ਪਿੰਡ ਦੀ ਸੱਥ - ਨਿਰਮਲ ਸਿੰਘ ਕੰਧਾਲਵੀ

ਅੱਜ ਖੁੰਬ ਵਰਗਾ ਦਿਨ ਚੜ੍ਹਿਆ ਸੀ ਤੇ ਏਸੇ ਕਰ ਕੇ ਸਵੇਰੇ ਹੀ ਸੱਥ ਵਿਚ ਕਾਫ਼ੀ ਰੌਣਕ ਸੀ।ਬਸ ਹੁਣ ਕਮੀ ਸੀ ਤਾਂ ਮਾਸਟਰ ਹਕੀਕਤ ਸਿੰਘ ਦੀ ਜਿਸਨੇ ਅਖ਼ਬਾਰ ਪੜ੍ਹਕੇ ਖ਼ਬਰਾਂ ਦਾ ਪਰਸ਼ਾਦ ਵਰਤਾਉਣਾ ਸੀ।ਮਾਸਟਰ ਨੇ ਜਦੋਂ ਦੀ ਸਕੂਟੀ ਲੈ ਲਈ ਸੀ ਇਹਦੀ ਆਵਾਜ਼ ਹੀ ਨਹੀਂ ਸੀ ਆਉਂਦੀ ਸਕੂਟਰ ਦੀ ਭੜੈਂ ਭੜੈਂ ਤਾਂ ਮੀਲ ਤੋਂ ਸੁਣ ਪੈਂਦੀ ਸੀ।
'ਲਓ ਜੀ, ਮਾਹਟਰ ਆ ਗਿਆ ਬਈ' ਲੱਛੂ ਅਮਲੀ ਨੇ ਅੱਖਾਂ 'ਤੇ ਹਥੇਲੀਆਂ ਦਾ ਛੱਪਰ ਬਣਾਉਂਦਿਆਂ ਕਿਹਾ।
'ਆਉ ਜੀ, ਮਾਸਟਰ ਜੀ ਐਧਰ ਬੈਠੋ' ਫੌਜੀ ਕੇਹਰ ਸਿਉਂ ਨੇ ਥੜ੍ਹੇ ਵਲ ਨੂੰ ਇਸ਼ਾਰਾ ਕੀਤਾ।
'ਸੁਣਾਉੇ ਫੇ ਮਾਹਟਰ ਜੀ ਅੱਜ ਦੀਆਂ ਸੁਰਖ਼ੀਆਂ' ਲੰਬੜਾਂ ਦਾ ਫੁੰਮਣ ਸਿੰਘ ਬੋਲਿਆ।
'ਬਸ ਬਈ ਸਤਾਰਾਂ ਦੀਆਂ ਹੋਣ ਵਾਲ਼ੀਆਂ ਚੋਣਾਂ ਦਾ ਈ ਰੌਲੈ ਚਾਰੇ ਪਾਸੇ।ਸਭ ਪਾਰਟੀਆਂ ਲੰਗਰ ਲੰਗੋਟੇ ਕੱਸੀ ਫਿਰਦੀਆਂ।ਲੀਡਰ ਲੋਕ ਇਕ ਦੂਜੇ 'ਤੇ ਤੋਹਮਤਾਂ ਲਾਉਣ ਲਈ ਬੁਰੇ ਦੇ ਘਰ ਤਾਈਂ ਜਾਂਦੇ ਐ''।ਮਾਸਟਰ ਨੇ ਕਿਹਾ।
'ਬਈ ਮਾਹਟਰ ਜੀ, ਊਂ ਜਿਹੜੇ ਗਿੱਟੇ ਵਿਰੋਧੀਆਂ ਦੇ ਭਗਵੰਤ ਮਾਨ ਭੰਨਦੈ, ਸਹੁਰੀ ਦਾ ਕਮਾਲ ਈ ਕਰ ਦਿੰਦੈ।ਕਈ ਕਈ ਦਿਨ ਤਾਂ ਅਗਲੇ ਜ਼ਖ਼ਮ ਚੱਟਦੇ ਰਹਿੰਦੇ ਐ'' ਲੱਛੂ ਅਮਲੀ ਨੇ ਭਗਵੰਤ ਮਾਨ ਦੀ ਤਾਰੀਫ਼ ਕੀਤੀ।
'ਮਾਹਟਰ ਜੀ ਸੁਣਿਐ ਕਿ ਆਪਣੇ ਕੈਪਟਨ ਨੂੰ ਕੈਨੇਡਾ 'ਚ ਉੱਥੋਂ ਦੀ ਸਰਕਾਰ ਨੇ ਚੋਣ ਰੈਲੀਆਂ ਰੂਲੀਆਂ ਕਰਨ ਈ ਨਹੀਂ ਦਿੱਤਆਂ।ਉਹ ਕਹਿੰਦੇ ਕਿ ਅਸੀਂ ਬਾਹਰੋਂ ਆਏ ਹੋਏ ਕਿਸੇ ਲੀਡਰ ਨੂੰ ਆਪਣੇ ਮੁਲਕ 'ਚ ਖੱਪ ਨਹੀਂ ਪਾਉਣ ਦੇਣੀ, ਇਹਦੇ ਬਾਰੇ ਦੱਸੋ ਜੀ ਕੁਸ਼'। ਫੌਜੀ ਨੇ ਬੇਨਤੀ ਕੀਤੀ।
'ਬਈ ਕੈਨੇਡਾ ਬੜਾ ਸੱਭਿਅਕ ਮੁਲਕ ਐ, ਉਹ ਹਰ ਕੰਮ ਕਾਨੂੰਨ ਨਾਲ਼ ਕਰਦੇ ਐ।ਸਾਡੇ ਵਾਂਗ ਥੋੜ੍ਹੀ ਐ ਕਿ ਕਾਨੂੰਨ ਨੂੰ ਮੋਮ ਦਾ ਨੱਕ ਬਣਾਇਆ ਹੋਇਐ ਕਿ ਪੈਸੇ ਨਾਲ਼, ਸਿਫ਼ਾਰਸ਼ ਨਾਲ਼ ਜਿਧਰ ਨੂੰ ਮਰਜ਼ੀ ਮੋੜ ਲਉ। ਬਈ ਨਾਲ਼ੇ ਕਹਿੰਦੇ ਹੁੰਦੇ ਆ ਨਾ ਕਿ ਕੀਤੀਆਂ ਲੱਧੀ ਦੀਆਂ ਪੇਸ਼ ਦੁੱਲੇ ਦੇ ਆਈਆਂ।ਤੁਹਾਨੂੰ ਯਾਦ ਈ ਹੋਣੈ ਜਦੋਂ ਕੁਝ ਦੇਰ ਹੋਈ ਆਪਣੇ ਅਕਾਲੀ ਲੀਡਰਾਂ ਨੂੰ ਕੈਨੇਡਾ ਦੇ ਪ੍ਰਸ਼ਾਸਨ ਨੇ ਮਨ ਆਈਆਂ ਨਹੀਂ ਸਨ ਕਰਨ ਦਿੱਤੀਆਂ ਤਾਂ ਇਹਨਾਂ ਨੇ ਵਾਪਸ ਆਕੇ ਉਹਨਾਂ ਦੇ ਕਾਨੂੰਨ ਅਤੇ ਪ੍ਰਸ਼ਾਸਨ 'ਤੇ ਕਰੜੀ ਨੁਕਤਾਚੀਨੀ ਕੀਤੀ ਸੀ।ਬਸ ਹੁਣ ਕੈਨੇਡਾ ਨੇ ਕਾਨੂੰਨ ਲਾਗੂ ਕਰ ਕੇ ਪੱਕੇ ਜਿੰਦੇ ਲਾ 'ਤੇ ਫੌਜੀ ਸਿਆਂ'।
' ਮਾਹਟਰ ਜੀ ਕਹਿੰਦੇ ਆ ਸਰਕਾਰ 'ਚ ਅਨਾਜ ਦਾ ਬਾਰਾਂ ਹਜਾਰ ਦਾ ਘਪਲਾ ਹੋ ਗਿਐ, ਇਹਦਾ ਕੀ ਚੱਕਰ ਐ ਜੀ' ਲੱਛੂ ਅਮਲੀ ਨੇ ਪੁੱਛਿਆ।
