ਤਲਖ਼ ਆਵਾਜ਼ਾਂ ਤੇ ਭੜਕਾਹਟ ਦੇ ਸਾਏ 'ਚ ਉਦਾਸ ਹਾਲਾਤ - ਸ਼ਾਮ ਸਿੰਘ ਅੰਗ-ਸੰਗ

ਹਰ ਪਾਸਿਉਂ ਤਲਖ ਆਵਾਜ਼ਾਂ ਆ ਰਹੀਆਂ। ਰੋਸ ਪ੍ਰਗਟ ਹੋ ਰਿਹਾ, ਰੋਹ ਪੈਦਾ ਹੋ ਰਿਹਾ। ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ, ਸੰਤਾਂ-ਭਗਤਾਂ ਅਤੇ ਫ਼ਕੀਰਾਂ ਦੀ ਇਸ ਧਰਤੀ 'ਤੇ ਮਿੱਠੀਆਂ ਆਵਾਜ਼ਾਂ ਅਤੇ ਰਸੀਲੇ ਬੋਲ ਜਿਵੇਂ ਗੁੰਮ ਹੋ ਕੇ ਰਹਿ ਗਏ ਹੋਣ। ਸੋਨੇ ਦੀ ਚਿੜੀ ਕਹਾਉਂਦੇ ਰਹੇ ਭਾਰਤ ਦੀ ਵਾਗਡੋਰ ਫ਼ਿਰਕਾਪ੍ਰਸਤੀ ਨੇ ਫੜ ਲਈ। ਇਹ ਕੇਹਾ ਵਰਤਾਰਾ ਹੈ ਕਿ ਚੁੱਪ ਪੱਸਰ ਗਈ! ਜਿਹੜੇ ਬੋਲ ਉੱਭਰਦੇ ਹਨ, ਉਨ੍ਹਾਂ ਦੀ ਆਜ਼ਾਦੀ ਖੋਹੀ ਜਾਂਦੀ ਹੈ, ਉੱਠਣ ਹੀ ਨਹੀਂ ਦਿੱਤਾ ਜਾਂਦਾ। ਹੁਣ ਤਾਂ ਉਹ ਸਮਾਂ ਚੱਲ ਰਿਹਾ, ਜਿੱਥੇ ਸੱਚੀਆਂ ਆਵਾਜ਼ਾਂ ਨੂੰ ਪ੍ਰਗਟ ਹੀ ਨਹੀਂ ਹੋਣ ਦਿੱਤਾ ਜਾਂਦਾ। ਜਿਹੜੀਆਂ ਪ੍ਰਗਟ ਹੋਣ ਦੀ ਜੁਰਅੱਤ ਕਰਦੀਆਂ ਹਨ, ਉਹ ਹੁਕਮਰਾਨਾਂ ਦੇ ਜਬਰ ਦਾ ਸ਼ਿਕਾਰ ਹੋਏ ਬਗ਼ੈਰ ਨਹੀਂ ਰਹਿੰਦੀਆਂ। ਅਜਿਹਾ ਵਿਹਾਰ ਆਜ਼ਾਦੀ ਅੱਗੇ ਸਵਾਲ ਬਣ ਕੇ ਤਾਂ ਖੜ੍ਹਦਾ ਹੈ, ਪਰ ਇਸ ਦਾ ਜਵਾਬ ਦੇਣ ਵਾਸਤੇ ਕੋਈ ਹੁਕਮਰਾਨ ਤਿਆਰ ਹੀ ਨਹੀਂ ਹੁੰਦਾ।
ਸੀਮਤ ਰਹਿ ਕੇ ਗੱਲ ਪੰਜਾਬ ਦੀ ਹੋਵੇ ਤਾਂ ਇੱਥੇ ਸਦਾ ਵਾਂਗ ਤਲਖ ਆਵਾਜ਼ਾਂ ਦਾ ਜ਼ੋਰ ਵੀ ਹੈ ਅਤੇ ਸ਼ੋਰ ਵੀ, ਜਿਨ੍ਹਾਂ ਨਾਲ ਭੜਕਾਹਟ ਵੀ ਪੈਦਾ ਹੋ ਰਹੀ ਹੈ ਅਤੇ ਅੰਤਾਂ ਦਾ ਤਨਾਅ ਵੀ। ਅਜਿਹੇ 'ਚ ਪੰਜਾਬ ਉਦਾਸ ਹੈ, ਪੰਜਾਬੀ ਬੇਆਸ ਅਤੇ ਪੰਜਾਬੀਅਤ ਮਾਯੂਸ। ਇਹ ਕੁਝ ਪੰਜਾਬੀਆਂ ਦੇ ਆਪਣੇ ਹੀ ਰਾਜ ਵਿੱਚ ਹੋ ਰਿਹਾ, ਜਿਹੜੇ ਹਾਲਾਤ ਤੋਂ ਬੇਖ਼ਬਰ ਤਾਂ ਨਹੀਂ, ਪਰ ਅਣਗਹਿਲੇ ਵੀ ਹਨ ਬੇਰਹਿਮ ਵੀ। ਉਹ ਹੁਕਮਰਾਨ ਹੋ ਕੇ ਵੀ ਹੁਕਮਰਾਨਾਂ ਵਰਗੇ ਜਵਾਬ ਦੇਣ ਦੇ ਸਮਰੱਥ ਨਹੀਂ, ਕਿੳਂਂਕਿ ਉਹ ਜਾਨ ਦੇਣ ਦੇ ਦਮਗਜੇ ਤਾਂ ਮਾਰਦੇ ਹਨ, ਪਰ ਸੱਚ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ। ਇਹੀ ਕਾਰਨ ਹੈ ਕਿ ਪੰਥਕ ਧਿਰਾਂ ਮੋਰਚੇ ਵਿੱਚ ਗੱਜ ਰਹੀਆਂ ਅਤੇ ਆਪਣੇ ਨਾਂਅ 'ਤੇ ਦਲ ਚਲਾਉਣ ਵਾਲੇ ਪੰਜਾਬ ਦੇ ਕਿਸੇ ਨੁੱਕਰੇ ਲੱਗ ਕੇ ਰਹਿ ਗਏ। ਅਜਿਹਾ ਵਰਤਾਰਾ ਉਨ੍ਹਾਂ ਹੀ ਸਿਰਜਿਆ ਹੈ, ਜਿਹੜੇ ਮੌਕੇ ਸਿਰ ਜ਼ਿੰਮੇਵਾਰੀ ਨਹੀਂ ਨਿਭਾ ਸਕੇ।
ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਪਹਿਲਾਂ ਵਾਂਗ ਹੀ ਜਾਰੀ ਹਨ, ਜਿਨ੍ਹਾਂ ਨੂੰ ਰੋਕਣ ਦਾ ਕੋਈ ਉਪਰਾਲਾ ਨਹੀਂ ਹੋ ਰਿਹਾ। ਭਾਵੇਂ ਕਰਜ਼ੇ ਆਪ ਸਹੇੜੇ ਹਨ, ਪਰ ਜਦ ਮੋੜਨ ਜੋਗੀ ਹਿੰਮਤ ਨਾ ਰਹੀ ਤਾਂ ਹਿੰਮਤ ਹਾਰ ਗਏ ਅਤੇ ਮੌਤ ਦੇ ਪੱਲੇ ਜਾ ਪਏ। ਆਪ ਤਾਂ ਦੁੱਖਾਂ ਤੋਂ ਮੁਕਤ ਹੋ ਗਏ, ਪਰ ਪਿੱਛੇ ਰਹਿ ਗਏ ਪਰਵਾਰਾਂ ਨੂੰ ਦੁੱਖਾਂ ਦੇ ਡੂੰਘੇ ਖ਼ੂਹ ਵਿੱਚ ਸੁੱਟ ਗਏ। ਸਰਕਾਰ ਡਫ਼ਲੀ ਤਾਂ ਵਜਾ ਰਹੀ ਹੈ, ਪਰ ਪੂਰੇ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ਼ ਕਰਨ ਦੇ ਸਮਰੱਥ ਨਹੀਂ। ਸਰਕਾਰੀ ਖ਼ਜ਼ਾਨੇ ਖੁਰੇ ਹੋਏ ਹਨ, ਭਰੇ ਹੋਏ ਨਹੀਂ। ਅਜਿਹੀ ਹਾਲਤ ਵਿੱਚ ਕਿੰਨੇ ਕੁ ਕਰਜ਼ੇ ਮੁਆਫ਼ ਕੀਤੇ ਜਾ ਸਕਣਗੇ, ਇਸ ਬਾਰੇ ਸਹੀ ਅੰਕੜਾ ਨਹੀਂ ਦੱਸਿਆ ਜਾ ਸਕਦਾ। ਕਿਸਾਨੀ ਕਰਜ਼ਿਆਂ ਦੀ ਵੱਡੀ ਸਮੱਸਿਆ ਹੈ, ਜਿਸ ਨੂੰ ਹੱਲ ਕੀਤੇ ਬਿਨਾਂ ਪੰਜਾਬ 'ਚ ਨਿੱਤ ਪੈਦਾ ਹੁੰਦੀ ਉਦਾਸੀ ਨਹੀਂ ਰੋਕੀ ਜਾ ਸਕਦੀ। ਔਖੇ ਹੋ ਕੇ ਵੀ ਕਿਸਾਨ-ਮਜ਼ਦੂਰ ਦੇਸ਼ ਭਰ ਲਈ ਅੰਨ ਪੈਦਾ ਕਰਦੇ ਹਨ। ਉਨ੍ਹਾਂ ਵੱਲ ਸੁਹਿਰਦਤਾ ਨਾਲ ਕਦਮ ਉਠਾਉਣ ਬਿਨਾਂ ਨਹੀਂ ਸਰਨਾ।
ਉਦਾਸ ਕਰਨ ਵਾਲੀ ਬੇਰੁਜ਼ਗਾਰੀ ਦੀ ਸਮੱਸਿਆ ਵੀ ਹੈ, ਜਿਹੜੀ ਪੂਰੇ ਦੇਸ਼ ਦਾ ਪਿੱਛਾ ਹੀ ਨਹਂਂ ਛੱਡ ਰਹੀ। ਪੰਜਾਬ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਹਜ਼ਾਰਾਂ ਤੋਂ ਲੱਖਾਂ ਤੱਕ ਪਹੁੰਚ ਗਈ। ਪੜ੍ਹਾਈ ਕਰਾਉਣ ਵਾਲੇ ਵਿਦਿਆਲੇ ਅਤੇ ਮਹਾਂਵਿਦਿਆਲੇ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਤਿਆਰ ਕੀਤੇ ਵਿਦਿਆਰਥੀ ਕਿਹੜੇ ਰੁਜ਼ਗਾਰ ਪ੍ਰਾਪਤ ਕਰਨਗੇ ਅਤੇ ਕਦੇ ਉਨ੍ਹਾਂ ਦੀ ਫਰਿਆਦ ਸੁਣੀ ਜਾਵੇਗੀ। ਵਾਰੀ ਕਦੋਂ ਆਵੇਗੀ। ਲੰਮੀਆਂ ਕਤਾਰਾਂ ਦੀ ਉਡੀਕ ਬਾਅਦ ਉਹ ਨਿਰਾਸ਼ ਅਤੇ ਉਦਾਸ ਹੋਏ ਵਿਦੇਸ਼ ਵੱਲ ਉਡਾਰੀ ਮਾਰਨ ਦੀ ਤਿਆਰੀ ਕਰਦੇ ਹਨ, ਪਰ ਉਨ੍ਹਾਂ ਉੱਤੇ ਲੱਗਿਆ ਦੇਸ਼ ਦਾ ਸਰਮਾਇਆ ਉਨ੍ਹਾਂ ਨੂੰ ਚੇਤੇ ਹੀ ਨਹੀਂ ਰਹਿੰਦਾ। ਖ਼ਬਰ ਉਦਾਸ ਵੀ ਹੈ ਤੇ ਨਿਰਾਸ਼ ਵੀ।
