ਮੌਜੀ ਤੇ ਮੋਹਖੋਰਾ ਮਨੁੱਖ, ਸਵੈਮਾਨੀ ਤੇ ਸੰਜੀਦਾ ਸਾਹਿਤਕਾਰ ਮੋਹਨ ਭੰਡਾਰੀ - ਗੁਰਬਚਨ ਸਿੰਘ ਭੁੱਲਰ

ਮੋਹਨ ਭੰਡਾਰੀ ਦੀ ਜੀਵਨ-ਜੋਤ ਲੰਮੇ ਸਮੇਂ ਤੋਂ ਮੱਧਮ ਪੈਂਦੀ-ਪੈਂਦੀ ਆਖ਼ਰ ਬੁਝ ਗਈ। ਉਹਦੇ ਨਾਲ ਫੋਨ ਰਾਹੀਂ ਗੱਲ ਹੁੰਦੀ ਤਾਂ ਬੋਲ-ਬਾਣੀ ਤੇ ਚਿੱਤ-ਚੇਤਾ ਠੀਕ ਲਗਦੇ। ਪਿਛਲੇ ਸਾਲ ਫ਼ਰਵਰੀ ਵਿਚ ਪੰਜਾਬ ਆਰਟ ਕੌਂਸਲ ਨੇ ਜਦੋਂ ਸਾਨੂੰ ਦੋਵਾਂ ਨੂੰ ‘ਪੰਜਾਬ ਗੌਰਵ’ ਸਨਮਾਨ ਦਿੱਤਾ, ਉਥੇ ਦੇਖਿਆ, ਉਹਨੂੰ ਬੈਠਣ-ਉੱਠਣ ਤੇ ਚੱਲਣ ਵੇਲੇ ਸਹਾਰੇ ਦੀ ਲੋੜ ਪੈਣ ਲੱਗੀ ਸੀ। ਚਲਾਣੇ ਤੋਂ ਥੋੜ੍ਹੇ ਦਿਨ ਪਹਿਲਾਂ ਤੱਕ ਉਹ ਫੋਨ ਫੜ ਕੇ ਗੱਲ ਕਰਦਾ ਸੀ ਤੇ ਗੱਲਬਾਤ ਸਮੇਂ ਵੀ ਕੋਈ ਮਾਨਸਿਕ ਧੁੰਦਲਾਪਨ ਨਹੀਂ ਸੀ ਹੁੰਦਾ। ਉਹ ‘ਪੰਜਾਬੀ ਟ੍ਰਿਬਿਊਨ’ ਦੀਆਂ ਸੁਰਖੀਆਂ ਦੇਖ ਲੈਂਦਾ ਹੋਣ ਬਾਰੇ ਵੀ ਦਸਦਾ। ਉਹਦੀ ਸਾਥਣ ਨਿਰਮਲ ਖ਼ੁਰਾਕ ਘਟਦੀ ਜਾਣ ਦਾ ਤੇ ਸਰੀਰਕ ਕਮਜ਼ੋਰੀ ਵਧਦੀ ਹੋਣ ਦਾ ਜ਼ਿਕਰ ਕਰਦੀ। ਉਹਦਾ ਜਨਮ 17 ਫ਼ਰਵਰੀ 1937 ਦਾ ਸੀ। ਜ਼ਿਲਾ ਸੰਗਰੂਰ ਦਾ ਪਿੰਡ ਬਨਭੌਰਾ। ਮੈਥੋਂ ਉਹ ਉਨੱਤੀ ਦਿਨ ਵੱਡਾ ਸੀ। ਜਦੋਂ ਮੋਹ ਦੇ ਲੋਰ ਵਿਚ ਆਉਂਦਾ, ਤਾਂ ਆਖਦਾ, ‘‘ਉਨੱਤੀ ਤਾਂ ਬਹੁਤ ਵੱਡੀ ਗੱਲ ਹੈ, ਭਾਈ ਸਾਹਿਬ, ਵਡੱਤਣ ਤਾਂ ਇਕ ਦਿਨ ਦੀ ਮਾਣ ਨਹੀਂ ਹੁੰਦੀ!’’ ਮੇਰੇ ਕੋਲ ਉਹਦੀ ਇਸ ਅਪਣੱਤ ਦਾ ਜਵਾਬ ਸੱਤ-ਬਚਨੀਆ ਬਣਨ ਤੋਂ ਬਿਨਾਂ ਹੋਰ ਕੀ ਹੋ ਸਕਦਾ ਸੀ! ਅਜਿਹੇ ਵੇਲੇ ਉਹਦੀਆਂ ਅੱਖਾਂ ਵਿਚ ਸਿੱਲ੍ਹ ਸਿੰਮ ਆਉਂਦੀ। ਉਹ ਅਜਿਹਾ ਮਨੁੱਖ ਸੀ ਜਿਸ ਦੇ ਜਾਣ ਨਾਲ ਅਨੇਕ ਮਿੱਤਰ ਆਪਣੇ ਦਿਲ ਦਾ ਇਕ ਕੋਣਾ ਸੁੰਨਾ ਹੋ ਗਿਆ ਮਹਿਸੂਸ ਕਰਨਗੇ। ਉਹ ਅਜਿਹਾ ਕਹਾਣੀਕਾਰ ਸੀ ਜਿਸ ਨੇ ਇਕ-ਦੋ ਨਹੀਂ, ਅਨੇਕ ਕਹਾਣੀਆਂ ਅਜਿਹੀਆਂ ਲਿਖੀਆਂ ਜੋ ਪੀੜ੍ਹੀਆਂ ਤੱਕ ਪਾਠਕਾਂ ਦਾ ਧਿਆਨ ਖਿਚਦੀਆਂ ਤੇ ਉਹਨਾਂ ਦੀ ਪ੍ਰਸੰਸਾ ਖਟਦੀਆਂ ਰਹਿਣਗੀਆਂ।

        ਉਹਨੇ ਲਿਖਿਆ ਘੱਟ, ਪੜ੍ਹਿਆ ਬਹੁਤਾ। ਉਹ ਇਸ ਕਹਾਵਤ ਵਿਚ ਵਿਸ਼ਵਾਸ ਰਖਦਾ ਸੀ ਕਿ ਜੇ ਲੇਖਕ ਦਸ ਦਿਨ ਨਾ ਲਿਖੇ, ਕੋਈ ਫ਼ਰਕ ਨਹੀਂ ਪੈਂਦਾ ਪਰ ਜੇ ਉਹ ਇਕ ਦਿਨ ਵੀ ਪੜ੍ਹੇ ਨਾ, ਉਹ ਬਹੁਤ ਘਾਟੇ ਵਿਚ ਰਹਿੰਦਾ ਹੈ। ਉਹਨੇ ਗਲਪ ਦੇ ਉਸਤਾਦ ਮੰਨੇ ਜਾਂਦੇ ਬਾਹਰਲੇ ਲੇਖਕ ਲੱਭ-ਲੱਭ ਕੇ ਪੜ੍ਹੇ ਤੇ ਚੇਤੇ ਵਿਚ ਵਸਾਏ। ਉਰਦੂ ਦੇ, ਖਾਸ ਕਰ ਕੇ ਪੰਜਾਬੀ ਪਿਛੋਕੇ ਵਾਲੇ ਗਲਪਕਾਰ ਤਾਂ ਪੜ੍ਹਨੇ ਤੇ ਗੁੜ੍ਹਨੇ ਹੀ ਹੋਏ! ਉਹਨੇ ਸ਼ਹਿਦ ਦੀ ਮੱਖੀ ਵਾਂਗ ਇਹਨਾਂ ਸਾਰੇ ਫੁੱਲਾਂ ਦਾ ਰਸ ਕਣੀ-ਕਣੀ ਕਰ ਕੇ ਆਪਣੀ ਕਹਾਣੀ-ਕਲਾ ਦੇ ਮਖ਼ਿਆਲ ਵਿਚ ਸੰਜੋਇਆ-ਸਮੋਇਆ ਹੋਇਆ ਸੀ। ਕਹਾਣੀ ਦੀ ਸ਼ੁਰੂਆਤ ਕਰਦਿਆਂ ਉਹਨੇ ‘ਮੈਨੂੰ ਟੈਗੋਰ ਬਣਾ ਦੇ, ਮਾਂ’ ਲਿਖੀ। ਪੰਜਾਬੀ ਦਾ ਕੋਈ ਪਾਠਕ ਹੀ ਹੋਵੇਗਾ ਜਿਸ ਨੇ ਇਹ ਕਹਾਣੀ ਪੜ੍ਹੀ ਨਾ ਹੋਵੇ। ਇਸ ਲਈ ਵੀ ਕਿ ਇਹ ਮੁੜ-ਮੁੜ ਸਕੂਲੀ ਪੜ੍ਹਾਈ ਦੀਆਂ ਕਿਤਾਬਾਂ ਵਿਚ ਸ਼ਾਮਲ ਹੁੰਦੀ ਰਹੀ ਹੈ। ਅੱਗੇ ਚੱਲ ਕੇ ਇਹ ਉਹਦੇ ਪਹਿਲੇ ਸੰਗ੍ਰਹਿ ‘ਤਿਲਚੌਲੀ’ ਵਿਚ ਸ਼ਾਮਲ ਹੋਈ। ਇਸ ਕਹਾਣੀ ਦੀ ਪਕਿਆਈ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਉਹਦੇ ਪੰਜਵੇਂ ਕਹਾਣੀ-ਸੰਗ੍ਰਹਿ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਮਗਰੋਂ ਵੀ ਅਨੇਕ ਲੋਕਾਂ ਦੇ ਦਿਲ ਵਿਚ ਉਹਦੀ ਪ੍ਰਤੀਨਿਧ ਕਹਾਣੀ ਇਹੋ ਹੀ ਬਣੀ ਰਹੀ। ਇਸ ਵਿਚ ਘੁਮਿਆਰਾਂ ਦੇ ਮੁੰਡੇ ਦਾ ਪਾਤਰ ਏਨੀ ਕਲਾਕਾਰੀ ਨਾਲ ਉਸਾਰਿਆ ਗਿਆ ਸੀ ਕਿ ਦੇਖ-ਪੜ੍ਹ ਕੇ ਸੰਤ ਸਿੰਘ ਸੇਖੋਂ ਹੈਰਾਨ ਰਹਿ ਗਏ। ਜਦੋਂ ਉਹ ਅਗਲੀ ਵਾਰ ਕਿਤੇ ਮਿਲੇ, ਇਹਨੂੰ ਪੂਰੀ ਗੰਭੀਰਤਾ ਨਾਲ ਸਵਾਲ ਕੀਤਾ, ‘‘ਭੰਡਾਰੀ ਤੂੰ ਘੁਮਿਆਰ ਹੁੰਨੈਂ?’’ ਮੈਂ ਨਹੀਂ ਸਮਝਦਾ, ਉਸ ਕਹਾਣੀ ਦੀ ਇਸ ਤੋਂ ਵੱਡੀ ਕੋਈ ਹੋਰ ਪ੍ਰਸੰਸਾ ਹੋ ਸਕਦੀ ਹੈ!

