ਕਿਸਾਨ ਅੰਦੋਲਨ ਦੀ ਜਿੱਤ ਅਤੇ ਨਵੀਂ ਵੰਗਾਰ - ਮੋਹਨ ਸਿੰਘ (ਡਾ.)

ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੀ ਲਾਸਾਨੀ ਫ਼ਤਿਹ ਹੋ ਗਈ ਹੈ। ਲੋਕਾਂ ਨੇ ਇਸ ਜਿੱਤ ਦੀ ਲਾਸਾਨੀ ਆਓਭਗਤ ਕੀਤੀ ਹੈ ਅਤੇ ਇਸ ਜਿੱਤ ਦੇ ਚਾਅ ਨੂੰ ਦੀਵਾਲੀ ਨਾਲੋਂ ਵੀ ਵੱਧ ਮਨਾਇਆ ਹੈ। ਕਿਸਾਨਾਂ ਉੱਪਰ ਫ਼ੁੱਲਾਂ ਦੀ ਬਾਰਸ਼ ਕੀਤੀ ਗਈ। ਕਿਸਾਨਾਂ ਦਾ ਇਕ ਸਾਲ ਤੋਂ ਵੱਧ ਸਮੇਂ ਤੋਂ ਲੰਮੇ ਘੋਲ ਦੀ ਘਾਲਣਾ ਰੰਗ ਲਿਆਈ ਹੈ ਅਤੇ ਅੰਨਦਾਤੇ ਦੀ ਆਸਥਾ ਤੇ ਸਿਦਕਦਿਲੀ ਨੂੰ ਬੂਰ ਪਿਆ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਲੈ ਕੇ ਲੰਮੇ ਅੰਦੋਲਨ ਦੀ ਤਿਆਰੀ ਕੀਤੀ ਸੀ ਅਤੇ ਦਿੱਲੀ ਦੀਆਂ ਬਰੂਹਾਂ ਤੇ ਨਵੇਂ ਪਿੰਡ ਵਸਾ ਲਏ ਸਨ। ਉਨ੍ਹਾਂ ਅੰਦਰ ਭਾਵਨਾਤਮਕ ਸਾਂਝ ਬਣ ਗਈ ਸੀ, ਅਨੋਖੇ ਕਿਸਮ ਦੀ ਅਪਣੱਤ ਬਣ ਗਈ ਸੀ। ਹੁਣ ਉਹ ਜੰਗ ਦਾ ਇਕ ਪੜਾਅ ਫਤਹਿ ਕਰ ਚੁੱਕੇ ਹਨ। ਘਰ ਵਾਪਸੀ ਸਮੇਂ ਇਕ ਪਾਸੇ ਕਿਸਾਨਾਂ ਦੀ ਜਿੱਤ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਦੂਜੇ ਪਾਸੇ ਉਨ੍ਹਾਂ ਲਈ ਵਿਛੜਨਾ ਪੀੜਦਾਇਕ ਸਾਬਤ ਹੋ ਰਿਹਾ ਸੀ। ਉਹ ਇਕ-ਦੂਜੇ ਨਾਲ ਗਲਵੱਕੜੀਆਂ ਪਾ ਭੁੱਬਾਂ ਮਾਰ ਰੋ ਰਹੇ ਸਨ। ਇਸ ਅੰਦੋਲਨ ਦੇ ਕ੍ਰਿਸ਼ਮੇ ਰਾਹੀਂ ਕਿਸਾਨਾਂ ਅੰਦਰ ਇਕ ਕਿਸਾਨ-ਸਵੈਮਾਣ ਵਾਲੀ ਸਾਂਝੀ ਪਛਾਣ ਬਣ ਕੇ ਉਭਰੀ ਹੈ। ਹਰਿਆਣਾ ਵਾਲੇ ਕਿਸਾਨ ਪੰਜਾਬ ਦੇ ਕਿਸਾਨ ਨੂੰ ਵੱਡਾ ਭਾਈ ਸਮਝਣ ਲੱਗੇ ਸਨ/ਹਨ। ਪੰਜਾਬੀਆਂ ਦੀ ਅਤਿਵਾਦੀ ਅਤੇ ਝਗੜਾਲੂ ਦਿਖ ਵਾਲੀ ਪਛਾਣ ਟੁੱਟ ਕੇ ਖੁੱਲ੍ਹਦਿਲੇ, ਇਮਾਨਦਾਰ, ਜ਼ਬਤਬੱਧ ਅਤੇ ਇੱਜ਼ਤਦਾਰ ਇਨਸ਼ਾਨਾਂ ਵਾਲੀ ਉਭਰੀ ਹੈ। ਦੂਰ ਦੁਰਾਡਿਓਂ ਇਕੱਠੇ ਹੋਏ ਕਿਸਾਨਾਂ ਦੀਆਂ ਅਜ਼ੀਮ ਰਿਸ਼ਤੇਦਾਰੀਆਂ ਬਣ ਗਈਆਂ ਹਨ। ਗੁਆਂਢੀ ਰਾਜਾਂ ਦੇ ਪਾਣੀਆਂ ਵਰਗੇ ਮੁੱਦੇ ਉਨ੍ਹਾਂ ਵਿਚਕਾਰ ਫਿੱਕੇ ਪੈ ਗਏ ਹਨ। ਹੁਣ ਕਿਸਾਨਾਂ ਨੂੰ ਸਮਝ ਪੈ ਗਈ ਹੈ ਕਿ ਉਨ੍ਹਾਂ ਦੇ ਮੁੱਦੇ, ਮਸਲੇ ਅਤੇ ਸਮੱਸਿਆਵਾਂ ਸਾਂਝੀਆਂ ਹਨ, ਮੰਗਾਂ ਸਾਂਝੀਆਂ ਹਨ, ਉਨ੍ਹਾਂ ਦੇ ਦਰਦ ਸਾਂਝੇ ਹਨ, ਉਨ੍ਹਾਂ ਦੇ ਦੁਸ਼ਮਣ ਸਾਂਝੇ ਹਨ। ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੇ ਬਜ਼ੁਰਗ ਕਿਸਾਨਾਂ ਦੇ ਹੁੱਕੇ ਓਪਰੇ ਲੱਗਣੋਂ ਹਟ ਗਏ ਸਨ। ਉਨ੍ਹਾਂ ਅੰਦਰ ਇਹ ਸੋਝੀ ਵੀ ਆ ਗਈ ਹੈ ਕਿ ਉਨ੍ਹਾਂ ਦੀਆਂ ਦੁਸ਼ਵਾਰੀਆਂ ਲਈ ਉਨ੍ਹਾਂ ਦੇ ਵੈਰੀ ਕਾਰਪੋਰੇਟ ਅਦਾਰੇ ਜਿ਼ੰਮੇਵਾਰ ਹਨ, ਡਬਲਿਊਟੀਓ ਹੈ, ਵਿਸ਼ਵ ਬੈਂਕ ਹੈ, ਸਾਮਰਾਜਵਾਦ ਹੈ।

        ਪੰਜਾਬ ਵਿਚੋਂ ਸ਼ੁਰੂ ਹੋਏ ਇਸ ਅੰਦੋਲਨ ਨੇ ਭਾਰਤ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਲਾਵੇ ਵਿਚ ਲਿਆ ਲੈ ਲਿਆ ਹੈ। ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਨੂੰ ਕਿਸਾਨ ਅੰਦੋਲਨ ਦੇ ਅਗਵਾਨੂ ਬਣਾਇਆ ਹੈ, ਔਰਤਾਂ ਦੇ ਸਵੈਮਾਣ ਨੂੰ ਜਗਾਇਆ ਹੈ, ਮਰਦਾਂ ਨੇ ਔਰਤਾਂ ਦਾ ਕੰਮ ਨੂੰ ਸਾਂਭਿਆ ਹੈ, ਔਰਤਾਂ ਨੇ ਲੜਾਈ ਦੇ ਮੈਦਾਨ ਵਿਚ ਝੰਡੇ ਚੁੱਕੇ ਹਨ। ਇਸ ਕਿਸਾਨ ਲਹਿਰ ਨੇ ਭਾਰਤ ਦੇ ਇਤਿਹਾਸ ਵਿਚ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਬੁਧੀਜੀਵੀਆਂ, ਕਲਾਕਾਰਾਂ ਅਤੇ ਲੇਖਕਾਂ ਦੀ ਹਮਾਇਤ ਜਿੱਤੀ ਹੈ, ਨੌਮ ਚੌਮਸਕੀ ਵਰਗੇ ਚਿੰਤਕਾਂ ਨੇ ਇਸ ਅੰਦੋਲਨ ਦੀ ਵਡਿਆਈ ਕੀਤੀ ਹੈ, ਪੰਜਾਬ ਦੇ ਨੌਜਵਾਨਾਂ ਨੇ ‘ਉਡਤੇ ਪੰਜਾਬ’ ਦੇ ਦਾਗ ਨੂੰ ਧੋ ਦਿੱਤਾ ਹੈ। ਭਾਰਤ ਦੇ ਇਤਿਹਾਸ ਅੰਦਰ ਅਨੇਕਾਂ ਕਿਸਾਨ ਘੋਲ ਲੜੇ ਗਏ ਹਨ। ਇਹ ਸਾਰੇ ਖਾੜਕੂ ਘੋਲ ਇਤਿਹਾਸਕ ਹੋ ਨਿੱਬੜੇ ਸਨ ਪਰ ਮੌਜੂਦਾ ਕਿਸਾਨ ਅੰਦੋਲਨ ਪਹਿਲਾ ਅਜਿਹਾ ਕਿਸਾਨ ਅੰਦੋਲਨ ਹੈ ਜਿਸ ਵਿਚ ਸਮੁੱਚੇ ਭਾਰਤ ਦੇ ਲੋਕਾਂ ਨੇ ਹਿੱਸਾ ਲਿਆ। ਇਸ ਕਿਸਾਨ ਅੰਦੋਲਨ ਨੇ ਯੂਰੋਪ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਸਾਰੀ ਦੁਨੀਆ ਦੇ ਲੋਕਾਂ ਦੀ ਹਮਾਇਤ ਜਿੱਤੀ ਹੈ ਅਤੇ ਕਈ ਦੇਸ਼ਾਂ ਦੇ ਆਗੂ ਮੰਤਰੀਆਂ ਨੇ ਇਸ ਕਿਸਾਨ ਅੰਦੋਲਨ ਨਾਲ ਹਮਦਰਦੀ ਜ਼ਾਹਰ ਕੀਤੀ। ਇਹ ਨਵ-ਉਦਾਰਵਾਦੀ ਨੀਤੀਆਂ ਦੇ ਪੀੜਤ ਹਾਸ਼ੀਏ ਤੇ ਧੱਕੇ ਯੂਰੋਪ ਦੇ ਕਿਸਾਨਾਂ ਦੀਆਂ ਸਿਸਕੀਆਂ ਦਾ ਹੁੰਗਾਰਾ ਬਣਿਆ ਹੈ। ਇਸ ਕਿਸਾਨ ਅੰਦੋਲਨ ਦਾ ਵਾਹ ਅਜਿਹੇ ਸ਼ਾਸਕ ਨਾਲ ਪਿਆ ਸੀ ਜਿਸ ਨੇ ਆਪਣੇ ਰਾਜ ਦੌਰਾਨ ਕਦੇ ਝੁਕਣਾ ਨਹੀਂ ਸਿੱਖਿਆ ਸੀ ਸਗੋਂ ਇਸ ਨੇ ਆਪਣੇ ਹਰ ਵਿਰੋਧੀ ਨੂੰ ਸੰਗੀਨ ਕੇਸ ਬਣਾ ਕੇ ਜੇਲ੍ਹਾਂ ਅੰਦਰ ਬੰਦ ਕੀਤਾ, ਜਮਹੂਰੀ ਹੱਕਾਂ ਦੇ ਰਾਖਿਆਂ ਦੀ ਹੱਕੀ ਆਵਾਜ਼ ਨੂੰ ਆਂਡਾ ਸੈੱਲਾਂ ਅੰਦਰ ਡੱਕਿਆ, ਦੇਸ਼ ਅੰਦਰ ਦਹਿਸ਼ਤੀ ਮਾਹੌਲ ਪੈਦਾ ਕੀਤਾ। ਕਿਸਾਨ ਲਹਿਰ ਨੇ ਆਰਐੱਸਐੱਸ ਅਤੇ ਬੀਜੇਪੀ ਦੇ ਭਾਈਚਾਰਿਆਂ ਵਿਚਕਾਰ ਫਿਰਕੂ ਪਾੜੇ ਪਾਉਣ ਦੇ ਏਜੰਡੇ ਤੇ ਰੋਕ ਲਾਈ ਹੈ ਅਤੇ ਇਸ ਨੇ ਵੱਖ ਵੱਖ ਧਾਰਮਿਕ ਫਿਰਕਿਆਂ, ਕੌਮੀਅਤਾਂ, ਜਨ-ਜਾਤੀਆਂ ਅੰਦਰ ਭਾਈਚਾਰਕ ਸਾਂਝ ਪੈਦਾ ਕੀਤੀ ਹੈ। ਇਸ ਅੰਦੋਲਨ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦੀ ਅਸਲੀ ਭਾਈਚਾਰਕ ਸਾਂਝ ਹੱਕੀ ਸੰਘਰਸ਼ਾਂ ਵਿਚੋਂ ਪੈਦਾ ਹੁੰਦੀ ਹੈ। ਇਸ ਅੰਦੋਲਨ ਨੇ ਮੌਜੂਦਾ ਕੇਂਦਰ ਸਰਕਾਰ ਵੱਲੋਂ ਫੁੱਟ ਪਾਉਣ ਦੀ ਹਰ ਚਾਲ ਨੂੰ ਮਾਤ ਦਿੱਤੀ ਹੈ।

ਅਸੀਂ ਜਾਣਦੇ ਹਾਂ ਕਿ ਵੱਡੇ ਅੰਦੋਲਨਾਂ ਅੰਦਰ ਲੋਕਾਂ ਨੂੰ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਇਸ ਅੰਦੋਲਨ ਦੌਰਾਨ ਵੀ ਕਿਸਾਨਾਂ ਨੂੰ ਹਾੜ੍ਹ-ਜੇਠ ਦੀਆਂ ਕੜਕੀਆਂ ਧੁੱਪਾਂ, ਮੌਨਸੂਨ ਦੀਆਂ ਬਾਰਸ਼ਾਂ, ਝੱਖੜ ਅਤੇ ਹਨੇਰੀਆਂ ਝੱਲਣੀਆਂ ਪਈਆਂ ਹਨ। ਕਿਸਾਨਾਂ ਅਤੇ ਹੋਰ ਲੋਕਾਂ ਨੂੰ ਆਪਣੇ ਕੰਮ-ਕਾਰਾਂ ਦਾ ਵੱਡਾ ਹਰਜਾ ਝੱਲਣਾ ਪਿਆ ਹੈ। ਇਸ ਅੰਦੋਲਨ ਵਿਚ 700 ਤੋ ਵੱਧ ਕਿਸਾਨਾਂ ਨੂੰ ਜਾਨਾਂ ਹੂਲਣੀਆਂ ਪਈਆਂ ਹਨ। ਕਾਂਗਰਸ ਦੀ ਯੂਪੀਏ ਸਰਕਾਰ ਨੇ ਭਾਵੇਂ ਲੋਕ-ਦੋਖੀ ਨਵ-ਉਦਾਰਵਾਦੀ ਨੀਤੀਆਂ ਸ਼ੁਰੂ ਕੀਤੀਆਂ ਪਰ ਮੌਜੂਦਾ ਸਰਕਾਰ ਨੇ 2014 ਤੋਂ ਲਗਤਾਰ ਥੋਕ ਰੂਪ ਵਿਚ ਕਾਰਪੋਰੇਟ ਅਤੇ ਬਹੁਕੌਮੀ ਕੰਪਨੀਆਂ ਦੇ ਹਿੱਤ ਪੂਰੇ ਕਰਨ ਲਈ ਪਬਲਿਕ ਅਦਾਰੇ ਵੇਚੇ ਹਨ ਅਤੇ ਮੁਦਰੀਕਰਨ ਰਾਹੀਂ ਪਿਛਲੇ 75 ਸਾਲਾਂ ਵਿਚ ਬਣਾਏ ਦੇਸ਼ ਦੇ ਪਬਲਿਕ ਅਦਾਰਿਆਂ ਨੂੰ ਲੀਜ਼ ਤੇ ਵੇਚ ਦਿਤਾ ਹੈ। ਕੇਂਦਰ ਸਰਕਾਰ ਜ਼ਮੀਨ ਅਤੇ ਖੇਤੀ ਨੂੰ ਦੇਸੀ ਵਿਦੇਸ਼ੀ ਕਾਰਪਰੇਟਾਂ ਨੂੰ ਸੌਂਪਣ ਲਈ ਤਿੰਨ ਖੇਤੀ ਕਾਨੂੰਨ ਉਸ ਸਮੇਂ ਲੈ ਕੈ ਆਈ, ਜਦੋਂ ਦੇਸ਼ ਅੰਦਰ ਕੋਵਿਡ-19 ਕਾਰਨ ਬੰਦਸ਼ਾਂ ਕਾਰਨ ਕਿਸਾਨ ਘਰਾਂ ਅੰਦਰ ਬੰਦ ਸਨ।

ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਅੰਦਰ ਸਰਕਾਰੀ ਮੰਡੀਆਂ (ਏਪੀਐੱਮਐੱਸ) ਦਾ ਵਿਕਸਤ ਤਾਣਾ-ਬਾਣਾ ਹੈ ਅਤੇ ਪੰਜਾਬ ਅੰਦਰ ਇਸ ਦੀਆਂ ਮੁੱਖ ਫ਼ਸਲਾਂ ਕਣਕ ਅਤੇ ਝੋਨਾ ਦੀ ਪੂਰੀ ਫ਼ਸਲ ਐੱਮਐੱਸਪੀ ਤੇ ਖਰੀਦੀ ਜਾਂਦੀ ਹੈ। ਮੌਜੂਦਾ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਪੰਜਾਬ ਦੇ ਕਿਸਾਨਾਂ ਨੇ ਦੂਜੇ ਰਾਜਾਂ ਤੋਂ ਪਹਿਲਾਂ ਬੁੱਝ ਲਿਆ ਸੀ ਕਿ ਇਨ੍ਹਾਂ ਤਿੰਨ ਕਾਨੂੰਨ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਨਾ ਐੱਮਐੱਸਪੀ ਮਿਲੇਗੀ ਅਤੇ ਨਾ ਹੀ ਫ਼ਸਲਾਂ ਦੀ ਖਰੀਦ ਹੋਵੇਗੀ। ਇਸ ਨਾਲ ਕਿਸਾਨਾਂ ਲਈ ਵੱਡਾ ਆਰਥਿਕ ਸੰਕਟ ਪੈਦਾ ਹੋ ਜਾਵੇਗਾ ਅਤੇ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ, ਉਨ੍ਹਾਂ ਦੀ ਖੇਤੀ ਤਬਾਹ ਹੋ ਜਾਵੇਗੀ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਕਾਰਪਰੇਟ ਹੜੱਪ ਲੈਣਗੇ ਪਰ ਪੰਜਾਬ ਦੇ ਕਿਸਾਨ ਦੂਜੇ ਰਾਜਾਂ ਨਾਲੋਂ ਯੂਨੀਆਨਾਂ ਵਿਚ ਵੱਧ ਜਥੇਬੰਦ ਹੋਣ ਕਰਕੇ ਉਨ੍ਹਾਂ ਸਾਰੇ ਭਾਰਤ ਦੇ ਕਿਸਾਨਾਂ ਦੀ ਅਗਵਾਈ ਕੀਤੀ। ਇਹ ਪੰਜਾਬ ਦੀਆਂ ਤਜਰਬੇਕਾਰ ਕਿਸਾਨ ਜਥੇਬੰਦੀਆਂ ਹੀ ਸਨ ਜੋ ਕੋਵਿਡ-19 ਦੀ ਪ੍ਰਵਾਹ ਨਾ ਕਰਦਿਆਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੁਦ ਪਈਆਂ। ਸਰਕਾਰਾਂ ਨੇ ਗੁਮਰਾਕੁਨ ਪ੍ਰਚਾਰ ਕਰਕੇ ਕਿਸਾਨ ਅੰਦੋਲਨ ਨੂੰ ਚਿੱਤ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ। ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕਣ ਲਈ ਸੜਕਾਂ ਤੇ ਬੈਰੀਕੇਡ ਲਾਏ, ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਬਲੁਡੋਜ਼ਰਾਂ ਨਾਲ ਡੂੰਘੇ ਟੋਏ ਪੁੱਟ ਕੇ ਮਿੱਟੀ ਦੇ ਢੇਰ ਲਾਏ, ਕਿਸਾਨਾਂ ਦੇ ਰਾਹਾਂ ਅੱਗੇ ਕਿੱਲ ਠੋਕੇ ਗਏ, ਕੰਡਿਆਲੀਆਂ ਤਾਰਾਂ ਲਾਈਆ ਗਈਆਂ, ਕੰਕਰੀਟ ਦੀਆਂ ਕੰਧਾਂ ਉਸਾਰੀਆਂ ਗਈਆਂ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਅਤਿਵਾਦੀ, ਖਾਲਿਸਤਾਨੀ, ਨਕਸਲਵਾਦੀ, ਟੁਕੜੇ ਟੁਕੜੇ ਗੈਂਗ ਆਦਿ ਕਿਹਾ ਗਿਆ, ਅੰਦੋਲਨਜੀਵੀ ਕਿਹਾ ਗਿਆ। ਬਿਜਲੀ ਬੰਦ ਕੀਤੀ ਗਈ, ਬਾਰਡਰਾਂ ਤੇ ਬੈਠੀਆਂ ਕਿਸਾਨ ਔਰਤਾਂ ਨੂੰ ਪਰੇਸ਼ਾਨ ਕਰਨ ਲਈ ਦਾ ਪਾਣੀ ਬੰਦ ਕੀਤਾ ਗਿਆ। ਕਿਸਾਨ ਅੰਦੋਲਨ ਨੂੰ ਫੇਲ਼੍ਹ ਕਰਨ ਲਈ ਭਟਕਾਊ ਤੱਤਾਂ ਨੂੰ ਸ਼ਹਿ ਦਿੱਤੀ ਗਈ।

       ਪਰ ਸੰਯੁਕਤ ਕਿਸਾਨ ਮੋਰਚੇ ਦੀ ਤਜਰਬੇਕਾਰ ਆਗੂ ਟੀਮ ਨੇ ਕੇਂਦਰ ਸਰਕਾਰ ਅਤੇ ਹੋਰ ਕਿਸਾਨ ਵਿਰੋਧੀ ਤਾਕਤਾਂ ਵੱਲੋਂ ਸ਼ਹਿ ਪ੍ਰਾਪਤ ਵਿਘਨ ਪਾਊ ਸ਼ਕਤੀਆਂ ਪਛਾੜ ਕੇ ਅੰਦੋਲਨ ਨੂੰ ਸਾਬਤ ਕਦਮੀ ਅੱਗੇ ਵਧਾਉਣਾ ਜਾਰੀ ਰੱਖਿਆ। ਕੇਂਦਰ ਸਰਕਾਰ ਦਾ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਅੰਦਰ ਜ਼ਬਰਦਸਤ ਵਿਰੋਧ ਜਾਰੀ ਰਹਿਣ, ਕਿਸਾਨ ਅੰਦੋਲਨ ਦੀ ਤੀਬਰਤਾ ਨਾ ਘਟਦੀ ਦੇਖ, 2022 