ਪੰਜਾਬ ਦੀ ਘੱਟ ਜਣਨ ਦਰ ਅਤੇ ਸਿਹਤਯਾਬੀ - ਡਾ. ਸ਼ਿਆਮ ਸੁੰਦਰ ਦੀਪਤੀ

ਨੈਸ਼ਨਲ ਹੈਲਥ ਅਤੇ ਫੈਮਿਲੀ ਸਰਵੇ-5 ਦੀ ਰਿਪੋਰਟ ਉੱਤੇ ਸਰਸਰੀ ਨਜ਼ਰ ਮਾਰਿਆਂ ਇਕ ਵਾਰੀ ਖੁਸ਼ੀ ਜਿਹੀ ਹੁੰਦੀ ਹੈ ਕਿ ਜਿਸ ਸਮੱਸਿਆ ਨੂੰ ਲੈ ਕੇ ਪਿਛਲੇ ਸੱਤਰ ਸਾਲ ਤੋਂ ਚਿੰਤਤ ਸੀ, ਹੁਣ ਉਸ ਨੂੰ ਥੋੜ੍ਹੀ ਠੱਲ੍ਹ ਪਈ ਹੈ। ਮੁਲਕ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ‘ਆਬਾਦੀ ਬੰਬ’ ਨੂੰ ਹਮੇਸ਼ਾ ਨਾਲ ਰੱਖਿਆ ਜਾਂਦਾ ਕਿਉਂਕਿ ਇਹ ਹਰ ਥਾਂ ਫਿੱਟ ਹੋ ਜਾਂਦਾ ਹੈ। ਵੱਖ ਵੱਖ ਕੌਮੀ ਅਤੇ ਕੌਮਾਂਤਰੀ ਪ੍ਰੋਗਰਾਮਾਂ/ਪ੍ਰਾਜੈਕਟਾਂ ਤਹਿਤ ਜਣਨ ਦਰ ਨੂੰ 2.1 ਮਿਥਿਆ ਜਾਂਦਾ ਰਿਹਾ ਪਰ ਇਹ ਹਾਸਿਲ ਨਾ ਹੋਇਆ। ਤਾਜ਼ਾ ਸਰਵੇਖਣ ਮੁਤਾਬਕ ਇਹ 2.0 ਤੇ ਆ ਗਿਆ ਹੈ, ਮਤਲਬ ਅਸੀਂ ਆਬਾਦੀ ਦੇ ਖੜੋਤ ਵਾਲੇ ਪੜਾਅ ਵਿਚ ਦਾਖਲ ਹੋ ਗਏ ਹਾਂ। ਕਈ ਰਾਜਾਂ ਸਮੇਤ ਪੰਜਾਬ ਦੀ ਜਣਨ ਦਰ 1.6 ਹੈ, ਮਤਲਬ ਆਬਾਦੀ ਦੀ ਨਿਵਾਣ ਵੱਲ, ਇਹ ਹੁਣ ਘਟਣੀ ਸ਼ੁਰੂ ਹੋ ਗਈ ਹੈ।
       ਆਬਾਦੀ ਦੇ ਪਹਿਲੂ ਤੋਂ ਇਸ ਨੂੰ ਕਾਬੂ ਹੇਠ ਰੱਖਣਾ ਜਾਂ ਕੁਦਰਤੀ ਸੋਮਿਆਂ ਦੇ ਮੇਲ ਦਾ ਬਣਾ ਕੇ ਰੱਖਣਾ ਸਹੀ ਅਤੇ ਸਿਹਤਮੰਦ ਸੋਚ ਹੈ ਪਰ ਇਸ ਨੂੰ ਹਾਸਲ ਕਰਨ ਦਾ ਤਰੀਕਾ ਵੀ ਕੁਦਰਤੀ ਰੁਝਾਨ ਵਾਲਾ ਹੋਵੇ। ਇਸ ਜਣਨ ਦਰ ਨੂੰ ਘੱਟ ਕਰਨ ਦੇ ਨਾਲ ਨਾਲ ਜਦੋਂ ਪੰਜਾਬ ਦੀ ਗੱਲ ਵਿਸ਼ੇਸ਼ ਤੌਰ ਤੇ ਕਰੀਏ, ਜਿੱਥੇ ਇਹ 