"ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

20 Dec. 2021

ਇਨਕਮ ਟੈਕਸ ਦੀ ਰੇਡ ਮਗਰੋਂ ਅਖਲੇਸ਼ ਨੇ ਕਿਹਾ, “ ਈ.ਡੀ.ਤੇ ਸੀ.ਬੀ.ਆਈ. ਵੀ ਆਉਣਗੀਆਂ-ਇਕ ਖ਼ਬਰ

ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ।

ਪੰਜਾਬ ਦੀ ਖੁਸ਼ਹਾਲੀ ਲਈ ਮੇਰੀ ਤੇ ਚੰਨੀ ਦੀ ਬਲਦਾਂ ਦੀ ਜੋੜੀ- ਸਿੱਧੂ

ਢੁੱਡਾਂ ਮਾਰਦੇ ਬੱਗਾ ਤੇ ਸਾਵਾ, ਜੱਟ ਨੂੰ ਫਾਲ਼ ਦੇਣਗੇ।

ਰਾਜਨੀਤੀ ਦਾ ਧਰਮ ‘ਤੇ ਭਾਰੂ ਪੈਣਾ ਮੰਦਭਾਗਾ- ਸੁਖਦੇਵ ਸਿੰਘ ਢੀਂਡਸਾ

ਅਜੇ ਕੱਲ੍ਹ ਤੱਕ ਤਾਂ ਤੁਸੀਂ ਵੀ ਇਸੇ ਚਿੱਕੜ ਵਿਚ ਤਾਰੀਆਂ ਲਾਉਂਦੇ ਸੀ।

ਅਕਾਲੀ –ਬਸਪਾ ਗੱਠਜੋੜ 1996 ਵਾਲ਼ਾ ਇਤਿਹਾਸ ਦੁਹਰਾਏਗਾ- ਪ੍ਰਕਾਸ਼ ਸਿੰਘ ਬਾਦਲ

ਫੇਰ ਤਾਂ ਬਸਪਾ ਵਾਲਿਉ ਆਪਣੇ ਆਪਣੇ ਬਿਸਤਰੇ ਬੰਨ੍ਹਣੇ ਸ਼ੁਰੂ ਕਰ ਲਉ।

ਪੰਜਾਬ ਕਾਂਗਰਸ ਵਿਚ ਮੁੜ ਵਧਣ ਲੱਗਿਆ ਟਕਰਾਅ- ਇਕ ਖ਼ਬਰ

ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

ਪੰਜਾਬ ‘ਚ ਗੁੰਡਾ ਰਾਜ ਚੱਲ ਰਿਹੈ- ਸੁਖਬੀਰ ਬਾਦਲ

ਸ਼ੁਰੂ ਕੀਹਨੇ ਕੀਤਾ ਸੀ ਬਈ ਬਾਦਲ ਸਿਆਂ?

ਮੈਟਰੋਮੈਨ ਈ. ਸ਼੍ਰੀਧਰਨ ਨੇ ਭਾਜਪਾ ਨੂੰ ਅਲਵਿਦਾ ਕਹੀ- ਇਕ ਖ਼ਬਰ

ਆਹ ਲੈ ਚੁੱਕ ਫੜ ਮਿੱਤਰਾ, ਸਾਡੇ ਝਾਂਜਰਾਂ ਮੇਚ ਨਾ ਆਈਆਂ।

ਜਦੋਂ ਚੋਣਾਂ ਆਉਂਦੀਆਂ ਹਨ, ਕੇਜਰੀਵਾਲ਼ ਪੰਜਾਬ ‘ਚ ਆ ਟਪਕਦੇ ਹਨ- ਹਰਸਿਮਰਤ

ਕਿਉਂ ਬੀਬਾ ਜੀ, ਤੁਸੀਂ ਬੈਅ ਕਰਵਾਇਆ ਹੋਇਐ ਪੰਜਾਬ?

2022 ਦੀਆਂ ਚੋਣਾਂ ਜਿੱਤ ਕੇ ਭਾਜਪਾ ਪੰਜਾਬ ‘ਚ ਸਰਕਾਰ ਬਣਾਏਗੀ- ਸਿਰਸਾ

ਬੋਲਿਆ ਨੀ ਬੋਲਿਆ..........ਬੋਲਿਆ।

ਅਜੈ ਮਿਸ਼ਰਾ ਦੇ ਅਸਤੀਫ਼ੇ ਦੀ ਵਿਰੋਧੀ ਧਿਰ ਦੀ ਮੰਗ ਨੂੰ ਭਾਜਪਾ ਨੇ ਕੀਤਾ ਖ਼ਾਰਜ- ਇਕ ਖ਼ਬਰ

ਛੋਟਾ ਦਿਉਰ ਭਾਬੀਆਂ ਦਾ ਗਹਿਣਾ, ਰੰਨਾਂ ਵਿਚ ਮੇਲ੍ਹਦਾ ਫਿਰੇ।

ਪਛੜੇ ਲੋਕਾਂ ਨੂੰ ਸਮਰੱਥ ਬਣਾਉਣਾ ਸਰਕਾਰ ਦੀ ਤਰਜੀਹ- ਮੋਦੀ

ਬਸ ਲਗੇ ਰਹੋ ਮੋਦੀ ਸਾਹਿਬ ਸਮਰੱਥਾ ਤਾਂ ਸੰਭਾਲ਼ੀ ਨਹੀਂ ਜਾਣੀ ਲੋਕਾਂ ਤੋਂ!

ਕੈਪਟਨ ਭਾਜਪਾ ਆਗੂਆਂ ਨਾਲ਼ ਚਰਚਾ ਲਈ ਤਿੰਨ ਦਿਨ ਦੇ ਦੌਰੇ ‘ਤੇ ਦਿੱਲੀ ਪਹੁੰਚੇ- ਇਕ ਖ਼ਬਰ

ਮੇਰੀ ਬਾਂਹਿ ਨਾ ਛੋੜੀਂ ਜੀ, ਮੈਂ ਲੜ ਲਾਗੀ ਤੇਰੇ।

ਨਵਜੋਤ ਸਿੱਧੂ ਦੀ ਕੇਜਰੀਵਾਲ ਨੂੰ ਬਹਿਸ ਕਰਨ ਲਈ ਚੁਣੌਤੀ- ਇਕ ਖ਼ਬਰ

ਟੁੱਟ ਪੈਣੇ ਨੇ ਜਲੇਬੀ ਮਾਰੀ, ਅੱਖ ਵਿਚ ਤੇਲ ਪੈ ਗਿਆ।

ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫ਼ਾਇਦੇ ਦੱਸਣੇ ਜਾਰੀ ਰੱਖਣਗੇ ਭਾਜਪਾ ਵਰਕਰ- ਤੋਮਰ

ਯਾਨੀ ਕਿ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ।

ਲੋਕਾਂ ਨੂੰ ਅੱਖਰ ਗਿਆਨ ਦੇਣਾ ਪੜ੍ਹੇ-ਲਿਖੇ ਨੌਜੁਆਨਾਂ ਦੀ ਜ਼ਿੰਮੇਵਾਰੀ- ਉੱਪ ਰਾਸ਼ਟਰਪਤੀ

ਤੇ ਤੁਸੀਂ ਹਰ ਸਾਲ ਸਿੱਖਿਆ ਦਾ ਬਜਟ ਘਟਾਈ ਜਾਉ।