ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

24 Sep. 2018

ਲੋਕ ਕਚਹਿਰੀ ਤੋਂ ਬਾਅਦ ਬਾਦਲਾਂ ਨੂੰ ਹੁਣ ਕਾਨੂੰਨ ਦੀ ਕਚਹਿਰੀ ਵਿਚ ਵੀ ਹਿਸਾਬ ਦੇਣਾ ਪਵੇਗਾ- ਮਨਪ੍ਰੀਤ ਬਾਦਲ
ਰੱਬ ਚਾੜ੍ਹ ਪਹਾੜ ਤੋਂ ਡੇਗ ਦਿੰਦਾ, ਕਰੀਏ ਗਰਬ ਨਾ ਵੱਡੇ ਇਕਬਾਲ ਦਾ ਜੀ।

ਪੰਜਾਬ ਦੇ ਅਸਲ ਮੁੱਦੇ ਮੌਜੂਦਾ ਸਿਆਸੀ ਮਾਹੌਲ 'ਚੋਂ ਗ਼ਾਇਬ-ਇਕ ਖ਼ਬਰ
ਰਾਮਧਨ ਮੁੜ ਮੁੜ ਰਾਤ ਦੇਖੇ, ਦਿਨ ਚੜ੍ਹਨ ਉੱਪਰ ਨਾ ਆਂਵਦਾ ਈ।

ਮੋਦੀ ਸਰਕਾਰ ਨੂੰ ਮਹਿੰਗੀ ਪਵੇਗੀ ਮਹਿੰਗਾਈ, ਮੋਦੀ ਲਈ ਪ੍ਰਚਾਰ ਨਹੀਂ ਕਰਾਂਗਾ- ਰਾਮਦੇਵ
ਹਾਏ ਓਏ ਦਿੱਲੀ ਲੁੱਟੀ, ਦੁਪਹਿਰੇ ਦੀਵਾ ਬਾਲ਼ ਕੇ।

ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਰਿਲਾਇੰਸ ਕੰਪਨੀ ਦਾ ਨਾਂ ਮੋਦੀ ਸਰਕਾਰ ਨੇ ਹੀ ਸੁਝਾਇਆ ਸੀ-ਇਕ ਖ਼ਬਰ
ਜੰਞ ਘੁਮਿਆਰਾਂ ਦੀ, ਵਿਚ ਗਧਾ ਹਿਣਕਦਾ ਆਵੇ।

ਰੈਲੀਆਂ ਵਾਲ਼ੀ 'ਜੰਗ' ਭਖਾਉਣ 'ਚ ਜੁੱਟੇ ਕਾਂਗਰਸੀ ਤੇ ਅਕਾਲੀ- ਇਕ ਖ਼ਬਰ
ਰੈਲੀਆਂ, ਰੈਲੀਆਂ, ਰੈਲੀਆਂ, ਲੋਕਾਂ ਦੀਆਂ ਆਸਾਂ ਮਿੱਟੀ ਵਿਚ ਰੋਲੀਆਂ।

ਕਰਤਾਰ ਪੁਰ ਲਾਂਘੇ ਦੀ ਸਿੱਧੂ ਵਲੋਂ ਗੱਲਬਾਤ ਪਹਿਲ ਬਾਦਲਾਂ ਨੂੰ ਹਜ਼ਮ ਨਹੀਂ ਹੋ ਰਹੀ-ਇਕ ਖ਼ਬਰ
ਵਾਰਸ ਆਸ਼ਕਾਂ ਨੂੰ ਕੌਣ ਕੈਦ ਕਰਦਾ, ਜਿਹਨਾਂ ਬਖ਼ਸ਼ੀਆਂ ਰੱਬ ਆਜ਼ਾਦੀਆਂ ਵੇ।

ਸ਼੍ਰੋਮਣੀ ਕਮੇਟੀ ਦੇ ਸਮਾਗਮ ਵਿਚ ਹਾਸ਼ੀਏ 'ਤੇ ਰਹੇ ਗਿਆਨੀ ਗੁਰਬਚਨ ਸਿੰਘ- ਇਕ ਖ਼ਬਰ
ਅਸਾਂ ਹੁਣ ਤੁਰ ਜਾਣਾ, ਦਿਨ ਰਹਿ ਗਏ ਥੋੜ੍ਹੇ।