1.6 ਤੇ ਆ ਗਈ ਹੈ ਤੇ ਦੂਸਰੇ ਪਾਸੇ ਬਾਂਝਪਣ (ਹਟਾਓ) ਕੇਂਦਰਾਂ (ਇਨਫਰਟਿਲੀ ਸੈਂਟਰਾਂ) ਦਾ ਹਰ ਪਾਸੇ ਬੋਲਬਾਲਾ ਦੇਖਦੇ ਹਾਂ ਤਾਂ ਕਈ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ ਕਿ ਘਟ ਰਹੀ ਜਣਨ ਦਰ ਕੀ ਸਹੀ ਅਤੇ ਕੁਦਰਤੀ ਹੈ, ਜਾਂ ਇਸ ਪਿੱਛੇ ਹੋਰ ਲੁਕਵੇਂ ਕਾਰਨ ਵੀ ਹਨ।
        ਵਧ ਰਹੀ ਆਬਾਦੀ ਕੀ ਸੱਚਮੁੱਚ ਚਿੰਤਾ ਦਾ ਕਾਰਨ ਹੈ? ਇਸ ਧਰਤੀ ਲਈ, ਇਸ ਦੇ ਸੋਮਿਆਂ ਨੂੰ ਲੈ ਕੇ, ਦੁਨੀਆ ਦੇ ਟਿਕਾਊ ਵਿਕਾਸ ਦੀ ਗੱਲ ਹੋ ਰਹੀ ਹੈ ਤਾਂ ਕਿੰਨੀ ਆਬਾਦੀ ਦਾ ਭਾਰ ਸਾਡਾ ਗ੍ਰਹਿ ਸਹਿ ਸਕਦਾ ਹੈ? ਇਹ ਗੁੰਝਲਦਾਰ ਸਵਾਲ ਹਨ, ਵੱਖ ਵੱਖ ਮਾਹਿਰਾਂ ਦੇ ਵੱਖ ਵੱਖ ਜਵਾਬ ਤੇ ਵਿਆਖਿਆ ਹੈ ਪਰ ਆਪਣੇ ਮੁਲਕ ਦੇ ਪੱਖ ਤੋਂ ਗੱਲ ਕਰੀਏ ਤਾਂ ਅਸੀਂ ਆਬਾਦੀ ਦੇ ਲਿਹਾਜ਼ ਤੋਂ ਦੂਸਰੇ ਨੰਬਰ ਤੇ ਹਾਂ, ਚੀਨ ਤੋਂ ਬਾਅਦ। ਉਂਜ, ਜਦੋਂ ਵੀ ਮੁਲਕ ਦੇ ਵਿਕਾਸ ਜਾਂ ਕਿਸੇ ਵੀ ਪ੍ਰੋਗਰਾਮ ਨੂੰ ਲੈ ਕੇ ਸਿਹਤ, ਸਿਖਿਆ, ਰੋਜ਼ਗਾਰ ਤਕ, ਆਬਾਦੀ ਨੂੰ ਵੱਡਾ ਅੜਿੱਕਾ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ,  ਕਹਿਣ ਤੋਂ ਭਾਵ, ਮੁਲਕ ਦੇ ਨੇਤਾਵਾਂ ਲਈ ਆਪਣੀਆਂ ਖਾਮੀਆਂ, ਨਾਕਾਮੀਆਂ ਲੁਕੋਣ ਦਾ ਬਹੁਤ ਵੱਡਾ ਜ਼ਰੀਆ ਹੈ ਆਬਾਦੀ। ਕਿਸੇ ਨੇ ਕਿਹਾ ਸੀ, ਜੇ ਇੱਕ ਮੂੰਹ ਪੈਦਾ ਹੁੰਦਾ ਹੈ (ਖੁਰਾਕ ਪਖੋਂ) ਤਾਂ ਦੋ ਹੱਥ ਵੀ ਪੈਦਾ ਹੁੰਦੇ ਹਨ।
        ਜੇ ਇਸ ਨੂੰ ਤੱਥਾਂ ਵਿਚ ਤਬਦੀਲ ਕਰਕੇ ਸਮਝੀਏ ਤਾਂ ਸਾਡੇ ਮੁਲਕ ਦੀ 135 ਕਰੋੜ ਆਬਾਦੀ ਵਿਚੋਂ 15 ਤੋਂ 35 ਸਾਲ ਦੇ, ਇਸ ਕਮਾਊ-ਉਪਜਾਊ ਉਮਰ ਦੇ ਤਕਰੀਬਨ 50 ਕਰੋੜ ਲੋਕ ਹਨ। ਇਸ ਲਿਹਾਜ਼ ਤੋਂ ਅਸੀਂ ਦੁਨੀਆ ਦਾ ਸਭ ਤੋਂ ਜਵਾਨ ਮੁਲਕ ਹਾਂ। ਚੀਨ ਤੋਂ ਵੀ ਮੋਹਰੀ। ਦੂਸਰਾ, ਜੇ ਆਬਾਦੀ ਹੀ ਅੜਿੱਕਾ ਹੈ ਤਾਂ ਚੀਨ ਸਾਡੇ ਨਾਲੋਂ ਮਗਰੋਂ ਆਜ਼ਾਦ ਹੋ ਕੇ ਵੀ ਸਾਡੇ ਮੁਲਕ ਤੋਂ ਕਿਤੇ ਵੱਧ ਵਿਕਸਤ ਹੈ। ਇਸ ਲਈ ਕਈ ਆਲੋਚਕ ਭਾਵੇਂ ਉਸ ਮੁਲਕ ਦੇ ਸਿਆਸੀ ਨਿਜ਼ਾਮ ਦਾ ਵੀ ਸਿਹਰਾ ਬੰਨ੍ਹਦੇ ਹਨ। ਨਿਜ਼ਾਮ ਜੋ ਵੀ ਹੋਵੇ, ਕਹਿਣ ਤੋਂ ਭਾਵ ਇਹ ਕਿ ਜੇ ਕੋਈ ਵਧੀਆ ਨੀਤੀ ਹੋਵੇ ਤਾਂ ਆਬਾਦੀ ਮਨੁੱਖੀ ਸਰਮਾਇਆ ਵੀ ਹੈ।
       ਇਸ ਦ੍ਰਿਸ਼ ਦੇ ਮੱਦੇਨਜ਼ਰ। ਗੱਲ ਕਰਦੇ ਹਾਂ ਪੰਜਾਬ ਦੇ ਪ੍ਰਜਣਨ ਦਰ ਦੀ। ਇਸ ਦੇ ਨਾਲ ਗੱਲ ਕਰਦਿਆਂ ਇਹ ਗੱਲ ਉਭਰੀ ਸੀ ਕਿ ਬਾਂਝਪਣ ਹਟਾਓ ਸੇਵਾ ਕੇਂਦਰ ਕੀ ਭੂਮਿਕਾ ਅਦਾ ਕਰ ਰਹੇ ਹਨ। ਪੰਜਾਬ ਦੇ ਤਕਰੀਬਨ ਹਰ ਵੱਡੇ ਸ਼ਹਿਰ ਵਿਚ ਕਈ ਕਈ ਕੇਂਦਰ ਹਨ। ਪੰਜਾਬ ਵਿਚ ਨਿਰੋਲ ਅਜਿਹੇ ਕੇਂਦਰ ਵੀਹ ਦੇ ਕਰੀਬ ਹਨ ਜੋ ਇਸ ਛੋਟੇ ਜਿਹੇ ਖਿੱਤੇ ਦੇ ਮੁਕਾਬਲੇ ਪੂਰੇ ਮੁਲਕ ਦੀ ਤੁਲਨਾ ਵਿਚ ਬਹੁਤ ਜਿ਼ਆਦਾ ਹਨ ਜਿਥੇ ਇਕ ਸੌ ਤੋਂ ਘੱਟ ਹਨ। ਵੈਸੇ ਮਲਟੀ-ਸਪੈਸ਼ਲਿਟੀ ਹਸਪਤਾਲਾਂ ਦੀ ਗੱਲ ਕਰੀਏ ਤਾਂ ਹਰ ਹਸਪਤਾਲ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ।
