰਿਸ਼ਟੀ ਨਾਲ ਇਹ ਕਹਾਣੀ ਉਸਾਰੀ ਗਈ ਹੈ, ਉਹ ਆਪਣੀ ਮਿਸਾਲ ਆਪ ਹੈ। ਬਹੁਤ ਵਾਰ ਔਰਤ ਲੇਖਕਾਂ ਦੀਆਂ ਕਿਰਤਾਂ ਉੱਤੇ ਉਪ-ਭਾਵਕਤਾ, ਜਾਂ ਲੇਸਲੇ ਜਜ਼ਬਾਤੀਪੁਣੇ ਦਾ ਇਲਜ਼ਾਮ ਲਾਇਆ ਜਾਂਦਾ ਹੈ, ਜਿਸ ਦੋਸ਼ ਤੋਂ ਇਹ ਕਹਾਣੀ ਉੱਕਾ ਹੀ ਮੁਕਤ ਹੈ। ਤੇ ਇਹੋ ਗੱਲ ਅਰਫ਼ਾ ਬੁਖ਼ਾਰੀ ਦੀ ‘ਮੁਕਤੀ’ ’ਤੇ ਵੀ ਢੁੱਕਦੀ ਹੈ। ਪਹਿਲੀ ਤੇ ਪੇਤਲੀ ਨਜ਼ਰੇ ‘ਮੁਕਤੀ’ ਇਕ ਆਮ ਜਿਹੀ ਕੁੜੀ ਦੀ ਸਧਾਰਨ ਜਿਹੀ ਜ਼ਿੰਦਗੀ ਦੀ ਕਹਾਣੀ ਜਾਪਦੀ ਹੈ, ਪਰ ਜਿਸ ਪੜਾਅ ਜਾਂ ਸਵਾਲ ’ਤੇ ਲਿਆ ਕੇ ਅਰਫ਼ਾ ਬੁਖ਼ਾਰੀ ਇਸ ਕਹਾਣੀ ਨੂੰ ਅੰਜਾਮ ਦੇਂਦੀ ਹੈ, ਉਹ ਪਾਠਕ ਨੂੰ ਬਹੁਤ ਕੁਝ ਸੋਚਣ ਵੱਲ ਧਕਦੀ ਹੈ। ਵਿਕਤੋਰੀਆ ਤੋਕਾਰੇਵਾ ਦੀ ਕਹਾਣੀ ‘ਦੁੱਕੀ ਤਿੱਕੀ ਬੰਦਾ’ ਇਕ ਹੋਰ ਪੱਖੋਂ ਕਮਾਲ ਦੀ ਕਹਾਣੀ ਹੈ। ਇਹ ਇਕੇ ਵੇਲੇ ਕਾਮ-ਸਬੰਧਾਂ ਦੀ ਸਦੀਵਤਾ, ਤੇ ਉਨ੍ਹਾਂ ਦੇ ਅੰਦਰ ਲੁਕੀ ਛਿਣ-ਭੰਗਰਤਾ ਦਾ ਨਿਪੁੰਨ ਚਿਤਰਣ ਹੈ। ਵਿਕਤੋਰੀਆ ਤੋਕਾਰੇਵਾ ਦਾ ਆਪਣੀ ਵਿਲੱਖਣ ਸ਼ੈਲੀ ਕਾਰਨ ਰੂਸੀ ਸਾਹਿਤ ਵਿਚ ਬੜਾ ਨਿਵੇਕਲਾ ਥਾਂ ਹੈ। ਉਹ ਪ੍ਰੇਮ-ਸਬੰਧਾਂ ਵਿਚਲੇ ਰਸ ਅਤੇ ਤਣਾਅ ਨੂੰ ਕਈ ਕੋਣਾਂ ਤੋਂ ਚਿਤਰਣ ਵਾਲੀ ਲੇਖਕ ਵਜੋਂ ਬਹੁਤ ਮਕਬੂਲ ਹੈ ਅਤੇ ਆਪਣੀ ਡੂੰਘੀ ਨੀਝ ਨੂੰ ਹਮੇਸ਼ਾ ਵਿਅੰਗਮਈ ਸੁਰ ਵਾਲੇ ਨਿੱਕੇ ਨਿੱਕੇ ਰੋਚਕ ਫ਼ਿਕਰਿਆਂ ਰਾਹੀਂ ਪ੍ਰਗਟਾਉਂਦੀ ਹੈ। ਵਿਕਤੋਰੀਆ ਤੋਕਾਰੇਵਾ ਦੀਆਂ ਰਚਨਾਵਾਂ ਨੂੰ ਬਹੁਤ ਸਾਰੀਆਂ ਜ਼ਬਾਨਾਂ ਵਿਚ ਉਲਥਾਇਆ ਗਿਆ ਹੈ, ਪਰ ਪੰਜਾਬੀ ਵਿਚ ਉਸਦੀ ਕਹਾਣੀ ਪਹਿਲੀ ਵਾਰ ਪੇਸ਼ ਹੋ ਰਹੀ ਹੈ।
