ਜੱਟ ਪੰਡਤ - ਨਿਰਮਲ ਸਿੰਘ ਕੰਧਾਲਵੀ

ਭਾਵੇਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਜੇ ਚਾਰ ਪੰਜ ਮਹੀਨੇ ਪਏ ਹਨ ਪਰ ਪੰਜਾਬ ਦਾ ਚੋਣ ਮੈਦਾਨ ਹੁਣ ਤੋਂ ਹੀ ਪੂਰੇ ਜਲੌਅ ਵਿਚ ਆ ਗਿਆ ਹੈ ਵਿਸ਼ੇਸ਼ ਕਰਕੇ ਇਕ ਦੂਜੇ ਦੇ ਵਿਰੁੱਧ ਇਲਜ਼ਾਮਤਰਾਸ਼ੀਆਂ ਦਾ ਦੌਰ ਪੂਰੇ ਜੋਬਨ 'ਤੇ ਹੈ।ਮੌਜੂਦਾ ਸਰਕਾਰ ਦੇ ਸੁਪਰੀਮੋ ਸੰਗਤ ਦਰਸ਼ਨ ਦੇ ਨਾਂ 'ਤੇ ਗਰਾਂਟਾਂ ਦੇ ਗੱਫੇ ਵੰਡ ਰਹੇ ਹਨ ਤੇ 50 ਵੈਨਾਂ ਦਾ ਇਕ ਫਲੀਟ ਸਰਕਾਰ ਦੇ ਮਸਖਰੇ ਮਹਿਕਮੇ ( ਪਬਲਿਕ ਰੀਲੇਸ਼ਨਜ਼)  ਰਾਹੀਂ ਵਿਕਾਸ ਦੇ ਸੋਹਿਲੇ ਗਾ ਰਿਹਾ ਹੈ।ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਉਭਾਰ ਕੇ ਇਕੱਠ ਕਰਨ ਵਾਸਤੇ ਫ਼ਿਲਮ 'ਚਾਰ ਸਾਹਿਬਜ਼ਾਦੇ' ਦਿਖਾਈ ਜਾ ਰਹੀ ਹੈ।ਰਾਤੋ-ਰਾਤ ਕਈ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਪਰ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੀ ਪੋਲ ਉਸ ਵੇਲੇ ਖੁੱਲ੍ਹ ਜਾਂਦੀ ਹੈ ਜਦੋਂ ਮੀਂਹ ਪਏ 'ਤੇ ਪਿੰਡਾਂ ਦੀਆਂ ਗਲੀਆਂ 'ਚ ਕਿਸ਼ਤੀਆਂ ਚੱਲਣ ਵਾਲੀਆਂ ਹੋ ਜਾਂਦੀਆਂ ਹਨ।ਜਿਹੜਾ ਦੇਸ਼ ਸੱਤਰ ਸਾਲਾਂ 'ਚ ਆਪਣੇ ਪਿੰਡਾਂ ਵਿਚ ਗਲੀਆਂ ਨਾਲ਼ੀਆਂ ਨਹੀਂ ਬਣਾ ਕੇ ਦੇ ਸਕਿਆ ਉਸ ਵਲੋਂ ਵਿਕਾਸ ਦਾ ਢੰਡੋਰਾ ਪਿੱਟਣਾ ਕਿੱਥੇ ਕੁ ਤੱਕ ਜਾਇਜ਼ ਹੈ? ਇਹ ਸਵਾਲ ਅੱਜ ਹਰ ਇਕ ਦੀ ਜ਼ੁਬਾਨ 'ਤੇ ਹੈ।
ਅਕਾਲੀ -ਭਾਜਪਾ ਸਰਕਾਰ ਦੇ ਵਿਕਾਸ ਦੀ ਪੋਲ ਭਗਵੰਤ ਮਾਨ ਆਪਣੇ ਸ਼ਾਬਦਿਕ ਅਣਿਆਲੇ ਤੀਰਾਂ ਰਾਹੀਂ ਖੋਲ੍ਹ ਦਿੰਦਾ ਹੈ ਇਸੇ ਕਰ ਕੇ ਵਿਰੋਧੀ ਪਾਰਟੀਆਂ ਵਿਸ਼ੇਸ਼ ਕਰ ਕੇ ਅਕਾਲੀ ਦਲ ਨੇ ਅੱਜ ਕੱਲ ਭਗਵੰਤ ਮਾਨ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ।ਧੜਾ-ਧੜ ਸ਼ਹਿਰਾਂ ਕਸਬਿਆਂ 'ਚ ਉਹਦੇ ਪੁਤਲੇ ਫੂਕੇ ਜਾ ਰਹੇ ਹਨ। ਪੁਤਲੇ ਫੂਕਣ ਲਈ ਬੰਦੇ ਸਪਲਾਈ ਕਰਨ ਵਾਲ਼ੇ ਠੇਕੇਦਾਰਾਂ ਦੀ ਵੀ ਅੱਜ ਕੱਲ ਚਾਂਦੀ ਹੈ।ਪੁਤਲੇ ਫੂਕ ਕੇ ਵੀ ਅਕਾਲੀਆਂ ਨੂੰ ਸਬਰ ਨਹੀਂ ਆਇਆ ਤਾਂ ਉਹਨਾਂ ਨੇ ਭਗਵੰਤ ਮਾਨ ਦੀ ਮਲੋਟ ਰੈਲੀ 'ਤੇ ਹਮਲਾ ਬੋਲ ਕੇ ਉਹਨਾਂ ਦੇ ਕਈ ਬੰਦੇ ਫੱਟੜ ਕਰ ਦਿੱਤੇ।ਦੱਸਿਆ ਜਾਂਦਾ ਹੈ ਪੁਲਿਸ ਖੜ੍ਹੀ ਤਮਾਸ਼ਾ ਦੇਖਦੀ ਰਹੀ।ਬਈ ਗੋਲੀ ਕੀਹਦੀ ਤੇ ਗਹਿਣੇ ਕੀਹਦੇ! ਕਰੋ ਜੀ ਭਾਰਤ ਦੇ ਲੋਕ ਤੰਤਰ ਦੇ ਦਰਸ਼ਨ! ਗੱਲ ਕੀ, ਕਿ ਜੇ ਮੂੰਹ ਨਾਲ਼ ਜਵਾਬ ਨਹੀਂ ਦੇ ਸਕਦੇ ਤਾਂ ਧੱਕੇਸ਼ਾਹੀ 'ਤੇ ਉੱਤਰ ਆਉ।
ਇਸ ਘਟਨਾ ਤੋਂ ਮੈਨੂੰ ਇਕ ਕਹਾਣੀ ਯਾਦ ਆ ਗਈ ਕਿ ਪੁਰਾਣੇ ਜ਼ਮਾਨੇ ਵਿਚ ਇਕ ਪੰਡਤ ਪਿੰਡ ਪਿੰਡ ਫਿਰ ਕੇ ਸ਼ਾਸ਼ਤਰਾਂ 'ਤੇ ਬਹਿਸ ਕਰਨ ਲਈ ਲੋਕਾਂ ਨੂੰ ਵੰਗਾਰਦਾ ਹੁੰਦਾ ਸੀ।ਬਹੁਤੇ ਲੋਕ ਉਸ ਤੋਂ ਹਾਰ ਮੰਨ ਲੈਂਦੇ ਤੇ ਉਸ ਨੂੰ ਦਾਨ ਦੱਛਣਾ ਦੇ ਕੇ ਖਹਿੜਾ ਛੁਡਾ ਲੈਂਦੇ।ਇਕ ਪਿੰਡ ਦੇ ਲੋਕਾਂ ਨੇ ਸਲਾਹ ਕੀਤੀ ਕਿ ਪੰਡਤ ਨਾਲ ਬਹਿਸ ਕੀਤੀ ਜਾਵੇ ਪਰ ਪਿੰਡ ਦੇ ਮੰਦਰ ਦਾ ਪੰਡਤ ਬਹਿਸ ਲਈ ਤਿਆਰ ਨਾ ਹੋਇਆ।
