ਸਾਹਿਤ ਜਗਤ ਦਾ ਧਰੂ ਤਾਰਾ :- ਹੀਰਾ ਸਿੰਘ ਤੂਤ - ਸ਼ਿਵਨਾਥ ਦਰਦੀ

ਪੰਜਾਬੀ ਸਾਹਿਤ ਜਗਤ ਚ ਅਨੇਕਾਂ, ਸਾਹਿਤਕਾਰਾਂ ਨੇ ਕਦਮ ਰੱਖਿਆ । ਜਿਨ੍ਹਾਂ ਪੰਜਾਬੀ ਮਾਂ-ਬੋਲੀ ਦੀ ਗੋਦ ਦਾ ਨਿੱਘ ਮਾਣ , ਆਪਣੀ ਵੱਖਰੀ ਪਹਿਚਾਣ ਬਣਾ ਲਈ । ਪਾਠਕਾਂ ਦੇ ਜ਼ਿਹਨ ਚ ਘਰ ਕਰ ਲੈਣਾ , ਟਾਂਵੇ ਟਾਂਵੇ ਸਾਹਿਤਕਾਰ ਦੇ ਹਿੱਸੇ ਆਉਂਦਾ ਹੈ ।
           ਪਰ ਹੀਰਾ ਸਿੰਘ ਤੂਤ ਵਰਗੇ ਸਾਹਿਤਕਾਰ ਦੇ , ਇਹ ਸਭ ਕੁਝ ਹਿੱਸੇ ਆਇਆ । ਕਿਸੇ ਨੂੰ ਆਪਣੇ ਰੰਗ ਵਿਚ ਰੰਗਣਾ , ਹਰ ਕਿਸੇ ਦੇ ਵੱਸ ਦਾ ਨਹੀ । ਪਰ ਹੀਰਾ ਸਿੰਘ ਤੂਤ ਕੋਲ , ਸ਼ਬਦਾਂ ਦੀ ਅਜਿਹੀ ਬੀਨ ਹੈ, ਜੋ ਪਾਠਕਾਂ ਦੇ ਮਨ ਨੂੰ ਕੀਲ ਪਟਾਰੀ ਚ ਪਾਉਂਦੀ ਹੈ । ਏਨਾ ਦੇ ਫਿੱਕੇ ਰੰਗ ਵੀ , ਪਾਠਕਾਂ ਨੂੰ ਮਨ ਭਾਉਂਦੇ ।
         ਹੀਰਾ ਸਿੰਘ ਤੂਤ , ਆਪਣਾ ਪਹਿਲਾ ਕਾਵਿ ਸੰਗ੍ਰਹਿ 'ਫਿੱਕੇ ਰੰਗ' 2017 ਵਿਚ ਲੈ , ਪੰਜਾਬੀ ਸਾਹਿਤ ਜਗਤ ਵਿਚ ਕਦਮ ਰਖਿਆ। ਪਾਠਕਾਂ ਨੇ , ਇਸਨੂੰ ਮਣਾਂ ਮੂੰਹੀ ਪਿਆਰ ਦਿੱਤਾ । ਹੀਰਾ ਸਿੰਘ ਤੂਤ ਦੇ ਹੌਸਲੇ ਬੁਲੰਦ ਹੋਏ । ਓਨਾਂ ਮੁੜ ਫਿਰ ਪਿੱਛੇ ਨਾ ਦੇਖਿਆ , 2017 ਵਿਚ ਕਹਾਣੀ ਸੰਗ੍ਰਹਿ 'ਪਗਡੰਡੀਆਂ' ਨਾਵਲ 'ਬੱਸ ਏਦਾਂ ਹੀ' , ਉਸ ਤੋਂ ਬਾਅਦ 2018 ਚ' 'ਕੁਝ ਰੰਗ' ਤੇ 'ਬੇਰੰਗ' , 2019 ਚ' ਮਿੰਨੀ ਕਹਾਣੀ ਸੰਗ੍ਰਹਿ 'ਸ਼ਕਤੀ ਪ੍ਰਦਰਸ਼ਨ' ਤੇ ਕਾਵਿ ਸੰਗ੍ਰਹਿ 'ਮੇਰੇ ਹਿੱਸੇ ਦੀ ਲੋਅ' ਸਾਂਝਾ ਲੇਖ ਸੰਗ੍ਰਹਿ 'ਜਿਉਣ ਦਾ ਹੁਨਰ' ਬਾਲ ਕਾਵਿ ਸੰਗ੍ਰਹਿ 