      ਇਸ ਸੰਗ੍ਰਹਿ ਵਿਚ ਸ਼ਾਮਲ ਕੀਤੀ ਗਈ ਆਖਰੀ ਕਹਾਣੀ ਦੇ ਲੇਖਕ ਦਾ ਨਾਂਅ ਵੀ ਨਹੀਂ ਪਤਾ, ਨਾ ਹੋ ਸਕਦਾ ਹੈ। ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਇਕ ਰੂਸੀ ਸਾਹਿਤਕ ਰਸਾਲੇ ਵਿਚ ‘ਅਫ਼ਰੀਕੀ ਲੋਕ ਕਥਾ’ ਦੇ ਸਿਰਲੇਖ ਹੇਠ ਛਪੀ ਇਕ ਰਚਨਾ ਪੜ੍ਹਨ ਨੂੰ ਮਿਲੀ ਜਿਹੜੀ ਧੁਰ ਅੰਦਰੇ ਵਿਚ ਲਹਿ ਗਈ : ਆਪਣੇ ਕਹਿਣ ਦੇ ਸੁਬਕ ਤੇ ਸਾਹਿਤਕ ਅੰਦਾਜ਼ ਕਾਰਨ ਵੀ, ਤੇ ਆਪਣੇ ਅੰਦਰ ਸਮੋਏ ਖ਼ਿਆਲ ਕਾਰਨ ਵੀ। ਕਹਿੰਦੇ ਨੇ ਕਦੀਮੀ ਲੋਕ ਕਥਾਵਾਂ ਹੀ ਅਜੋਕੀ ਸਾਹਿਤਕ ਕਹਾਣੀ ਦੀਆਂ ਜਨਮਦਾਤੀਆਂ ਹਨ, ਪਹਿਲੇ ਵੇਲਿਆਂ ਦੀਆਂ ਜ਼ਬਾਨੀ ਸੁਣਾਈਆਂ ਜਾਣ ਵਾਲੀਆਂ ਬਾਤਾਂ ਨੇ ਜਦੋਂ ਲਿਖਤੀ ਜਾਮੇ ਵਿਚ ਨਮੂਦਾਰ ਹੋਣਾ ਸਿਖ ਲਿਆ ਤਾਂ ਨਿੱਕੀ ਕਹਾਣੀ ਦੀ ਵਿਧਾ ਦਾ ਮੁੱਢ ਬੱਝਾ ਸੀ। ਉਪਰੋਕਤ ਧਾਰਨਾ ਦੀ ਵਾਜਬੀਅਤ ਨੂੰ ਇਹ ਲੋਕ ਕਥਾ ਸੌਖਿਆਂ ਹੀ ਸਿੱਧ ਕਰਦੀ ਹੈ। ਇਸ ਲਈ ਅਜੋਕੇ ਸਮਿਆਂ ਵਿਚ ਵਿਚਰਦਿਆਂ ਆਪਣੀਆਂ ਅਨੁਵਾਦਤ ਕਹਾਣੀਆਂ ਦੇ ਸੰਗ੍ਰਹਿ ਵਿਚ ਮੈਂ ਇਸ ਕਦੀਮੀ ਕਥਾ ਨੂੰ ਵੀ ਸ਼ਾਮਲ ਕਰ ਲਿਆ ਹੈ।
        ਮੇਰਾ ਇਹ ਦਾਅਵਾ ਨਹੀਂ ਕਿ ਇਹ ਸੰਸਾਰ ਸਾਹਿਤ ਦੀਆਂ ਚੋਣਵੀਆਂ ਕਹਾਣੀਆਂ ਹਨ, ਇਹ ਤਾਂ ਮੇਰੀ ਨਿੱਜੀ ਚੋਣ ਦੀਆਂ ਕਹਾਣੀਆਂ ਹਨ। ਉਮੀਦ ਹੈ ਪੰਜਾਬੀ ਪਾਠਕਾਂ ਨੂੰ ਪਸੰਦ ਆਉਣਗੀਆਂ ਤੇ ਕੁਝ ਅੱਡਰਾ ਸਰੂਰ ਦੇ ਕੇ ਜਾਣਗੀਆਂ।
(ਪੁਸਤਕ ਪੀਪਲਜ਼ ਫ਼ੋਰਮ, ਬਰਗਾੜੀ (ਮੋ. 9872989313) ਨੇ ਪ੍ਰਕਾਸ਼ਤ ਕੀਤੀ ਹੈ)