ਕੁਸ਼ਾਲੀ ਦਹੀਆ - ਡਾ. ਹਰਸ਼ਿੰਦਰ ਕੌਰ

ਦਗ਼-ਦਗ਼ ਕਰਦਾ ਚਿਹਰਾ, ਗੋਰਾ ਚਿੱਟਾ ਰੰਗ ਤੇ ਪਿਆਰੀ ਜਿਹੀ ਮੁਸਕਾਨ ਵੇਖ ਪਿਤਾ ਨੇ ਆਪਣੇ ਨਵਜੰਮੇਂ ਪੁੱਤਰ ਦਾ ਨਾਂ ਕੁਸ਼ਲ ਰੱਖ ਦਿੱਤਾ ਸੀ। ਮਾਂ ਆਪਣੇ ਨਿੱਕੇ ਪੁੱਤਰ ਨੂੰ 'ਕੁਸ਼ਾਲੀ' ਕਹਿ ਕੇ ਸੱਦਦੀ ਸੀ। ਉਦੋਂ ਮਾਪਿਆਂ ਨੂੰ ਕਿਆਸ ਹੀ ਨਹੀਂ ਸੀ ਕਿ ਉਨ੍ਹਾਂ ਦਾ ਪੁੱਤਰ ਇਤਿਹਾਸ ਵਿਚ ਕੁੱਝ ਅਜਿਹਾ ਦਰਜ ਕਰਵਾਏਗਾ ਜਿਸ ਨੂੰ ਹਰ ਧਰਮ ਤੇ ਹਰ ਵਰਗ ਦਾ ਬੰਦਾ ਪੜ੍ਹ ਕੇ ਉਸ ਅੱਗੇ ਨਤਮਸਤਕ ਹੋ ਜਾਇਆ ਕਰੇਗਾ।
ਆਪਣੇ ਕੰਮ ਦੇ ਸਿਲਸਿਲੇ ਵਿਚ ਕੁਸ਼ਾਲੀ ਦੇ ਪਿਤਾ ਨਾਹਰੀ ਪਿੰਡ ਤੋਂ ਟੱਬਰ ਸਮੇਤ ਗੜ੍ਹੀ ਪਿੰਡ ਵਿਚ ਆ ਕੇ ਰਹਿਣ ਲੱਗ ਪਏ ਜੋ ਦਿੱਲੀ ਤੋਂ ਵੀਹ ਮੀਲ ਦੂਰ ਸੀ। ਨਾਹਰੀ ਪਿੰਡ ਵਿਚ ਦਹੀਆ ਬਿਰਾਦਰੀ ਵੱਸਦੀ ਸੀ।
ਉਹ ਦਹੀਆ ਟੱਬਰ ਆਪਣੀ ਲਗਨ ਤੇ ਮਿਹਨਤ ਨਾਲ ਗੜ੍ਹੀ ਪਿੰਡ ਵਿਚ ਘਰ ਬਣਾ ਕੇ ਸਭਨਾਂ ਨਾਲ ਮਿਲ ਜੁਲ ਕੇ ਰਹਿਣ ਵਾਲਾ ਸੀ। ਇਹੀ ਕਾਰਨ ਸੀ ਕਿ ਕੁਸ਼ਾਲੀ ਵੀ ਸਭ ਦਾ ਹਰਮਨ ਪਿਆਰਾ ਬੱਚਾ ਬਣ ਗਿਆ ਸੀ। ਲਾਡਲਾ ਕੁਸ਼ਾਲੀ ਹਰ ਕਿਸੇ ਦਾ ਕੰਮ ਕਰ ਕੇ ਖ਼ੁਸ਼ੀ ਮਹਿਸੂਸ ਕਰਦਾ ਸੀ। ਸੱਚਾ ਸੁੱਚਾ ਤੇ ਈਮਾਨਦਾਰ ਗਭਰੂ ਬਣਨ ਬਾਅਦ ਹੌਲੀ ਹੌਲੀ ਉਸ ਦਾ ਝੁਕਾਓ ਸਿੱਖ ਧਰਮ ਵੱਲ ਹੋ ਗਿਆ। ਉਸ ਨੂੰ ਲੱਗਦਾ ਸੀ ਕਿ ਜਿਵੇਂ ਮੈਂ ਸੱਚ ਅਤੇ ਹੱਕ ਦੀ ਆਵਾਜ਼ ਬੁਲੰਦ ਕਰਦਾ ਹਾਂ, ਉਵੇਂ ਹੀ ਗੁਰੂ ਤੇਗ਼ ਬਹਾਦਰ ਜੀ ਸਭ ਦੇ ਭਲੇ ਦੀ ਅਰਦਾਸ ਕਰਵਾਉਂਦੇ ਹਨ ਅਤੇ ਸਭਨਾਂ ਨੂੰ ਹੱਕਾਂ ਲਈ ਜਾਗ੍ਰਿਤ ਵੀ ਕਰਦੇ ਹਨ। ਗੁਰੂ ਸਾਹਿਬ ਵੱਲੋਂ ਮਨੁੱਖੀ ਅਧਿਕਾਰਾਂ ਲਈ ਚੁੱਕੀ ਆਵਾਜ਼ ਤੇ ਸਭ ਧਰਮਾਂ ਪ੍ਰਤੀ ਮਾਨਵਤਾ-ਪੱਖੀ ਸੋਚ ਨੇ ਕੁਸ਼ਲ ਨੂੰ ਗੁਰੂ ਘਰ ਨਾਲ ਪੱਕੀ ਤਰ੍ਹਾਂ ਜੋੜ ਦਿੱਤਾ।
