ਰਣਿੰ ਜੀਤਿ ਆਏ।। ਜਯੰ ਗੀਤ ਗਾਏ।। - ਸਵਰਾਜਬੀਰ

ਕਿਸਾਨ ਅੰਦੋਲਨ ਦੀ ਫ਼ਤਹਿ ਤੋਂ ਬਾਅਦ ਸ਼ਨਿੱਚਰਵਾਰ ਕਿਸਾਨਾਂ ਨੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਦੇ ਸਾਲ ਤੋਂ ਵੱਧ ਸਮੇਂ ਤੋਂ ਮੱਲੇ ਆਪਣੇ ਟਿਕਾਣਿਆਂ ਅਤੇ ਡੇਰਿਆਂ ਤੋਂ ਘਰਾਂ ਨੂੰ ਵਾਪਸ ਆਉਣਾ ਸ਼ੁਰੂ ਕੀਤਾ ਹੈ। ਇਹ ਯੋਧਿਆਂ ਦੀ ਵਾਪਸੀ ਹੈ। ਜੋ ਜੰਗ ਉਨ੍ਹਾਂ ਨੇ ਜਿੱਤੀ ਹੈ, ਉਹ ਕੋਈ ਆਮ ਜੰਗ ਨਹੀਂ ਸੀ। ਇਹ ਜੰਗ ਸੱਤਾ ਅਤੇ ਧਨ ਦੀ ਸਲਤਨਤ ਦੇ ਖ਼ਿਲਾਫ਼ ਸੀ, ਕਾਰਪੋਰੇਟੀ ਤਾਕਤ, ਦਾਬੇ, ਲਾਲਚ, ਫ਼ਿਰਕਾਪ੍ਰਸਤੀ, ਵੰਡਪਾਊ ਸਿਆਸਤ ਅਤੇ ਲੋਕ-ਵਿਰੋਧੀ ਸ਼ਕਤੀਆਂ ਦੇ ਖ਼ਿਲਾਫ਼ ਸੀ ; ਉਨ੍ਹਾਂ ਤਾਕਤਾਂ ਦੇ ਖ਼ਿਲਾਫ਼ ਸੀ ਜਿਨ੍ਹਾਂ ਕੋਲ ਪੁਲੀਸ, ਸੁਰੱਖਿਆ ਦਲ, ਕਾਨੂੰਨੀ ਦਾਅ-ਪੇਚ, ਸਰਕਾਰ-ਪ੍ਰਸਤ ਵਿਦਵਾਨਾਂ ਦੀਆਂ ਫ਼ੌਜਾਂ, ਮੀਡੀਆ ਦਾ ਇਕ ਵੱਡਾ ਹਿੱਸਾ ਅਤੇ ਹੋਰ ਪ੍ਰਚਾਰ ਦੇ ਅਸੀਮ ਵਸੀਲੇ ਸਨ/ਹਨ। ਸੱਤਾਧਾਰੀ ਅਤੇ ਕਿਸਾਨ-ਵਿਰੋਧੀ ਤਾਕਤਾਂ ਕੋਲ ਉਨ੍ਹਾਂ ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਪਾੜਨ, ਕੁਚਲਣ ਅਤੇ ਭਾਈਚਾਰਕ ਪਾੜੇ ਵਧਾਉਣ ਦਾ ਤਜਰਬਾ ਸੀ ਪਰ ਇਸ ਵਾਰ ਲੋਕਾਂ ਦੀ ਜਿੱਤ ਹੋਈ। ਕਿਸਾਨ ਜਥੇਬੰਦੀਆਂ ਦੇ ਅਸੀਮ ਸਿਰੜ ਅਤੇ ਜੀਰਾਂਦ ਨੇ ਕਿਸਾਨ ਸੰਘਰਸ਼ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਾਇਆ ਅਤੇ ਹੁਣ ਜੇਤੂ ਕਿਸਾਨ ਮਰਦ ਅਤੇ ਔਰਤਾਂ ਆਪਣੇ ਘਰਾਂ ਨੂੰ ਵਾਪਸ ਆ ਰਹੇ ਹਨ। ਲੋਕਾਂ ਨੇ ਉਨ੍ਹਾਂ ’ਤੇ ਫੁੱਲ ਬਰਸਾਏ ਅਤੇ ਉਨ੍ਹਾਂ ਲਈ ਲੰਗਰ ਲਗਾਏ ਹਨ, ਦਿਲਾਂ ਦੀਆਂ ਗਹਿਰਾਈਆਂ ਤੋਂ ਉੱਠੇ ਪਵਿੱਤਰ ਜਜ਼ਬਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਹੈ, ਉਨ੍ਹਾਂ ਦੀ ਉਸਤਤ ਵਿਚ ਗੀਤ ਗਾਏ ਹਨ। ਇਹ ਮੰਜ਼ਰ ਦੇਖਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਵਿਚਲੇ ਬਚਨ ਯਾਦ ਆਉਂਦੇ ਹਨ, ‘‘ਰਣਿੰ ਜੀਤਿ ਆਏ।। ਜਯੰ ਗੀਤ ਗਾਏ।।’’

      ਕਿਸਾਨ ਇਕ ਸਾਲ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਡਟੇ ਹੋਏ ਸਨ। ਜੇ ਕਿਸਾਨ-ਵਿਰੋਧੀ ਤਾਕਤਾਂ ਕੋਲ ਅਸੀਮ ਤਾਕਤ ਅਤੇ ਧਨ ਸੀ ਤਾਂ ਪੰਜਾਬ ਦੇ ਕਿਸਾਨਾਂ ਕੋਲ ਆਪਣੇ ਵਿਰਸੇ ਵਿਚ ਮਿਲੀ ਨਾਬਰੀ ਦੀ ਰਵਾਇਤ ਅਤੇ ਸਾਂਝੀਵਾਲਤਾ ਦੀ ਮਰਿਆਦਾ ਸੀ। ਪੰਜਾਬ ਦੀ ਨਾਬਰੀ ਦੀ ਰਵਾਇਤ ਬਹੁਤ ਪੁਰਾਣੀ ਹੈ, ਸਦੀਆਂ ਪਹਿਲਾਂ ਸਾਡੇ ਪੂਰਵਜਾਂ/ਪੁਰਖਿਆਂ ਦੀ ਕਾਇਮ ਕੀਤੀ ਹੋਈ ਜਿਨ੍ਹਾਂ ਨੇ ਹਮੇਸ਼ਾਂ ਹਮਲਾਵਰਾਂ ਅਤੇ ਜਾਬਰਾਂ ਨਾਲ ਲੋਹਾ ਲਿਆ। ਮੱਧਕਾਲੀਨ ਸਮਿਆਂ ਵਿਚ ਸਿੱਖ ਸੰਘਰਸ਼ ਨੇ ਇਸ ਰਵਾਇਤ ਨੂੰ ਨਵਿਆਇਆ ਅਤੇ ਇਸ ਦੀ ਪੁਨਰ-ਸਿਰਜਣਾ ਕੀਤੀ। ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ, ਸਮਾਜਿਕ ਬਰਾਬਰੀ, ਜਾਤ-ਪਾਤ ਵਿਰੋਧੀ ਅਤੇ ਸਮਾਜਿਕ ਏਕਤਾ ਦੇ ਸੰਦੇਸ਼ ਨੇ ਸਮਾਜ ਵਿਚ ਜਮਹੂਰੀ ਰੂਹ ਫੂਕਦਿਆਂ ਪੰਜਾਬੀਆਂ ਨੂੰ ਰਾਜਿਆਂ, ਮੁਕੱਦਮਾਂ, ਅਹਿਲਕਾਰਾਂ ਅਤੇ ਜ਼ਾਲਮਾਂ ਵਿਰੁੱਧ ਆਵਾਜ਼ ਉਠਾਉਣ ਦਾ ਰਾਹ ਦੱਸਿਆ। ਸਿੱਖ ਗੁਰੂਆਂ ਦੀਆਂ ਮਹਾਨ ਕੁਰਬਾਨੀਆਂ ਅਤੇ ਬੰਦਾ ਬਹਾਦਰ ਤੇ 18ਵੀਂ ਸਦੀ ਦੀਆਂ ਮਿਸਲਾਂ ਦੇ ਸੰਘਰਸ਼ ਨੇ ਪੰਜਾਬੀਅਤ ਦੀ ਸੰਗਰਾਮਮਈ ਨੁਹਾਰ ਘੜੀ ਅਤੇ ਬਾਅਦ ਵਿਚ ਇਹ ਨੁਹਾਰ ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਭਗਤ ਸਿੰਘ ਨਾਲ ਸਬੰਧਿਤ ਲਹਿਰ, ਕਿਸਾਨ ਮੋਰਚਿਆਂ, ਸਨਅਤੀ ਤੇ ਖੇਤ ਮਜ਼ਦੂਰਾਂ ਦੇ ਸੰਘਰਸ਼ਾਂ ਅਤੇ ਹੋਰ ਲੋਕ-ਪੱਖੀ ਘੋਲਾਂ ਰਾਹੀਂ ਕਾਇਮ ਰਹੀ। ਮੌਜੂਦਾ ਕਿਸਾਨ ਸੰਘਰਸ਼ ਵੀ ਉਨ੍ਹਾਂ ਘੋਲਾਂ ਦੇ ਖਮੀਰ ਵਿਚੋਂ ਉੱਠਿਆ ਅੰਦੋਲਨ ਹੈ ਜਿਸ ਨੇ ਪੰਜਾਬ ਦੀ ਇਸ ਰਵਾਇਤ ਨੂੰ ਮੁੜ ਸਿੰਜਿਆ ਅਤੇ ਸਿਖ਼ਰ ’ਤੇ ਪਹੁੰਚਾਇਆ ਹੈ।