ਵੀਹ ਸੌ ਪੰਦਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਅਕਾਲੀਆਂ ਦੇ ਰਾਜ ਵਿੱਚ ਹੋਇਆ ਇਹ ਘੋਰ ਅਪਰਾਧ ਪੰਜਾਬੀਆਂ ਦੇ ਹਿਰਦਿਆਂ ਨੂੰ ਵਲੂੰਧਰ ਗਿਆ। ਖ਼ਾਸ ਕਰ ਕੇ ਸਿੱਖ ਤਾਂ ਕੁਰਲਾ ਉੱਠੇ। ਗੁਰੂ ਕੇ ਪਿਆਰੇ ਸਵਾਲ ਕਰਨ ਲੱਗ ਪਏ ਕਿ ਬੇਅਦਬੀ ਕੌਣ ਕਰ ਗਿਆ। ਮੌਕੇ ਦੀ ਬੁਗ ਸਰਕਾਰ ਸੰਤੁਸ਼ਟੀ ਵਾਲੇ ਉੱਤਰ ਨਾ ਦੇ ਕੇ ਟਾਲ-ਮਟੋਲ ਵਾਲੇ ਜਵਾਬ ਦੇਣ ਲੱਗ ਪਈ। ਪੰਥਕ ਧਿਰਾਂ ਮੋਰਚਾ ਲਾ ਕੇ ਬਹਿ ਗਈਆਂ, ਜਿਸ ਕਾਰਨ ਪੰਜਾਬ ਭੜਕਾਹਟ ਦਾ ਸ਼ਿਕਾਰ ਹੋ ਗਿਆ ਅਤੇ ਨਿੱਤ ਦਿਨ ਤਨਾਅ ਵਧਣ ਲੱਗਾ। ਹੁਣ ਇਹ ਵੀ ਵੱਡਾ ਸਵਾਲ ਹੋ ਗਿਆ ਕਿ ਪੰਥਕ ਲੋਕਾਂ ਦੇ ਬੈਠਿਆਂ 'ਤੇ ਗੋਲੀਆਂ ਕੌਣ ਚਲਾ ਗਿਆ। ਸ਼ਹੀਦ ਹੋਏ ਦੋ ਸਿੰਘਾਂ ਵੱਲ ਕਿਸੇ ਦਾ ਧਿਆਨ ਨਾ ਗਿਆ। ਇਸ ਮਾਮਲੇ 'ਤੇ ਸਰਕਾਰ ਤਾਂ ਸੁੱਤੀ ਰਹਿ ਗਈ। ਸਰਕਾਰ ਤੇ ਪੰਥਕ ਧਿਰਾਂ ਦੀਆਂ ਤਲਖ਼ ਆਵਾਜ਼ਾਂ ਨੇ ਸ਼ੋਰ ਦਾ ਜੰਗਲ ਪੈਦਾ ਕਰ ਦਿੱਤਾ। ਰੈਲੀਆਂ ਸ਼ੁਰੂ ਹੋ ਗਈਆਂ। ਪੰਜਾਬੀਆਂ ਨੂੰ ਪਤਾ ਹੀ ਨਾ ਲੱਗੇ ਕਿ ਉਹ ਕਿੱਧਰ ਜਾਣ ਅਤੇ ਕਿੱਧਰ ਨਾ ਜਾਣ। ਦੂਜੇ ਸੂਬਿਆਂ ਤੋਂ ਲੋਕ ਢੋਹੇ ਜਾਣ ਲੱਗੇ।
ਰੈਲੀਆਂ ਦਾ ਉਹ ਮੁਹਾਂਦਰਾ ਹੀ ਨਾ ਰਿਹਾ। ਜਦੋਂ ਦਾ ਅਕਾਲੀ ਦਲ ਬਾਦਲ ਦਲ ਹੋ ਗਿਆ, ਨਿਘਾਰ ਵਧ ਗਿਆ। ਵਿੱਚੋਂ ਹੀ ਲੋਕ ਬਾਦਲਾਂ ਦੇ ਖ਼ਿਲਾਫ਼ ਬੋਲਣ ਲੱਗ ਪਏ। ਮੱਕੜ ਯੱਕੜ ਤੋਲਣ ਲੱਗ ਪਿਆ। ਕਿਰਨਜੋਤ ਕੌਰ ਨੇ ਆਪਣੀਆਂ ਕਿਰਨਾਂ 'ਚੋਂ ਪ੍ਰਸ਼ਨ ਪੈਦਾ ਕਰ ਦਿੱਤੇ। ਬ੍ਰਹਮਪੁਰਾ ਖ਼ੁਦ ਹੀ ਬ੍ਰਹਮ ਹੋਣ ਦਾ ਭੁਲੇਖਾ ਖਾਣ ਲੱਗ ਪਿਆ। ਸੁਖਦੇਵ ਸਿੰਘ ਭੌਰ ਤਾਂ ਬਾਦਲਾਂ ਲਈ ਦੁੱਖਦੇਵ ਸਿੰਘ ਦਾ ਰੂਪ ਧਾਰ ਗਿਆ। ਵਿਚਾਰਾ ਬਲਵਿੰਦਰ ਸਿੰਘ ਭੂੰਦੜ ਚਮਚਾਗਿਰੀ ਦੀਆਂ ਆਖ਼ਰੀ ਨੀਵਾਣਾਂ ਪਾਰ ਕਰਦਿਆਂ ਖ਼ੁਦ ਹੀ ਚਾਪਲੂਸੀ ਦੇ ਜਾਲ ਵਿੱਚ ਏਨੀ ਬੁਰੀ ਤਰ੍ਹਾਂ ਉਲਝਿਆ ਕਿ ਮੁਆਫ਼ੀ ਮੰਗਣੀ ਪੈ ਗਈ।
ਨਸ਼ਿਆਂ ਦਾ ਰੁਝਾਨ ਏਨਾ ਵਧਿਆ ਕਿ ਪੂਰਾ ਪੰਜਾਬ ਇਸ ਦੀ ਲਪੇਟ ਵਿੱਚ ਆ ਗਿਆ। ਕਈ ਕਿਸਮ ਦੇ ਨਵੇਂ ਨਸ਼ੇ ਬਾਹਰੋਂ ਆ ਗਏ। ਚਿੱਟੇ ਵਾਲ ਕਾਲੀਆਂ ਕਰਤੂਤਾਂ ਵਧਣ ਲੱਗੀਆਂ। ਪੰਜਾਬ ਦੀ ਜਵਾਨੀ ਲੁੱਟੀ ਜਾਣ ਲੱਗੀ। ਸਰਕਾਰ ਨੇ ਸ਼ਰਾਬਬੰਦੀ ਤਾਂ ਕੀ ਕਰਨੀ ਸੀ, ਠੇਕਿਆਂ ਦੀ ਗਿਣਤੀ ਘਟਾਉਣ ਲਈ ਵੀ ਤਿਆਰ ਨਾ ਹੋਈ। ਇਸ ਤਰ੍ਹਾਂ ਦੇ ਮਾਹੌਲ ਵਿੱਚ ਪੰਜਾਬ ਨਿੱਤ ਪਿੱਛੇ ਜਾਣ ਲੱਗ ਪਿਆ, ਅੱਗੇ ਵਧਣ ਲਈ ਇੱਕ ਵੀ ਕਦਮ ਨਾ ਪੁੱਟ ਸਕਿਆ। ਹੁਕਮਰਾਨ ਆਪਣੀਆਂ ਮੌਜਾਂ ਵਿੱਚ ਮਸਤ ਹਨ, ਜਿਸ ਕਰ ਕੇ ਉਹ ਕਦੇ ਬੋਲਦੇ ਹਨ ਕਦੇ ਨਹੀਂ, ਪਰ ਲੋਕ ਹਿੱਤ ਦੇ ਕਦਮ ਨਹੀਂ ਪੁੱਟਦੇ। ਨਸ਼ਿਆਂ ਨੂੰ ਖ਼ਤਮ ਕਰਨ ਦੀਆਂ ਸੌਂਹਾਂ ਚੁੱਕਣ ਵਾਲੇ ਬੇਵੱਸ ਹੋ ਗਏ ਲੱਗਦੇ ਹਨ, ਕਿਉਂਕਿ ਪੰਜਾਬ ਵਿੱਚ ਨਿੱਤ ਹੁੰਦੀਆਂ ਨਸ਼ੇੜੀਆਂ ਦੀਆਂ ਮੌਤਾਂ ਬੰਦ ਹੀ ਨਹੀਂ ਹੋ ਸਕੀਆਂ। ਨਿੱਤ ਹੁੰਦੇ ਉਦਾਸ ਹਾਲਾਤ ਮਾਹੌਲ ਨੂੰ ਉਦਾਸ ਕਰਨ ਤੋਂ ਨਹੀਂ ਰੁਕੇ।