        ਉਂਜ ਇਕ ਕਹਾਣੀ ਉਹ ਬਹੁਤ ਪਹਿਲਾਂ ਲਿਖ ਚੁੱਕਿਆ ਸੀ। ਇਹ ਪਲੇਠਾ ਸਾਹਿਤਕ ਕਦਮ ਉਹਨੇ ਨੌਵੀਂ ਵਿਚ ਪੜ੍ਹਦਿਆਂ ਹੀ ਕਹਾਣੀ ‘ਅੱਧਵਾਟਾ’ ਲਿਖ ਕੇ ਚੁੱਕ ਲਿਆ ਸੀ। ਕਹਾਣੀ ਲਿਖਣ ਤੋਂ ਵੀ ਵੱਡੀ ਬਹਾਦਰੀ ਇਹ ਕੀਤੀ ਕਿ ਪਿੰਡ ਦੀ ਕੁੜੀ ਦਾ ਨਾਂ ਵੀ ਅਸਲੀ ਲਿਖ ਦਿੱਤਾ ਤੇ ਹੱਥ ਦੀ ਲਿਖੀ ਹੋਈ ਕਹਾਣੀ ਦੇ ਵੀ ਉਹਨੂੰ ਹੀ ਦਿੱਤੀ। ਉਹ ਦਸਦਾ ਸੀ, ‘‘ਮੈਂ ਸ਼ਹੀਦ ਹੁੰਦਾ-ਹੁੰਦਾ ਬਚਿਆ।’’ ਤੇ ਉਹ ਝੁਰਦਾ ਸੀ, ‘‘ਹੁਣ ਤਾਂ ਉਹ ਕਹਾਣੀ ਨਾਇਕਾ ਕੋਲ ਵੀ ਕਿਥੇ ਬਚੀ ਹੋਣੀ ਐ।... ਇਕ ਵਾਰ ਮੈਂ ਅਖ਼ਬਾਰ ਵਿਚ ਲੰਮੀ-ਚੌੜੀ ਇਸ਼ਤਿਹਾਰੀ ਟਿੱਪਣੀ ਵੀ ਛਪਵਾਈ ਸੀ, ‘ਜੇ ਕਿਤੇ ਪੜ੍ਹਦੀ-ਸੁਣਦੀ ਹੋਵੇ ਤਾਂ ਮੇਰੀ ਕਹਾਣੀ ਮੋੜ ਦੇਵੇ।’ ਪਰ ਜੀ ਕਿਥੇ!’’

        ਉਹਨੇ ‘‘ਜਾਨ ਬਚੀ ਔਰ ਲਾਖੋਂ ਪਾਏ’’ ਆਖ ਕੇ ਰੱਬ ਦਾ ਸ਼ੁਕਰ ਕੀਤਾ ਤੇ ਕਹਾਣੀ ਲਿਖਣ ਤੋਂ ਤੋਬਾ ਕਰ ਕੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਉਹਨਾਂ ਵੇਲਿਆਂ ਦੀ ਉਹਦੀ ਇਕ ਕਵਿਤਾ ਦੀਆਂ ਕੁਝ ਸਤਰਾਂ ਤਾਂ ਮੈਨੂੰ ਅੱਜ ਵੀ ਯਾਦ ਹਨ : ਭਾਲ ਥੱਕੇ ਹਾਂ ਬੜਾ, ਤੇਰਾ ਘਰ ਨਹੀਂ ਮਿਲਦਾ। ਤੇਰਾ ਘਰ ਮਿਲਦਾ ਹੈ, ਤਾਂ ਤੂੰ ਘਰ ਨਹੀਂ ਮਿਲਦਾ। ਜੀਹਨੂੰ ਮਿਲਦੈਂ ਤੂੰ ਬੱਸ ਐਵੇਂ ਹੀ ਮਿਲ ਜਾਨੈਂ, ਜੀਹਨੂੰ ਨਹੀਂ ਮਿਲਦਾ, ਉਮਰ ਭਰ ਨਹੀਂ ਮਿਲਦਾ!’’ ਦੇਖੋ, ਉਸ ਕੱਚੀ ਉਮਰ ਵਿਚ ਵੀ ਉਹਦੀ ਕਲਮ ਵਿਚ ਏਨੀ ਪਕਿਆਈ ਹੈ ਸੀ ਕਿ ਇਸ ਕਵਿਤਾ ਨੂੰ ਚਾਹੇ ਪ੍ਰੇਮਿਕਾ ਨਾਲ ਜੋੜ ਲਵੋ ਤੇ ਚਾਹੇ ਰੱਬ ਨਾਲ! ਚੰਗੀ ਗੱਲ ਇਹ ਹੋਈ ਕਿ ਕਵਿਤਾ ਉਹਦੇ ਮਨ ਵਿਚੋਂ ਨਿੱਕਲੀ ਵਿਧਾ ਨਹੀਂ ਸੀ ਸਗੋਂ ਉਹ ਝੱਲ ਸੀ ਜੋ ਉਸ ਉਮਰ ਵਿਚ ਲਗਭਗ ਹਰ ਲੇਖਕ ਨੂੰ ਚੜ੍ਹਦਾ ਹੈ ਤੇ ਕੁਝ ਪਰਪੱਕਤਾ ਆਉਣ ਨਾਲ ਇਹ ਦੌਰਾ ਆਪੇ ਹੀ ਹਟ ਜਾਂਦਾ ਹੈ। ਉਹ ਕਹਾਣੀ ਵੱਲ ਪਰਤ ਆਇਆ ਤੇ ਫੇਰ ਕਹਾਣੀ ਦਾ ਹੀ ਹੋ ਰਿਹਾ।

        ਮੋਹਨ ਜ਼ਿੰਦਗੀ ਦੇ ਵਿਸ਼ਾਲ ਪਿੜ ਵਿਚੋਂ ਛਾਂਟ-ਛਾਂਟ ਕੇ ਵਿਸ਼ੇ ਚੁਣਨ ਦਾ ਉਸਤਾਦ ਸੀ। ਇਹਨਾਂ ਵਿਸ਼ਿਆਂ ਨੂੰ ਉਹ ਸਰਲ ਜ਼ਬਾਨ, ਦਿਲਚਸਪ ਬਿਆਨ, ਸੁਭਾਵਿਕ ਮੋੜਾਂ ਅਤੇ ਸਫਲ ਨਿਭਾਅ ਨਾਲ ਪੇਸ਼ ਕਰਦਾ ਸੀ। ਉਹਦੀ ਸਾਰੀ ਉਮਰ ਡੀ.ਪੀ.ਆਈ. ਦੇ ਦਫ਼ਤਰ ਵਿਚ ਨੌਕਰੀ ਕਰਦਿਆਂ ਲੰਘੀ ਜਿਥੇ ਉਹਦਾ ਵਾਹ ਦੀਨ-ਦੁਖਿਆਰੇ ਅਧਿਆਪਕਾਂ ਤੇ ਕਲਰਕਾਂ ਨਾਲ ਪੈਂਦਾ ਸੀ। ਉਹਦੇ ਬਹੁਤੇ ਪਾਤਰ, ਇਸਤਰੀਆਂ ਵੀ ਅਤੇ ਪੁਰਸ਼ ਵੀ, ਸਮੇਂ ਅਤੇ ਸਮਾਜ ਦੇ ਦਰੜੇ ਤੇ ਪਰੇਸ਼ਾਨੇ ਹੋਏ ਲੋਕ ਹਨ। ਇਕ ਗੱਲ ਬੜੀ ਦਿਲਚਸਪ ਹੈ। ਲੋਕ-ਹਿਤੈਸ਼ੀ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਰਹਿੰਦਿਆਂ ਵੀ ਉਹ ਸਰਗਰਮ ਰਾਜਨੀਤੀ ਤੋਂ, ਲੋਕ-ਹਿਤੈਸ਼ੀ ਰਾਜਨੀਤੀ ਤੋਂ ਵੀ, ਕੋਹਾਂ ਦੂਰ ਰਿਹਾ। ਹਾਂ, ਪੰਜਾਬੀ ਦੇ ਹੱਕੀ ਸਥਾਨ ਲਈ ਲੇਖਕਾਂ ਦੇ ਧਰਨਿਆਂ ਤੇ ਮੁਜ਼ਾਹਰਿਆਂ ਵਿਚ ਉਹ ਪੂਰੇ ਜੋਸ਼ ਤੇ ਸਿਦਕ ਨਾਲ ਸ਼ਾਮਲ ਹੁੰਦਾ। ਇਕ ਵਾਰ ਇਕ ਸੱਜਨ ਨੇ ਪੁੱਛਿਆ, ‘‘ਭੰਡਾਰੀ ਜੀ, ਤੁਸੀਂ ਕਾਂਗਰਸ ਵਿਚ ਹੋ ਜਾਂ ਜਨਤਾ ਪਾਰਟੀ ਵਿਚ? ਸੀ.ਪੀ.ਐਮ. ਵਿਚ ਹੋ ਕਿ ਸੀ.ਪੀ.ਆਈ. ਵਿਚ?’’ ਉਹਦਾ ਉੱਤਰ ਸੀ, ‘‘ਡੀ.ਪੀ.ਆਈ. ਵਿਚ!’’