ਸਿੱਖ ਧਰਮ ਨਾਲ ਹੌਲੀ-ਹੌਲੀ ਕੁਸ਼ਲ ਦਹੀਆ ਏਨਾ ਜੁੜ ਗਿਆ ਕਿ ਲੋਕ ਉਸ ਨੂੰ ਭਾਈ ਕੁਸ਼ਲ ਦੇ ਨਾਂ ਨਾਲ ਹੀ ਸੱਦਣ ਲੱਗ ਪਏ। ਜੋ ਦ੍ਰਿੜਤਾ ਤੇ ਬਹਾਦਰੀ ਦੇ ਸਬਕ ਗੁਰੂ ਤੇਗ਼ ਬਹਾਦਰ ਜੀ ਦੀ ਛੱਤਰ ਛਾਇਆ ਹੇਠ ਸਿੱਖਣ ਨੂੰ ਮਿਲੇ, ਭਾਈ ਕੁਸ਼ਲ ਨੇ ਆਪਣੇ ਪੁੱਤਰ ਦਾ ਨਾਂ ਹੀ 'ਬਹਾਦਰ' ਰੱਖ ਦਿੱਤਾ। ਦੋਵੇਂ ਕੇਸਾਧਾਰੀ ਬਣ ਚੁੱਕੇ ਹੋਏ ਸਨ।
ਹੌਲੀ-ਹੌਲੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਪ੍ਰਤਿਭਾ ਦੀ ਰੌਸ਼ਨੀ ਚੁਫ਼ੇਰੇ ਫੈਲ ਗਈ ਤਾਂ ਹਾਕਮਾਂ ਦੀਆਂ ਅੱਖਾਂ ਦੀ ਰੜਕ ਬਣਨੀ ਹੀ ਸੀ। ਅਖ਼ੀਰ ਉਹ ਸਮਾਂ ਵੀ ਆਇਆ ਜਦੋਂ ਕਸ਼ਮੀਰੀ ਪੰਡਤਾਂ ਨੇ ਆਪਣੇ ਉੱਤੇ ਹੁੰਦੇ ਔਰੰਗਜ਼ੇਬ ਦੇ ਜ਼ੁਲਮਾਂ ਵਿਚ ਠੱਲ ਪਾਉਣ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਲ ਆ ਕੇ ਅਰਜ਼ੋਈ ਕੀਤੀ ਕਿ ਉਹ ਹੀ ਉਨ੍ਹਾਂ ਦੀ ਅਗਵਾਈ ਕਰਨ ਅਤੇ ਉਨ੍ਹਾਂ ਨੂੰ ਬਚਾਉਣ।
    

ਜੋ ਉਸ ਤੋਂ ਬਾਅਦ ਵਾਪਰਿਆ, ਉਹ ਇੱਕ ਪਾਸੇ ਜ਼ੁਲਮ ਦਾ ਵਾ-ਵਰੋਲਾ ਸੀ ਤੇ ਦੂਜੇ ਪਾਸੇ ਸਹਿਨਸ਼ੀਲਤਾ ਦੀ ਸਿਖਰ। ਚੁਫ਼ੇਰੇ ਔਰੰਗਜ਼ੇਬ ਦੇ ਜ਼ੁਲਮਾਂ ਨਾਲ ਲੋਕ ਤ੍ਰਾਹ-ਤ੍ਰਾਹ ਕਰ ਉੱਠੇ ਸਨ। ਸਿੰਘਾਂ ਉੱਤੇ ਹੁੰਦੇ ਜ਼ੁਲਮਾਂ ਸਦਕਾ ਅਣਗਿਣਤ ਲੋਕ ਡਰ ਅਤੇ ਸਹਿਮ ਨਾਲ ਘਰਾਂ ਅੰਦਰ ਦੁਬਕ ਗਏ ਸਨ।
ਜ਼ੁਲਮ ਦੀ ਹਨ੍ਹੇਰੀ ਅੱਗੇ ਤਾਂ ਕੋਈ ਹਿੰਮਤ ਵਾਲਾ ਹੀ ਟਿਕ ਸਕਦਾ ਸੀ। ਇਤਿਹਾਸ ਵਿਚ ਦਰਜ ਹੈ ਕਿ ਗੁਰੂ ਘਰ ਨਾਲ ਜੁੜੇ ਸਿੰਘਾਂ ਨੇ ਵੀ ਉਸ ਸਮੇਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਬੇਮਿਸਾਲ ਸ਼ਹਾਦਤ ਦਿੱਤੀ। ਹਰ ਜਣਾ ਸਵਾ ਲੱਖ ਦੇ ਬਰਾਬਰ ਹੋ ਨਿਬੜਿਆ।
ਅਖ਼ੀਰ ਉਹ ਕਾਲੀ ਘੜੀ ਵੀ ਆਈ ਜਦੋਂ ਖ਼ੂਨੀ ਤੇਗ਼ ਨੇ ਹਿੰਦ ਦੀ ਚਾਦਰ ਦੇ ਸੀਸ ਉੱਤੇ ਵਾਰ ਕੀਤਾ। ਉਸ ਸਮੇਂ ਪੂਰੀ ਕਾਇਨਾਤ ਕੰਬੀ। ਏਨੀ ਤਗੜੀ ਹਨ੍ਹੇਰੀ ਵਗੀ ਕਿ ਕਿਸੇ ਨੂੰ ਕੁੱਝ ਵੀ ਦਿਸਣਾ ਬੰਦ ਹੋ ਗਿਆ। ਅਜਿਹੇ ਮੌਕੇ ਦਾ ਫ਼ਾਇਦਾ ਚੁੱਕ ਕੇ ਭਾਈ ਜੀਵਨ ਸਿੰਘ (ਜੈਤਾ) ਨੇ ਜਾਨ ਦੀ ਪਰਵਾਹ ਨਾ ਕਰਦਿਆਂ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਸੀਨੇ ਨਾਲ ਲਾ ਲਿਆ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਾਤਾ ਗੁਜਰੀ ਜੀ ਤੇ ਬਾਲ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਣ ਨੂੰ ਨਿਕਲ ਪਿਆ।
ਉਸ ਸਮੇਂ ਖ਼ੂਨੀ ਹਕੂਮਤ ਵੱਲੋਂ ਜ਼ਾਲਮ ਔਰੰਗਜ਼ੇਬ ਦਾ ਫਰਮਾਨ ਜਾਰੀ ਹੋ ਚੁੱਕਿਆ ਸੀ ਕਿ ਸਿੱਖਾਂ ਦੇ ਗੁਰੂ ਦੇ ਸੀਸ ਦੀ ਤੇ ਧੜ ਦੀ ਬੇਅਦਬੀ ਕੀਤੀ ਜਾਵੇਗੀ। ਅਜਿਹਾ ਹੁਕਮ ਬਰਦਾਸ਼ਤ ਕਰਨਾ ਵੀ ਸੌਖਾ ਸੀ। ਆਮ ਲੋਕਾਂ ਦੇ ਦਿਲ ਦੀ ਧੜਕਨ ਬਣ ਚੁੱਕੇ ਗੁਰੂ ਤੇਗ਼ ਬਹਾਦਰ ਜੀ ਉੱਤੇ ਬਰਪਾਏ ਇਸ ਕਹਿਰ ਸਦਕਾ ਬਹੁਤ ਸਾਰੇ ਲੋਕਾਂ ਦੇ ਮਨਾਂ ਅੰਦਰ ਹਕੂਮਤ ਦੇ ਵਿਰੁੱਧ ਜ਼ਹਿਰ ਭਰ ਗਿਆ। ਪਹਿਲਾਂ ਦੇ ਡਰ ਚੁੱਕੇ ਲੋਕ ਵੀ ਕੁੱਝ ਕਰਨ ਲਈ ਮਨੋਂ ਤਿਆਰ ਹੋਣ ਲੱਗੇ!