'ਤਾਰੇ ਅੰਬਰ ਦੇ' , 2020 ਚ' ਕਾਵਿ ਸੰਗ੍ਰਹਿ 'ਖਿਸਕਦੇ ਪਲ' ਤੇ ਸਾਂਝਾ ਕਾਵਿ ਸੰਗ੍ਰਹਿ 'ਹੱਕਾਂ ਦੀ ਜੰਗ' , 2021 ਵਿਚ ਮਿੰਨੀ ਕਹਾਣੀ ਸੰਗ੍ਰਹਿ 'ਇੱਕ ਮੁੱਠ ਚੀਰਨੀ ਦੀ' , ਕਾਵਿ ਸੰਗ੍ਰਹਿ 'ਫਿਜ਼ਾਵਾਂ ਦੇ ਰੰਗ' ਤੇ ਬਾਲ ਕਾਵਿ ਸੰਗ੍ਰਹਿ 'ਆਓ ਸਕੂਲ ਚੱਲੀਏ', ਬਾਲ ਪਾਠਕਾਂ ਦੇ ਮਨ ਤੇ ਡੂੰਘੀ ਛਾਪ ਛੱਡਦਾ ਹੈ । ਹੀਰਾ ਸਿੰਘ ਤੂਤ ਦੀ ਕਲਮ ਨੇ ਹਰ ਵਿਸ਼ਾ ਛੂਹਿਆ ਅਤੇ ਹੱਲ ਵੱਲ ਤੋਰਿਆ ।
       ਹੀਰਾ ਸਿੰਘ ਤੂਤ ਨੇ ਗੱਲਬਾਤ ਦੌਰਾਨ ਦੱਸਿਆ , 2022 ਚ' , ਇੱਕ ਸਾਂਝਾ ਕਾਵਿ ਸੰਗ੍ਰਹਿ 'ਕਲਮਾਂ ਦੇ ਰੰਗ' ਲੈ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਣਗੇ ।
         ਸਾਹਿਤ ਸਿਰਜਣ ਦੀ ਚੇਟਕ ਹੀਰਾ ਸਿੰਘ ਤੂਤ ਨੂੰ ,ਕਾਲਜ ਦੇ ਦਿਨਾਂ ਤੋਂ ਲੱਗੀ । ਓਨਾਂ ਦੀਆਂ ਰਚਨਾਵਾਂ , ਕਾਲਜ ਦੀ ਕੰਧ 'ਕੰਧ ਦਰਪਣ' ਦਾ ਸ਼ਿੰਗਾਰ ਬਣ ਦੀਆਂ । ਹੀਰਾ ਸਿੰਘ ਤੂਤ ਦਾ ਬਹੁਤਾ ਸਮਾਂ , ਕਾਲਜ ਦੀ ਲਾਇਬ੍ਰੇਰੀ ਵਿਚ ਬਤੀਤ ਹੁੰਦਾ । ਪੰਜਾਬੀ ਸਾਹਿਤ ਨਾਲ , ਅਜਿਹਾ ਗੂੜ੍ਹਾ ਪਿਆਰ ਪਿਆ । ਓਨਾਂ ਪ੍ਰਸਿੱਧ ਲੇਖਕਾਂ ਨੂੰ ਪੜਿਆ , ਜਿਵੇਂ :- ਬਲਵੰਤ ਗਾਰਗੀ , ਨਾਵਲਕਾਰ ਦਲੀਪ ਕੌਰ ਟਿਵਾਣਾ , ਸ਼ਿਵ ਕੁਮਾਰ ਬਟਾਲਵੀ , ਵੀਨਾ ਵਰਮਾ , ਬੂਟਾ ਸਿੰਘ ਸ਼ਾਦ , ਨਰਿੰਦਰ ਕਪੂਰ ਤੇ ਅਜੋਕੇ ਸਮੇਂ ਦੇ ਸਾਹਿਤਕਾਰ ਸਸੀਪਾਲ ਸਮੁੰਦਰਾ , ਨਿੰਦਰ ਘੁਗਿਆਣਵੀ, ਨਾਵਲਕਾਰ ਜੀਤ ਸਿੰਘ ਸੰਧੂ ਆਦਿ ਨੂੰ । ਜਿਨ੍ਹਾਂ ਦੀ ਲੇਖਣੀ ਨੇ , ਹੀਰਾ ਸਿੰਘ ਤੂਤ ਦੇ ਜ਼ਿਹਨ ਚ' , ਵੱਖਰੀ ਛਾਪ ਛੱਡੀ ।
       ਹੀਰਾ ਸਿੰਘ ਤੂਤ ਨਾਲ ਗੱਲਬਾਤ ਕੀਤੀ , ਓਨਾਂ ਕਿਹਾ 'ਹਾਲੇ ਤਾਂ , ਮੈਂ ਸੇਰ ਚ' ਪੂਣੀ ਨਹੀਂ ਕੱਤੀ । ਕਈ ਲੋਕ ਮੈਨੂੰ ਪੁੱਛਦੇ ਨੇ , ਹੀਰਾ ਸਿੰਘ ਤੂਤ , ਤੈਨੂੰ ਕਾਹਦੀ ਕਾਹਲੀ? ਐਨੀਆਂ ਕਿਤਾਬਾਂ ਲਿਖ ਛੱਡੀਆਂ , ਤਾਂ ਮੈਂ ਓਨਾ ਨੂੰ ਹੱਸ ਕੇ ਜਵਾਬ ਦਿੰਦਾ ਹਾਂ । ਜ਼ਿੰਦਗੀ ਦੀ ਕੀ ਗਰੰਟੀ ਹੈ ? ਜੋ ਵੀ ਸਾਹਿਤ ਦੀ ਆਮਦ , ਜ਼ਿਹਨ ਚ ਹੁੰਦੀ , ਮੈਂ ਲਿਖ ਛਪਵਾ ਲੈਂਦਾ ਹਾਂ । ਪਾਠਕਾਂ ਤੇ ਸਰੋਤਿਆਂ ਪਿਆਰ ਸਤਿਕਾਰ ਸਦਕਾ , ਓਨਾ ਦੀ ਕ਼ਲਮ ਬੁਲੰਦੀਆਂ ਛੂਹ ਰਹੀ । ਹੀਰਾ ਸਿੰਘ ਤੂਤ ਜਲੰਧਰ ਦੂਰਦਰਸ਼ਨ ਦੇ ਚਰਚਿੱਤ ਪ੍ਰੋਗਰਾਮ 'ਗੱਲਾਂ ਤੇ ਗੀਤ' ਚ', ਵੀ ਚਾਰ ਅਕਤੂਬਰ 2021 ਨੂੰ ਸ਼ਿਰਕਤ ਕਰ ਚੁੱਕੇ ਹਨ ।
         ਜੇਕਰ ਹੀਰਾ ਸਿੰਘ ਤੂਤ ਦੇ ਸਨਮਾਨਾਂ ਦੀ ਗੱਲ ਕਰੀਏ , ਹੁਣ ਤੱਕ ਏਨਾਂ ਨੂੰ , ਪੰਜਾਬੀ ਸਾਹਿਤ ਸਭਾ (ਸ੍ਰੀ ਮੁਕਤਸਰ ਸਾਹਿਬ) , ਸਰਕਾਰੀ ਕਾਲਜ ਜ਼ੀਰਾ (ਫਿਰੋਜ਼ਪੁਰ) , ਸ਼ਬਦ ਸਾਂਝ ਕੋਟਕਪੂਰਾ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਲ ਖੁਰਦ (ਫਿਰੋਜ਼ਪੁਰ) , ਪੰਜਾਬੀ ਸਾਹਿਤ ਸਭਾ (ਮੰਡੀ ਬਰੀਵਾਲਾ), ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਉਪਰ ਡੀ.ਸੀ (ਫਿਰੋਜ਼ਪੁਰ) ਵੱਲੋਂ , ਸੁੰਦਰ ਲਿਖਾਈ ਅਤੇ ਅਧਿਆਪਕ ਦਿਵਸ , ਜ਼ਿਲ੍ਹਾ ਤੇ ਬਲਾਕ ਪੱਧਰ ਤੇ  ਕਈ ਵਾਰ ਸਨਮਾਨਿਤ ਕੀਤਾ ਗਿਆ ।