       ਗੱਲ ਜਾ ਕੇ ਟਿਕਦੀ ਹੈ ਵਧ ਰਹੀ ਬਾਂਝ ਦਰ ਤੇ। ਬਾਂਝ ਤੋਂ ਇੱਥੇ ਭਾਵ ਸਿਰਫ਼ ਔਰਤ ਨਾਲ ਸੰਬੰਧਿਤ ਨਹੀਂ ਹੈ। ਇਹ ਔਰਤ-ਮਰਦ ਦੋਹਾਂ ਨੂੰ ਸਾਹਮਣੇ ਰੱਖ ਕੇ ਸਮੱਸਿਆ ਨੂੰ ਸਮਝਦਾ ਤੇ ਹੱਲ ਕਰਦਾ ਹੈ। ਵਧ ਰਹੀ ਬਾਂਝ ਦਰ ਦੇ ਵੀ ਆਪਣੇ ਕਾਰਨ ਹਨ, ਭਾਵੇਂ ਉਹ ਸਾਰੇ ਸੰਸਾਰ ਅਤੇ ਭਾਰਤ ਨਾਲ ਜੁੜੇ ਹਨ ਪਰ ਪੰਜਾਬ ਵਿਚ ਇਸ ਨੂੰ ਵਿਸ਼ੇਸ਼ ਤੌਰ ਤੇ ਉਭਾਰਿਆ ਜਾ ਸਕਦਾ ਹੈ। ਮਰਦਾਂ ਦਾ ਬਾਂਝਪਣ, ਉਨ੍ਹਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਨਾਲ ਸੰਬੰਧਿਤ ਹੈ ਜਿਸ ਦੇ ਕਈ ਕਾਰਨਾਂ ਵਿਚੋਂ ਇਕ ਕਾਰਨ ਸ਼ਰਾਬ, ਤੰਬਾਕੂ ਅਤੇ ਹੋਰ ਨਸ਼ਿਆਂ ਦੀ ਵਰਤੋਂ ਹੈ। ਇਸ ਪੱਖ ਤੋਂ ਆਪਾਂ ਜਾਣਦੇ ਹਾਂ ਕਿ ਪਹਿਲਾਂ ਪੰਜਾਬ ਸ਼ਰਾਬ ਇਸਤੇਮਾਲ ਕਰਨ ਦੇ ਪੱਖ ਤੋਂ ਮੋਹਰੀ ਸੀ ਤੇ ਹੁਣ ਸ਼ਰਾਬ ਦੇ ਨਾਲ ਨਾਲ ਗੋਲੀਆਂ, ਕੈਪਸੂਲ, ਟੀਕੇ (ਸਮੈਕ ਤੇ ਹੈਰੋਇਨ) ਆਦਿ ਵਿਚ ਵੀ ਹੈ।
        ਔਰਤਾਂ ਵਿਚ ਬਾਂਝਪਣ ਦੇ ਕਈ ਕਾਰਨਾਂ ਵਿਚੋਂ ਮੋਟਾਪਾ ਵੱਡਾ ਕਾਰਨ ਹੈ। ਇਸ ਤਾਜ਼ਾ ਰਿਪੋਰਟ ਵਿਚ ਲੋੜ ਤੋਂ ਵੱਧ ਭਾਰ ਅਤੇ ਮੋਟਾਪੇ ਦੀ ਔਰਤਾਂ ਵਿਚ ਦਰ 32 ਫੀਸਦ ਹੈ ਜੋ ਪਿਛਲੀ ਰਿਪੋਰਟ-4 ਦੇ ਮੁਕਾਬਲੇ 5 ਫੀਸਦ ਵੱਧ ਹੈ। ਇਸੇ ਤਰ੍ਹਾਂ ਲੋੜ ਤੋਂ ਘੱਟ ਭਾਰ (ਪਤਲਾ ਹੋਣਾ) ਦਰ ਵੀ ਪਿਛਲੇ ਕੁਝ ਸਾਲਾਂ ਵਿਚ ਵਧੀ ਹੈ। ‘ਪਤਲਾ ਹੀ ਸੋਹਣਾ’ ਦਾ ਰੁਝਾਨ ਕੁੜੀਆਂ ਨੂੰ ਖਿੱਚਦਾ ਹੈ ਤੇ ਇਸ ਨਾਲ ਵੀ ਜਣਨ ਪ੍ਰਕਿਰਿਆ ਅਸਰਅੰਦਾਜ਼ ਹੁੰਦੀ ਹੈ। ਔਰਤ ਨੇ ਪ੍ਰਜਣਨ ਲਈ ਆਪਣਾ ਆਂਡਾ ਮੁਹੱਈਆ ਕਰਵਾਉਣਾ ਹੁੰਦਾ ਹੈ ਤੇ ਭਾਰ ਦਾ ਵੱਧ ਹੋਣਾ ਉਸ ਆਂਡੇ ਦੀ ਪਰਿਪੱਕਤਾ ਵਿਚ ਮੁਸ਼ਕਿਲ ਪੈਦਾ ਕਰਦਾ ਹੈ।
        ਇਨ੍ਹਾਂ ਦੋ ਮੁੱਖ ਕਾਰਨਾਂ- ਨਸ਼ੇ ਤੇ ਭਾਰ ਦਾ ਸੰਤੁਲਿਤ ਨਾ ਹੋਣਾ, ਤੋਂ ਇਲਾਵਾ ਵਧ ਰਹੀ ਵਿਆਹ ਦੀ ਉਮਰ ਵੀ ਇਕ ਕਾਰਨ ਹੈ। ਕਾਨੂੰਨੀ ਉਮਰ ਭਾਵੇਂ ਲੜਕੀਆਂ ਵਿਚ 18 ਸਾਲ ਅਤੇ ਲੜਕਿਆਂ ਵਿਚ 21 ਸਾਲ ਹੈ ਪਰ ਇਕ ਸਰਵੇਖਣ ਮੁਤਾਬਕ ਇਹ 21 ਤੋਂ 33 ਸਾਲ ਹੈ ਜੋ ਔਸਤਨ ਲੜਕੀਆਂ ਵਿਚ 22.2 ਸਾਲ ਹੈ ਅਤੇ ਲੜਕਿਆਂ ਵਿਚ 26 ਸਾਲ।
        ਪੜ੍ਹਾਈ, ਨੌਕਰੀ, ਪੜ੍ਹਾਈ ਮੁਤਾਬਕ ਨੌਕਰੀ, ਨੌਕਰੀ ਵਿਚ ਸੈੱਟ ਹੋਣਾ ਤੇ ਫਿਰ ਖੁਦ ਹੀ ਵਿਆਹ ਦੀ ਉਮਰ ਅੱਗੇ ਪੈ ਜਾਂਦੀ ਹੈ। ਵਿਆਹ ਕਰਵਾ ਕੇ ਬੱਚੇ ਪੈਦਾ ਕਰਨ ਦਾ ਰੁਝਾਨ ਵੀ ਲੇਟ ਹੋ ਰਿਹਾ ਤੇ ਫਿਰ ਇਕ ਬੱਚੇ ਤੱਕ ਸੀਮਤ ਪਰਿਵਾਰ ਵੀ ਦੇਖਣ ਨੂੰ ਮਿਲ ਰਹੇ ਹਨ, ਭਾਵੇਂ ਉਮਰ ਵੱਧ ਹੋ ਜਾਣੀ ਜਾਂ ਬੱਚੇ ਪੈਦਾ ਹੋਣ ਤੋਂ ਹੀ ਉਨ੍ਹਾਂ ਨੂੰ ਸੈੱਟ ਕਰਨ ਦੀ ਚਿੰਤਾ ਇਕ ਹੋਰ ਪਹਿਲੂ ਨਾਲ ਜੁੜ ਰਿਹਾ ਹੈ।