'ਅਮਲੀਆ ਲੈ ਸੁਣ, ਜੇ ਅਮਲੀ ਨੂੰ ਘਰ ਦੇ ਨਸ਼ੇ ਪੱਤੇ ਲਈ ਪੈਸੇ ਨਾ ਦੇਣ ਤਾਂ ਅਮਲੀ ਨੇ ਫੇਰ ਘਰ ਦਾ ਕੋਈ ਭਾਂਡਾ ਟੀਂਡਾ ਵੇਚਣਾ ਈ ਐ'।ਸਾਰੇ ਖਿੜ ਖਿੜ ਕੇ ਹੱਸ ਪਏ ਤੇ ਅਮਲੀ ਵਲ ਦੇਖਣ ਲੱਗੇ। ਲੱਛੂ ਨੂੰ ਲੱਗਿਆ ਕਿ ਮਾਸਟਰ ਨੇ ਉਹਦੇ 'ਤੇ ਵਾਰ ਕਰ ਦਿੱਤਾ ਹੈ।ਉਹਨੇ ਸੱਟ ਖਾਧੇ ਸੱਪ ਵਾਂਗ ਸਿਰੀ ਚੁੱਕੀ ਤੇ ਬੋਲਿਆ, 'ਮਾਹਟਰਾ, ਮੈਂ ਤਾਂ ਅੱਜ ਤਾਈਂ ਕਿਸੇ ਦਾ ਛੰਨਾ ਕੌਲੀ ਘਰ ਨੂੰ ਲਿਆਂਦਾ ਹੀ ਹੋਊ, ਘਰੋਂ ਨੀ ਗੁਆਇਆ ਕੁਸ਼। ਹੁਣ ਵੀ ਵੀਹਾਂ ਤੀਹਾਂ ਦੀ ਭੁੱਕੀ ਖਾ ਕੇ ਤਿੰਨ ਚਾਰ ਸੌ ਦੀ ਦਿਹਾੜੀ ਲਾਉਨਾ' ਲੱਛੂ ਨੇ ਆਪਣੀ ਸਫ਼ਾਈ ਪੇਸ਼ ਕੀਤੀ।
'ਲਛਮਣ ਸਿਆਂ, ਗੁੱਸਾ ਨਾ ਕਰੀਂ ਮੈਂ ਤਾਂ ਇਕ ਮਿਸਾਲ ਦਿੱਤੀ ਸੀ'।
ਮਾਸਟਰ ਦੇ ਮੂੰਹੋਂ ਆਪਣਾ ਪੂਰਾ ਨਾਂ ਲਛਮਣ ਸਿੰਘ ਸੁਣ ਕੇ ਅਮਲੀ ਨੇ ਸਾਰਾ ਗੁੱਸਾ ਥੁੱਕ ਦਿੱਤਾ।
'ਲਉ ਜੀ ਸੁਣੋ, ਆਪਾਂ ਆਪਣੀ ਗੱਲ ਪੂਰੀ ਕਰ ਲਈਏ' ਕਹਿ ਕੇ ਮਾਸਟਰ ਨੇ ਗੱਲ ਦੀ ਕੜੀ ਜੋੜੀ।
''ਬਾਦਲ ਵਿਚਾਰੇ ਫੁੱਲਾਂ ਦੇ ਗ਼ੁਲਦਸਤੇ  ਲੈ ਕੇ ਮੋਦੀ ਕੋਲ਼ ਜਾਂਦੇ ਐ ਜਿਵੇਂ ਮਨਮੋਹਨ ਸਿੰਘ ਕੋਲ਼ ਜਾਂਦੇ ਹੁੰਦੇ ਸੀ ਝੋਲ਼ੀਆਂ ਭਰ ਲਿਆਉਂਦੇ ਸੀ ਤੇ ਮੋਦੀ ਇਹਨਾਂ ਨੂੰ ਬੇਰੰਗ ਮੋੜ ਦਿੰਦੈ, ਚਾਹ-ਪਾਣੀ ਵੀ ਨਹੀਂ ਪੁੱਛਦਾ। ਤੁਸੀਂ ਹੁਣੇ ਅਜੇ ਦੇਖ ਈ ਲਿਐ ਕਿ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਅਦਾਇਗੀ ਕਰਨ ਲਈ ਬੈਂਕ ਲਿਮਟ ਲਈ ਕਿਵੇਂ ਇਹਨਾਂ ਦੀਆਂ ਲੇਲੜ੍ਹੀਆਂ ਮੋਦੀ ਨੇ ਕਢਵਾਈਆਂ ਤੇ ਉਹ ਵੀ ਪੂਰੀ ਨਹੀਂ ਦਿਤੀ।ਹੁਣ ਪਤਾ ਲੱਗਿਐ ਘਪਲੇ ਬਾਰੇ' ਹਕੀਕਤ ਸਿਉਂ ਨੇ ਅਮਲੀ ਦੀ ਸ਼ੰਕਾ ਦੂਰ ਕੀਤੀ। ।
 'ਮਾਸਟਰ ਜੀ ਚੋਣਾਂ ਬਾਰੇ ਕੋਈ ਗੱਲ ਬਾਤ ਦੱਸੋ ਨਵੀਂ ਤਾਜ਼ੀ' ਉਚੀ ਬੀਹੀ ਵਾਲ਼ਿਆਂ ਦੇ ਘੁੱਦੇ ਨੇ ਕਿਹਾ।
' ਬਈ ਆਹ ਨਵੀਂ ਪਾਰਟੀ 'ਆਪ' ਵਾਲ਼ਿਆਂ ਦੇ ਇਕ ਨੇਤਾ ਨੂੰ ਕਿਸੇ ਨੇ ਪੁੱਛਿਆ ਕਿ ਕੀ ਉਹ ਪੰਜਾਬ ਵਿਚ ਤੀਜੀ ਧਿਰ ਲਿਆ ਰਹੇ ਹਨ।ਬਈ ਨੇਤਾ ਦਾ ਜਵਾਬ ਸੁਣਨ ਵਾਲ਼ਾ ਸੀ।ਉਹ ਕਹਿਣ ਲੱਗਾ ਕਿ ਉਹਨਾਂ ਦੀ ਪਾਰਟੀ ਤੀਜੇ ਚੌਥੇ ਦੇ ਚੱਕਰ 'ਚ ਨਹੀਂ ਪੈਂਦੀ ਪਰ ਪੰਜਾਬ ਵਿਚ ਚਲ ਰਹੇ ਲੁੱਟ -ਖ਼ਸੁੱਟ ਦੇ ਸਿਸਟਮ ਨੂੰ ਬਦਲਣ ਲਈ ਤਹੱਈਆ ਜ਼ਰੂਰ ਕਰੀ ਬੈਠੀ ਹੈ।ਇਹਦੇ ਬਾਰੇ ਬਾਕੀ ਗੱਲਾਂ ਕੱਲ੍ਹ ਕਰਾਂਗੇ'
ਏਨਾ ਕਹਿ ਕੇ ਮਾਸਟਰ ਹਕੀਕਤ ਸਿੰਘ ਨੇ ਸਕੂਟੀ ਸਟਾਰਟ ਕੀਤੀ ਤੇ ਸਭ ਨੂੰ ਫ਼ਤਿਹ ਬੁਲਾ ਕੇ ਰੁਖ਼ਸਤ ਹੋ ਗਿਆ ਤੇ ਬਾਕੀ ਲੋਕ ਵੀ ਆਪੋ ਆਪਣੇ ਘਰਾਂ ਨੂੰ ਤੁਰ ਪਏ।

ਨਿਰਮਲ ਸਿੰਘ ਕੰਧਾਲਵੀ
08 May 2016