      ਇਨ੍ਹਾਂ ਰਵਾਇਤਾਂ ’ਤੇ ਉਸਰੇ ਕਿਸਾਨ ਅੰਦੋਲਨ ਨੇ ਸੱਤਾਮਈ ਤਾਕਤਾਂ ਦੇ ਹੰਕਾਰ, ਗਰੂਰ ਅਤੇ ਘੁਮੰਡ ਨਾਲ ਆਢਾ ਲਾਇਆ। ਇਕ ਪਾਸੇ ਸਰਕਾਰਾਂ ਦੀ ਅਸੰਵੇਦਨਸ਼ੀਲਤਾ ਅਤੇ ਹਉਮੈ ਸੀ, ਦੂਸਰੇ ਪਾਸੇ ਕਿਸਾਨਾਂ ਦਾ ਅਸੀਮ ਸਿਦਕ, ਸਿਰੜ ਅਤੇ ਦੁੱਖ ਸਹਿਣ ਦੀ ਸਮਰੱਥਾ। ਇਕ ਪਾਸੇ ਸੱਤਾਮਈ ਤਾਕਤ ਸੀ, ਦੂਸਰੇ ਪਾਸੇ ਲੋਕ-ਸ਼ਕਤੀ। ਇਸ ਲੋਕ-ਸ਼ਕਤੀ ਦਾ ਨਿਰਮਾਣ ਪੰਜਾਬੀਆਂ ਦੀਆਂ ਕਿਸਾਨ ਜਥੇਬੰਦੀਆਂ ਨੇ ਕੀਤਾ। 5 ਜੂਨ 2020 ਨੂੰ ਖੇਤੀ ਆਰਡੀਨੈਂਸਾਂ ਦੇ ਜਾਰੀ ਹੋਣ ਦੇ ਨਾਲ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਆਰਡੀਨੈਂਸਾਂ ਦੇ ਕਿਸਾਨ-ਵਿਰੋਧੀ ਕਿਰਦਾਰ ਨੂੰ ਪਛਾਣਦਿਆਂ ਇਸ ਤੱਥ ਦੀ ਨਿਸ਼ਾਨਦੇਹੀ ਕੀਤੀ ਕਿ ਇਹ ਕਾਨੂੰਨ ਕਾਰਪੋਰੇਟ ਅਦਾਰਿਆਂ ਦਾ ਖੇਤੀ ਖੇਤਰ ਵਿਚ ਰਾਹ ਪੱਧਰਾ ਕਰਨ ਲਈ ਬਣਾਏ ਗਏ ਹਨ। ਸੰਘਰਸ਼ ਦਾ ਰਾਹ ਅਪਣਾਉਂਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮਹਿਸੂਸ ਕੀਤਾ ਕਿ ਇਸ ਅੰਦੋਲਨ ਲਈ ਜਿਨ੍ਹਾਂ ਦੋ ਚੀਜ਼ਾਂ ਦੀ ਜ਼ਰੂਰਤ ਸਭ ਤੋਂ ਵੱਡੀ ਹੈ, ਉਹ ਹਨ ਕਿਸਾਨ ਜਥੇਬੰਦੀਆਂ ਦੀ ਏਕਤਾ ਅਤੇ ਸੰਘਰਸ਼ ਨੂੰ ਸ਼ਾਂਤਮਈ ਰੱਖਣਾ। ਕਿਸਾਨ ਸੰਘਰਸ਼ ਦੇ ਸਫ਼ਰ ਨੇ 1920ਵਿਆਂ ਵਿਚ ਉੱਠੀ ਮਹਾਨ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਾਂਤਮਈ ਵਿਰਸੇ ਅਤੇ ਕੁਰਬਾਨੀਆਂ ਦੀ ਯਾਦ ਨੂੰ ਮੁੜ ਤਾਜ਼ਾ ਕੀਤਾ।

