ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ - ਰਵੇਲ ਸਿੰਘ  ਪਿੰਡ ਬਹਾਦਰ

 (ਗੁਰਦਾਸਪੁਰ ਸ਼ਹਿਰ ਦੀ ਇਕ ਹਰਮਨ ਪਿਆਰੀ ਸਾਹਿਤਕ ਸ਼ਖਸੀਅਤ ਕ੍ਰਿਪਾਲ ਸਿੰਘ ‘ਯੋਗੀ’ ਜੀ  ਨੂੰ ਸਮ੍ਰਪਿਤ ਇਹ ਕਵਿਤਾ)

ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ।
ਜੀ ਆਇਆਂ ਜੋ ਸਭ ਨੂੰ ਕਹਿੰਦਾ।
ਨਾਂ ਉਸਦਾ  ਕਿਰਪਾਲ ਸਿੰਘ ,
‘ਯੋਗੀ’ ਉਸਦਾ ਦਾ ਉਪਨਾਮ,
ਭਰਿਆ ਹੈ ਮਿੱਠਤ ਦਾ ਜਾਮ।
ਸ਼ਖਸੀਅਤ ਹੈ ਬੜੀ ਕਮਾਲ,
ਸਭ ਨੂੰ ਮਿਲੇ ਮੁਹੱਬਤ ਨਾਲ,
ਹਿਜਰ ਬੜੇ, ਜੋ ਮਨ ਤੇ ਸਹਿੰਦਾ,
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ।
ਜੀ ਆਇਆਂ ਜੋ ਸਭ ਨੂੰ ਕਹਿੰਦਾ।
ਪੇਸ਼ੇ ਵਜੋਂ ਪ੍ਰੋਫੈਸਰ ਹੈ ਉਹ,
ਗਿਆਨ ਦਾ ਤੀਜਾ ਨੇਤ੍ਰ ਹੈ ਉਹ,
ਸਾਹਿਤ ਦਾ ਖੁਲ੍ਹਾ ਖੇਤ੍ਰ ਹੈ ਉਹ,
ਧਨੀ ਕਲਮ ਦਾ, ਬਿਹਤਰ ਹੈ ਉਹ,
ਸਬਰ ਸ਼ੁਕਰ ,ਚ ਉੱਠਦਾ ਬਹਿੰਦਾ।
ਸ਼ਹਿਰ ਮੇਰੇ ਇੱਕ ਜੋਗੀ ਰਹਿੰਦਾ।
ਜੀ ਆਇਆਂ ਜੋ ਸੱਭ ਨੂੰ ਕਹਿੰਦਾ।
ਦੁੱਖਾਂ ਸੁੱਖਾਂ ਦੀ ਲੁਕੀ ਕਹਾਣੀ,
ਉਸ ਵਿੱਚ ਸੁੱਤੀ ਲੰਮੀ ਤਾਣੀ,
ਉਸ ਨੇ ਵੇਖੀ, ਸਮਝੀ ਜਾਣੀ,
ਜਦ ਸੋਚਾਂ ਦੇ ਸਾਗਰ ਲਹਿੰਦਾ,
ਸ਼ਹਿਰ ਮੇਰੇ ਇੱਕ ਜੋਗੀ ਰਹਿੰਦਾ,
ਜੀ ਆਇਆਂ ਜੋ ਸੱਭ ਨੂੰ ਕਹਿੰਦਾ।
ਵੇਖੇ ਯੋਗੀ ਬੜੇ ਨੇ ਹੁਣ ਤੱਕ,
 ਪੂਰਬ ਪੱਛਮ ਉੱਤਰ ਦੱਖਨ,
ਪਰ ਇਹ ਯੋਗੀ ਬੜਾ ਵਿਲੱਖਣ,
ਸਾਦ ਮੁਰਾਦਾ ਇਸ ਦਾ ਜੀਵਣ,
ਨਾ ਵਿਹਮਾਂ ਭਰਮਾਂ ਵਿੱਚ ਪੈਂਦਾ,
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ,
ਜੀ ਆਇਆ ਜੋ ਸੱਭ ਨੂੰ ਕਹਿੰਦਾ।
ਮਹਿਫਲ ਦਾ ਸ਼ਿੰਗਾਰ ਹੈ ਯੋਗੀ,