ਉਸ ਕਾਲੀ ਬੋਲੀ ਰਾਤ ਨੂੰ ਭਾਈ ਜੈਤਾ ਜੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਲਪੇਟ ਕੇ ਰਾਤ ਕੱਟਣ ਲਈ ਭਾਈ ਕੁਸ਼ਲ ਜੀ ਦੇ ਘਰ ਪਹੁੰਚੇ। ਭਾਈ ਕੁਸ਼ਲ ਜੀ ਦਾ ਸਾਰਾ ਟੱਬਰ ਝਟਪਟ ਭਾਈ ਜੈਤਾ ਜੀ ਦੇ ਠਹਿਰਨ ਦੀ ਤਿਆਰੀ ਵਿਚ ਜੁਟ ਗਿਆ। ਜਿਉਂ ਹੀ ਇਹ ਖ਼ਬਰ ਚੁਫ਼ੇਰੇ ਫੈਲੀ, ਸਾਰਾ ਪਿੰਡ ਉਨ੍ਹਾਂ ਦੇ ਘਰ ਇਕੱਠਾ ਹੋਣ ਲੱਗ ਪਿਆ। ਸਾਰੇ ਹੀ ਸੀਸ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਏਨੇ ਨੂੰ ਖ਼ਬਰ ਮਿਲੀ ਕਿ ਮੁਗ਼ਲ ਫੌਜਾਂ ਸੀਸ ਲੱਭਦੀਆਂ ਪਿੰਡ ਦੇ ਬਾਹਰਵਾਰ ਪਹੁੰਚ ਗਈਆਂ ਸਨ ਤੇ ਪਿੰਡ ਨੂੰ ਘੇਰਨ ਦੀਆਂ ਤਿਆਰੀਆਂ ਵਿਚ ਸਨ।
ਮੌਕੇ ਦੀ ਨਜ਼ਾਕਤ ਵੇਖਦਿਆਂ ਪਿੰਡ ਦੇ ਕੁੱਝ ਸਿਆਣਿਆਂ ਨੇ ਕਿਹਾ ਕਿ ਜੇ ਗੁਰੂ ਸਾਹਿਬ ਦਾ ਸੀਸ ਬਚਾਉਣਾ ਹੈ ਤਾਂ ਉਸ ਦੀ ਥਾਂ ਉਹੋ ਜਿਹਾ ਹੋਰ ਸੀਸ ਰੱਖਣਾ ਪੈਣਾ ਹੈ।
ਇੱਕ ਹੋਰ ਸੀਸ ਦਾ ਮਤਲਬ ਸੀ ਕਿਸੇ ਜੀਊਂਦੇ ਜਾਗਦੇ ਅਜਿਹੇ ਬੰਦੇ ਦਾ ਸੀਸ, ਜਿਸ ਦੀ

ਸ਼ਕਲ ਗੁਰੂ ਸਾਹਿਬ ਨਾਲ ਮਿਲਦੀ ਜੁਲਦੀ ਹੋਵੇ। ਭਾਈ ਕੁਸ਼ਲ ਜੀ ਨੂੰ ਮਾਣ ਪ੍ਰਾਪਤ ਸੀ ਕਿ ਅਨੇਕ ਲੋਕ ਉਨ੍ਹਾਂ ਦੀ ਦਾੜ੍ਹੀ ਤੇ ਪੱਗ ਵਾਲੀ ਸ਼ਕਲ ਨੂੰ ਗੁਰੂ ਸਾਹਿਬ ਨਾਲ ਰਲਦੀ ਮਿਲਦੀ ਆਖਿਆ ਕਰਦੇ ਸਨ।
ਭਾਈ ਕੁਸ਼ਲ ਜੀ ਤਨੋਂ ਮਨੋਂ ਧਨੋਂ ਗੁਰੂ ਘਰ ਨੂੰ ਸਮਰਪਿਤ ਸਨ। ਉਨ੍ਹਾਂ ਦੀ ਪਤਨੀ ਤੇ ਪੁੱਤਰ ਬਹਾਦਰ ਵੀ ਸਿੱਖੀ ਨੂੰ ਪ੍ਰਣਾਏ ਹੋਏ ਸਨ। ਭਾਈ ਕੁਸ਼ਲ ਜੀ ਨੇ ਅੱਖ ਦੇ ਫੋਰ ਵਿਚ ਹੀ ਮਨ ਅੰਦਰ ਫ਼ੈਸਲਾ ਲਿਆ ਤੇ ਕਿਹਾ, ''ਮੇਰੇ ਗੁਰੂ ਨੇ ਦੂਜੇ ਧਰਮ ਦੇ ਲੋਕਾਂ ਦੀ ਰਾਖੀ ਲਈ ਜਾਨ ਵਾਰੀ ਹੈ। ਮੇਰੇ ਵਰਗਾ ਨਿਮਾਣਾ ਸਿੱਖ ਆਪਣੇ ਗੁਰੂ ਲਈ ਤਾਂ ਜਾਨ ਵਾਰ ਹੀ ਸਕਦਾ ਹੈ!''
ਚੁਫ਼ੇਰੇ ਚੁੱਪ ਪਸਰ ਗਈ ਤੇ ਪਿੰਡ ਦੇ ਲੋਕ ਅੱਖਾਂ ਟੱਡ ਕੇ ਭਾਈ ਕੁਸ਼ਲ ਜੀ ਵੱਲ ਝਾਕਦੇ ਰਹਿ ਗਏ। ਪੁੱਤਰ ਬਹਾਦਰ ਨੇ ਪਿਤਾ ਦੇ ਚਰਨਾਂ ਵਿਚ ਸੀਸ ਝੁਕਾ ਦਿੱਤਾ। ਪਤਨੀ ਨੇ ਵੀ ਕੁਰਬਾਨੀ ਦੇ ਇਸ ਜਜ਼ਬੇ ਅੱਗੇ ਹੱਥ ਜੋੜ ਦਿੱਤੇ।
ਘਰ-ਬਾਰ, ਟੱਬਰ, ਨਾਮਲੇਵਾ, ਕੰਮ-ਕਾਰ ਆਦਿ ਕਿਸੇ ਵੀ ਗੱਲ ਦੀ ਪ੍ਰਵਾਹ ਕੀਤੇ ਬਗ਼ੈਰ ਸਿੱਖੀ ਸੋਚ ਨੂੰ ਪ੍ਰਣਾਏ ਭਾਈ ਕੁਸ਼ਲ ਜੀ ਨੂੰ ਪਤਾ ਸੀ ਕਿ ਸਿੱਖ ਧਰਮ ਜ਼ਿੰਦਗੀ ਨਾਲ ਮੋਹ ਨਹੀਂ ਰੱਖਦਾ। ਸਿੱਖ ਤਾਂ ਮੌਤ ਲਾੜੀ ਨਾਲ ਵਿਆਹੁਣ ਨੂੰ ਕਾਹਲਾ ਹੁੰਦਾ ਹੈ ਤੇ ਮੌਤ ਨੂੰ ਮਿਸਾਲੀ ਬਣਾਉਣ ਲਈ ਤਤਪਰ ਰਹਿੰਦਾ ਹੈ।
ਮੁਗ਼ਲ ਫੌਜਾਂ ਪਿੰਡ ਅੰਦਰ ਵੜਨੀਆਂ ਸ਼ੁਰੂ ਹੋ ਚੁੱਕੀਆਂ ਸਨ। ਤੁਰੰਤ ਸ਼ਹੀਦੀ ਦੀ ਲੋੜ ਸੀ। ਭਾਈ ਜੈਤਾ ਜੀ ਨੇ ਫੌਰਨ ਗੁਰੂ ਸਾਹਿਬ ਦਾ ਸੀਸ ਲੈ ਕੇ ਉੱਥੋਂ ਨਿਕਲ ਕੇ ਆਨੰਦਪੁਰ ਸਾਹਿਬ ਵਲ ਚਾਲੇ ਪਾ ਦਿੱਤੇ।