       26 ਨਵੰਬਰ, 2020 ਦੇ ‘ਦਿੱਲੀ ਚੱਲੋ’ ਦੇ ਸੱਦੇ ਨੇ ਕਿਸਾਨਾਂ ਵਿਚ ਨਵਾਂ ਜੋਸ਼ ਤੇ ਹੌਸਲਾ ਭਰਿਆ ਅਤੇ ਅੰਦੋਲਨ ਨੇ ਲੋਕ-ਵੇਗ ਦੇ ਨਵੇਂ ਮੰਜ਼ਰ ਦੇਖੇ। ਸ਼ਾਸਕ, ਜਿਨ੍ਹਾਂ ਨੇ ਨੋਟਬੰਦੀ, ਤਾਲਾਬੰਦੀ, ਸਨਅਤੀ ਮਜ਼ਦੂਰਾਂ ਦੇ ਹੱਕਾਂ ਨੂੰ ਸੀਮਤ ਕਰਦੇ ਕਿਰਤ ਕੋਡ ਅਤੇ ਹੋਰ ਅਨੇਕ ਲੋਕ-ਵਿਰੋਧੀ ਫ਼ੈਸਲੇ ਕੀਤੇ ਸਨ ਅਤੇ ਜਿਹੜੇ ਇਹ ਸਮਝਦੇ ਸਨ ਕਿ ਉਨ੍ਹਾਂ ਦੇ ਫ਼ੈਸਲਿਆਂ ਦਾ ਕੋਈ ਵਿਰੋਧ ਨਹੀਂ ਕਰੇਗਾ, ਨੂੰ ਚੁਣੌਤੀ ਦਿੱਤੀ ਗਈ, ਉਨ੍ਹਾਂ ਦੇ ਗਰੂਰ ਤੇ ਘੁਮੰਡ ਨੂੰ ਵੰਗਾਰਿਆ ਗਿਆ। ਲੋਕ-ਵੇਗ ਅਤੇ ਕਿਸਾਨ ਆਗੂਆਂ ਦੇ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਨੇ ਵੇਗ ਅਤੇ ਸੰਜਮ ਦਾ ਅਜਿਹਾ ਸੰਗਮ ਪੈਦਾ ਕੀਤਾ ਜਿਸ ’ਤੇ ਇਸ ਮਹਾਨ ਸੰਘਰਸ਼ ਦੀ ਇਮਾਰਤ ਉਸਰੀ। ਲੋਕ-ਸੰਘਰਸ਼ਾਂ ਦੇ ਮਹੱਲ ਅਤੇ ਕਿਲੇ ਪੱਥਰਾਂ ਨਾਲ ਨਹੀਂ ਸਗੋਂ ਸੰਗਰਾਮਮਈ ਜਜ਼ਬਿਆਂ ਦੀ ਮਿੱਟੀ ਨਾਲ ਉਸਰਦੇ ਹਨ। ਲੋਕ ਜਾਬਰਾਂ ਨਾਲ ਲੜਨ ਲਈ ਕੱਚੀਆਂ ਗੜ੍ਹੀਆਂ ਬਣਾਉਂਦੇ ਆਏ ਹਨ, ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਸੰਘਰਸ਼ ਦੇ ਹੋਰ ਟਿਕਾਣਿਆਂ ’ਤੇ ਇਹ ਕੱਚੀਆਂ ਗੜ੍ਹੀਆਂ ਉਸਰੀਆਂ। ਉਨ੍ਹਾਂ ਦਾ ਹੁਸਨ-ਇਖ਼ਲਾਕ ਲੋਕ-ਯਾਦਾਂ ਵਿਚ ਕਾਇਮ ਰਹੇਗਾ।

      ਕਿਸਾਨ-ਵਿਰੋਧੀ ਤਾਕਤਾਂ ਨੇ ਅੰਦੋਲਨ ’ਤੇ ਕਈ ਤਰ੍ਹਾਂ ਦੀਆਂ ਊਜਾਂ ਲਾਉਣ ਦੀ ਕੋਸ਼ਿਸ਼ ਕੀਤੀ। ਅੰਦੋਲਨ ਨੂੰ ਕਦੇ ਨਕਸਲੀ, ਕਦੇ ਖਾਲਿਸਤਾਨੀ ਅਤੇ ਕਦੇ ਅਤਿਵਾਦੀ ਕਿਹਾ ਗਿਆ ਪਰ ਸੰਘਰਸ਼ ਦੀ ਤੋਰ ਏਨੀ ਸਪੱਸ਼ਟ, ਕਿਸਾਨ-ਪੱਖੀ ਅਤੇ ਊੁਰਜਾਮਈ ਸੀ ਕਿ ਏਦਾਂ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਹੋ ਗਈਆਂ। ਅਜਿਹੇ ਸਵਾਲ ਵੀ ਪੁੱਛੇ ਗਏ ਕਿ ਕਿਸਾਨ ਨਜ਼ਰਬੰਦ ਕੀਤੇ ਗਏ ਜਮਹੂਰੀ ਹੱਕਾਂ ਲਈ ਲੜਨ ਵਾਲੇ ਕਾਰਕੁਨਾਂ ਦੀ ਰਿਹਾਈ ਦੀ ਮੰਗ ਕਿਉਂ ਕਰ ਰਹੇ ਹਨ। ਕਿਸਾਨ ਆਗੂਆਂ ਨੇ ਸਮਾਜਿਕ ਨਿਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਦੱਸਿਆ ਕਿ ਕਿਸਾਨ ਅਨਿਆਂ ਵਿਰੁੱਧ ਲੜਨ ਵਾਲੇ ਹਰ ਯੋਧੇ ਅਤੇ ਸੰਗਰਾਮ ਦੇ ਸਾਥੀ ਹਨ। ਕਿਸਾਨ ਆਗੂਆਂ ਨੇ ਕਾਰਪੋਰੇਟੀ ਵਿਕਾਸ ਮਾਡਲ ਦੇ ਬਿਰਤਾਂਤ ਵਿਰੁੱਧ ਆਰਥਿਕ ਅਸਮਾਨਤਾਵਾਂ ਘਟਾਉਣ ਵਾਲੇ ਵਿਕਾਸ ਮਾਡਲ ਨੂੰ ਅਪਣਾਉਣ ਦੀ ਜ਼ਰੂਰਤ ਦਾ ਪ੍ਰਵਚਨ ਸਿਰਜਿਆ।

       ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਇਸ ਸੰਘਰਸ਼ ਦੀਆਂ ਮਸ਼ਾਲਾਂ ਨੂੰ ਪ੍ਰਜ੍ਵਲਿਤ ਕੀਤਾ। ਲੋਕ-ਹੱਕਾਂ ਦੀਆਂ ਮਸ਼ਾਲਾਂ ਅਤੇ ਚਿਰਾਗ਼ ਰੌਸ਼ਨ ਕਰਨ ਲਈ ਉਨ੍ਹਾਂ ਵਿਚ ਮਨੁੱਖੀ ਊਰਜਾ ਦਾ ਤੇਲ ਪਾਉਣਾ ਪੈਂਦਾ ਹੈ, ਜਲਣਾ ਪੈਂਦਾ ਹੈ, ਕਿਸਾਨਾਂ ਨੇ ਅੰਦੋਲਨ ਦੀਆਂ ਮਸ਼ਾਲਾਂ ਰੌਸ਼ਨ ਕਰਨ ਲਈ ਆਪਣੇ ਮਿਹਨਤ, ਮੁਸ਼ੱਕਤ, ਅਕੀਦਤ ਅਤੇ ਸਿਰੜ ਦਾ ਤੇਲ ਪਾਇਆ। ਸੁਲਤਾਨ ਬਾਹੂ ਦੇ ਸ਼ਬਦ ਹਨ, ‘‘ਤੇਲਾਂ ਬਾਝ ਨਾ ਬਲਣ ਮਸਾਲਾਂ, ਦਰਦਾਂ ਬਾਝ ਨਾ ਆਹੀ ਹੂ।।’’ ਕੋਹੀ ਹੋਈ ਲੋਕਾਈ ਦੀਆਂ ਆਹਾਂ ਸਾਰੀ ਦੁਨੀਆ ਨੇ ਸੁਣੀਆਂ। ਇਨ੍ਹਾਂ ਆਹਾਂ ਵਿਚ ਕਿਸਾਨਾਂ ਦਾ ਦਰਦ ਸੀ ਪਰ ਇਨ੍ਹਾਂ ਵਿਚ ਸੰਗਰਾਮ ਕਰਨ ਦੀ ਅਨੂਠੀ ਇੱਛਾ-ਸ਼ਕਤੀ ਵੀ ਸੀ ਜਿਸ ਦੀ ਲੋਅ ਚੌਂਹਾਂ ਕੂਟਾਂ ਵਿਚ ਪਹੁੰਚੀ। ਸਾਰੇ ਦੇਸ਼ ਦੇ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਹੋਈ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਸਰਕਾਰ ਦੀਆਂ ਕਿਸਾਨ-ਵਿਰੋਧੀ ਨੀਤੀਆਂ ਦਾ ਤਿੱਖਾ ਵਿਰੋਧ ਹੋਇਆ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਸੜਕਾਂ ’ਤੇ ਉੱਤਰੇ ਅਤੇ ਉਨ੍ਹਾਂ ਥਾਂ ਥਾਂ ’ਤੇ ਹੱਕ-ਸੱਚ ਦੀਆਂ ਮਸ਼ਾਲਾਂ ਰੌਸ਼ਨ ਕੀਤੀਆਂ।

        ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਸੰਘਰਸ਼ ਦੇ ਹੋਰ ਸਥਾਨਾਂ ’ਤੇ ਸਾਂਝੀਵਾਲਤਾ ਦੇ ਜਲੌਅ ਲੱਗੇ ਅਤੇ ਹਰ ਵਰਗ ਦੇ ਲੋਕਾਂ ਨੇ ਇਸ ਅੰਦੋਲਨ ਵਿਚ ਹਿੱਸਾ ਲਿਆ। ਪੰਜਾਬ ਦੇ ਵਿਦਵਾਨ, ਚਿੰਤਕ, ਗਾਇਕ, ਰੰਗਕਰਮੀ, ਪੱਤਰਕਾਰ, ਲੇਖਕ ਅਤੇ ਸਮਾਜਿਕ ਕਾਰਕੁਨ ਇਸ ਅੰਦੋਲਨ ਵਿਚ ਸ਼ਾਮਲ ਹੋਏ। ਔਰਤਾਂ ਦਾ ਕਿਸਾਨ ਮੋਰਚਿਆਂ ’ਤੇ ਜਾਣਾ ਅਤੇ ਆਪਣੀ ਆਵਾਜ਼ ਬੁਲੰਦ ਕਰਨਾ ਇਸ ਅੰਦੋਲਨ ਦੀ ਅਹਿਮ ਪ੍ਰਾਪਤੀ ਹੈ। ਪੰਜਾਬ ਦੀਆਂ ਔਰਤਾਂ ਸਦੀਆਂ ਤੋਂ ਜਬਰ ਵਿਰੁੱਧ ਲੜਾਈ ਵਿਚ ਮਰਦਾਂ ਦਾ ਸਾਥ ਦਿੰਦੀਆਂ ਆਈਆਂ ਹਨ। ਉਹ ਮਾਈ ਭਾਗੋ, ਪੀਰੋ, ਨੁਰੰਗ ਦੇਵੀ ਅਤੇ ਗੁਲਾਬ ਕੌਰ ਦੀਆਂ ਵਾਰਸ ਹਨ, ਉਨ੍ਹਾਂ ਮਰਦ-ਪ੍ਰਧਾਨ ਸੋਚ ਤੇ ਸਮਾਜਿਕ ਵਿਵਸਥਾ ਦੇ ਜ਼ੁਲਮ ਸਹੇ ਹਨ ਪਰ ਇਸ ਸੰਘਰਸ਼ ਵਿਚ ਉਨ੍ਹਾਂ ਨੇ ਆਪਣੀ ਆਵਾਜ਼ ਵਿਚ ਉਹ ਜੁਝਾਰੂਪਣ ਪੈਦਾ ਕੀਤਾ ਜਿਸ ਦੀਆਂ ਗੂੰਜਾਂ ਭਵਿੱਖ ਦੇ ਇਨਕਲਾਬ ਦੇ ਨੈਣ-ਨਕਸ਼ ਸਿਰਜਣਗੀਆਂ। ਨੌਜਵਾਨਾਂ ਦੀ ਸ਼ਮੂਲੀਅਤ ਨੇ ਅੰਦੋਲਨ ਨੂੰ ਅਦਭੁੱਤ ਵੇਗ ਅਤੇ ਊਰਜਾ ਬਖ਼ਸ਼ੀ। ਇਸ ਅੰਦੋਲਨ ਵਿਚ 670 ਤੋਂ ਵੱਧ ਕਿਸਾਨਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਲਖੀਮਪੁਰ ਦਾ ਦੁਖਾਂਤ ਵਾਪਰਿਆ। ਉਹ ਕੁਰਬਾਨੀਆਂ ਅਜਾਈਂ ਨਹੀਂ ਗਈਆਂ। ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

       ਇਸ ਅੰਦੋਲਨ ਵਿਚ ਹਰ ਪੰਜਾਬੀ ਨੇ ਕਿਸੇ ਨਾ ਕਿਸੇ ਰੂਪ ਵਿਚ ਹਿੱਸਾ ਲਿਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਲੜਾਈ ਪੰਜਾਬ ਦੀ ਹੋਂਦ ਦੀ ਲੜਾਈ ਹੈ। ਪੰਜਾਬ ਨੇ ਪਿਛਲੇ ਦਹਾਕਿਆਂ ਵਿਚ ਸਰਕਾਰੀ ਅਤੇ ਅਤਿਵਾਦੀ ਤਸ਼ੱਦਦ ਅਤੇ ਨਸ਼ਿਆਂ ਦੇ ਫੈਲਾਉ ਦੇ ਸੰਤਾਪ ਹੰਢਾਏ ਹਨ, ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ੁਦਕੁਸ਼ੀ ਕਰਦੇ ਦੇਖਿਆ ਹੈ, ਪੰਜਾਬੀਆਂ ਨੇ ਮਹਿਸੂਸ ਕੀਤਾ ਕਿ ਜੇ ਅਸੀਂ ਹੁਣ ਸੰਘਰਸ਼ ਨਾ ਕੀਤਾ ਤਾਂ ਫਿਰ ਇਤਿਹਾਸ ਦਾ ਸਾਹਮਣਾ ਨਹੀਂ ਕਰ ਸਕਾਂਗੇ। ਇਸ ਤੋਂ ਪੈਦਾ ਹੋਈ ਸਾਂਝੀਵਾਲਤਾ ਨੇ ਇਹ ਅਰਥ-ਭਰਪੂਰ ਸਮਾਜਿਕ ਅਤੇ ਸੱਭਿਆਚਾਰਕ ਸੁਪਨੇ ਸਿਰਜੇ ਅਤੇ ਉਨ੍ਹਾਂ ਨੂੰ ਹਕੀਕਤ ਵਿਚ ਬਦਲਿਆ।

       ਕਿਸਾਨ ਘਰਾਂ ਨੂੰ ਵਾਪਸ ਆ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਵਾਪਸ ਆ ਰਿਹਾ ਹੈ ਉਨ੍ਹਾਂ ਦਾ ਕਮਾਇਆ ਹੋਇਆ ਸੰਘਰਸ਼ ਦਾ ਸੱਚ ਜੋ ਜੀਵਨ ਦਾ ਸੱਚ ਹੈ, ਉਨ੍ਹਾਂ ਨਾਲ ਅੰਦੋਲਨ ਦੀ ਸੱਚੀ ਆਤਮਾ ਹੈ, ਨੈਤਿਕਤਾ ਦੀ ਸੁੱਚੀ ਕਮਾਈ ਹੈ। ਪੰਜਾਬੀਆਂ ਦੀਆਂ ਭਾਵਨਾਵਾਂ ਅਤੇ ਸ਼ਬਦਾਂ ਦੇ ਜਲੌਅ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ, ਫ਼ੈਜ਼ ਅਹਿਮਦ ਫ਼ੈਜ਼ ਦੇ ਬੋਲ ਯਾਦ ਆਉਂਦੇ ਹਨ, ‘‘ਫਜ਼ਰ ਹੋਵੇ ਤੇ ਆਖੀਏ ਬਿਸਮਿੱਲਾਹ/ ਅੱਜ ਦੌਲਤਾਂ ਸਾਡੇ ਘਰ ਆਈਆਂ ਨੀ।’’ ਇਹ ਸਾਡੀ ਦਹਾਕਿਆਂ ਤੋਂ ਉਡੀਕੀ ਫਜ਼ਰ/ਸਵੇਰ ਹੈ, ਦੌਲਤਾਂ ਸਾਡੇ ਘਰ ਆਈਆਂ ਹਨ, ਦੌਲਤਾਂ ਤੋਂ ਇੱਥੇ ਮਤਲਬ ਧਨ ਨਹੀਂ ਹੈ, ਸੱਜਣਾਂ ਦਾ ਮੁੜਨਾ ਦੌਲਤ ਹੈ, ਉਨ੍ਹਾਂ ਦਾ ਕਮਾਇਆ ਸੱਚ ਅਤੇ ਨੈਤਿਕਤਾ ਸਾਡੀ ਦੌਲਤ ਹੈ। ਸਾਡੀ ਦੌਲਤ ਉਹ ਹੌਸਲਾ ਤੇ ਹਿੰਮਤ ਹੈ ਜੋ ਉਨ੍ਹਾਂ ਨੇ ਦਿਖਾਈ ਅਤੇ ਪੰਜਾਬੀਆਂ ਨੂੰ ਬਖ਼ਸ਼ੀ।