            ਜੇਕਰ ਹੀਰਾ ਸਿੰਘ ਤੂਤ ਦੀ ਮੁੱਢਲੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਏਨਾ ਪਿੰਡ ਪੱਧਰ ਅਤੇ ਸੀਨੀਅਰ ਸੈਕੰਡਰੀ ਤੱਕ ਦੀ ਸਿੱਖਿਆ (ਫਿਰੋਜ਼ਪੁਰ ਛਾਉਣੀ) ਤੋਂ ਪ੍ਰਾਪਤ ਕਰ , ਸਰਕਾਰੀ ਬਰਜਿੰਦਰਾ ਕਾਲਜ (ਫ਼ਰੀਦਕੋਟ) ਤੋਂ ਐਮ.ਏ (ਪੰਜਾਬੀ/ਹਿਸਟਰੀ) ਅਤੇ ਬੀ.ਐਡ ਤੇ ਯੂ.ਜੀ.ਸੀ.ਨੈੱਟ (ਪੰਜਾਬੀ) ਆਦਿ , ਵਿੱਦਿਅਕ ਯੋਗਤਾ ਪ੍ਰਾਪਤ ਕੀਤੀਆਂ ।
           ਸਾਹਿਤ ਦੇ , ਇਸ ਹੀਰੇ ਦਾ ਜਨਮ ਅੱਠ ਦਸੰਬਰ 1980 ਨੂੰ ਪਿੰਡ ਤੂਤ (ਜ਼ਿਲ੍ਹਾ ਫਿਰੋਜ਼ਪੁਰ) ਚ', ਪਿਤਾ ਸੋਹਣ ਸਿੰਘ ਤੇ ਮਾਤਾ ਗੁਰਬਖਸ਼ ਕੌਰ ਦੇ ਨਿਵਾਸ ਹੋਇਆ । ਮਿਲਣਸਾਰ, ਮਿੱਠ ਬੋਲੜੇ ਅਤੇ ਸਿੱਧ ਪੱਧਰੇ , ਸੁਭਾਅ ਦੇ ਮਾਲਕ ਹੀਰਾ ਸਿੰਘ ਤੂਤ , ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੀ ਧਰਮ ਪਤਨੀ ਸ੍ਰੀਮਤੀ ਸਰਬਜੀਤ ਕੌਰ (ਪ੍ਰਾਈਵੇਟ ਅਧਿਆਪਕ) ਤੇ ਬੇਟੇ ਮਨਮੀਤ ਨਾਲ , ਖੁਸ਼ੀ ਖੁਸ਼ੀ ਪਿੰਡ ਤੂਤ ਚ', ਜੀਵਨ ਬਤੀਤ ਕਰ ਰਹੇ ਹਨ । ਹੀਰਾ ਸਿੰਘ ਤੂਤ ਦੇ ਪੀਰਾਂ ਫ਼ਕੀਰਾਂ ਵਰਗੇ ਸ਼ਬਦ, ਏਨਾਂ ਦੇ ਜੀਵਨ ਦਾ ਰਾਹ ਪੱਧਰਾ ਕਰ , ਬੁਲੰਦੀਆਂ ਤੱਕ ਪਹੁਚਾਉਣ । ਹੀਰਾ ਸਿੰਘ ਤੂਤ , ਇਕਾਗਰ ਚਿੱਤ ਹੋ , ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹਿਣ । ਦੁਆਵਾਂ

ਸ਼ਿਵਨਾਥ ਦਰਦੀ
ਸੰਪਰਕ:- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।