ਪੂਰੇ ਪਿੰਡ ਨੇ ਭਾਈ ਕੁਸ਼ਲ ਜੀ ਦੇ ਫ਼ੈਸਲੇ ਦਾ ਸੁਆਗਤ ਕੀਤਾ। ਪੁੱਤਰ ਬਹਾਦਰ ਨੂੰ ਭਾਈ ਕੁਸ਼ਲ ਜੀ ਨੇ ਅੰਦਰੋਂ ਤੇਗ਼ ਲਿਆਉਣ ਲਈ ਕਿਹਾ। ਸਾਰੇ ਟੱਬਰ ਨੇ ਅਰਦਾਸ ਕੀਤੀ ਤੇ ਭਾਈ ਕੁਸ਼ਲ ਜੀ ਜ਼ਮੀਨ ਉੱਤੇ ਹੱਥ ਜੋੜ ਅੱਖਾਂ ਬੰਦ ਕਰ ਕੇ ਬਹਿ ਗਏ ਅਤੇ ਬੋਲੇ, ''ਹੇ ਸੱਚੇ ਪਾਤਸ਼ਾਹ, ਇਸ ਨਿਮਾਣੇ ਸਿੱਖ ਦਾ ਸੀਸ ਪ੍ਰਵਾਨ ਕਰਨਾ। ਆਪ ਜੀ ਦੇ ਸੀਸ ਦੀ ਥਾਂ ਆਪਣਾ ਸੀਸ ਰਖਵਾਉਣ ਦੀ ਹਿਮਾਕਤ ਕਰ ਰਿਹਾ ਹਾਂ ਤਾਂ ਜੋ ਆਪ ਜੀ ਦੇ ਸੀਸ ਦਾ ਨਿਰਾਦਰ ਨਾ ਹੋਵੇ। ਇਹ ਭੇਟਾ ਕਬੂਲ ਕਰਨਾ ਜੀ। ਕੋਈ ਗ਼ਲਤੀ ਹੋ ਗਈ ਹੋਵੇ ਤਾਂ ਖ਼ਿਮਾ ਕਰਨਾ।''
ਝੱਟ ਪੁੱਤਰ ਨੂੰ ਹੁਕਮ ਦਿੱਤਾ ਕਿ ਮੇਰਾ ਸਿਰ ਧੜ ਤੋਂ ਅਲੱਗ ਕਰ ਕੇ ਮੁਗ਼ਲ ਫੌਜੀਆਂ ਨੂੰ ਗੁਰੂ ਸਾਹਿਬ ਦਾ ਸੀਸ ਦੱਸ ਕੇ ਉਨ੍ਹਾਂ ਦੇ ਹਵਾਲੇ ਕਰ ਦੇਣਾ।
ਪੁੱਤਰ ਬਹਾਦਰ ਨੇ ਹੱਥ ਜੋੜ ਪਿਤਾ ਦਾ ਆਖਾ ਮੰਨਦਿਆਂ, ਅੱਖਾਂ ਵਿੱਚੋਂ ਬਾਹਰ ਆਉਂਦੇ ਹੰਝੂਆਂ ਨੂੰ ਪੂਰੀ ਤਰ੍ਹਾਂ ਰੋਕ, ਵਾਹਿਗੁਰੂ ਬੋਲਦਿਆਂ ਤੇਗ਼ ਲਹਿਰਾਈ ਤੇ ਪਲ ਵਿਚ ਸਾਹਮਣੇ ਧਰਤੀ ਉੱਤੇ ਹੱਥ ਜੋੜ ਕੇ ਸ਼ਾਂਤ ਚਿਤ ਗੁਰੂ ਨੂੰ ਧਿਆਉਂਦੇ ਪਿਤਾ ਕੁਸ਼ਲ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ।
ਇਸ ਕੁਰਬਾਨੀ ਨੂੰ ਸੁਣ ਪਿੰਡ ਦਾ ਇੱਕ ਵੀ ਘਰ ਅਜਿਹਾ ਨਹੀਂ ਸੀ ਜਿਸ ਦੀਆਂ ਅੱਖਾਂ ਵਿੱਚੋਂ ਹੰਝੂ ਨਾ ਵਗੇ ਹੋਣ।
ਮਾਂ ਦਾ ਲਾਡਲਾ 'ਕੁਸ਼ਾਲੀ'' ਕਦੋਂ ਭਾਈ ਕੁਸ਼ਲ ਬਣਿਆ, ਪਤਾ ਹੀ ਨਹੀਂ ਸੀ ਲੱਗਿਆ। ਸੀਸ ਭੇਟ ਕਰਦੇ ਸਾਰ ਭਾਈ ਕੁਸ਼ਲ ਪੂਰੇ ਪਿੰਡ ਦਾ ''ਸਾਡਾ ਕੁਸ਼ਾਲੀ'' ਬਣ ਗਿਆ ਸੀ।