ਸਭ ਨੂੰ ਕਰਦਾ ਪਿਆਰ ਹੈ ਯੋਗੀ।
ਸਭਨਾਂ ਦਾ ਸਤਿਕਾਰ  ਹੈ ਯੋਗੀ,
ਯੋਗੀ ਵੀ, ਸਰਦਾਰ ਹੈ ਯੋਗੀ,
 ਸੁਰ ਤਾਲ ਦਾ ਝਰਨਾ  ਵਹਿੰਦਾ।
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ।
ਜੀ ਆਇਆਂ ਜੋ ਸੱਭ ਨੂੰ ਕਹਿੰਦਾ।
ਉਸ ਦੀ ਹਸਤੀ ਉਸ ਦੀ ਮਸਤੀ,
ਵਿੱਚ ਇਕਾਂਤਾਂ ਉਸ ਦੀ ਬਸਤੀ,
ਮਸਤ ਹਾਲ, ਨਹੀੰ ਤੰਗ- ਦਸਤੀ,
ਐਸੀ ਜ਼ਿੰਦਗੀ ਮਿਲੇ ਨਾ ਸਸਤੀ,
ਕਦੇ ਨਾ ਜਿਸ ਦਾ ਮਨ ਹੈ ਢੈਂਦਾ,
ਸ਼ਹਿਰ ਮੇਰੇ ਇੱਕ ਜੋਗੀ ਰਹਿੰਦਾ,
ਜੀ ਆਇਆਂ ਜੋ, ਸੱਭ ਨੂੰ ਕਹਿੰਦਾ।
ਸ਼ਹਿਰ ਮੇਰੇ ਦਾ  ਮਾਨ ਹੈ ਯੋਗੀ,
ਸ਼ਹਿਰ ਮੇਰੇ ਦੀ ਸ਼ਾਨ ਹੈ ਯੋਗੀ,
ਆਦਰ ਤੇ ਸਨਮਾਨ ਹੈ ਯੋਗੀ,
ਇੱਕ ਸੁੰਦਰ ਇਨਸਾਨ ਹੈ ਯੋਗੀ।
ਹਰ ਕੋਈ ਇਸ ਤੋਂ ਸੇਧ ਹੈ ਲੈਂਦਾ,
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ,
ਜੀ ਆਇਆ ਜੋ ਸੱਭ ਨੂੰ ਕਹਿੰਦਾ।
ਸਭਦਾ ਸਾਂਝਾ ਮਾਂਝਾ ਯੋਗੀ,
ਆਪੇ ਹੀਰ ਤੇ ਰਾਂਝਾ ਯੋਗੀ,
ਉੱਚੀ ਹੇਕ ਲਗਾਉਂਦਾ ਯੋਗੀ,
ਸੱਭ ਦੇ ਮਨ ਨੂੰ ਭਾਉਂਦਾ ਯੋਗੀ,
ਨਾਲ ਕਿਸੇ ਨਾ ਅੜਦਾ ਖਹਿੰਦਾ,
ਜੀ ਆਇਆਂ ਹੈ ਸਭ ਨੂੰ ਕਹਿੰਦਾ।
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ।
ਬੇਸ਼ੱਕ ਕੋਈ ਕਿਤਾਬ ਨਹੀਂ ਲਿਖੀ,
ਪਰ ਯੋਗੀ ਹੈ,  ਪੂਰਾ ਰਿਸ਼ੀ,
ਕਵਿਤਾ ਦੇ ਸਾਗਰ ਵਿੱਚ ਲਹਿੰਦਾ,
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ।
ਜੀ ਆਇਆਂ ਹੈ ਸਭ ਨੂੰ ਕਹਿੰਦਾ।

ਰਵੇਲ ਸਿੰਘ  ਪਿੰਡ ਬਹਾਦਰ ,ਤਹਿਸੀਲ, ਗੁਰਦਾਸਪੁਰ
ਫੋਨ ਨੰਬਰ  +91 708 755 3290
ਮੇਲ-rewailsingh02@gmail.com