ਮਨੋਹਰ ਖੱਟਰ ਪਾਕਿਸਤਾਨ 'ਚ ਆਪਣੇ ਪਿੰਡ ਝੰਗ ਦਾ ਦੌਰਾ ਕਰਨਗੇ- ਇਕ ਖ਼ਬਰ
ਦੌਰਾ ਜੰਮ ਜੰਮ ਕਰੀਂ ਪਰ ਬਾਜਵੇ ਦੀ ਜੱਫੀ ਤੋਂ ਬਚ ਕੇ ਰਹੀਂ ਭਰਾਵਾ।

ਨਾ ਕੋਈ ਅਕਾਲੀ ਦਲ ਦਾ ਪ੍ਰਧਾਨ ਬਣਨ ਨੂੰ ਤਿਆਰ ਤੇ ਨਾ ਕੋਈ ਜਥੇਦਾਰ ਲੱਗਣ ਨੂੰ- ਇਕ ਖ਼ਬਰ
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।

ਦੇਸ਼ ਵਿਰੋਧੀ ਤਾਕਤਾਂ ਪੰਜਾਬ 'ਚ ਹਿੰਸਕ ਸਾਜ਼ਿਸ਼ਾਂ ਰਚ ਰਹੀਆਂ ਹਨ- ਮਜੀਠੀਆ
ਬਿਲਕੁਲ ਠੀਕ ਮਜੀਠੀਆ ਸਾਹਿਬ! ਇਹ ਤਾਕਤਾਂ ਰੈਲੀਆਂ ਵੀ ਕਰ ਰਹੀਆਂ ਹਨ।

ਕਰਤਾਰ ਪੁਰ ਦੇ ਲਾਂਘੇ ਬਾਰੇ ਭਾਰਤ ਸਰਕਾਰ ਨਾਲ਼ ਗੱਲ ਕਰਾਂਗੇ-ਲੌਂਗੋਵਾਲ
ਨਹੀਂ ਭਾਈ, ਯਸੂ ਮਸੀਹ ਦੇ ਦਰਬਾਰ 'ਚ ਅਰਦਾਸ ਕਰਾਈਂ ਜਾ ਕੇ।

ਕੈਪਟਨ ਦੀ ਲੰਬੀ ਰੈਲੀ 'ਤੇ ਕੋਈ ਉਜ਼ਰ ਨਹੀਂ- ਬਾਦਲ
ਕਦੇ ਆ ਵੜ ਵੇਹੜੇ ਮੇਰੇ, ਵੇ ਮੈਂ ਤੈਨੂੰ ਯਾਦ ਕਰਦੀ।

ਡਾ. ਗਾਂਧੀ ਵਲੋਂ ਮੁੜ 'ਝਾੜੂ' ਫੜਨ ਦੇ ਆਸਾਰ- ਇਕ ਖ਼ਬਰ
ਧਾਹਾਂ ਮਾਰਦਾ ਬਸੰਤ ਵਿਚਾਰਾ, ਵੀਰਾਂ ਨਾਲ਼ੋਂ ਵੀਰ ਵਿਛੜੇ।

ਇਕ ਸਰਕਾਰੀ ਐਲੀਮੈਂਟਰੀ ਸਕੂਲ 'ਚ 80 ਬੱਚਿਆਂ ਨੂੰ ਇਕ ਅਧਿਆਪਕਾ ਪੜ੍ਹਾ ਰਹੀ ਹੈ-ਇਕ ਖ਼ਬਰ
ਵਿਦਿਆ ਦਾ ਪੱਧਰ 'ਉੱਚਾ' ਚੁੱਕਿਆ ਜਾ ਰਿਹਾ ਹੈ।

ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਕਰੇ ਰਾਹੁਲ ਗਾਂਧੀ- ਹਰਸਿਮਰਤ ਬਾਦਲ
ਰਾਣੀ ਆਖਦੀ ਰਾਜਾ ਜੀ, ਪੂਰਨ ਨੂੰ ਕਰੋ ਹਲਾਲ।