ਮੁਗ਼ਲ ਫੌਜੀਆਂ ਨੂੰ ਭਾਈ ਕੁਸ਼ਲ ਦਾ ਸੀਸ ਫੜਾ ਦਿੱਤਾ ਗਿਆ ਤੇ ਉਸ ਸੀਸ ਨੂੰ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਮੰਨ, ਨੇਜ਼ੇ ਉੱਤੇ ਟੰਗ ਮੁਗ਼ਲਾਂ ਨੇ ਰੱਜ ਕੇ ਬੇਅਦਬੀ ਵੀ ਕੀਤੀ।
ਪੂਰਾ ਪਿੰਡ ਭਾਈ ਕੁਸ਼ਲ ਜੀ ਦੇ ਘਰ ਅੱਗੇ ਨਤਮਸਤਕ ਹੋਇਆ। ਅਜਿਹੀ ਬੇਮਿਸਾਲੀ ਕੁਰਬਾਨੀ ਕੋਈ ਸੱਚਾ ਤੇ ਨਿਡਰ ਯੋਧਾ ਹੀ ਦੇ ਸਕਦਾ ਸੀ ਜੋ ਸਿੱਖੀ ਸੋਚ ਨੂੰ ਸਹੀ ਮਾਅਣਿਆਂ ਵਿਚ ਪ੍ਰਣਾਇਆ ਹੋਵੇ ਤੇ ਦੁਨਿਆਵੀ ਮੌਤ ਤੋਂ ਦੂਰ ਹੋ ਚੁੱਕਿਆ ਹੋਵੇ।
ਗੜ੍ਹੀ ਪਿੰਡ ਦੇ ਲੋਕਾਂ ਨੇ ਭਾਈ ਕੁਸ਼ਲ ਜੀ ਦਾ ਸਤਿਕਾਰ ਕਰਦਿਆਂ ਪਿੰਡ ਦਾ ਨਾਂ ਹੀ 'ਕੁਸ਼ਲ ਗੜ੍ਹੀ' ਰੱਖ ਦਿੱਤਾ। ਨਾਹਰੀ ਪਿੰਡ ਦੇ 'ਦਹੀਆ' ਭੈਣ ਭਰਾ ਵੀ ਭਾਈ ਕੁਸ਼ਲ ਜੀ ਦੀ ਜੱਦੀ ਥਾਂ ਤੋਂ ਉੱਥੇ ਪਹੁੰਚ ਉਨ੍ਹਾਂ ਦੇ ਘਰ ਅੱਗੇ ਨਤਮਸਤਕ ਹੋਏ। ਹਰ ਜਣਾ 'ਸਾਡਾ ਕੁਸ਼ਾਲੀ' ਕਹਿੰਦਿਆਂ ਆਪਣੇ ਪੁੱਤਰ ਧੀਆਂ ਨੂੰ ਬਹਾਦਰੀ ਦੇ ਪਾਠ ਪੜ੍ਹਾਉਣ ਲੱਗਾ।
ਨਤੀਜਾ ਇਹ ਹੋਇਆ ਕਿ ਮੁਗ਼ਲਾਂ ਦੀ ਦਰਿੰਦਗੀ ਵਿਰੁੱਧ ਪਿੰਡ ਵਿੱਚੋਂ ਅਨੇਕ ਹੋਰ ਘਰ ਗੁਰੂ ਘਰ ਨਾਲ ਜੁੜ ਗਏ।
ਅਗਲੀਆਂ ਪੁਸ਼ਤਾਂ ਨੇ ਖਾਲਸਾ ਸਿਰਜਦਿਆਂ ਵੇਖਿਆ ਤਾਂ ਪੂਰੇ ਪਿੰਡ ਨੇ ਹੀ ਭਾਈ ਕੁਸ਼ਲ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਪਿੰਡ ਦਾ ਨਾਂ 'ਬਡ ਖਾਲਸਾ' ਰੱਖ ਦਿੱਤਾ। ਇਹ ਪਿੰਡ ਹੁਣ ਸੋਨੀਪਤ, ਹਰਿਆਣਾ ਵਿਚ ਹੈ।