       ਕਿਸਾਨ ਆਗੂਆਂ ਨੇ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਹੋਰ ਸਥਾਨਾਂ ’ਤੇ ਆਪਣੇ ਭਾਸ਼ਣਾਂ ਵਿਚ ਦੁਹਰਾਇਆ ਹੈ ਕਿ ਅੰਦੋਲਨ ਖ਼ਤਮ ਨਹੀਂ ਹੋਇਆ ਹੈ, ਇਹ ਸਹੀ ਪਹੁੰਚ ਹੈ। ਮਿਹਨਤਕਸ਼ਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਅਤੇ ਲੋਕ-ਹਿੱਤਾਂ ਦੇ ਹੋਰ ਮੁੱਦਿਆਂ ਲਈ ਲੜਾਈ ਨੇ ਚੱਲਦੇ ਰਹਿਣਾ ਹੈ। ਆਗੂਆਂ ਨੇ ਇਸ ਤੱਥ ਦੀ ਵੀ ਨਿਸ਼ਾਨਦੇਹੀ ਕੀਤੀ ਹੈ ਕਿ ਮੌਜੂਦਾ ਹਕੂਮਤ ਫ਼ਿਰਕਾਪ੍ਰਸਤ ਅਤੇ ਕਾਰਪੋਰੇਟ-ਪੱਖੀ ਹੈ, ਲੋਕਾਂ ਨੂੰ ਇਸ ਦੀਆਂ ਲੋਕ-ਵਿਰੋਧੀ ਨੀਤੀਆਂ ਵਿਰੁੱਧ ਲੜਨਾ ਪੈਣਾ ਹੈ ਅਤੇ ਲੜਨਾ ਪੈਣਾ ਹੈ ਸਮੁੱਚੀ ਸਿਆਸੀ ਜਮਾਤ ਦੁਆਰਾ ਪੈਦਾ ਕੀਤੀ ਗਈ ਲਾਲਚ, ਰਿਸ਼ਵਤਖੋਰੀ ਅਤੇ ਵੰਡਪਾਊ ਸਿਆਸਤ ਦੇ ਵਿਰੁੱਧ। ਅੰਦੋਲਨ ਦਾ ਇਕ ਪੜਾਅ ਤੈਅ ਹੋਇਆ ਹੈ, ਅੰਦੋਲਨ ਕਦੀ ਖ਼ਤਮ ਨਹੀਂ ਹੁੰਦੇ, ਨਿਆਂ ਲਈ ਯੁੱਧ ਨੇ ਹਮੇਸ਼ਾਂ ਚੱਲਦੇ ਰਹਿਣਾ ਹੈ। ਜ਼ਿੰਦਗੀ ਦੇ ਸਾਊ ਧੀਆਂ-ਪੁੱਤਾਂ ਨੇ ਇਹ ਯੁੱਧ ਲੜਨੇ ਹਨ।

       ਕਿਸਾਨ ਆਗੂਆਂ ਦੀ ਸਹੀ ਨਿਰਣੇ ਲੈਣ ਦੀ ਸਮਰੱਥਾ ਨੇ ਸੰਘਰਸ਼ ਨੂੰ ਜਿੱਤ ਦੀ ਮੰਜ਼ਿਲ ਤਕ ਪਹੁੰਚਾਇਆ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਆਸਾਂ ਤੇ ਉਮੀਦਾਂ ਦਾ ਇਕ ਨਵਾਂ ਸੰਸਾਰ ਪੈਦਾ ਕੀਤਾ ਹੈ। ਪੰਜਾਬੀਆਂ ਨੂੰ ਆਸ ਹੈ ਕਿ ਉਹ (ਕਿਸਾਨ ਆਗੂ) ਉਨ੍ਹਾਂ ਨੂੰ ਉਸ ਭਵਿੱਖ, ਜਿਸ ਦੇ ਸੁਪਨੇ ਸਿਆਸੀ ਆਗੂ ਦਿਖਾਉਂਦੇ ਰਹਿੰਦੇ ਹਨ, ਤੋਂ ਵੱਖਰੇ ਭਵਿੱਖ ਵੱਲ ਲੈ ਕੇ ਜਾਣਗੇ, ਉਹ ਭਵਿੱਖ ਇਸ ਸੰਘਰਸ਼ ਤੋਂ ਉਪਜੇ ਸੱਚ, ਪ੍ਰੇਮ ਅਤੇ ਸਾਂਝੀਵਾਲਤਾ ਤੋਂ ਰੌਸ਼ਨ ਹੋਵੇਗਾ, ਉਹ ਭਵਿੱਖ ਇਹ ਪਛਾਣੇਗਾ ਕਿ ਜ਼ਿੰਦਗੀ ਆਪਣੇ ਹੱਕਾਂ ਲਈ ਲੜਨ ਵਿਚ ਪਈ ਹੈ, ਉਹ ਭਵਿੱਖ ਸੌੜੀਆਂ ਸੋਚਾਂ ਅਤੇ ਲਾਲਚ ਵਿਚ ਰੰਗਿਆ ਨਹੀਂ ਹੋਵੇਗਾ, ਉਹ ਸਾਂਝੀਵਾਲਤਾ, ਸੰਘਰਸ਼, ਸਰਬੱਤ ਦੇ ਭਲੇ ਅਤੇ ਪ੍ਰੇਮ ਦੀ ਰਾਹ ’ਤੇ ਤੁਰਨ ਦਾ ਭਵਿੱਖ ਹੋਵੇਗਾ। ਪੰਜਾਬ ਨਵੇਂ ਭਵਿੱਖ ਦੀ ਰਾਹ ਤੱਕ ਰਿਹਾ ਹੈ।