       ਦੇਰ ਨਾਲ ਵਿਆਹ ਕਰਵਾਉਣ ਦੇ ਰੁਝਾਨ ਵਿਚ ਪੰਜਾਬ ਦੇ ਨੌਜਵਾਨਾਂ ਦਾ ਪਹਿਲਾ ਟੀਚਾ ਪਰਵਾਸ ਵੀ ਕਾਰਨ ਬਣ ਰਿਹਾ ਹੈ। ਪਰਵਾਸ ਦੇ ਪੱਖ ਤੋਂ ਪਰਿਵਾਰ ਦੀ ਬਣਤਰ ਦੀਆਂ ਕਈ ਪਰਤਾਂ ਹਨ। ਸਮੇਂ ਨਾਲ ਉਹ ਬਦਲ ਵੀ ਰਹੀਆਂ ਹਨ। ਕਿਸੇ ਵੇਲੇ ਲੜਕੀ ਨੂੰ ਕਿਸੇ ਵੀ ਗੈਰ ਸਮਾਜਿਕ ਤਰੀਕੇ ਨਾਲ, ਬੁੱਢੇ ਬੰਦੇ ਨਾਲ ਜਾਂ ਕਿਸੇ ਖੂਨ ਦੇ ਰਿਸ਼ਤੇ ਵਿਚ ਵਿਆਹ ਕੇ, ਉਸ ਨੂੰ ਪੌੜੀ ਬਣਾ ਕੇ ਵਰਤਿਆ ਜਾਂਦਾ ਸੀ। ਹੁਣ ਨਰਸਿੰਗ ਦਾ ਕੋਰਸ ਕਰ ਕਰਵਾ ਕੇ, ਮੁੰਡੇ ਵਾਲੇ ਸਾਰਾ ਖਰਚਾ ਦੇ ਕੇ ਉਸ ਨੂੰ ਵਿਦੇਸ਼ ਭੇਜਦੇ ਹਨ ਤੇ ਫਿਰ ਆਪ ਮਗਰ ਜਾਂਦੇ ਹਨ। ਪਹਿਲਾਂ ਕੁੜੀਆਂ ਉਡੀਕਦੀਆਂ ਸਨ, ਹੁਣ ਵਿਆਹ ਕਰਵਾ ਕੇ ਮੁੰਡੇ ਉਡੀਕਦੇ ਹਨ। ਕਹਿਣ ਤੋਂ ਭਾਵ ਪਰਿਵਾਰ ਜਾਵੇ ‘ਢੱਠੇ ਖੂਹ ਵਿਚ’, ਇਥੇ ਮਾਂ ਪਿਉ ਤੋਂ ਵੱਧ ਪਤੀ-ਪਤਨੀ ਅਤੇ ਇਸ ਤੋਂ ਅੱਗੇ ਭੱਵਿਖ ਵਿਚ ਉਤਾਰਨ ਵਾਲੇ ਪਰਿਵਾਰ ਦੀ ਗੱਲ ਹੈ।
       ਸੋ, ਸਿਹਤ ਅਤੇ ਪਰਿਵਾਰ ਸੰਬੰਧੀ ਰਿਪੋਰਟ ਆਪਣੀ ਥਾਂ ਸਹੀ ਹੈ ਪਰ ਕੁਝ ਹੋਰ ਅਹਿਮ ਸਮਾਜਿਕ ਪੱਖ ਵੀ ਸੰਜੀਦਗੀ ਨਾਲ ਵਿਚਾਰ ਮੰਗਦੇ ਹਨ। ਰਿਪੋਰਟ ਵਿਚ ਉਮਰ ਨੂੰ ਲੈ ਕੇ, ਮਾਵਾਂ-ਬੱਚਿਆਂ ਦੀ ਮੌਤ ਦਰ, ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਅਤੇ ਹੋਰ ਕਈ ਪੱਖੋਂ ਵੇਰਵੇ/ਅੰਕੜੇ ਹਨ। ਇਨ੍ਹਾਂ ਪੱਖੋਂ ਵੈਸੇ ਤਾਂ ਨਾ ਸਰਕਾਰ ਨੇ ਸੰਜੀਦਗੀ ਨਾਲ ਸਦਨ ਵਿਚ ਚਰਚਾ ਕੀਤੀ, ਨਾ ਹੀ ਕਿਤੇ ਵਿਰੋਧੀ ਧਿਰ ਗੱਲ ਕਰਦੀ ਦਿਸਦੀ ਹੈ। ਦਰਅਸਲ ਸੱਤਾ ਅਤੇ ਵਿਰੋਧੀ ਦਲ ਕੋਲ ਹੋਰ ਬਹੁਤ ਹੀ ਗੈਰ ਜ਼ਰੂਰੀ ਮਸਲੇ ਹਨ ਜਿਨ੍ਹਾਂ ਦਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ।