11 ਨਵੰਬਰ ਸੰਨ 1675 ਨੂੰ ਵਾਪਰੀ ਇਸ ਘਟਨਾ ਨੇ ਪਿੰਡ ਵਿੱਚੋਂ ਅੱਗੋਂ ਅਨੇਕ ਬਹਾਦਰ ਪੁੱਤਰ ਪੈਦਾ ਕੀਤੇ ਜਿਨ੍ਹਾਂ ਦੇਸ ਲਈ ਜਾਨਾਂ ਵਾਰੀਆਂ ਤੇ ਆਜ਼ਾਦੀ ਦੀ ਜੰਗ ਵਿਚ ਵੀ ਕੁਰਬਾਨੀਆਂ ਦਿੱਤੀਆਂ।
ਬਡਖਾਲਸਾ ਪਿੰਡ ਵਿਚਲੀ ਦਹੀਆ ਬਿਰਾਦਰੀ ਨਾਲ ਅੱਜ ਵੀ ਗੱਲ ਕਰ ਕੇ ਵੇਖੀਏ ਤਾਂ ਉਹ ਸ਼ਾਨ ਨਾਲ ਸਿਰ ਉੱਚਾ ਕਰ ਕੇ, ਛਾਤੀ ਉੱਤੇ ਹੱਥ ਰੱਖ ਕੇ ''ਹਮਾਰਾ ਕੁਸ਼ਾਲੀ ਦਹੀਆ'' ਕਹਿੰਦਿਆਂ ਮਾਣ ਮਹਿਸੂਸ ਕਰਦੇ ਹਨ। ਸਭ ਇੱਕੋ ਗੱਲ ਉੱਤੇ ਬਜ਼ਿੱਦ ਹਨ ਕਿ ਸਾਰੇ ਦਹੀਆ ਭਰਾ ਭੈਣਾਂ ਉਸੇ ਬਹਾਦਰ ਦੇ ਖ਼ਾਨਦਾਨ ਵਿੱਚੋਂ ਹਨ। ਸਾਰੇ ਭਾਈ ਕੁਸ਼ਲ ਜੀ ਨੂੰ ਹੀ ਆਪਣਾ ਵੱਡਾ ਵਡੇਰਾ ਮੰਨਦੇ ਹਨ।
ਉੱਥੇ ਬਣੇ ਸ਼ਾਨਦਾਰ ਗੁਰਦੁਆਰੇ ਪਹੁੰਚੋ ਤਾਂ ਪਿੰਡ ਵਾਸੀ ਪਿਆਰ ਨਾਲ ਗਦਗਦ ਹੋ ਜਾਂਦੇ ਹਨ ਤੇ ਚੰਗੀ ਆਓ ਭਗਤ ਕਰਦੇ ਹਨ।
ਇਸ ਸ਼ਹਾਦਤ ਨੂੰ ਯਾਦ ਰੱਖਣ ਅਤੇ ਅਗਲੀ ਪੁਸ਼ਤ ਤੱਕ ਇਤਿਹਾਸ ਪਹੁੰਚਾਉਣਾ ਤਾਂ ਸਾਡਾ ਜ਼ਿੰਮਾ ਹੈ ਹੀ, ਪਰ ਅਸਲ ਨੁਕਤਾ ਇਹ ਹੈ ਕਿ ਕੀ ਇਸ ਤਰ੍ਹਾਂ ਦੀਆਂ ਸ਼ਹਾਦਤਾਂ ਦੇ ਇਤਿਹਾਸ ਵਿੱਚੋਂ ਅਸੀਂ ਕੁੱਝ ਸਿੱਖਿਆ ਹੈ? ਕੀ ਗੁਰੂ ਦੇ ਸਿੱਖ ਅਖਵਾਉਂਦੇ ਅਸੀਂ ਸਿਰਫ਼ ਆਪਣੇ ਤਕ ਤਾਂ ਸੀਮਤ ਹੋ ਕੇ ਨਹੀਂ ਰਹਿ ਗਏ?

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783