ਇਕ ਮਚਲਾ ਜਿਹਾ ਜੱਟ ਕਹਿੰਦਾ ਕਿ ਉਹ ਪੰਡਤ ਨਾਲ ਬਹਿਸ ਕਰਨ ਲਈ ਤਿਆਰ ਹੈ।ਉਸ ਨੂੰ ਕਈ ਲੋਕਾਂ ਨੇ ਰੋਕਿਆ ਕਿ ਉਹ ਮੂਰਖ ਨਾ ਬਣੇ, ਕਿੱਥੇ ਵਿਦਵਾਨ ਪੰਡਤ ਤੇ ਕਿੱਥੇ ਉਹ।।ਪਰ ਉਹ ਆਪਣੀ ਗੱਲ 'ਤੇ ਅੜਿਆ ਰਿਹਾ ਤੇ ਉਸ ਨੇ ਪੰਡਿਤ ਨੂੰ ਬਹਿਸ ਕਰਨ ਲਈ ਸੁਨੇਹਾ ਭੇਜ ਦਿੱਤਾ।ਮਿਥੇ ਦਿਨ 'ਤੇ ਪਿੰਡ ਦੇ ਸੱਥ ਵਿਚ ਪੰਡਤਾਂ ਦੇ ਬੈਠਣ ਲਈ ਆਸਣ ਲਗਾ ਦਿੱਤੇ ਗਏ ਅਤੇ ਸਾਰਾ ਪਿੰਡ ਇਕੱਠਾ ਹੋ ਗਿਆ।ਜੱਟ ਨੇ ਸਾਰੀ ਸਕੀਮ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ। ਜੱਟ, ਪੰਡਤ ਦੇ ਭੇਸ ਵਿਚ ਤਿਆਰ ਹੋ ਕੇ ਆਇਆ ਤੇ ਵਿਦਵਾਨ ਪੰਡਤ ਦੇ ਸਾਹਮਣੇ ਆਸਣ 'ਤੇ ਬੈਠ ਗਿਆ।
ਵਿਦਵਾਨ ਪੰਡਤ ਬੋਲਿਆ, " ਪੰਡਤ ਜੀ, ਉਚਰੋ"
ਜੱਟ ਪੰਡਤ ਕਹਿੰਦਾ, " ਉਚਰੋ, ਮੁਚਰੋ, ਢੁਚਰੋ"
ਵਿਦਵਾਨ ਪੰਡਤ ਪੁੱਛਦੈ, " ਪੰਡਤ ਜੀ, ਇਹ ਕੀ?"
ਜੱਟ ਪੰਡਤ ਕਹਿੰਦਾ, " ਏ ਕੀ, ਮੇ ਕੀ, ਢੇ ਕੀ"
ਵਿਦਵਾਨ ਪੰਡਿਤ ਫੇਰ ਪੁੱਛਦੈ, " ਪੰਡਿਤ ਜੀ, ਕਿਹੜਾ ਸ਼ਾਸ਼ਤਰ?"
ਜੱਟ ਪੰਡਤ, " ਆਤਰ, ਬਾਤਰ, ਤਾਤਰ"
ਵਿਦਵਾਨ ਪੰਡਤ ਤਾਂ ਲੱਗ ਪਿਆ ਸਿਰ ਖੁਰਕਣ।ਬੱਸ ਫੇਰ ਕੀ ਸੀ ਜੱਟ ਨੇ ਆਪਣੇ ਬੰਦੇ ਤਾਂ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ।ਉਹਨੀਂ ਜੱਟ ਨੂੰ ਮੋਢਿਆਂ 'ਤੇ ਚੁੱਕ ਲਿਆ ਤੇ ਸ਼ੋਰ ਮਚਾ ਦਿੱਤਾ, "ਸਾਡਾ ਪੰਡਤ ਜਿੱਤ ਗਿਆ, ਸਾਡਾ ਪੰਡਤ ਜਿੱਤ ਗਿਆ" ਢੋਲ ਢਮੱਕਾ ਵੱਜਣ ਲੱਗ ਪਿਆ।ਰੌਲੇ ਗੌਲੇ 'ਚ ਵਿਦਵਾਨ ਪੰਡਤ ਦੀ ਗੱਲ ਕੀਹਨੇ ਸੁਣਨੀ ਸੀ।
ਸੋ ਪਾਠਕੋ, ਇੰਜ ਲਗਦੈ ਕਿ ਹੁਣ ਅਕਾਲੀਆਂ ਨੇ ਜੱਟ ਪੰਡਤ ਵਾਲੇ ਫ਼ਾਰਮੂਲੇ ਵਰਤਣੇ ਐ।

ਨਿਰਮਲ ਸਿੰਘ ਕੰਧਾਲਵੀ

8 Sep. 2016