ਉਦਾਸ ਕਰਨ ਵਾਲੀ ਇਹ ਵੀ ਗੱਲ ਹੈ ਕਿ ਭ੍ਰਿਸ਼ਟਾਚਾਰ ਖ਼ਤਮ ਹੋਣ ਦੀ ਥਾਂ ਵਧ ਗਿਆ। ਨਿੱਤ ਛੋਟੇ ਤੋਂ ਵੱਡੇ ਕਰਮਚਾਰੀ ਇਸ ਭ੍ਰਿਸ਼ਟਾਚਾਰ ਦੀ ਚੂਹੇਦਾਨੀ ਵਿੱਚ ਫਸ ਰਹੇ ਹਨ, ਜੋ ਆਪਣੀਆਂ ਮਾੜੀਆਂ ਆਦਤਾਂ ਤੋਂ ਬਾਜ਼ ਆਉਣ ਲਈ ਤਿਆਰ ਨਹੀਂ। ਮੋਟੀਆਂ ਅਤੇ ਨਿਰੰਤਰ ਤਨਖ਼ਾਹਾਂ ਲੈ ਕੇ ਵੀ ਉਹ ਘੁਣ ਵਾਂਗ ਖਾ ਰਹੇ ਭ੍ਰਿਸ਼ਟਾਚਾਰ ਦੀ ਕਾਲੀ ਕੰਨੀ ਨਹੀਂ ਛੱਡਦੇ। ਸ਼ਾਇਦ ਕਾਰਨ ਇਹ ਹੈ ਕਿ ਭ੍ਰਿਸ਼ਟਾਚਾਰ ਕਰਨ ਬਾਅਦ ਉਹ ਰਿਸ਼ਵਤ ਦੇਣ ਦਾ ਰਾਹ ਅਪਣਾ ਕੇ ਮੁਕਤੀ ਹਾਸਲ ਕਰ ਲੈਂਦੇ ਹਨ, ਜਿਸ ਕਾਰਨ ਭ੍ਰਿਸ਼ਟਾਚਾਰ ਰਬੜ ਨੂੰ ਖਿੱਚਣ ਵਾਂਗ ਵਧਦਾ ਤਾਂ ਰਹਿੰਦਾ ਹੈ, ਪਰ ਸੁੰਗੜਨ ਦਾ ਨਾਂਅ ਨਹੀਂ ਲੈਂਦਾ। ਸਖ਼ਤੀ ਬਿਨਾਂ ਮੇਜ਼ ਹੇਠੋਂ ਹੁੰਦੀ ਆਮਦਨ ਬੰਦ ਨਹੀਂ ਹੋ ਸਕਦੀ।
ਕੁਝ ਚਿਰ ਪਹਿਲਾਂ ਪੰਜਾਬ ਵਿੱਚ ਤੀਜੀ ਧਿਰ ਉੱਠੀ ਸੀ ਆਮ ਆਦਮੀ ਪਾਰਟੀ। ਕੇਰਾਂ ਤਾਂ ਉਸ ਦੇ ਹੱਕ ਵਿੱਚ ਹਵਾ ਹੋ ਗਈ, ਪਰ ਛੇਤੀ ਹੀ ਸੱਤਾ ਦੇ ਭੁੱਖਿਆਂ ਨੇ ਪਾਰਟੀ ਖੇਰੂੰ-ਖੇਰੂੰ ਕਰ ਦਿੱਤੀ, ਜਿਸ ਨਾਲ ਝਾੜੂ ਦਾ ਤੀਲਾ-ਤੀਲਾ ਬਿਖਰ ਗਿਆ। ਹੁਣ ਇਹੀ ਪਾਰਟੀ ਕੇਵਾਲ ਦੋਫਾੜ ਨਹੀਂ, ਬਲਕਿ ਤਿਫਾੜ ਹੋ ਗਈ। ਦਿੱਲੀ ਦੇ ਦਰਬਾਰੀ ਵਿਧਾਇਕ, ਪੰਜਾਬ ਦੇ ਹਿਤੈਸ਼ੀ ਵਿਧਾਇਕ ਅਤੇ ਫੇਰ ਧਰਮ ਦੇ ਵੀਰ ਅਤੇ ਛੋਟੇਪੁਰ। ਕਦੇ ਛੋਟੇਪੁਰ ਨੇ ਵੱਡੇ ਸੁਫ਼ਨੇ ਲਏ ਸਨ, ਪਰ ਉਸ ਨੂੰ ਰੋਲ ਕੇ ਰੱਖ ਦਿੱਤਾ ਗਿਆ। ਉਹ ਪਾਰਟੀ ਤੋਂ ਵੱਖ ਹੋ ਕੇ ਬਹਿ ਗਿਆ। ਆਪਣਾ ਪੰਜਾਬ ਪਾਰਟੀ ਬਣਾ ਕੇ ਕੁਝ ਹਾਸਲ ਨਾ ਕਰ ਸਕਿਆ। ਹੁਣ ਉਸ ਨੂੰ ਮਨਾਉਣ ਦੇ ਜਤਨ ਹੋ ਰਹੇ ਹਨ, ਪਰ ਸ਼ਾਇਦ ਉਹ ਥੁੱਕਿਆ ਮੁੜ ਨਾ ਚੱਟੇ। ਇਹ ਪਾਰਟੀ ਅਜੇ ਵੀ ਦਿੱਲੀ ਦੀਆਂ ਲੇਲ੍ਹੜੀਆਂ ਕੱਢ ਰਹੀ ਹੈ, ਜਿਸ ਤੋਂ ਜੇ ਇਹ ਬਾਜ਼ ਨਾ ਆਈ ਤਾਂ ਪੰਜਾਬ ਦੇ ਲੋਕ ਤੀਜੀ ਧਿਰ ਤੋਂ ਵਾਂਝੇ ਹੀ ਰਹਿ ਜਾਣਗੇ। ਅਜੇ ਇਹੀ ਕੁਝ ਲੱਗਦੈ।
ਦਲੀਲ ਨਾਲ ਸੋਚਿਆ ਜਾਵੇ ਤਾਂ ਪੰਜਾਬ ਦੇ ਹਿੱਤ ਵਾਲੇ ਵਿਧਾਇਕ, ਵਲੰਟੀਅਰ, ਧਰਮਵੀਰ ਗਾਂਧੀ, ਖ਼ਾਲਸਾ ਹਰਿੰਦਰ ਸਿੰਘ, ਛੋਟੇਪੁਰ ਅਤੇ ਬੈਂਸ ਭਰਾ ਇਕੱਠੇ ਹੋ ਕੇ ਪੰਜਾਬ ਦੇ ਹੋਰ ਹਿਤੈਸ਼ੀਆਂ ਨੂੰ ਨਾਲ ਲੈ ਕੇ ਸਿਆਸੀ ਪਾਰਟੀ ਦਾ ਗਠਨ ਕਰਨ ਤਾਂ ਪੰਜਾਬ ਨੂੰ ਮੁਤਵਾਜ਼ੀ ਬਦਲ ਵੀ ਦੇ ਦੇਣਗੇ ਅਤੇ ਨਵਾਂ ਰੁਝਾਨ ਦੇਣ ਦੇ ਸਮਰੱਥ ਵੀ ਹੋ ਸਕਣਗੇ। ਪੰਜਾਬ ਦੇ ਅਗਾਂਹ-ਵਧੂ ਲੋਕਾਂ ਨੂੰ ਵੀ ਵਾਜ ਮਾਰ ਲੈਣ ਤਾਂ ਉਹ ਵੀ ਆਪਣੇ ਆਪ ਨੂੰ ਝਾੜ-ਝੂੜ ਕੇ ਮੈਦਾਨ ਵਿੱਚ ਨਿੱਤਰਨ ਲਈ ਆ ਜਾਣਗੇ ਅਤੇ ਉਨ੍ਹਾਂ ਅੰਦਰ ਛੁਪਿਆ ਜੁਝਾਰੂਪੁਣਾ ਮੁੜ ਸੰਘਰਸ਼ਾਂ ਦੇ ਰਾਹ ਤੁਰਨ ਲੱਗ ਪਵੇਗਾ।
ਬਦਕਿਸਮਤੀ ਹੈ ਪੰਜਾਬ ਦੀ, ਜਿਸ ਨੂੰ ਸੁਹਿਰਦ, ਜ਼ਿੰਮੇਵਾਰ ਅਤੇ ਇਮਾਨਦਾਰ ਹੁਕਮਰਾਨ ਨਹੀਂ ਮਿਲਦੇ। ਸਭ ਆਉਂਦੇ ਹਨ ਅਤੇ ਲੁੱਟੇ ਬਗ਼ੈਰ ਵਾਪਸ ਨਹੀਂ ਜਾਂਦੇ। ਉਨ੍ਹਾਂ ਦੇ ਕਾਰੋਬਾਰ ਫਲਦੇ-ਫੁੱਲਦੇ, ਪਰ ਸਰਕਾਰ ਦੇ ਖ਼ਜ਼ਾਨੇ ਖ਼ਾਲੀ। ਲੋਕ ਬੇਵੱਸ ਅਤੇ ਚੁੱਪ ਦੇ ਚੁੱਪ। ਸਿਆਸਤਦਾਨ ਆਪਣੀ ਖੇਡ ਖੇਡਦੇ ਹਨ ਅਤੇ ਲੋਕਾਂ ਨੂੰ ਚਾਰਨ ਤੋਂ ਗੁਰੇਜ਼ ਨਹੀਂ ਕਰਦੇ। ਰੈਲੀਆਂ ਦੀ ਖੇਡ ਇੰਜ ਖੇਡਦੇ ਹਨ, ਜਿਵੇਂ ਬੱਚੇ ਖੇਲ੍ਹ-ਖੇਲ੍ਹ ਖੋਲ੍ਹਦੇ ਹੋਣ। ਇੱਕ ਦੂਜੇ ਲਈ ਅਭੱਦਰ ਸ਼ਬਦ, ਬੋਲ-ਕੁਬੋਲ ਬੋਲਦੇ ਹੋਏ ਸਦਾਚਾਰ ਦੀਆਂ ਉਚਾਈਆਂ ਨੂੰ ਕਾਇਮ ਨਹੀਂ ਰਹਿਣ ਦਿੰਦੇ। ਅਜਿਹੇ ਤਾਅਨੇ-ਮਿਹਣੇ ਮਾਰਦੇ ਹਨ, ਜਿਹੜੇ ਤਲਖ਼ ਹੋਣ ਕਾਰਨ ਤਲਖ਼ੀ ਪੈਦਾ ਕੀਤੇ ਬਗ਼ੈਰ ਨਹੀਂ ਰਹਿੰਦੇ। ਮਾਹੌਲ ਤਨਾਅ ਵਾਲਾ ਹੋਣ ਕਾਰਨ ਭੜਕਾਹਟ ਪੈਦਾ ਹੁੰਦੀ ਹੈ, ਜਿਸ ਦਾ ਖਮਿਆਜ਼ਾ ਪੂਰਾ ਪੰਜਾਬ ਹੀ ਭੁਗਤੇ ਬਿਨਾਂ ਨਹੀਂ ਰਹਿੰਦਾ।
ਆਖ਼ਰੀ ਗੱਲ ਕਹਿਣ ਵਾਲੀ ਇਹ ਹੈ ਕਿ ਲੋਕ ਜਾਗ ਪੈਣ, ਆਪਣੇ ਬਾਰੇ ਨਾ ਸਹੀ ਤਾਂ ਬੱਚਿਆਂ ਬਾਰੇ ਸੋਚਣ, ਪੰਜਾਬ ਦੇ ਭਵਿੱਖ ਬਾਰੇ ਸੋਚਦਿਆਂ ਉਨ੍ਹਾ ਲੋਕਾਂ ਨੂੰ ਹੀ ਅੱਗੇ ਲਿਆਉਣ, ਸੱਤਾ ਦੇਣ, ਜਿਹੜੇ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਅਤੇ ਪੰਜਾਬੀਆਂ ਲਈ ਖ਼ੁਸ਼ਹਾਲੀ ਪੈਦਾ ਕਰਨ, ਤਾਂ ਕਿ ਪੰਜਾਬ ਅਤੇ ਪੰਜਾਬੀ ਤਲਖ ਆਵਾਜ਼ਾਂ, ਤਨਾਅ, ਭੜਕਾਹਟ ਅਤੇ ਗਹਿਰੀ ਉਦਾਸੀ ਤੋਂ ਮੁਕਤ ਹੋ ਸਕਣ।

ਲਤੀਫ਼ੇ ਦਾ ਚਿਹਰਾ-ਮੋਹਰਾ
ਪ੍ਰਚਾਰਕ : ਸਰਦੀਆਂ ਦੇ ਪਾਲੇ 'ਚ ਠਰਨਾ, ਗਰਮੀ ਦੀ ਤਪਸ਼ 'ਚ ਸੜਨਾ ਅਤੇ ਗ਼ਰੀਬੀ ਦਾ ਘੋਰ ਦੁੱਖ ਭੋਗਣਾ ਕਰਮਾਂ ਦਾ
ਫਲ ਹੈ।

ਅਮਲੀ  : ਤਦ ਫੇਰ ਦੁਨੀਆ ਭਰ ਦੇ ਜੱਜ ਕਨੂੰਨ ਦਾ ਫ਼ਲ ਕਿਉਂ ਦੇਈ ਜਾਂਦੇ ਹਨ?

ਸੰਪਰਕ : 98141-13338

24 Sep. 2018