      ਉਹਦੀ ਇਕ ਆਦਤ ਅਜੀਬ ਸੀ। ਇਹ ਸ਼ਾਇਦ ਉਹਨੂੰ ਛੋਟੀ ਉਮਰੇ ਆਂਢੀਆਂ-ਗੁਆਂਢੀਆਂ ਦੀਆਂ ਚਿੱਠੀਆਂ ਲਿਖ-ਲਿਖ ਪਈ ਸੀ ਜੋ ਸਾਨੂੰ ਸਭ ਨੂੰ ਹੀ ਲਿਖਣੀਆਂ ਪੈਂਦੀਆਂ ਸਨ। ਨਿਆਣੇ ਤੋਂ ਸਿਆਣਾ ਹੋ ਗਿਆ ਪਰ ਉਹਨੇ ਇਹ ਆਦਤ ਛੱਡਣ ਦੀ ਲੋੜ ਨਾ ਸਮਝੀ। ਇਹ ਸੀ ਸਕੂਲ ਵਿਚ ਚਿੱਠੀ ਲਿਖਣੀ ਸਿਖਾਏ ਅਨੁਸਾਰ ਪਹਿਲਾਂ ਆਪ ਹੀ ਚਿੱਠੀ ਲਿਖਾਉਣ ਵਾਲੇ ਦਾ ਸਿਰਨਾਵਾਂ ਲਿਖ ਦੇਣਾ ਅਤੇ ਫੇਰ ਗੁਰਮੁਖੀ ਵਿਚ ‘‘ਯਹਾਂ ਪਰ ਖ਼ੈਰੀਅਤ ਹੈ, ਆਪ ਜੀ ਕੀ ਖ਼ੈਰੀਅਤ ਵਾਹਿਗੁਰੂ ਪਾਸੋਂ ਚਾਹੁੰਦੇ ਹਾਂ, ਸੂਰਤ-ਹਵਾਲ ਯਿਹ ਹੈ ਕਿ...’’ ਲਿਖ ਕੇ ਕਲਮ ਰੋਕਣੀ ਤੇ ਪੁੱਛਣਾ, ‘‘ਹਾਂ ਜੀ, ਦੱਸੋ, ਕੀ ਲਿਖਣਾ ਹੈ?’’ ਮੋਹਨ ਚਿੱਠੀ, ਜੇ ‘ਸੂਰਤ-ਹਵਾਲ’ ਲੰਮਾ ਨਾ ਹੋਵੇ, ਹਮੇਸ਼ਾ ਕਾਰਡ ਉੱਤੇ ਲਿਖਦਾ ਸੀ ਅਤੇ ਸੱਜੇ ਕੋਣੇ ਵਿਚ 3284/1, ਸੈਕਟਰ 44-ਡੀ, ਚੰਡੀਗੜ੍ਹ ਜ਼ਰੂਰ ਲਿਖਦਾ ਸੀ ਤੇ ਨਾਲ ਤਾਰੀਖ਼ ਵੀ ਪਾ ਦਿੰਦਾ ਸੀ। ਜਦੋਂ ਮੈਨੂੰ ਵੀ ਚਿੱਠੀ ਲਿਖਦਾ, ਜੋ ਪੰਜਾਹ ਵਾਰ ਉਹਦੇ ਘਰ ਜਾ ਚੁੱਕਿਆ ਸੀ, ਉਹ ਇਹ ਰੀਤ ਪਾਲਣੀ ਨਹੀਂ ਸੀ ਭੁਲਦਾ। ਮੈਂ ਮਖ਼ੌਲ ਕਰਦਾ, ‘‘ਜੇ ਨਿਰਮਲ ਭਾਬੀ ਕੁਝ ਦਿਨਾਂ ਲਈ ਪੇਕੇ ਗਈ ਹੋਵੇ ਤੇ ਤੂੰ ਉਹਨੂੰ ਚਿੱਠੀ ਲਿਖਣੀ ਹੋਵੇ, ਉਸ ਕਾਰਡ ਦੇ ਉਤਲੇ ਸੱਜੇ ਖੂੰਜੇ ਵਿਚ ਵੀ ਆਪਣਾ ਪੂਰਾ ਪਤਾ ਜ਼ਰੂਰ ਲਿਖੇਂਗਾ!’’ ਸਿੱਟਾ ਇਹ ਹੋਇਆ ਕਿ ਜਿਸ ਪਾਠਕ-ਲੇਖਕ ਨਾਲ ਇਕ ਵਾਰ ਉਹਦੀ ਚਿੱਠੀ ਦੀ ਆਵਾਜਾਈ ਹੋ ਜਾਂਦੀ, ਉਹ ਕਿਸੇ ਕੰਮ ਚੰਡੀਗੜ੍ਹ ਆਉਣ ਵੇਲੇ ਇਹਦਾ ਕਾਰਡ ਦੂਹਰਾ ਕਰ ਕੇ ਜੇਬ ਵਿਚ ਪਾਉਂਦਾ ਅਤੇ ਆਪਣੇ ਪਿਆਰੇ ਕਹਾਣੀਕਾਰ ਦੇ ਦਰਸ਼ਨ ਕਰਨ ਪਹੁੰਚ ਜਾਂਦਾ। ਇਸੇ ਕਾਰਨ ਮੈਂ ਬਹੁਤ ਪਹਿਲਾਂ ਉਹਦੇ ਘਰ ਦਾ ਨਾਂ ‘ਡੇਰਾ ਬਾਬਾ ਮੋਹਨ ਭੰਡਾਰੀ’ ਰੱਖ ਦਿੱਤਾ ਸੀ।

