ਸਰਹੰਦ ਦੀਏ ਦੀਵਾਰੇ ਨੀ - ਇੰਦਰਜੀਤ ਹਸਨਪੁਰੀ

ਸਰਹੰਦ ਦੀਏ ਦੀਵਾਰੇ ਨੀ ।
ਤੂੰ ਖ਼ੂਨ ਮਸੂਮਾਂ ਦਾ ਪੀਤਾ ।
ਨਾ ਤਰਸ ਜ਼ਰਾ ਵੀ ਤੂੰ ਕੀਤਾ ।
ਤੂੰ ਇਹ ਕੀ ਕੀਤੇ ਕਾਰੇ ਨੇ ।
ਸਰਹੰਦ ਦੀਏ ਦੀਵਾਰੇ ਨੀ ।

ਇਹ ਮਾਂ ਕਿਸੇ ਦੇ ਜਾਏ ਸੀ ।
ਕਿਸੇ ਪਿਉ ਨੇ ਲਾਡ ਲਡਾਏ ਸੀ ।
ਸੀ ਅੱਖ ਕਿਸੇ ਦੇ ਤਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।

ਤੈਨੂੰ ਲੋਕੀ ਸਾਰੇ ਕਹਿਣ ਨੀ ।
ਤੂੰ ਖਾ ਗਈ ਬਣ ਕੇ ਡੈਣ ਨੀ ।
ਦਸਮੇਸ਼ ਦੇ ਰਾਜ ਦੁਲਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।

ਤੂੰ ਡਾਢੇ ਕੀਤੇ ਲੋਹੜੇ ਨੀ ।
ਮਾਤਾ ਤੋਂ ਲਾਲ ਵਿਛੋੜੇ ਨੀ ।
ਤੈਨੂੰ ਲਾਹਨਤ ਪਾਂਦੇ ਸਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।

ਤੇਰੇ ਮਾੜੇ ਹੈਸਨ ਭਾਗ ਨੀ ।
ਤੂੰ ਲਾਇਆ ਮੱਥੇ 'ਤੇ ਦਾਗ ਨੀ ।
ਜਿਸਨੂੰ ਨਾ ਕੋਈ ਉਤਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।

ਤੂੰ ਜ਼ੋਰ ਬਥੇਰਾ ਲਾਇਆ ਨੀ ।
ਇਨ੍ਹਾਂ ਨੂੰ ਬਹੁਤ ਡਰਾਇਆ ਨੀ ।
ਪਰ ਇਹ ਨਾ ਬਾਜ਼ੀ ਹਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।

ਜਿਹਨੂੰ ਸ਼ੀਂਹ ਨਾ ਬੇਲਿਉਂ ਬੁਕਦਾ ਏ ।
ਜਿਹਨੂੰ 'ਹਸਨਪੁਰੀ' ਜੱਗ ਝੁਕਦਾ ਏ ।
ਉਹ ਲਾਲ ਤੈਂ ਮਨੋਂ ਵਿਸਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।