ਦੀਆਂ ਚੋਣਾਂ ਵਿਚ ਹੁੰਦੀ ਹਾਰ ਦੇਖ, ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਕੌੜਾ ਅੱਕ ਚੱਬਣਾ ਪਿਆ ਹੈ। ਉਂਜ, ਕਾਨੂੰਨ ਵਾਪਸ ਲੈਣ ਦੇ ਐਲਾਨ ਕਰਨ ਦੇ ਬਾਅਦ ਵੀ ਕੇਂਦਰ ਸਰਕਾਰ ਨੇ ਮੇਂਗਣਾ ਪਾਉਣਾ ਜਾਰੀ ਰੱਖਿਆ ਅਤੇ ਉਸ ਵੱਲੋਂ ਅਜੇ ਵੀ ਕਿਹਾ ਗਿਆ ਕਿ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ, ਕਿਸਾਨ ਪੱਖੀ ਹਨ। ਕਿਸਾਨ ਅੰਦੋਲਨ ਦੇ ਦਬਾਅ ਕਾਰਨ ਕੇਂਦਰ ਸਰਕਾਰ ਨੂੰ ਐੱਮਐੱਸਪੀ ਬਾਰੇ ਸਾਂਝੀ ਕਮੇਟੀ ਬਣਾਉਣ, ਕਿਸਾਨਾਂ ਉੱਪਰ ਬਣੇ ਕੇਸ ਵਾਪਸ ਲੈਣ, ਪ੍ਰਦੂਸ਼ਣ ਲਈ ਕਿਸਾਨਾਂ ਵਿਰੋਧੀ ਕਾਨੂੰਨ ਵਾਪਸ ਲੈਣ, ਕਿਸਾਨ ਅੰਦੋਲਨ ਦੌਰਾਨ ਫੌਤ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਪੈਟਰਨ ਤੇ 5 ਲੱਖ ਰੁਪਏ ਦਾ ਮੁਆਵਜ਼ਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਆਦਿ ਮੰਗਾਂ ਮੰਨਣ ਦੇ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਅੰਦੋਲਨ ਨੇ ਕਈ ਨਵੀਆਂ ਪਿਰਤਾਂ ਪਾਈਆਂ ਹਨ ਅਤੇ ਇਸ ਬਾਰੇ ਅਜੇ ਹੋਰ ਬੜਾ ਕੁਝ ਲਿਖਿਆ ਜਾਵੇਗਾ। ਕਿਸਾਨਾਂ ਅੰਦਰ ਜਾਗਰੂਕਤਾ ਪੈਦਾ ਹੋਈ ਹੈ ਪਰ ਕਿਸਾਨ ਅੰਦੋਲਨ ਨੂੰ ਅਜੇ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ। ਇਸ ਕਿਸਾਨ ਅੰਦੋਲਨ ਨਾਲ ਕਿਸਾਨਾਂ ਅੰਦਰ ਸਵੈਮਾਣ ਪੈਦਾ ਹੋਇਆ ਹੈ, ਹੁਣ ਉਨ੍ਹਾਂ ਦੇ ਅੱਗੇ ਵਧਦੇ ਕਦਮਾਂ ਨੂੰ ਕੋਈ ਤਾਕਤ ਪਿਛੇ ਨਹੀਂ ਮੋੜ ਸਕਦੀ।

ਸੰਪਰਕ : 78883-27695