         ਇਸ ਡੇਰੇ ਦੇ ਸਿਰਨਾਵੇਂ ਦੀ ਕਥਾ ਵੀ ਨਿਰਾਲੀ ਸੀ। ਡਾ. ਮਹਿੰਦਰ ਸਿੰਘ ਰੰਧਾਵਾ ਚੰਡੀਗੜ੍ਹ ਦੇ ਚੀਫ਼ ਕਮਿਸ਼ਨਰ ਸਨ। ਜਿਵੇਂ ਸਭ ਜਾਣਦੇ ਹੀ ਹਨ, ਉਹ ਲੇਖਕਾਂ ਤੇ ਕਲਾਕਾਰਾਂ ਦੇ ਬੜੇ ਮਿਹਰਬਾਨ ਕਦਰਦਾਨ ਸਨ। ਚੰਡੀਗੜ੍ਹ ਸਾਹਿਤ ਅਕਾਦਮੀ ਵਿਚ ਮੋਹਨ ਨੇ ਕਹਾਣੀ ਪੜ੍ਹਨੀ ਸੀ ਤੇ ਰੰਧਾਵਾ ਸਾਹਿਬ ਪ੍ਰਧਾਨਗੀ ਲਈ ਬੁਲਾਏ ਹੋਏ ਸਨ। ਉਹ ਇਸ ਮੁੰਡੇ ਨੂੰ ਪਹਿਲੀ ਵਾਰ ਦੇਖ-ਸੁਣ ਰਹੇ ਸਨ। ਕਹਾਣੀ ਉਹਨਾਂ ਨੂੰ ਭਾਅ ਗਈ। ਉਹਨੀਂ ਦਿਨੀਂ ਹੀ ਇਹਦਾ ਕਹਾਣੀ-ਸੰਗ੍ਰਹਿ ‘ਤਿਲਚੌਲ਼ੀ’ ਛਪਿਆ। ਰੰਧਾਵਾ ਸਾਹਿਬ ਦੀ ਨਜ਼ਰੋਂ ਲੰਘਿਆ ਤਾਂ ਉਹਨਾਂ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਤੋਂ ‘ਤਿਲਚੌਲ਼ੀ’ ਨੂੰ ਪਹਿਲਾ ਪੁਰਸਕਾਰ ਵੀ ਦੁਆਇਆ ਤੇ ‘ਤਿਲਚੌਲ਼ੀ’ ਦੇ ਲੇਖਕ ਨੂੰ ਅਕਾਦਮੀ ਦੀ ਐਗ਼ਜ਼ੈਕਟਿਵ ਦਾ ਮੈਂਬਰ ਵੀ ਬਣਵਾਇਆ। ਫੇਰ ਕਿਤੇ ਮਿਲੇ ਤਾਂ ਰੰਧਾਵਾ ਸਾਹਿਬ ਕਹਿੰਦੇ, ‘‘ਤੇਰੇ ਘਰ ਚੱਲਾਂਗੇ ਕਿਸੇ ਦਿਨ।’’

        ਇਹਨੇ ਕਿਹਾ, ‘‘ਸੁਆਹ ਘਰ ਐ ਉਹ! ਬਾਰਾਂ ਟਾਈਪ ਦਾ ਅੱਧਾ ਕੁਆਰਟਰ।’’

       ਉਹ ਝੱਟ ਬੋਲੇ, ‘‘ਲਿਆ ਅਰਜ਼ੀ, ਪੂਰਾ ਕਰ ਦਿਆਂ।’’ ਅਰਜ਼ੀ ਉੱਤੇ ਉਹਨਾਂ ਨੇ ਲਿਖਿਆ, ‘‘ਮੋਹਨ ਭੰਡਾਰੀ ਪੰਜਾਬੀ ਦਾ ਬਹੁਤ ਵਧੀਆ ਕਹਾਣੀਕਾਰ ਹੈ। ਅੱਧੇ ਮਕਾਨ ਵਿਚ ਇਹਦੇ ਲਿਖਣ-ਪੜ੍ਹਨ ਵਿਚ ਵਿਘਨ ਪੈਂਦਾ ਹੈ। ਇਹਨੂੰ ਇਹਦਾ ਬਣਦਾ, ਜਿਸ ਦਾ ਇਹ ਹੱਕਦਾਰ ਹੈ, ਪੂਰਾ ਮਕਾਨ ਅਲਾਟ ਕੀਤਾ ਜਾਵੇ, ਇਹਦੀ ਪਸੰਦ ਦਾ।’’

ਅਰਜ਼ੀ ਲੈ ਕੇ ਇਹ ਦਫ਼ਤਰ ਦੇ ਅਧਿਕਾਰੀ ਕੋਲ ਗਿਆ। ਉਹਨੇ ਅਰਜ਼ੀ ਫੜ ਕੇ ਰੰਧਾਵਾ ਜੀ ਦਾ ਹੱਥੀਂ ਲਿਖਿਆ ਹੁਕਮ ਗਹੁ ਨਾਲ ਪੜ੍ਹਿਆ ਤੇ ਪਤਲੂ ਜਿਹੇ ਮੁੰਡੇ ਨੂੰ ਪਿਆਰ ਨਾਲ ਪੁਚਕਾਰ ਕੇ ਆਖਿਆ, ‘‘ਠੀਕ ਹੈ ਕਾਕਾ, ਤੂੰ ਜਾ, ਭੰਡਾਰੀ ਸਾਹਿਬ ਨੂੰ ਭੇਜ।’’