       ਆਬਾਦੀ ਨੂੰ ਲੈ ਕੇ ਸਿਆਸਤ ਜ਼ਰੂਰ ਹੁੰਦੀ ਹੈ। ਸੱਤਾ ਧਿਰ ਜ਼ਰੂਰ ਇਸ ਨੂੰ ਇਸਤੇਮਾਲ ਕਰਦੀ ਹੈ। ਸਿਆਸਤ ਕਰਨੀ ਠੀਕ ਹੈ ਪਰ ਠੋਸ ਕਦਮ ਉਲੀਕਣੇ ਵੀ ਸਿਆਸਤ ਹੁੰਦੇ ਹਨ। ਆਬਾਦੀ ਨੂੰ ਲੈ ਕੇ ਧਰਮ ਜਾਤ ਦੀ ਸਿਆਸਤ ਵੀ ਹੁੰਦੀ ਹੈ ਪਰ ਔਰਤਾਂ ਦੀ ਹਾਲਤ ਦਾ ਵੀ ਆਬਾਦੀ/ਜਣਨ ਦਰ ਨਾਲ ਸਿੱਧਾ ਸੰਬੰਧ ਹੈ। ਆਬਾਦੀ ਮਾਹਿਰਾਂ ਨੇ ਸਿੱਧ ਕੀਤਾ ਹੈ ਕਿ ਮਨੁੱਖੀ ਵਿਕਾਸ ਕੁਦਰਤੀ ਜ਼ਰੀਆ ਹੈ ਜਿਸ ਦੀ ਸੱਚੀਓਂ ਲੋੜ ਹੈ। ਕਈ ਪੱਖਾਂ ਤੇ ਗੱਲ ਹੋ ਸਕਦੀ ਹੈ ਪਰ ਸਾਡੇ ਮੁਲਕ ਦਾ ਪਰਖਿਆ ਹੋਇਆ ਪਹਿਲੂ ਹੈ ਕਿ ਜੇ ਲੜਕੀਆਂ ਦਸ ਬਾਰਾਂ ਪੜ੍ਹ ਜਾਣ ਤਾਂ ਪਰਿਵਾਰ ਵਿਚ ਬੱਚਿਆਂ ਦੀ ਗਿਣਤੀ ਘੱਟ ਜਾਂਦੀ ਹੈ ਤੇ ਬੱਚੇ ਸਿਹਤਮੰਦ ਵੀ ਹੁੰਦੇ ਹਨ। ਪੜ੍ਹੀ ਲਿਖੀ ਮਾਂ ਮੁਲਕ ਵਿਚ ਚੱਲ ਰਹੇ ਸਿਹਤ ਪ੍ਰੋਗਰਾਮ ਬਾਰੇ ਵੀ ਸੁਚੇਤ ਹੁੰਦੀ ਹੈ, ਜਿਵੇਂ ਖੁਰਾਕ ਤੇ ਟੀਕਾਕਰਨ ਸੰਬੰਧੀ ਪ੍ਰੋਗਰਾਮ ਅਤੇ ਬਿਮਾਰੀ ਨੂੰ ਸ਼ੁਰੂ ਵਿਚ ਵੀ ਪਛਾਣ ਲੈਣ ਤੇ ਘਰੇਲੂ ਇਲਾਜ ਵਿਚ ਹੀ ਸਮਰਥ ਹੋ ਜਾਂਦੀਆਂ ਹਨ। ਔਰਤ ਦੇ ਸਾਖਰ ਹੋਣ ਦੇ ਹੋਰ ਵੀ ਬਹੁਤ ਸਾਰੇ, ਬਹੁਪਸਾਰੀ ਫਾਇਦੇ ਹਨ ਜਿਨ੍ਹਾਂ ਤੇ ਟੇਕ ਰੱਖਣੀ ਚਾਹੀਦੀ ਹੈ ਤੇ ਇਸ ਦਿਸ਼ਾ ਵਿਚ ਵੀ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ।
ਸੰਪਰਕ : 98158-08506