        ਜਦੋਂ ਰੰਧਾਵਾ ਸਾਹਿਬ ਨੂੰ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦਾ ਵੀਸੀ ਬਣਾਏ ਜਾਣ ਦੀ ਸੋਅ ਮਿਲੀ, ਉਹਨਾਂ ਨੇ ਜਾਂਦਿਆ-ਜਾਂਦਿਆਂ ਵੀ ਕੁਝ ਲੇਖਕਾਂ ਤੇ ਹੋਰਾਂ ਦਾ ਭਲਾ ਕਰਨ ਬਾਰੇ ਸੋਚਿਆ। ਮੋਹਨ ਤੋਂ ਵੀ ਅਰਜ਼ੀ ਮੰਗ ਲਈ ਤੇ ਇਹਨੂੰ 15 ਸੈਕਟਰ ਵਿਚ ਕੋਣੇ ਵਾਲਾ ਇਕ ਪਲਾਟ ਦੁਆ ਦਿੱਤਾ। ਭਾਅ 28 ਰੁਪਏ ਵਰਗ ਗ਼ਜ਼। ਇਹਨੇ ਸ਼ਰਤ ਅਨੁਸਾਰ ਬਿਆਨੇ ਦੇ ਪੈਸੇ ਭਰ ਦਿੱਤੇ। ਰੰਧਾਵਾ ਸਾਹਿਬ ਲੁਧਿਆਣੇ ਚਲੇ ਗਏ। ਇਹ ਬਾਕੀ ਪੈਸੇ ਭਰਨ ਗਿਆ ਤਾਂ ਦਫ਼ਤਰੀਏ ਕਹਿੰਦੇ, ਤਾਰੀਖ਼ ਤੋਂ ਇਕ ਹਫ਼ਤਾ ਪਛੜ ਕੇ ਆਏ ਹੋ, 28 ਦੀ ਥਾਂ 39 ਰੁਪਏ ਦੇ ਹਿਸਾਬ ਚੈੱਕ ਲਿਆਓ। ਇਹਦਾ ਸਵੈਮਾਣ ਗ਼ਲਤ ਮੌਕੇ ਆਕੜ ਵਿਚ ਬਦਲ ਗਿਆ, ‘‘ਗਿਆਰਾਂ ਰੁਪਈਏ ਹੋਰ ਕਾਹਦੇ? ਕਿਉਂ ਦੇਵਾਂ ਮੈਂ ਗਿਆਰਾਂ ਰੁਪਈਏ ਵੱਧ?’’ ਕਲਰਕ ਦੇ ਕਾਰਨ ਦੱਸੇ ਤੋਂ ਇਹਨੇ ਮਨ ਹੀ ਮਨ ਤਾਂ ਗਾਲ਼ਾਂ ਦਿੱਤੀਆਂ, ‘ਸਾਲ਼ੇ ਲੁਟੇਰੇ...ਮੈਨੂੰ ਠੱਗਣ ਨੂੰ ਫਿਰਦੇ ਐ...’, ਪਰ ਬੋਲ ਕੇ ਆਖਿਆ, ‘‘ਮੈਂ ਨਹੀਂ ਦੇਣੇ ਗਿਆਰਾਂ ਰੁਪਈਏ ਵੱਧ! ਚੱਕੋ ਆਬਦਾ ਪਲਾਟ ਤੇ ਐਧਰ ਧਰੋ ਮੇਰਾ ਬਿਆਨਾ!’’ ਜਿਨ੍ਹਾਂ ਕਲਰਕਾਂ ਉੱਤੇ ਲੋਕ ਮਹੀਨਿਆਂ-ਬੱਧੀ ਕੰਮ ਨਾ ਕਰਨ ਦਾ ਦੋਸ਼ ਲਾਉਂਦੇ ਹਨ, ਉਹਨਾਂ ਨੇ ਐਨੀ ਚੁਸਤੀ ਦਿਖਾਈ ਕਿ ਪੰਜ ਮਿੰਟ ਵਿਚ ਇਹਦੇ ਪੈਸੇ ਇਹਦੀ ਹਥੇਲੀ ਉੱਤੇ ਰੱਖ ਦਿੱਤੇ। ਇਹ ਪੈਸੇ ਮੁੜਵਾ ਕੇ ਖ਼ੁਸ਼ ਤੇ ਦਫ਼ਤਰੀਏ ਇਸ ਕਰਕੇ ਖ਼ੁਸ਼ ਕਿ ਉਸ ਪਲਾਟ ਉੱਤੇ ਇਕ ਰਸੂਖ਼ਵਾਨ ਅਧਿਕਾਰੀ ਦੀ ਅੱਖ ਸੀ ਤੇ ਉਹਨੇ ਦਫ਼ਤਰ ਵਾਲਿਆਂ ਨੂੰ ਕਹਿ ਰੱਖਿਆ ਸੀ ਕਿ ਮੋਹਨ ਭੰਡਾਰੀ ਨਾਂ ਦਾ ਬੰਦਾ ਜੇ ਕਿਸੇ ਕਾਰਨ ਪੈਸੇ ਨਾ ਭਰੇ, ਇਹ ਪਲਾਟ ਮੇਰੇ ਨਾਂ ਕਰ ਦੇਣਾ! ਕਮਾਲ ਇਹ ਹੈ ਕਿ ਮਗਰੋਂ ਦੀ ਜ਼ਿੰਦਗੀ ਵਿਚ ਮੋਹਨ ਨੂੰ ਆਪਣੇ ਏਸ ਕਾਰਨਾਮੇ ਦਾ ਮਲਾਲ ਵੀ ਕਦੀ ਨਹੀਂ ਸੀ ਹੋਇਆ।

        ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਕਰਨ ਵਾਲੀ ਉਹਦੀ ਪੁਸਤਕ ‘ਮੂਨ ਦੀ ਅੱਖ’ ਨੂੰ ਪੰਜਾਬੀ ਦੇ ਇਕ ਅਖ਼ਬਾਰ ਨੇ ਇਹ ਖ਼ਬਰ ਛਾਪਣ ਸਮੇਂ ‘ਮਨ ਦੀ ਅੱਖ’ ਲਿਖ ਦਿੱਤਾ। ਪੜ੍ਹ ਕੇ ਲੱਗਿਆ, ਅਖ਼ਬਾਰ ਦੀ ਇਹ ਗ਼ਲਤੀ ਕਿੰਨੀ ਸਹੀ ਹੈ। ਮੋਹਨ ਉਹੋ ਲਿਖਦਾ ਸੀ ਜੋ ਉਹਦੀ ਮਨ ਦੀ ਅੱਖ ਦੇਖਦੀ ਅਤੇ ਦਸਦੀ ਸੀ। ਉਹਨੇ ਕੇਵਲ ਬਾਹਰਲੀਆਂ ਅੱਖਾਂ ਨਾਲ ਦੇਖਿਆ ਹੋਇਆ ਕਦੀ ਨਹੀਂ ਸੀ ਲਿਖਿਆ। ਉਹ ਛੋਟੇ-ਛੋਟੇ, ਸਰਲ-ਸਵਾਹਰੇ ਵਾਕ ਜੋੜ-ਜੋੜ ਕੇ ਕਹਾਣੀ ਸਿਰਜਦਾ ਸੀ। ਕੋਈ ਕਾਹਲ ਨਹੀਂ, ਕੋਈ ਚਲਾਊ ਕੰਮ ਨਹੀਂ। ਇਕ ਕਹਾਣੀ ਨੂੰ ਨਿੰਮਣ ਤੋਂ ਲੈ ਕੇ ਜੰਮਣ ਤੱਕ ਹਫ਼ਤੇ ਵੀ ਲੱਗ ਸਕਦੇ ਸਨ, ਮਹੀਨੇ ਵੀ ਤੇ ਵਰ੍ਹੇ ਵੀ। ਇਉਂ ਮਠਾਰ-ਮਠਾਰ ਕੇ ਲਿਖੀ ਹੋਈ ਕਹਾਣੀ ਉੱਤੇ ਉਹਨੂੰ ਵਾਜਬ ਮਾਣ ਹੁੰਦਾ ਸੀ। ਮੌਲਕ ਰਚਨਾ ਤੋਂ ਇਲਾਵਾ ਉਹਨੇ ਕੁਝ ਪੁਸਤਕਾਂ ਪੰਜਾਬੀ ਵਿਚ ਅਨੁਵਾਦ ਵੀ ਕੀਤੀਆਂ ਤੇ ਕੁਝ ਪੁਸਤਕਾਂ ਦਾ ਸੰਪਾਦਨ ਵੀ ਕੀਤਾ। ਉਹਦੀਆਂ ਆਪਣੀਆਂ ਕਹਾਣੀਆਂ ਦੇ ਅਨੁਵਾਦ ਦੀਆਂ ਹਿੰਦੀ ਵਿਚ ਦੋ ਪੁਸਤਕਾਂ ਛਪੀਆਂ। ਉਹਨੂੰ ਹੱਕੀ ਮਾਣ-ਸਨਮਾਨ ਵੀ ਖਾਸੇ ਮਿਲੇ।

      ਮੋਹਨ ਜਜ਼ਬਾਤੀ ਬੰਦਾ ਸੀ ਜਿਵੇਂ ਹਰੇਕ ਚੰਗਾ ਲੇਖਕ ਹੁੰਦਾ ਹੀ ਹੈ। ਪਾਤਰ ਕੋਈ ਵੀ ਹੋਵੇ, ਉਹਦੇ ਦੁਖ-ਦਰਦ ਨਾਲ ਉਹਦੀ ਅੱਖ ਵਿਚ ਉਹ ਹੰਝੂ ਆ ਲਿਸ਼ਕਦਾ ਸੀ ਜੋ ਉਹਦੀ ਕਹਾਣੀ ਵਾਲੀ ਮੂਨ ਦੀ ਅੱਖ ਵਿਚ ਅਟਕਿਆ ਹੋਇਆ ਸੀ। ਅਸਲ ਵਿਚ ਉਹ ਕੇਵਲ ‘ਮੂਨ ਦੀ ਅੱਖ’ ਪੁਸਤਕ ਵਾਲਾ ਮੋਹਨ ਭੰਡਾਰੀ ਹੀ ਨਹੀਂ ਸੀ, ਮਨੁੱਖ ਵਜੋਂ ਵੀ ਮੂਨ ਦੀ ਅੱਖ ਵਾਲਾ ਮੋਹਨ ਭੰਡਾਰੀ ਸੀ! ਬਾਰਾਂ ਚੋਣਵੀਆਂ ਕਹਾਣੀਆਂ ਦਾ ਆਪਣਾ ਸੰਗ੍ਰਹਿ ‘ਤਣ-ਪੱਤਣ’ ਮੈਨੂੰ ਭੇਟ ਕਰਦਿਆਂ ਉਹਨੇ ਲਿਖਿਆ: ‘‘ਦੋਸਤੀ ਦੇ ਉਸ ਪੜਾਅ ਦੇ ਨਾਂ ਜਿਥੇ ਵਿਸ਼ੇਸ਼ਣਾਂ ਦੀ ਮੁਥਾਜੀ ਨਹੀਂ ਹੁੰਦੀ! ਗੁਰਬਚਨ ਸਿੰਘ ਭੁੱਲਰ ਨੂੰ!’’ ਵਿਸ਼ੇਸ਼ਣਾਂ ਦੀ ਮੁਥਾਜੀ ਤੋਂ ਉੱਚੀ ਉੱਠੀ ਹੋਈ ਦੋਸਤੀ ਵਾਲੇ ਮੌਜੀ ਤੇ ਮੋਹਖੋਰੇ ਮਨੁੱਖ ਅਤੇ ਸਵੈਮਾਨੀ ਤੇ ਸੰਜੀਦਾ ਸਾਹਿਤਕਾਰ ਨੂੰ ਆਖ਼ਰੀ ਵਿਦਾਅ ਕਹਿੰਦਿਆਂ ਦਿਲ ਨੇ ਤਾਂ ਡੁੱਬਣਾ ਹੀ ਹੋਇਆ!

ਸੰਪਰਕ : 8076363058